ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਗੁਰੂ, ਗ੍ਰੰਥ ਸਾਹਿਬ, ਸ਼ਬਦ ਜਾਂ ਸਿਧਾਂਤ?’
‘ਗੁਰੂ, ਗ੍ਰੰਥ ਸਾਹਿਬ, ਸ਼ਬਦ ਜਾਂ ਸਿਧਾਂਤ?’
Page Visitors: 2769

‘ਗੁਰੂ, ਗ੍ਰੰਥ ਸਾਹਿਬ, ਸ਼ਬਦ ਜਾਂ ਸਿਧਾਂਤ?’
ਗਾਫਲ ਗਿਆਨ ਵਿਹੂਣਆ ਗੁਰ ਬਿਨੁ ਗਿਆਨੁ ਨਾ ਭਾਲਿ ਜੀਉ॥ ( ਪੰਨਾ 751, ਮਹਲਾ 1 )
ਸਿੱਖਾਂ ਦਾ ਗੁਰੂ ਕੋਂਣ ਹੈ? ਨਿਰਸੰਦੇਹ; ਦੱਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹਨ।ਇਹ ਜਵਾਬ ਪੁੱਛੇ ਗਏ ਪ੍ਰਸ਼ਨ ਦਾ ਸਭ ਤੋਂ ਸਿਰਮੋਰ, ਢੁੱਕਵਾਂ ਅਤੇ ਸਹੀ ਉੱਤਰ ਹੈ।ਇਸ ਬਾਰੇ ਕਈ ਹੋਰ ਵਿਚਾਰ  ਵੀ  ਸਾਂਝੇ ਕੀਤੇ ਜਾਂਦੇ ਹਨ, ਜਿਵੇਂ ਕਿ ‘ਸ਼ਬਦ’ ਗੁਰੂ ਹੈ, ‘ਗਿਆਨ’ ਗੁਰੂ ਹੈ ਜਾਂ ਸਿਧਾਂਤ ਗੁਰੂ ਹੈ ਜਿਸ ਨੂੰ ਸ਼ਬਦਾਂ ਰਾਹੀ ਵਿਯਕਤ ਕੀਤਾ ਗਿਆ ਹੈ।ਇਹ ਵਿਚਾਰਾਂ ਮਾੜੀਆਂ ਨਹੀਂ, ਪਰ ਇਨ੍ਹਾਂ ਵਿਚਾਰਾਂ ਦਾ ਭਾਵ ਜਾਂ ਸਿੱਟਾ ਜੇ ਕਰ ਜਾਣੇ ਅਣਜਾਣੇ, ਪਹਿਲੇ ਸਿਰਮੋਰ ਉੱਤਰ ਦੇ ਵਜ਼ਨ ਜਾਂ ਉਸਦੇ ਮਹੱਤਵ ਨੂੰ ਘੱਟਾਉਣਾ ਹੋਵੇ, ਤਾਂ ਇਹ ਜਤਨ ਉੱਚਿਤ ਨਹੀਂ।ਇਹ ਠੀਕ ਇੰਝ ਦਾ ਉਪਰਾਲਾ ਹੈ ਜਿਵੇਂ ਕਿਸੇ ਘੰਮਦੇ ਹੋਏ ਪਹੀਏ ਦੇ ਵਿਚਕਾਰਲੇ ਧੁਰੇ ਨੂੰ ਖਿੱਚ ਲਿਆ ਜਾਏ! ਧੁਰੇ ਤੋਂ ਨਿਖੇੜੇਆ ਪਹਿਆ ਕੁਝ ਦੁਰ ਤਕ ਘੁੰਮਦਾ ਤਾਂ ਜਾ ਸਕਦਾ ਹੈ, ਪਰ ਛੇਤੀ ਹੀ ਉਸ ਦੀ ਚਾਲ, ਅਸੰਤੁਲਿਤ ਅਤੇ ਅਨਾਥ ਹੋ ਗਰਕ ਹੋ ਜਾਂਦੀ ਹੈ।
ਸ਼ਬਦ ਗੁਰੂ ਹੈ, ਗਿਆਨ ਗੁਰੂ ਹੈ ਜਾਂ ਸ਼ਬਦਾਂ ਰਾਹੀ ਵਿਯਕਤ ਸਿਧਾਂਤ ਗੁਰੂ ਹੈ, ਇਹ ਸਾਰੇ ਵਿਚਾਰ ਦਸ਼ਮੇਸ਼ ਜੀ ਦੇ ਹੁਕਮ ‘ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ’ ਦੇ ਅਧੀਨ ਹਨ।ਕਿਉਂਕਿ ਜੇ ਕਰ ਐਸਾ ਨਾ ਹੁੰਦਾ ਤਾਂ ਗੁਰੂ ਦਸ਼ਮੇਸ਼ ਸਾਹਿਬ ਦਾ ਆਦੇਸ਼ ‘ਗੁਰੂ ਮਾਨਿਯੋ ਸ਼ਬਦ, ਗੁਰੂ ਮਾਨਿਯੋਂ ਗਿਆਨ ਜਾਂ ਗੁਰੂ ਮਾਨਿਯੋਂ ਸਿਧਾਂਤ ਹੁੰਦਾ।ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ ਇਸ ਸੱਚ ਨੂੰ ਵੱਧੇਰੇ ਸਮਝਣ ਦੀ ਲੋੜ ਹੈ, ਕਿਉਂਕਿ ਇਸ ਸਿਰਮੋਰਤਾ ਨੂੰ ਤਿਆਗ ਕੇ ਮਾਤਰ ਸ਼ਬਦ ਗੁਰੂ ਹੈ, ਗਿਆਨ ਗੁਰੂ ਹੈ ਜਾਂ ਸਿਧਾਂਤ ਗੁਰੂ ਹੈ ਵਰਗਿਆਂ ਗਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਨੂੰ ਢਾਹ ਲਾਉਣ ਦਾ ਮਾਰਗ ਖੋਲਦੀਆਂ ਹਨ।ਆਉ ਜ਼ਰਾ ਇਸ ਤੇ ਵਿਚਾਰ ਕਰੀਏ।
ਪਹਿਲੀ ਗਲ:- ਅਸੀਂ ਅਕਸਰ ਸੁਣਿਆ-ਪੜੀਆ ਹੋਵੇਗਾ ਕਿ ਕਾਨੂਨ ਆਪਣਾ ਕੰਮ ਕਰੇ ਗਾ! ਕਾਨੂਨ ਸੰਵਿਧਾਨ ਵਿਚ ਲਿਖਿਆ ਹੈ। ਹੁਣ ਸੰਵਿਧਾਨ ਇਕ ਵਿਸਤ੍ਰਤ ਵਿਵਸਥਾ ਹੈ ਜਿਸ ਦੇ ਅੰਦਰ ਵੱਖ-ਵੱਖ ਪਰਿਸਥਿਤੀਆਂ ਲਈ ਵੱਖ-ਵੱਖ  ਨਿਯਮ ਜਾਂ ਕਾਨੂਨ ਹਨ।ਬੜੀ ਹੀ ਵਚਿੱਤਰ ਗਲ ਹੋਵੇਗੀ ਕਿ ਕੋਈ ਇਹ ਕਹੇ ਮੈਂ ਨਿਯਮ ਤਾਂ ਮੰਨਦਾ ਹਾਂ ਪਰ ਉਨ੍ਹਾਂ ਨਿਯਮਾਂ ਤੇ ਸਰੋਤ ਲਈ ਸੰਵਿਧਾਨ ਸ਼ਬਦ ਵਰਤਣ ਤੋਂ ਇਨਕਾਰੀ ਹਾਂ।
ਜੇ ਕਰ ਕੋਈ ਇਹ ਸਵਾਲ ਕਰੇ ਕਿ ਕਾਨੂਨ ਵਿਵਸਥਾ ਕਿੱਥੇ ਲਿਖੀ ਹੈ ਤਾਂ ਸੁਭਾਵਕ ਉੱਤਰ ਹੋਵੇਗਾ ਕਿ ਕਾਨੂਨ ਵਿਵਸਥਾ ਸੰਵਿਧਾਨ ਵਿਚ ਲਿਖੀ ਹੈ।ਇਹੀ ਸੰਵਿਧਾਨ ਦੀ ਸਿਰਮੋਰਤਾ ਹੈ ਕਿ ਉਹੀ ਹਰ ਲਿਖੇ ਗਏ ਕਾਨੂਨ ਨੂੰ ਮਾਨਤਾ ਪ੍ਰਧਾਨ ਕਰਵਾਉਣ ਦਾ ਮੁੱਢਲਾ ਸਰੋਤ ਹੈ।ਕਾਨੂਨ ਵਿਚ ਸੰਵਿਧਾਨ ਨਹੀਂ ਲਿਖਿਆ ਬਲਕਿ ਸੰਵਿਧਾਨ ਵਿਚ ਕਾਨੂਨ ਲਿਖਿਆ ਮਿਲਦਾ ਹੈ।ਇਸ ਲਈ ਸਿਰਮੋਰਤਾ ਦੇ ਲਿਹਾਜ਼ ਨਾਲ, ਪ੍ਰਥਮ ਸਥਾਨ ਉਤੇ ਵਿਰਾਜਮਾਨ ਸੰਵਿਧਾਨ ਪ੍ਰਤੀ ਨਿਸ਼ਠਾ ਦਾ ਭਾਵ, ਦੂਜੀ ਥਾਂ ਉਸ ਵਿਚ ਲਿਖੇ ਕਾਨੂਨ ਦੀ ਪਾਲਣਾ ਦੇ ਵਿਚਾਰ ਵਿਚ ਜਾ ਪ੍ਰਗਟ ਹੁੰਦਾ ਹੈ। ਇਸ ਸਿਰਮੋਰ ਸੰਬੋਧਨ ਦੇ ਕਲਾਵੇ ਅੰਦਰ ਹੀ ਬਾਕੀ ਸਾਰੀਆਂ ਵ੍ਰਿਤਿਆਂ ਆ ਜਾਂਦੀਆਂ ਹਨ।
ਮਸਲਨ ਕੋਈ ਬੰਦਾ ਬਜ਼ਾਰ ਤੋਂ ਕੁਰਸੀ ਖਰੀਦਣ ਜਾਏ ਅਤੇ ਦੁਕਾਨਦਾਰ ਨੂੰ ਇਹ ਕਹੇ ਕਿ ਮੈਂਨੂੰ ਲੱਕੜ, ਕਿੱਲ, ਦਾਵੰਣ ਅਤੇ ਫ਼ੇਵੀਕੋਲ ਦਿਉ ਤਾਂ ਦੁਕਾਨਦਾਰ ਉਸ ਨੂੰ ਕੁਰਸੀ ਨਹੀਂ ਦੇਵੇਗਾ।ਪਰ ਜੇ ਕਰ ਉਹ ਬੰਦਾ ਕੁਰਸੀ ਦੇਣ ਲਈ ਕਹੇਗਾ ਤਾਂ ਹੀ ਉਸ ਨੂੰ ਝੱਟ ਕੁਰਸੀ ਦਿਖਾਈ-ਦਿੱਤੀ ਜਾਏ ਗੀ, ਕਿਉਂਕਿ ਬੇੱਸ਼ਕ ਕੁਰਸੀ ਦੀ ਅਸਲਿਅਤ ਵਿਚ ਲੱਕੜ, ਕਿੱਲ ਅਤੇ ਦਾਵੰਣ ਦਾ ਮਿਸ਼੍ਰਣ ਹੈ, ਪਰ ਕੁਰਸੀ ਤਾਂ ਕੁਰਸੀ ਹੈ ਅਤੇ ਇਹੀ ਉਸਦਾ ਅਸਲ ਸੰਬੋਧਨ ਹੈ।ਫਿਰ ਲੱਕੜ ਦੇ ਪਾਵਿਆਂ, ਕਿਲਾਂ ਜਾਂ ਦਾਵੰਣ ਉਤੇ ਤਦ ਤਕ ਬੈਠਿਆ ਨਹੀਂ ਜਾ ਸਕਦਾ, ਜੱਦ ਤਕ ਕਿ ਕੁਰਸੀ ਕਰਤੇ ਦੀ ਭੂਮਿਕਾ ਸਮੇਤ ਕੁਰਸੀ ਦੀ ਬਣਤਰ ਦੀ ਸਿਧਾਂਤਕ ਜੁਗਤ ਨੂੰ ਨਾ ਸਮਝਿਆ ਜਾਏ।
ਕੋਈ ਤਰਕਵਾਦੀ ਪਕੌੜਿਆਂ ਦੀ ਦੁਕਾਨ ਤੇ ਜਾ ਕੇ ਪਕੋੜੇ ਮੰਗਣ ਦੀ ਥਾਂ ਤੇਲ, ਬੇਸਣ, ਪਿਆਜ, ਲੂਣ ਅਤੇ ਮਿਰਚ ਦੇਣ ਲਈ ਕਹੇ ਤਾਂ ਇਸ ਵਿਚ ਕਿਹੜੀ ਐਸੀ ਸਮਝਦਾਰੀ ਹੈ ਜੋ ਪਕੋੜੇ ਕਹਿਣ ਵਿਚ ਨਹੀਂ?
ਦੂਜੀ ਗਲ:- ਅਕਬਰ ਬਾਦਸ਼ਾਹ ਵਲੋਂ ਆਗਰੇ ਤੇ ਕਿਲੇ ਤੋਂ ਜਾਰੀ ਹੁਕਮ ਦੀ ਤਾਮੀਲ ਜੈਪੁਰ ਦੇ ਅਹਿਲਕਾਰ ਕਰਦੇ ਹਨ।ਉਹ ਕਿਹੜਾ ਐਸਾ ਅਹਿਲਕਾਰ ਹੋਵੇਗਾ ਜੋ ਇਹ ਕਹੇ ਕਿ ਮੈਂ ਹੁਕਮ ਨੂੰ ਤਾਂ ਹੁਕਮ ਮੰਨਦਾ ਹਾਂ ਪਰ ਬਾਦਸ਼ਾਹ ਦੀ ਹੋਂਦ ਨੂੰ ਨਹੀਂ ਮੰਨਦਾ? ਅਮਰੀਕਾ ਦਾ ਕਿਹੜਾ ਐਸਾ ਅਫ਼ਸਰ ਹੋਵੇਗਾ ਜੋ ਇਹ ਕਹੇ ਕਿ ਮੈਂ ਰਾਸ਼ਟ੍ਰਪਤੀ ਦੇ ਹੁਕਮ ਨੂੰ ਤਾਂ ਮੰਨਦਾ ਹਾਂ ਪਰ ਉਸਦੇ ਅਹੁਦੇ ਦੀ ਹੋਂਦ ਨੂੰ ਨਹੀਂ ਮੰਨਦਾ? ਜੇ ਕਰ ਕੋਈ ਐਸਾ ਕਹਿੰਦਾ ਹੈ ਤਾਂ ਉਸ ਵਿਚ ਇਸ ਪੱਖੋਂ ਵਿਚਾਰਕ ਸੰਤੁਲਨ ਦੀ ਘਾਟ ਹੈ।ਉਸ ਨੂੰ ਲੋੜ ਹੈ ਕਿ ਉਹ ਆਂਪਣੇ ਗੁਰੂ ਵਿਚਲੇ ਇਸ ਸਿਧਾਂਤ ਨੂੰ ਤਾਂ ਸਮਝੇ:-
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥(ਪੰਨਾ 968)
ਖੈਰ, ਜਿੱਥੋਂ ਤਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਲ ਹੈ ਤਾਂ ਉਸ ਵਿਚ ਲਿਖੇ ਸਿਧਾਂਤਾ ਬਾਰੇ, ਸਮਝਣ ਵਾਲਿਆਂ ਦੀ ਰਾਏ ਕਈ ਥਾਂ ਅਲਗ-ਅਲਗ ਹੋ ਸਕਦੀ ਹੈ।ਹੋ ਸਕਦਾ ਹੈ ਜਿਨ੍ਹਾਂ ਨੂੰ ਅਸੀਂ ਸਿਧਾਂਤ ਕਹਿ ਰਹੇ ਹੋਈਏ ਉਸ ਵਿਚ ਸਾਡੀ ਆਪਣੀ ਸਮਝ ਹੋਵੇ, ਅਤੇ ਇਸ ਲਈ ਸਾਡੇ ਵਲੋਂ ਪੇਸ਼ ਕੀਤਾ ਜਾ ਰਿਹਾ ਕੋਈ ਵਿਚਾਰ, ਆਪਣੇ ਪੁਰਣ ਰੂਪ ਵਿਚ ਸਿਧਾਂਤ ਹੋਵੇ ਹੀ ਨਾ। ਤਾਂ ਅਸੀ ਵੱਖੋ-ਵੱਖ ਸਮਝਦਾਨੀਆਂ ਵਿਚ ਆ ਰਹੇ ਵੱਖੋ-ਵੱਖ ਅਤੇ ਅਪੂਰਣ ਸਿਧਾਂਤ ਨੂੰ ਗੁਰੂ ਕਿਵੇਂ ਕਹਿ ਸਕਦੇ ਹਾਂ? ਇਸੇ ਲਈ ‘ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ’ ਦੇ ਹੁਕਮਨਾਮੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦਵੀ ਤੇ ਥਾਪਿਆ ਗਿਆ ਨਾ ਕਿ ਸਾਡੀ ਸਮਝ ਵਿਚ ਆਉਂਦੇ ਗਿਆਨ ਨੂੰ ਜਾ ਕਿਸੇ ਸਿਧਾਂਤ ਨੂੰ।
ਇਸ ਲਈ ਗੁਰੂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਅੰਦਰ ਲਿਖੀ ਬਾਣੀ ਉਨ੍ਹਾਂ ਦੀ ਬਾਣੀ ਹੈ ਅਤੇ ਜਿਸ ਦੇ ਅੰਦਰ ਲਿਖੀ ਸਿੱਖਿਆ ਦੀ ਪਰਖ ਦੇ ਅਧਾਰ ਤੇ ਅਸੀਂ ਸੰਸਾਰ ਦੇ ਸਮਸਤ ਗਿਆਨ ਦੀ ਵਰਤੋਂ ਕਰਨੀ ਹੈ,ਸਹੀ ਅਤੇ ਗਲਤ ਵਿਚ ਫ਼ਰਕ ਕਰਨਾ ਹੈ।
ਵੱਡੇ ਤੋਂ ਵੱਡਾ ਪ੍ਰਚਾਰਕ ਵੀ ਜਿਸ ਵੇਲੇ ਗੁਰੂ ਦੇ ਸਿਧਾਂਤ ਦੀ ਗਲ ਕਰਦਾ ਹੈ ਤਾਂ ਪਹਿਲਾ ਸਵਾਲ ਉੱਠਦਾ ਹੈ ਕਿ ਕਿਸ ਗੁਰੂ ਦਾ ਸਿਧਾਂਤ? ਉੱਤਰ ਸਪਸ਼ਟ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿਚਲਾ ਸਿਧਾਂਤ! ਹੁਣ ਬੰਦਾ ਸਿਧਾਂਤ ਨੂੰ ਗੁਰੂ ਮੰਨ ਕੇ ਉਸਦੇ ਸਰੋਤ ਨੂੰ ਗੁਰਤਾ ਦੀ ਪਦਵੀ ਤੋਂ ਹੀਨ ਕਰੇ ਤਾਂ ਇਹ ਜਾਣੇ ਜਾਂ ਅਣਜਾਣੇ ਅਘ੍ਰਿਤਘਣਤਾ ਦਾ ਸ਼ਿਖਰ ਹੀ ਕਿਹਾ ਜਾ ਸਕਦਾ ਹੈ।ਪੰਚਮ ਪਾਤਸ਼ਾਹ ਜੀ ਨੇ ਬਾਣੀ ਦੇ ਗ੍ਰੰਥ ਨੂੰ ਜੋ ਸਤਿਕਾਰ ਦਿੱਤਾ ਉਸ ਦਾ ਮਕਸਦ ਉਸਦਾ ਫ਼ਲਸਫ਼ਾ ਕੀ ਸੀ? ਕੀ ਉਨ੍ਹਾਂ ਨੇ ਸਿਧਾਂਤਾਂ ਤੇ ਚਵਰ ਝੋਲੀ ਸੀ? ਕੀ ਉਨ੍ਹਾਂ ਸਿਧਾਂਤਾਂ ਨੂੰ ਸਿਰ ਉਤੇ ਚੁੱਕਿਆ ਸੀ? ਨਹੀਂ ਸਿਧਾਂਤਾਂ ਦੇ ਚਵਰ ਨਹੀਂ ਝੁੱਲਦੀ, ਸਿਧਾਂਤਾਂ ਨੂੰ ਸਿਰ ਤੇ ਨਹੀਂ ਚੁੱਕਿਆ ਜਾਂਦਾ ਬਲਕਿ ਇਸ ਸਤਿਕਾਰ ਦਾ ਸਿਧਾਂਤਕ ਸਬੰਧ ਗੁਰੂ ਸਾਹਿਬਾਨ ਵਲੋਂ ਗੁਰੂ ਦੀ ਪਦਵੀ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਣਾ ਸੀ ਜਿਸ ਦੇ ਕੇਂਦਰ ਦੁਆਲੇ ਪੰਥ ਨੇ ਜੁੜਨਾ ਸੀ।
ਭਲਾ ਐਸਾ ਕੋਣ ਹੈ ਜੋ ਬਿਨ੍ਹਾ ਗੁਰੂ ਦੇ ਨਿਸ਼ਚਾ ਰੱਖੇ ਉਸਦੀ ਕਹੀ ਗਲ ਤੇ ਨਿਸ਼ਚਾ ਕਰ ਜਾਏ? ਜੋ ਗੁਰੂ ਤੇ ਨਿਸ਼ਚਾ ਨਾ ਰੱਖਦੇ ਉਸ ਦੀ ਗਲ ਤੇ ਨਿਸ਼ਚਾ ਰੱਖਣ ਦਾ ਦਾਵਾ ਕਰੇ ਤਾਂ ਉਸ ਦੀ ਸਮਝ ਤੇ ਇਕ ਅਧੂਰਾ ਤਰਕ ਭਾਰੂ ਹੈ।ਉਸ ਨੂੰ ਨਾ ਆਪਣੇ ਅਤੀਤ ਦੀ ਸਮਝ ਹੈ ਅਤੇ ਨਾ ਹੀ ਵਰਤਮਾਨ ਦੀ। ਜਾਣਬੂਝ ਕੇ ਐਸਾ ਕਰਨ ਵਾਲਾ ਹਉਮੇ ਦਾ ਰੋਗੀ ਅਤੇ ਬੋਖਲਾਹਟ ਵਿਚ ਹੈ।

ਹਰਦੇਵ ਸਿੰਘ, ਜੰਮੂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.