ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
- * ਸਰਬਉੱਚ ਕੌਣ?" * -
- * ਸਰਬਉੱਚ ਕੌਣ?" * -
Page Visitors: 2670

 - * ਸਰਬਉੱਚ ਕੌਣ?" * -
ਆਪਣੇ ਇਕ ਲੇਖ "ਸਰਬਉੱਚ ਕੌਣ?" ਵਿਚ ਗੁਰਦੇਵ ਸਿੰਘ ਸੱਧੇਵਾਲਿਆ ਜੀ ਨੇ ਵਿਚਾਰ ਪ੍ਰਗਟ ਕਰਦੇ ਕੁੱਝ ਮੂਲਭੂਤ ਅਤੇ ਸਵਾਗਤ ਯੋਗ ਸਵਾਲ ਚੁੱਕੇ ਹਨ। ਜਿਵੇਂ ਕਿ " ਇਸ ਦੀ ਜੜ੍ਹ ਕਿਥੇ ਹੈ, ਕਿ ਪਹਿਲਾਂ ਤੁਸੀ ਸਰਬਉੱਚਤਾ ਦਾ ਫ਼ੈਸਲਾ ਕਰੋ ਕਿ ਕੌਂਣ ਹੈ ? ………ਮੇਰੇ ਆਪਣੇ ਅੰਦਰ ਕਿ ਮੈਂ ਹਾਲੇ ਤੱਕ ਇਹੀ ਫ਼ੈਸਲਾ ਕਰ ਨਹੀਂ ਪਾਇਆ ਕਿ ਸਰਬਉੱਚ ਕੌਣ ਹੈ ?" ਇਹ ਲੇਖ ਖ਼ਾਲਸਾ ਨਿਯੁਜ਼ ਤੇ ਮਿਤੀ ੨੯.੦੯.੨੦੧੫ ਨੂੰ ਛੱਪਿਆ ਹੈ।
ਲੇਖ ਵਿਚਲੇ ਅਜਿਹੇ ਸਵਾਲ ਇਕੋ ਸਵਾਲ; "ਸਰਬਉੱਚ ਕੌਣ?" ਦੇ ਗਿਰਦ ਹੀ ਘੁੰਮਦੇ ਹੀ ਪ੍ਰਤੀਤ ਹੁੰਦੇ ਹਨ। ਸਿਰਸਾ ‘ਡੇਰਾ ਸਾਧ’ ਨਾਲ ਜੁੜੀ ਘਟਨਾ ਵਾਪਰਣ ਉਪਰੰਤ ਤਰ੍ਹਾਂ-ਤਰ੍ਹਾਂ ਦੇ ਵਿਚਾਰ ਪੜਨ ਨੂੰ ਮਿਲ ਰਹੇ ਹਨ। ਕੋਈ ਕਹਿ ਰਿਹਾ ਹੈ ਅਸਲ ਜੱਥੇਦਾਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ! ਕੋਈ ਕਹਿ ਰਿਹਾ ਹੈ ਸਰਬਉੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਜੱਥੇਦਾਰਾਂ ਦੀ ਲੋੜ ਹੀ ਨਹੀਂ! ਕੋਈ ਕਹਿ ਰਿਹਾ ਹੈ ਅਕਾਲ ਤਖ਼ਤ ਸਰਬਉੱਚ ਹੈ! ਆਉ ਅਜਿਹੇ ਸਵਾਲਾਂ-ਸੁਝਾਆਂ ਦੇ ਪਰਿਪੇਖ ਵਿਚ ਇਹ ਵਿਚਾਰਨ ਦਾ ਜਤਨ ਕਰੀਏ ਕਿ ਸਰਬਉੱਚ ਕੌਣ ਹੈ?
ਮੈਂ ਇਸ ਸਵਾਲ ਜਾ ਜਵਾਬ ਇੰਝ ਦੇ ਸਕਦਾ ਹਾਂ:-
(੧) ਪਰਮਾਤਮਾ ਸਰਬਉੱਚ ਹੈ !
(੨)  ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬਉੱਚ ਹਨ!
(੩) ਗੁਰੂ-ਪੰਥ ਸਰਬਉੱਚ ਹੈ!
(੪) ਸ਼੍ਰੀ ਅਕਾਲ ਤਖ਼ਤ ਸਰਬਉੱਚ ਹੈ!
ਮੇਰੇ ਵਿਚਾਰ ਵਿਚ ਉਪਰੋਕਤ ਚਾਰੇ ਜਵਾਬ ਆਪਣੇ-ਆਪਣੇ ਸੰਧਰਭ ਵਿਚ ਸਹੀ ਹਨ। ਮਸਲਨ ਕੌਣ ਸਿੱਖ ਇਸ ਤੋਂ ਇਨਕਾਰੀ ਹੋ ਸਕਦਾ ਹੈ ਕਿ ਪਰਮਾਤਮਾ ਸਰਬਉੱਚ ਹੈ ? ਕੌਣ ਸਿੱਖ ਇਸ ਗਲ ਤੋਂ ਇਨਕਾਰੀ ਹੋ ਸਕਦਾ ਹੈ ਕਿ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਸਰਬਉੱਚ ਹਨ? ਸ਼ਾਯਦ ਕੋਈ ਨਹੀਂ! ਇਨ੍ਹਾਂ ਦੋ ਸਥਿਤੀਆਂ ਵਿਚ ਇਹ ਸਵਾਲ ਬੇਮਾਨੀ ਹੋ ਜਾਂਦਾ ਹੈ ਕਿ ਪਰਮਾਤਮਾ ਸਰਬਉੱਚ ਹੈ ਜਾਂ ਗੁਰੂ? ਭੱਟਬਾਣੀ ਇਸਦਾ ਸਬੂਤ ਹੈ।
ਹੁਣ ਚਲਦੇ ਹਾਂ (੩) ਗੁਰੂ-ਪੰਥ ਸਰਬਉੱਚ ? ਜਾਂ (੪) ਸ਼੍ਰੀ ਅਕਾਲ ਤਖ਼ਤ ਸਰਬਉੱਚ ? ਜਿਹੇ ਦੋ ਸਵਾਲਾਂ ਵੱਲ!
ਭਾਵੀ ਸਮੇਂ ਲਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦੇ ਸਰਬਉੱਚ ਪਦ ਤੇ ਆਸੀਨ ਕਰਨ ਦੀ ਜੁਗਤ ਦ੍ਰਿੜ ਕਰਵਾਉਣ ਦਾ ਉਪਰਾਲਾ,  ਗੁਰੂ ਅਰਜਨਦੇਵ ਜੀ ਵਲੋਂ ਦਰਬਾਰ ਸਾਹਿਬ ਵਿਚ, ਪੋਥੀ ਸਾਹਿਬ ਦੇ ਵਿਧੀਵੱਤ ਪ੍ਰਕਾਸ਼ ਤੋਂ, ਆਰੰਭ ਹੋਇਆ ਸੀ। ਦਸ਼ਮੇਸ਼ ਜੀ ਵਲੋਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਦ ਤੇ ਆਸੀਨ ਕਰ,ਆਪਣੇ ਉਪਰੰਤ, ਸਿੱਖਾਂ ਨੂੰ ਉਸਦੀ ਤਾਬਿਯਾ ਕਰ ਦਿੱਤਾ ਗਿਆ। ਇਤਹਾਸਕ ਤੱਥ ਮੌਜੂਦ ਹਨ, ਕਿ ਇਸ ਦੇ ਸਪਸ਼ਟ ਦਿਸ਼ਾ-ਸੰਕੇਤ, ਦਸ਼ਮੇਸ਼ ਜੀ ਵਲੋਂ, ਸੰਨ 1695 (ਆਪਣੇ ਅਕਾਲ ਚਲਾਣੇ ਤੋਂ ਲੱਗਭਗ 15-20 ਸਾਲ ਪਹਿਲਾਂ) ਵਿਚ ਹੀ, ਸਿੱਖਾਂ ਨੂੰ, ਦਿੱਤੇ ਜਾਣ ਲੱਗੇ ਸਨ।
ਗੁਰੂ ਸ਼ਖਸੀਅਤਾਂ ਉਪਰੰਤ ਪੰਥ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਹੇਠ ਵਿਚਰਣ ਲੱਗਾ ਤਾਂ ਮੁਸੀਬਤ ਭਰੇ ਹਾਲਾਂਤਾਂ ਵਿਚ ਦਸ਼ਮੇਸ਼ ਜੀ ਵਲੋਂ ਸਿਰਜੀ ਪੰਚ ਪ੍ਰਧਾਨੀ ਵਿਵਸਥਾ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੰਮ ਕਰਨ ਲੱਗੀ। ਗੁਰੂ ਹਰਗੋਬਿੰਦ ਜੀ ਇਸੇ ਥਾਂ ਕੋਮੀ ਵਿਵਸਥਾ ਚਲਾਉਂਦੇ ਰਹੇ ਸੀ। ਫਿਰ ਇਸੇ ਥਾਂ ਸਰਬਤ ਖ਼ਾਲਸੇ ਹੁੰਦੇ ਰਹੇ ਜਿਨ੍ਹਾਂ ਵਿਚ ਸ਼੍ਰੀ ਅਕਾਲ ਤਖ਼ਤ ਤੇ ਤਤਕਾਲੀਨ ਸੇਵਾਰਤ ਅਕਾਲੀਆਂ ਦੀ ਅਹਿਮ ਅਤੇ ਪ੍ਰਮੁੱਖ ਭੂਮਿਕਾ ਹੁੰਦੀ ਸੀ।
ਖੈਰ, ਸਵਾਲ ਨੰ ੩ ਅਤੇ ੪ ਨੂੰ ਵਿਚਾਰਨ ਲਈ ਪਹਿਲਾਂ ਇਸ ਗਲ ਦੀ ਸਵਕ੍ਰਿਤੀ ਜ਼ਰੂਰੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬਉੱਚ ਹਨ !ਮਸਲਨ ਕਿਸੇ ਮਸਲੇ ਬਾਰੇ ਨਿਰਣਾ, ਗੁਰਮਤਿ ਦੀ ਰੋਸ਼ਨੀ ਵਿਚ ਲਿਆ ਜਾਣਾ ਚਾਹੀਦਾ ਹੈ, ਤਾਂਕਿ ਲਏ ਜਾਣ ਵਾਲਾ ਫ਼ੈਸਲਾ, ਸਰਬਉੱਚ ਹੋਵੇ ਅਤੇ ਜਿਸ ਨੂੰ ਗੁਰੂ ਦਾ ਫ਼ੈਸਲਾ ਕਿਹਾ ਜਾ ਸਕੇ। ਇਹ ਇਕ ਅਤਿ ਬਾਰੀਕ ਨੁੱਕਤਾ ਹੈ।
ਵੱਧੇਰੀ ਸਪਸ਼ਟਤਾ ਲਈ ਇਕ ਮਿਸਾਲ ਵਿਚਾਰਦੇ ਹਾਂ ਕਿ, ਕਿਸੇ ਅਤਿ ਵਿਸ਼ੇਸ਼ ਮਸਲੇ ਤੇ, ਸਰਬਤ ਖ਼ਾਲਸਾ ਇੱਕਤਰ ਹੋ, ਗੁਰਬਾਣੀ ਅਨੁਸਾਰ, ਕਿਸੇ ਫ਼ੈਸਲੇ ਤੇ ਪੁੱਜਦਾ ਹੈ। ਅਗਰ ਉਹ ਫ਼ੈਸਲਾ ਗੁਰਮਤਿ ਅਨੁਸਾਰ ਹੈ ਤਾਂ ਉਸ ਫ਼ੈਸਲੇ ਨੂੰ ਸਿੱਖਾਂ ਦਾ ਫ਼ੈਸਲਾ ਕਿਹਾ ਜਾਏਗਾ ਜਾਂ ਗੁਰੂ ਦਾ ? ਅਗਰ ਫੈਸਲਾ ਗੁਰਮਤਿ ਅਨੁਸਾਰ ਹੈ ਤਾਂ ਉਹ ਗੁਰੂ ਦਾ ਫੈਸਲਾ ਹੋਇਆ ਜਾਂ ਨਹੀਂ ?
ਜੇ ਕਰ ਨਹੀਂ ਤਾਂ ਉਹ ਫ਼ੈਸਲਾ ਸਿੱਖਾਂ ਦਾ ਹੋਣ ਕਾਰਣ ਸਰਬਉੱਚ ਨਹੀਂ, ਅਤੇ ਜੇ ਕਰ ਉਹ ਸਰਬਉੱਚ ਨਹੀਂ, ਤਾਂ ਕਦੇ ਵੀ ਕਿਸੇ ਵੀ ਫ਼ੈਸਲੇ ਨੂੰ ਗੁਰੂ ਦਾ ਫ਼ੈਸਲਾ ਕਿਵੇਂ ਕਹਿਆ ਜਾਏ ਅਤੇ ਗੁਰੂਬਾਣੀ ਦੀ ਸਰਬਉੱਚਤਾ ਕਿਵੇਂ ਸਥਾਪਤ ਸਮਝੀ ਜਾਏ ?
 ਇਨ੍ਹਾਂ ਮਹੱਤਵਪੁਰਣ ਸਵਾਲਾਂ ਤੇ ਡੂੰਗੀ ਵਿਚਾਰ ਸਾਡੇ ਲਈ ਗੁਰੂ-ਪੰਥ ਦੇ ਉਸ ਸਿਧਾਂਤ ਨੂੰ ਸਮਝਣ ਦਾ ਮਾਰਗ ਖੋਲ ਸਕਦੀ ਹੈ ਜਿਸ ਨੂੰ  ਨਵੀਂ ਪੀੜੀ ਨੇ ਪੜਿਆ-ਸੁਣਿਆ ਤਾਂ ਹੈ, ਪਰ ਸਹਿਜਤਾ ਨਾਲ ਕਦੇ ਉਸ ਨੂੰ ਵਿਚਾਰਿਆ ਨਹੀਂ।ਸਿੱਟੇ ਵੱਜੋ ਅੱਜ ਬਹੁਤੇ ਲਿਖਾਰੀ ਅਤੇ ਫ਼ੈਸਬੁੱਕ ਟਿੱਪਣੀਕਾਰ ਆਪਣੇ ਲੇਖਾਂ-ਟਿੱਪਣਿਆਂ ਨੂੰ ਇੰਝ ਪੇਸ਼ ਕਰਦੇ ਹਨ ਜਿਵੇਂ ਕਿ ਉਹੀ ਗੁਰਮਤਾ ਹੋਵੇ ਅਤੇ ਉਸੇ ਵਿਚ ਹੀ ਗੁਰੂ ਦੀ ਸਰਬਉੱਚਤਾ ਦੀ ਅਗੁਆਈ ਹੋਵੇ।
ਅਕਸਰ ਕਿਹਾ ਜਾਂਦਾ ਹੈ ਕਿ ਦੇਸ਼ ਸਰਬਉੱਚ ਹੁੰਦਾ ਹੈ, ਦੇਸ਼ ਦਾ ਸਵਿੰਧਾਨ ਸਰਬਉੱਚ ਹੁੰਦਾ ਹੈ ਕਿਉਂਕਿ ਉਸ ਵਿਚ ਕਾਨੂਨ ਦਰਸਾਇਆ ਹੁੰਦਾ ਹੈ।ਇਹ ਹੀ ਕਿਹਾ ਜਾਂਦਾ ਹੈ ਕਿ ਕਾਨੂਨ ਸਰਬਉੱਚ ਹੁੰਦਾ ਹੈ। ਨਾਲ ਹੀ ਕਿਹਾ ਜਾਂਦਾ ਹੈ ਕਿ ਸੰਸਦ ਸਰਬਉੱਚ ਹੈ ਜਿੱਥੇ ਕਾਨੂਨ ਬਣਾਏ-ਬਦਲੇ ਜਾਂਦੇ ਹਨ।ਗਲਾਂ ਤਾਂ ਇਹ ਚਾਰੇ ਸਹੀ ਹਨ,
ਪਰ ਆਪਣੇ-ਆਪਣੇ ਸੰਧਰਭ ਵਿਚ ਨਾ ਕਿ ਬੇਲੋੜੇ ਆਪਸੀ ਟਾਕਰੇ ਵਿਚ! ਫ਼ੈਸਲੇ ਤਾਂ ਸੰਸਦ ਵਿਚ ਵੀ ਗਲਤ ਹੋ ਸਕਦੇ ਹਨ ਅਤੇ ਕਾਨੂਨ ਨੂੰ ਲਾਗੂ ਕਰਨ ਵਿਚ ਵੀ।ਪਰ ਉਸ ਵੇਲੇ ਕੋਈ ਅਦਾਲਤ ਇਹ ਨਹੀਂ ਕਹਿੰਦੀ ਕਿ ਮਨੁੱਖ ਬਿਨ੍ਹਾਂ ਵਿਵਸਥਾ ਦੇ ਕੁੰਡੇ ਦੇ ਹੋਣਾ ਚਾਹੀਦਾ ਹੈ।
ਬਿਨ੍ਹਾਂ ਮਨੁੱਖਾਂ ਦੇ ਕੋਈ ਵੀ ਨਿਜ਼ਾਮ ਜਾਂ ਉਸਦੀ ਅਗੁਆਈ ਪਰਵਾਨ ਨਹੀਂ ਚੜ ਸਕਦੀ।ਇਸੇ ਲਈ, ਜਿਸ ਵੇਲੇ ਮਨੁੱਖ ਕੰਮ ਕਰਦੇ ਹਨ, ਤਾਂ ਉਸ ਨੂੰ ਕੰਮ ਨੂੰ ਦੇਸ਼, ਸੰਵਿਧਾਨ, ਕਾਨੂਨ ਜਾਂ ਸੰਸਦ ਦਾ ਕੰਮ ਕਰਨਾ ਕਿਹਾ ਜਾਂਦਾ ਹੈ। ਤੇ ਜਿਸ ਵੇਲੇ ਪੰਥ ਗੁਰਮਤਿ ਅਨੁਸਾਰ ਮਤਾ ਕਰਦਾ ਹੈ ਤਾਂ ਉਹ ‘ਗੁਰੂ-ਪੰਥ’ ਦਾ ਫੈਸਲਾ ਅਖਵਾਉਂਦਾ ਹੈ।
ਸ਼੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਦਾ ਭਾਵ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਵਿਚ ਗੁਰਮਤਾ ਕਰਨ ਦੀ ਸਰਬਉੱਚ ਸੰਸਥਾ-ਵਿਵਸਥਾ! ਉਹ ਵਿਵਸਥਾ ਜਿਸਦਾ ਨਿਰਣਾ ਗੁਰੂ ਦਾ ਨਿਰਣਾ ਕਰਕੇ ਪ੍ਰੇਸ਼ਤ  (Communicate) ਹੁੰਦਾ ਹੈ, ਪਰ ਨਾਲ ਹੀ ਉਸ ਵਿਵਸਥਾ ਵਿਚ ਗੁਰਮਤਾ ਕੇਵਲ ਉਨ੍ਹਾਂ ਸਿਧਾਂਤਾਂ ਦੀ ਪੁਸ਼ਟੀ ਲਈ ਹੀ ਹੋ ਸਕਦਾ ਹੈ ਜਿਨ੍ਹਾਂ ਦਾ ਉਚੇਚਾ ਜ਼ਿਕਰ ਸਿੱਖ ਰਹਿਤ ਮਰਿਆਦਾ ਦੇ ਅਖੀਰ ਵਿਚ ‘ਗੁਰਮਤੇ’ ਵਾਲੀ ਮੱਧ ਅੰਦਰ ਦਰਜ਼ ਹੈ।
ਜੋ ਸੱਜਣ ਇਹ ਸੋਚਦੇ ਹਨ ਕਿ 'ਸਾਂਝੀਆਂ ਔਖੀ ਘੜੀਆਂ' ਵਿਚ ਮਨੁੱਖਾਂ ਤੋਂ ਬਿਨ੍ਹਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੈਸਲੇ ਜਾਂ ਸਰਬਉੱਚਤਾ ਨੂੰ ਸਮਝਿਆ-ਮੰਨਿਆਂ ਜਾਏ ਗਾ, ਤਾਂ ਉਹ ਸੱਜਣ ਗਲਤੀ ਤੇ ਹਨ। ਉਹ ਗੁਰੂ-ਚੇਲੇ ਦੇ ਉਸ ਸਿਧਾਂਤ ਤੋਂ ਅਣਜਾਣ ਹਨ ਜਿਸ ਵਿਚ ਗੁਰੂ ਅਤੇ ਚੇਲੇ ਦਾ ਉਹ ਡੁੰਗਾ ਰਿਸ਼ਤਾ ਹੈ, ਜਿਸਨੂੰ ਵਿਚਾਰਣ ਵਿਚ ਹੀ ਗੁਰੂ ਦੀ ਅਗੁਆਈ ਦੇ ਵਾਪਰਣ ਦੀ ਸਮਝ ਆ ਸਕਦੀ ਹੈ। ਪਰ ਕਈਂਆਂ ਨੇ ਆਪਣੀ ਨਾਲਾਯਕੀ ਜਾਂ ਅਗਿਆਨਤਾ ਵਸ, ਗੁਰੂ-ਚੇਲੇ ਦੇ ਸਬੰਧ ਬਾਰੇ ਦਸ਼ਮੇਸ਼ ਜੀ ਦੇ ਕੌਤਕ ਰੂਪ ਨਿਰਣਿਆਂ ਦਾ ਮਖ਼ੌਲ ਜਿਹਾ ਉਡਾਇਆ ਹੈ।
ਬੰਦਿਆਂ ਦੀ ਗਲਤੀ ‘ਸਿਧਾਂਤ ਦੀ ਗਲਤੀ’ ਨਹੀਂ ਕਹੀ ਜਾ ਸਕਦੀ ਅਤੇ ‘ਸਿਧਾਂਤ ਦੀ ਮਜ਼ਬੂਤੀ’ ਦੀ ਆੜ ਵਿਚ‘ਗਲਤੀ’ ਨਹੀਂ ਕੀਤੀ ਜਾਣੀ ਚਾਹੀਦੀ। ਸ਼ਾਯਦ ਅਜਿਹੇ ਨੁੱਕਤਿਆਂ ਨੂੰ ਵਿਚਾਰ ਕੇ ਅਸੀਂ, ਉਸ ਸਕਾਰਾਤਮਕ ਸੋਚ ਨੂੰ ਉਸਾਰ ਸਕਦੇ ਹਾਂ, ਜਿਸ ਰਾਹੀਂ ਗੁਰਮਤਿ ਵਿਚਾਰਦੇ ਹੋਏ, ਸ਼੍ਰੀ ਅਕਾਲ ਤਖ਼ਤ ਤੇ ‘ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਅਤੇ ਉਨ੍ਹਾਂ ਦੀ ਸਰਬਉੱਚਤਾ’ ਦਾ ਪਾਲਨ ਸਮਝਿਆ ਜਾ ਸਕੇ!
ਨਹੀਂ ਤਾਂ, ਸਭ ਗਲਾਂ ਛੱਡ 'ਪਰਮਾਤਮਾ ਸਰਬਉੱਚ ਹੈ' ਕਹਿ ਕੇ ਹੀ ਫੁਲ ਸਟਾਪ ਲਗਾਇਆ ਜਾ ਸਕਦਾ ਹੈ ਕਿ ਨਹੀਂ ?

ਹਰਦੇਵ ਸਿੰਘ, ਜੰਮੂ- 29.09.2015

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.