ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
- * ਵੀਰਾਂ ਦੇ ਸੱਚ ਦਾ ਗਿਆਨਵਾਦ * -
- * ਵੀਰਾਂ ਦੇ ਸੱਚ ਦਾ ਗਿਆਨਵਾਦ * -
Page Visitors: 2711

 -  *  ਵੀਰਾਂ ਦੇ  ਸੱਚ  ਦਾ ਗਿਆਨਵਾਦ  *  -
ਦਰਸ਼ਨ ਵਿਚਾਰ ਦੇ ਖੇਤਰ ਵਿਚ ਗਿਆਨ ਦੀ ਪਰਿਭਾਸ਼ਾ ਇਕ ਪੇਚੀਦਾ ਵਿਸ਼ਾ ਹੈ।ਗੁਰੂ ਗ੍ਰੰਥ ਸਾਹਿਬ ਵਿਚ ਗਿਆਨ ਮਹਿਮਾ ਦੇ 'ਬ੍ਰਹਮ ਗੀਤ' ਨਾਲ ਇਹ ਤਾਕੀਦ ਵੀ ਹੈ ਕਿ ਮਹਿਜ਼ 'ਸਿਆਣਪ ਸੰਪੰਨ'ਮਨੁੱਖ ਸੱਚ ਤੇ ਤੁਰਨ ਵਾਲਾ ਨਹੀਂ ਹੋ ਸਕਦਾ।ਇਸ ਗੰਭੀਰ ਵਿਸ਼ੇ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਤੈਅ ਕਰਨ ਪਵੇਗਾ ਕਿ, ਸਿੱਖ ਹੋਣ ਦੇ ਨਾਤੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ 'ਨਿਰਸੰਦੇਹ ਰੂਪ' ਸਵੀਕਾਰ ਕਰਨਾ ਚਾਹੁੰਦੇ ਹਾਂ ਜਾਂ ਫਿਰ 'ਸਪਸ਼ਟ ਰੂਪ'? ਸਵਾਲ ਕੁੱਝ ਕਠਿਨ ਹੈ ਪਰ ਹੈ ਮਹੱਤਵਪੁਰਣ!
'ਨਿਰਸੰਦੇਹ ਸਵਕ੍ਰਿਤੀ' ਵਿਚ ਅਟੂਟ ਵਿਸ਼ਵਾਸ ਹੁੰਦਾ ਹੈ ਜਦ ਕਿ 'ਸਪਸ਼ਟ ਸਵਕ੍ਰਿਤੀ' ਪਹਿਲਾਂ ਪਰਖ ਅਤੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ।ਜੋ ਸਿੱਖ ਗੁਰੂ ਸਾਹਿਬਾਨ ਬਾਰੇ ਨਿਰਸੰਦੇਹ ਹੋਣ ਤੋਂ ਬਿਨ੍ਹਾਂ ਬਾਣੀ ਨੂੰ ਸਪਸ਼ਟ ਰੂਪ ਦੇਖਣਾ ਚਾਹੁੰਦਾ ਹੈ ਉਹ ਇਕ ਪ੍ਰਕਾਰ ਦੇ ਸੰਦੇਹ ਤੋਂ ਗ੍ਰਸਤ ਹੋ ਜਾਂਦਾ ਹੈ।ਉਹ 'ਇਕ' ਤੇ ਟੇਕ ਦਾ ਦਾਵਾ ਤਾਂ ਕਰਦਾ ਹੈ ਪਰ ਉਸ ਤੋਂ ਪਹਿਲਾਂ ਉਹ, ਸਪਸ਼ਟਤਾ ਦੀ ਤਲਬ ਵਿਚ ਵਿਚਰਦਾ, ਐਸਾ ਗਿਆਨ ਸੰਚਿਤ ਕਰ ਲੈਂਦਾ ਹੈ ਜਿਸ ਵਿਚ, ਕਈਂ ਥਾਂ, ਉਸਦੀ ਸੋਚ ਅੰਦਰ ਨਿਜੀ ਸਪਸ਼ਟਤਾ ਤਾਂ ਹੋ ਸਕਦੀ ਹੈ ਪਰ ਗੁਰਮਤ ਦਾ ਪ੍ਰਤਿਨਿੱਧਤਵ ਨਹੀਂ।
ਗੁਰੂ ਸਾਹਿਬਾਨ ਨੇ ਆਪਣੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਰੂਪ ਸਥਾਪਨਾ ਕਰ, ਗੁਰੂ ਅਤੇ ਉਸਦੇ ਉਪਦੇਸ਼ਾਂ ਦਾ ਠੋਸ 'ਦ੍ਰਿਸ਼ ਚਿਤ੍ਰਣ' ਦ੍ਰਿੜਾਇਆ ਹੈ, ਜਿਸ ਤੋਂ ਅਗਾਂਹ ਵਰਤੇ ਜਾਂਦੇ ਹਵਾਲਿਆਂ ਦੀ ਗੁਰ ਉਪਦੇਸ਼ ਵਜੋਂ ਮੂਲ ਤਸਦੀਕ ਸੰਭਵ ਹੁੰਦੀ ਹੈ।ਇਹੀ ਕਾਰਣ ਹੈ ਕਿ ਹਵਾਲੇ-ਟੀਕਾ ਵਿਚਾਰ ਗੁਰੂ ਉਪਦੇਸ਼ ਬਾਰੇ ਪੜਨ ਦਾ ਵਸੀਲਾ ਤਾਂ ਬਣਦੇ ਹਨ ਪਰ ਗੁਰੂ ਕਦਾਚਿਤ ਨਹੀਂ! ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਦਾ 'ਦ੍ਰਿਸ਼ ਚਿਤ੍ਰਣ' ਹੈ ਜਿਸ ਦੇ ਪਾਠ, ਦਰਸ਼ਨ-ਦੀਦਾਰ ਅਤੇ ਵਿਚਾਰ ਦੀ ਉਚੇਚੀ ਤਾਕੀਦ ਹੈ।
ਸੁਆਦ ਪਰਸਤ ਅਕਸਰ ਸੁਆਲ ਪੁੱਛਦੇ ਹਨ; "ਭਾਈ ਤੁਹਾਨੂੰ ਅੰਬ ਚੂਪਣ ਨਾਲ ਮਤਲਬ ਹੈ ਜਾਂ ਗੁੱਠਲੀ ਨਾਲ?"
ਅਜਿਹੇ ਸੁਆਲ ਨਜ਼ਰੇ ਮੂਲ ਦਾ ਕੋਈ ਮਹੱਤਵ ਨਹੀਂ ਜਾਪਦਾ।ਅਜਿਹੇ ਤਰਕਵਾਦੀ ਗਿਆਨ ਚੂਪਣ ਦਾ ਤੱਤ ਪੇਸ਼ ਕਰਦੇ  ਹੋਏ ਉਸਦੇ ਵਸੀਲੇ ਨੂੰ ਮਹੱਤਵਹੀਨ ਅਤੇ ਪਰਮ ਪਦ ਤੋਂ ਹੇਠ ਸਮਝਾਉਣ ਦਾ ਜਤਨ ਕਰਦੇ ਹਨ। ਵਾਸਤਵ ਵਿਚ ਗਿਆਨ ਦੇ 'ਮੋਖਕ ਚ੍ਰਿਤਨ' ਵਿਚ ਰਲਾਅ ਹੁੰਦਾ ਹੈ।ਯਾਨੀ ਇਕੋ ਹੀ ਸਮੇਂ ਵੱਖ-ਵੱਖ ਅਤੇ ਅਸਥਿਰ ਚਿਤ੍ਰਣ! ਭਾਵ; ਅੱਜ ਕੁੱਝ ਹੋਰ, ਕੱਲ ਕੁੱਝ ਹੋਰ! ਇਸ ਦੇ ਵਿਪਰੀਤ ਗੁਰੂ ਦੇ 'ਦ੍ਰਿਸ਼ ਚਿਤ੍ਰਣ' ਵਿਚ ਕੋਈ ਰਲਾਅ ਸੰਭਵ ਨਹੀਂ।ਇਸ ਲਈ ਗਿਆਨ ਦੇ 'ਮੌਖਿਕ ਚਿਤ੍ਰਣ'(ਲੈਕਚਰੀ ਗਿਆਨ) ਨੂੰ ਗੁਰੂ ਹੋਣ ਦੀ ਮਾਨਤਾ ਕਦੇ ਵੀ ਪ੍ਰਦਾਨ ਨਹੀਂ ਕੀਤੀ ਜਾ ਸਕਦੀ।ਗੁਰੂ ਅੰਦਰ ਗਿਆਨ ਦੀ ਸਥਿਰਤਾ ਹੈ ਇਸ ਲਈ ਗੁਰੂ ਹੀ 'ਬ੍ਰਹਮ ਗਿਆਨ' ਦਾ ਪੁਸ਼ਟੀ ਪੂਰਨ ਟਿਕਾਣਾ ਹੈ।
ਕੀ ਅਸੀਂ ਅਜਿਹੇ ਵਿਸ਼ੇ ਨਾਲ ਜੁੜੇ ਗਿਆਨ ਖੇਤਰ ਨੂੰ ਸਮਝਣ ਦੀ ਆਦਤ ਗ੍ਰਹਿਣ ਕੀਤੀ ਹੈ ? ਕੀ ਅਸੀਂ ਕਿਸੇ ਤੱਤ ਨਾਲ ਜੁੜੀ ਗਿਆਨ ਕਕਸ਼ਾ ਨੂੰ ਸਮਝਣ ਦਾ ਜਤਨ ਕਰਦੇ ਹਾਂ ? ਕੀ ਅਸੀਂ ਸਵੈ-ਆਤਮ ਵਿਚ ਐਸੀ ਸਮਝ ਉੱਤਪੰਨ ਕਰਨ ਲਈ ਕਿਸੇ ਤੱਤ ਵਿਸ਼ੇਸ਼ ਦੀ ਪਰਿਕ੍ਰਮਾ ਕਰਦੇ ਹਾਂ ? ਨਹੀਂ! ਚੰਕਿ ਅਸੀਂ ਕਿਸੇ ਤੱਤ ਨੂੰ ਇਕੋ ਦਸ਼ਾ ਵਿਚ ਖੜੇ ਰਹਿ ਕੇ ਨਿਹਾਰਦੇ-ਵਿਚਾਰਦੇ ਹਾਂ ਇਸ ਲਈ ਸਾਡਾ ਗਿਆਨ ਬਹੁਤੀ ਵਾਰ ਅਪੂਰਣ, ਖੰਡਤ ਜਾਂ ਪੱਖਪਾਤੀ ਰਹਿੰਦਾ ਹੈ।ਫਿਰ ਅਸੀਂ ਆਪਣੀ ਇਸ ਕਮਜੋਰੀ ਨੂੰ ਛੁਪਾਉਣ ਲਈ ਵਿਗਿਆਨ ਦਾ ਪੱਲਾ ਪਕੜਦੇ ਹਾਂ।
ਵਿਗਿਆਨ ਆਧਾਰ-ਸਾਮਗ੍ਰੀ ਆਸ਼੍ਰਤ ਗਿਆਨ ਹੈ। ਜਿਸ ਵਿਸ਼ੇ ਦੀ ਅਧਾਰ ਸਾਮਗ੍ਰੀ ਸਾਡੀ ਸਮਝ ਵਿਚ ਹੀ ਨਹੀਂ ਉਸਦੇ ਗਿਆਨ ਲਈ ਵਿਗਿਆਨ ਦਾ ਔਚਿੱਤ ਵਰਤਣਾ ਕਿਤਨੀ ਕੁ ਬੁੱਧੀਮਤਾ ਹੈ? ਗਿਆਨ ਉਹ ਹੈ ਜੋ  ਨਿਆਂਸੰਗਤ, ਉਚਿੱਤ ਅਤੇ ਸੱਚ ਹੋਵੇ। ਪਰ ਇਹ ਅਸਾਨ ਨਹੀਂ ਕਿਉਂਕਿ ਕਿਸੇ ਵਿਚਾਰ ਦੇ ਨਿਆਂਸੰਗਤ ਅਤੇ ਉੱਚਿਤ ਹੋਣ ਦੇ ਪੈਮਾਨੇ ਵੱਖੋ-ਵੱਖ ਹੋਣ ਕਾਰਣ ਮਨੁੱਖ ਲਈ ਸੱਚ ਦਾ ਪਰਿਦ੍ਰਿਸ਼ ਬਦਲ ਜਾਂਦਾ ਹੈ। ਮਸਲਨ ਗਉ ਹੱਤਿਆ ਕਿਸੇ ਲਈ ਉੱਚਿਤ ਹੈ ਪਰ ਕਿਸੇ ਲਈ ਨਾ ਤਾਂ ਇਹ ਉੱਚਿਤ ਹੈ ਅਤੇ ਨਾ ਹੀ ਨਿਆਂਸੰਗਤ। ਇਹੀ ਸਥਿਤੀ  ਕਕਾਰਾਂ ਆਦਿ  ਨੂੰ ਲੈ ਕੇ ਹੈ। ਅਜਿਹੇ ਗਿਆਨ ਨੂੰ ਵਿਚਾਰਣ ਲਈ ਗੁਰੂ ਸਾਹਿਬਾਨ ਵਲੋਂ ਸਥਿਰ ਕੀਤੇ ਪ੍ਰਤੀਕ ਅਤੇ ਸੰਕੇਤਯੋਜਨਾ ਦੀ ਸਹਿਜ ਪਰਿਕ੍ਰਮਾ ਜ਼ਰੂਰੀ ਹੈ।
ਖ਼ੈਰ, ‘ਸੱਚ ਦਾ ਗਿਆਨ’ ਇਕ ਸ਼ਕਤੀ ਹੈ ਜਿਸ ਨੂੰ ਸਵੀਕਾਰ ਕਰਨ ਵਿਚ ਕੋਈ ਸੰਕੋਚ ਨਹੀਂ ਪਰੰਤੂ ਇਸ ਸਵਕ੍ਰਿਤੀ ਵਿਚ ਇਹ ਸਮਝ ਕੇ ਚਲਣਾ ਪਵੇਗਾ ਕਿ ਇਸ ਸ਼ਕਤੀ ਦਾ ਪ੍ਰਾਰੂਪ ਕੀ ਹੈ ? ਅਨਿਆਂਸੰਗਤ ਅਤੇ ਅਨੁਚਿੱਤ ਗਿਆਨ ਸ਼ਕਤੀ ਸੱਚ ਹੋਣ ਦੇ ਬਾਵਜੂਦ ਧਰਮ ਨਹੀਂ।ਵਿਗਿਆਨ ਵਿਚਲੀ ਸਮੱਸਿਆ ਇਹ ਹੈ ਕਿ ਇਹ ਨਿਯਮਬੱਧ ਸੱਚ ਹੋਣ ਦੇ ਬਾਵਜੂਦ ਆਪਣੇ ਇਸਤੇਮਾਲ ਵਿਚ ਅਨਿਆਂਸੰਗਤ ਅਤੇ ਅਨੁਚਿੱਤ ਹੋ ਸਕਦਾ ਹੈ।ਇਸ ਲਈ ਸੱਚ ਦੇ ਗਿਆਨ ਨੂੰ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗਾਹ ਪ੍ਰਤਿ ਸਥਾਪਤ ਨਹੀਂ ਕੀਤਾ ਜਾ ਸਕਦਾ।ਆਸ ਹੈ ਕਿ ਵੀਰ ਭੂਪਿੰਦਰ ਸਿੰਘ ਜੀ ਵਰਗੇ ਸੱਜਣ ਇਸ ਨੁੱਕਤੇ ਨੂੰ ਜ਼ਰੂਰ ਵਿਚਾਰਣ ਗੇ ਤਾਂ ਕਿ ਉਹ ਆਪਣੀਆਂ ਪੁਸਕਤਾਂ ਵਿਚ ਆਪਣੇ ਵਲੋਂ ਲਿਖੇ ਵਿਚਾਰਾਂ ਨੂੰ ਸੱਚ ਦਾ ਗਿਆਨ ਐਲਾਨ ਕੇ ਉਸ ਨੂੰ ਗੁਰੂ ਐਲਾਨਣ ਦੀ ਭੁੱਲ ਨਾ ਕਰਨ। ਅਹਿਹਾ ਗਿਆਨਵਾਦ ਉੱਚਿਤ ਨਹੀਂ।
ਹਰਦੇਵ ਸਿੰਘ,ਜੰਮੂ- 22.12.2015
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.