ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
* = ਗੁਰੂ ਮਹਿਮਾ = *
* = ਗੁਰੂ ਮਹਿਮਾ = *
Page Visitors: 2733

 *  =  ਗੁਰੂ ਮਹਿਮਾ  =  *
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ
॥ (ਮਹਲਾ ੧)
 ਪ੍ਰੋ. ਸਾਹਿਬ ਸਿੰਘ ਜੀ ਨੇ ਇਨ੍ਹਾਂ ਪੰਗਤਿਆਂ ਦੇ ਅਰਥ ਇਸ ਪ੍ਰਕਾਰ ਕੀਤੇ ਹਨ:-
ਅਰਥ:- (ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) । (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ (ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ ।੪।
ਵਿਚਾਰ:- ਉਪਰੋਕਤ ਸਲੋਕ ਗੁਰੂ ਨਾਨਕ ਜੀ ਵਲੋਂ ਉੱਚਾਰਿਆ ਹੋਇਆ ਹੈ, ਜਿਸ ਵਿਚ ਗੁਰੂ ਮਹਿਮਾ ਸਬੰਧੀ ਇਕ ਅਦਭੁਤ ਅਤੇ ਭਾਵਪੂਰਤ ਵਿਚਾਰ ਦਾ ਪ੍ਰਦਰਸ਼ਨ ਹੈ। ਵਿਚਾਰ ਸਪਸ਼ਟ ਹੈ ਕਿ ਪਾਣੀ ਘੜੇ ਵਿਚ ਬੱਝਾ ਹੋਇਆ ਘੜੇ ਅੰਦਰ ਟਿਕਿਆ ਰਹਿੰਦਾ ਹੈ ਪਰੰਤੂ ਪਾਣੀ ਬਿਨ੍ਹਾਂ ਘੜੇ ਦੀ ਬਣਤਰ ਸੰਭਵ ਨਹੀਂ ਹੁੰਦੀ। ਪਰ ਅਗਲੀ ਪੰਗਤੀ ਵਿਚ ਇਹ ਦ੍ਰਿਸ਼ਟਾਂਤ, ਸੁਖਮਤਾ ਵੱਲ ਅਗ੍ਰਸਰ ਹੁੰਦਾ, ਪਹਿਲੀ ਪੰਗਤੀ ਨਾਲੋ ਵੱਖਰੀ ਉੱਚਾਈ ਪ੍ਰਾਪਤ ਕਰ ਲੇਂਦਾ ਹੈ, ਜਿਸ ਵੱਲ ਮਨ ਦੀ ਮਤ ਦਾ ਧਿਆਨ ਨਹੀਂ ਜਾਂਦਾ। ਪੰਗਤੀਆਂ ਵਿਚ ਗਿਆਨ ਦਾ ਭਾਵ 'ਅਧਿਆਤਮਕ ਗਿਆਨ' (Spiritual Knowledge) ਹੈ ਨਾ ਕਿ ਉਹ 'ਸਾਮਾਨਯ ਗਿਆਨ' ਜਿਸ ਨੂੰ ਆਮ ਜਾਣਕਾਰੀ (General Knowledge) ਕਿਹਾ ਜਾਂਦਾ ਹੈ।ਇਹ ਹੈ ਪਹਿਲਾ ਨੁੱਕਤਾ !
ਦੂਜੀ ਪੰਗਤੀ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ;  ਮਨੁੱਖੀ ਮਨ ਗਿਆਨ ਵਿਚ ਬੱਝਾ ਰਹਿੰਦਾ ਤਾਂ ਹੈ ਪਰ ਮਨ ਨਾਲ ਅਧਿਆਤਮਕ ਗਿਆਨ ਦੀ ਬਣਤਰ ਸੰਭਵ ਨਹੀਂ ਹੋ ਸਕਦੀ ਜਿਵੇਂ ਕਿ ਪਾਣੀ ਨਾਲ ਘੜੇ ਦੀ! ਇਸ ਸੁਖਮ ਵਿਚਾਰ ਨੂੰ ਸਮਝਣ ਦੀ ਲੋੜ ਹੈ।
ਪਹਿਲੀ ਪੰਗਤੀ ਵਿਚਲਾ ਵਿਚਾਰ ਇਹ ਹੈ ਕਿ ਉਹ ਜਲ ਜਿਸ ਨੂੰ ਘੜੇ ਨੇ ਬੱਧਾ ਹੈ, ਉਸ ਘੜੇ ਦੀ ਘਾੜਤ ਦਾ ਅਧਾਰ ਹੈ, ਪਰ ਦੂਜੀ ਪੰਗਤੀ ਵਿਚਲਾ ਵਿਚਾਰ ਇਹ ਹੈ ਕਿ ਉਹ ਮਨ ਜੋ ਕਿ ਅਧਿਆਤਮਕ ਗਿਆਨ ਵਿਚ ਬੱਝਦਾ ਹੈ, ਉਸ ਗਿਆਨ ਦੀ ਘਾੜਤ ਦਾ ਅਧਾਰ ਨਹੀਂ ਹੁੰਦਾ।ਇਸ ਨੂੰ ਕੁੱਝ ਹੋਰ ਵਿਚਾਰਦੇ ਹਾਂ।
ਪਹਿਲੀ ਪੰਗਤੀ ਵਿਚਲੇ ਦ੍ਰਿਸ਼ਟਾਂਤ ਵਿਚ ਦੋ ਅੰਸ਼ ਹਨ ਜਿਵੇਂ;  () ਕੁੰਭੇ (ਘੜਾ) ਅਤੇ () ਜਲ (ਪਾਣੀ! ਪਰੰਤੂ ਦੂਜੀ ਪੰਗਤੀ ਵਿਚ ਦੋ ਅੰਸ਼ਾਂ ਦੇ ਨਾਲ ‘ਇਕ ਮਹਿਮਾ’ ਵੱਲ ਇਸ਼ਾਰਾ ਹੈ ਜਿਵੇਂ; () ਗਿਆਨ () ਮਨ () ਗੁਰੂ!
ਪਹਿਲੀ ਪੰਗਤੀ ਵਿਚ  ਘੜੇ ਵਿਚ ਬੱਝਾ ਜਲ ਹੀ ਘੜੇ ਦੀ ਬਣਤਰ ਦਾ ਕਾਰਣ ਹੈ ਪਰ ਦੂਜੀ ਪੰਗਤੀ ਵਿਚ ਅਧਿਆਤਮਕ ਗਿਆਨ ਵਿਚ ਬੱਝਾ ਹੋਇਆ ਮਨ, ਗਿਆਨ ਦਾ ਕਾਰਣ ਨਹੀਂ ਬਲਕਿ, ਇਸਦੇ ਵਿਪਰੀਤ, ਗਿਆਨ ਦੇਣ ਵਾਲਾ ਗੁਰੂ ਹੈ।ਕਿਉਂ? ਕਿਉਂਕਿ ਗਿਆਨ ਨੂੰ ਜੇ ਕਰ ਮਨ ਘੜੇਗਾ ਤਾਂ ਉਹ ਗਿਆਨ ਮਨਮਤ ਹੋਵੇਗਾ ਗੁਰਮਤ ਨਹੀਂ। ਉਹ ਗਿਆਨ ਆਮ ਜਾਣਕਾਰੀ (General Knowledge) ਹੋਵੇਗਾ ਅਧਿਆਤਮਕ ਗਿਆਨ (Spiritual Knowledge) ਨਹੀਂ।ਤ੍ਰਾਸਦੀ ਇਹ ਹੈ ਕਿ ਆਪਣੀ ਆਮ ਜਾਣਕਾਰੀ ਨੂੰ 'ਗਿਆਨ ਗੁਰੂ' ਕਰਕੇ ਸਥਾਪਤ ਕਰਨ ਦਾ ਜਤਨ ਕੀਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਹੀ ਮਨ ਨੂੰ ਅਧਿਆਤਮਕ ਗਿਆਨ ਦੇਣ ਵਾਲੇ ਹਨ, ਵਰਨਾ ਜੇ ਕਰ ਅਧਿਆਤਮਕ ਗਿਆਨ ਨੂੰ ਆਪਣੇ ਮਨ ਦੇ ਹੱਥੀਂ ਘੜਨ ਦਾ ਜਤਨ ਕੀਤਾ ਜਾਏ ਤਾਂ ਉਹ ਮਨਮਤ ਹੋਵੇਗਾ ਗੁਰਮਤ ਨਹੀਂ! ਇਹ ਹੈ ਗੁਰੂ ਮਹਿਮਾ !
ਹਰਦੇਵ ਸਿੰਘ, ਜੰਮੂ-25.12.2015
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.