ਸੱਚ ਬੋਲਣ ਦਾ ਵੇਲਾ ਹੈ।
ਸਤਿਕਾਰ ਯੋਗ ਵੀਰੋ ਅਤੇ ਭੈਣੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੱਚ ਬੋਲਣ ਦਾ ਵੇਲਾ ਹੈ। ਕੁਝ ਗਲਤ ਬੰਦਿਆਂ ਨੂੰ ਵਿਦਾਈ ਦਿੰਦਿਆਂ , ਨਵੇਂ ਸਥਾਪਤ ਹੋ ਰਹੇ ਲੀਡਰਾਂ ਦੇ ਪਛੋਕੜ ਤੇ ਜ਼ਰੂਰ ਝਾਤ ਮਾਰਨੀ ਬਣਦੀ ਹੈ, ਐਸਾ ਨਾ ਹੋਵੇ ਕਿ ਆਉਣ ਵਾਲੇ ਲੀਡਰ, ਪੰਥ ਨੂੰ ਫਿਰ ਕਿਸੇ ਗਲਤ ਰਾਹ ਤੇ ਪਾ ਦੇਣ । ਇੰਕਲਾਬ ਰੋਜ਼-ਰੋਜ਼ ਨਹੀਂ ਉੱਠਦੇ, ਜੇ ਥੋੜਾ ਜਿਹਾ ਵੀ ਥਿੜਕ ਗਏ ਤਾਂ ਹੋਰ ਸਦੀਆਂ ਪਿੱਛੇ ਚਲੇ ਜਾਵਾਂਗੇ। ਪਿਛਲੀਆਂ ਕੀਤੀਆਂ ਗਲਤੀਆਂ ਦੂਰ ਕਰ ਕੇ, ਮੁੜ ਸਹੀ ਰਾਹ ਤੇ ਆਉਣ ਲਈ ਸਦੀਆਂ ਲੱਗਣਗੀਆਂ, ਕਾਹਲੀ ਦੇ ਚੱਕਰ ਵਿਚ ਇਹ ਲਹਿਰ ਵੀ ਨਾ ਗਵਾ ਲਿਉ। ਅੱਗੇ ਲੱਗਿਆਂ ਨੂੰ ਕੰਮ ਕਰਨ ਦਿਉ, ਉਨ੍ਹਾਂ ਦੀਆਂ ਵਡਿਆਈਆਂ ਕਰਨ ਦੀ ਜਾਂ ਉਨ੍ਹਾਂ ਨੂੰ ਸਥਾਪਤ ਕਰਨ ਦੀ ਕਵਾਇਦ ਨਾ ਕਰੋ। ਜਿਹੜੇ ਵੀ ਅਕਲਮੰਦੀ ਦਾ ਕੰਮ ਕਰਨਗੇ ਉਹ ਆਪੇ ਅੱਗੇ ਆਉਂਦੇ ਜਾਣਗੇ, ਥੋੜਾ ਸਬਰ ਨਾਲ ਚੱਲੋ, ਫਿਲਹਾਲ ਲੀਡਰਾਂ ਦੀ ਨਹੀਂ, ਪੰਥ ਦੀ ਲਾਮ-ਬੰਦੀ ਦਾ ਉਪਰਾਲਾ ਕਰੋ, ਉਨ੍ਹਾਂ ਵਿਚੋਂ ਬਹੁਤ ਲਾਇਕ ਬੰਦੇ ਮਿਲਣਗੇ। ਸਾਮ੍ਹਣੇ ਆਉਂਦੇ ਲੀਡਰਾਂ ਦੀਆਂ ਪੁਰਾਣੀਆਂ ਕੀਤੀਆਂ ਗਲਤੀਆਂ ਨੂੰ ਮੀਡੀਏ ਰਾਹੀਂ ਲੋਕਾਂ ਨਾਲ ਜ਼ਰੂਰ ਸਾਂਝਾ ਕਰੋ, ਤਾਂ ਜੋ ਉਨ੍ਹਾਂ ਦੀ ਸਹੀ ਪੜਚੋਲ ਹੋ ਸਕੇ।
ਅਮਰ ਜੀਤ ਸਿੰਘ ਚੰਦੀ