ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
"ਗੁਰੂ ਪੰਥ" ਸੰਖੇਪ ਵਿਚ
"ਗੁਰੂ ਪੰਥ" ਸੰਖੇਪ ਵਿਚ
Page Visitors: 2696

 

                                 "ਗੁਰੂ ਪੰਥ" ਸੰਖੇਪ ਵਿਚ
ਗੁਰੂ ਪੰਥ ਵਾਲੇ ਦੋ ਸ਼ਬਦਾਂ ਦੇ ਸੁਮੇਲ ਦਾ ਅਰਥ ਗੁਰੂ=ਸ਼ਬਦ, ਜੋਤਿ ਜਾਂ ਗਿਆਨ" ਦਾ ਪ੍ਰਤੀਕ ਅਤੇ ਪੰਥ=ਸਰੀਰ ਦਾ ਪ੍ਰਤੀਕ ਹੈ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਤਿਆਰ-ਬਰ-ਤਿਆਰ ਸਿੰਘਾਂ ਦੇ ਸਮੂੰਹ ਨੂੰ "ਗੁਰੂ-ਪੰਥ" ਕਿਹਾ ਜਾਂਦਾ ਹੈ। ਰੱਬੀ ਭਗਤਾਂ ਅਤੇ ਗੁਰੂ ਨਾਨਕ ਸਾਹਿਬ ਦੇ ਸਰੀਰ ਅੰਦਰ ਨਿਰੰਕਾਰ ਦੀ ਜੋਤਿ ਦਾ ਪ੍ਰਕਾਸ਼ ਸੀ ਅਤੇ ਉਨ੍ਹਾਂ ਦੇ ਸਰੀਰ ਦਾ ਜਨਮ ਵੀ ਆਂਮ ਸਰੀਰਾਂ ਵਾਂਗ ਹੀ ਹੋਇਆ। ਗੁਰੂ ਬਾਬਾ ਨਾਨਕ ਦੇ ਜਨਮ ਦੀ ਯਾਦ ਵਿੱਚ ਪਾਕਿਸਤਾਨ ਪੰਜਾਬ ਵਿਖੇ "ਗੁਰਦੁਆਰਾ ਜਨਮ ਅਸਥਾਨ ਬਾਬਾ ਨਾਨਕ" ਮਜੂਦ ਹੈ। ਉਸੇ ਸ਼ਬਦ ਜੋਤਿ ਦਾ ਪ੍ਰਕਾਸ਼ ਭਾਈ ਲਹਿਣਾਂ ਜੀ ਨੂੰ ਅੰਗਦ ਤੋਂ ਗੁਰੂ-ਅੰਗਦ, ਅਮਰਦਾਸ ਤੋਂ ਗੁਰੂ-ਅਮਰਦਾਸ, ਰਾਮਦਾਸ ਤੋਂ ਗੁਰੂ-ਰਾਮਦਾਸ, ਅਰਜਨ ਤੋਂ ਗੁਰੂ-ਅਰਜਨ, ਹਰਗੋਬਿੰਦ ਤੋਂ ਗੁਰੂ-ਹਰਗੋਬਿੰਦ, ਹਰਰਾਇ ਤੋਂ ਗੁਰੂ-ਹਰਰਾਇ, ਹਰਕ੍ਰਿਸ਼ਨ ਤੋਂ ਗੁਰੂ-ਹਰਕ੍ਰਿਸ਼ਨ, ਤੇਗ ਬਹਾਦਰ ਤੋਂ ਗੁਰੂ-ਤੇਗ ਬਹਾਦਰ ਅਤੇ ਗੋਬਿੰਦ ਰਾਇ ਤੋਂ ਗੁਰੂ-ਗੋਬਿੰਦ ਸਿੰਘ ਬਣਾਉਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਪ੍ਰਚਾਰ ਅਤੇ ਪ੍ਰਾਕਾਸ਼ ਲਈ ਧਰਮਸ਼ਾਲਾ ਤੇ ਸੰਗਤਾਂ ਕਾਇਮ ਕੀਤੀਆਂ ਅਤੇ ਕਰਤਾਰਪੁਰ ਨਗਰ ਵਸਾਇਆ। ਗੁਰੂ ਅੰਗਦ ਸਾਹਿਬ ਜੀ ਨੇ ਵਿਦਿਆਲੇ, ਮੱਲ੍ਹ ਅਖਾੜੇ ਕਾਇਮ ਕੀਤੇ ਅਤੇ ਖਾਡੂਰ ਸਾਹਿਬ ਨਗਰ ਵਸਾਇਆ। ਗੁਰੂ ਅਮਰਦਾਸ ਜੀ ਨੇ ਮੰਜੀ ਸਿਸਟਮ ਵਿੱਚ 22 ਮੰਜੀਆਂ (ਮਰਦ ਪ੍ਰਚਾਰਕ) 52 ਪੀੜ੍ਹੇ (ਔਰਤਾਂ ਪ੍ਰਚਾਰਕ) ਥਾਪੇ, ਸਤੀ ਪ੍ਰਥਾ ਖਤਮ ਕੀਤੀ, "ਪਹਿਲੇ ਪੰਗਤ-ਪਾਛੇ ਸੰਗਤ" ਦੇ ਸਿਧਾਂਤ ਤੇ ਪਹਿਰਾ ਦਿੱਤਾ ਅਤੇ ਗੋਇੰਵਾਲ ਨਗਰ ਵਸਾਇਆ। ਗੁਰੂ ਰਾਮਦਾਸ ਸਾਹਿਬ ਨੇ "ਮਸੰਦ ਸਿਸਟਮ" ਕਾਇਮ ਕੀਤਾ ਜੋ ਦਸਵੰਦ ਲਿਆਉਂਦੇ ਅਤੇ ਗੁਰਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਅਤੇ ਚੱਕ ਰਾਮਦਾਸਪੁਰ ਵਸਾਇਆ। ਗੁਰੂ ਅਰਜਨ ਸਾਹਿਬ ਨੇ "ਪੋਥੀ ਪ੍ਰਮੇਸ਼ਰ ਕਾ ਥਾਨ" ਇੱਕ ਪੋਥੀ ਵਿੱਚ ਰੱਬੀ ਭਗਤਾਂ, ਪਹਿਲੇ ਚਾਰ ਗੁਰੂ ਸਾਹਿਬਾਨਾਂ ਅਤੇ ਆਪਣੀ ਰਚਨਾ ਗੁਰਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾਈ, ਤਰਨਤਾਰਨ ਨਗਰ ਵਸਾਇਆ ਅਤੇ ਸੱਚ ਧਰਮ ਦਾ ਪਚਾਰ ਕਰਦੇ, ਵਕਤੀ ਜ਼ਾਲਮ ਮੁਗਲ ਹਕੂਮਤ ਦੀ ਈਨ ਨਾਂ ਮੰਨਦੇ ਹੋਏ, ਅਸਹਿ ਤੇ ਅਕਹਿ ਕਸ਼ਟ ਸਹਿੰਦੇ ਹੋਏ, ਭਾਣੇ ਵਿੱਚ ਰਹਿ, ਸ਼ਹਾਦਤ ਦਾ ਜਾਮ ਪੀਤਾ। ਗੁਰੂ ਹਰਗੋਬੰਦ ਸਾਹਿਬ ਜੀ ਨੇ ਇਨਸਾਫ ਦਾ ਪ੍ਰਤੀਕ "ਅਕਾਲ ਤਖਤ" ਰਚ, "ਮੀਰੀ-ਪੀਰੀ" ਦੀ ਤਾਕਤ ਨੂੰ ਇਕੱਠਾ ਕਰ, ਫੌਜ ਭਰਤੀ ਕਰਕੇ, ਸ਼ਿਕਾਰ ਖੇਡੇ, ਜ਼ੁਲਮ ਵਿਰੁੱਧ ਜੂਝਦੇ ਹੋਏ, ਚਾਰ ਜੰਗਾਂ ਜਿੱਤ, ਜ਼ਾਲਮ ਹਕੂਮਤ ਨੂੰ ਕਰਾਰੇ ਹੱਥ ਦਿਖਾਏ ਅਤੇ ਜਲੰਧਰ ਨੇੜਲਾ ਕਰਤਾਰਪੁਰ ਵਸਾਇਆ।
ਗੁਰੂ ਹਰਰਾਇ ਸਾਹਿਬ ਨੇ ਭਗਤੀ ਨਾਲ ਸ਼ਕਤੀ ਕਾਇਮ ਰੱਖਦੇ ਹੋਏ, 2200 ਤਿਆਰ ਬਰ ਤਿਆਰ ਘੋੜ ਸਵਾਰ ਫੌਜੀ ਰੱਖੇ, ਦਵਾਖਾਨਾਂ ਕਾਇਮ ਕੀਤਾ, ਰੰਕਾਂ ਨੂਂ ਰਾਜ ਦਿੱਤੇ ਅਤੇ ਪ੍ਰਚਾਰ ਸੈਂਟਰ ਕੀਰਤਪੁਰ ਸਾਹਿਬ ਵਸਾਇਆ। ਬਾਲ ਗੁਰੂ ਹਰਕ੍ਰਿਸ਼ਨ ਜੀ ਨੇ ਬਚਪਨ ਵਿੱਚ ਗੁਰੂ ਗਿਆਨ ਦੇ ਗੱਫੇ ਵੰਡੇ, ਲਾਲ ਚੰਦ ਵਰਗੇ ਹੰਕਾਰੀ ਪੰਡਿਤਾਂ ਦੇ ਹੰਕਾਰ ਤੋੜੇ, ਭਾਈ ਛੱਜੂ ਵਰਗੇ ਗਰੀਬਾਂ ਨੂੰ ਮਾਨ ਦਿੱਤਾ, ਪੰਜਜੋਖਰੇ (ਅੰਬਾਲੇ) ਅਤੇ ਦਿੱਲ੍ਹੀ ਵਿੱਚ ਪ੍ਰਚਾਰ ਕੀਤਾ, "ਨਹਿ ਮਲੇਸ਼ ਕੋ ਦਰਸ਼ਨ ਦਏ ਹੈ" ਦੀ ਪਾਲਨਾ ਕਰਦੇ ਹੋਏ, ਜ਼ਾਲਮ ਆਲਮਗੀਰ ਬਾਦਸ਼ਾਹ ਔਰੰਗਜ਼ੇਬ ਦੀ ਪ੍ਰਵਾਹ ਨਾਂ ਕੀਤੀ। ਚੇਚਕ ਪੀੜਤਾਂ ਦੀ ਸੇਵਾ ਕਰਦੇ ਹੋਏ, ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਫੁਰਮਾ ਗਏ "ਬਾਬਾ ਬਕਾਲੇ ਆਪਣੀ ਸੰਗਤਿ ਸੰਭਾਲੇ"।ਗੁਰੂ ਤੇਗ ਬਹਾਦਰ ਜੀ ਨੇ "ਬਾਬਾ ਬਕਾਲਾ" ਵਿਖੇ "22 ਦੇਹਧਾਰੀ ਪਾਖੰਡੀ ਗੁਰੂਆਂ" ਦਾ ਪੜਦਾ ਫਾਸ਼ ਕੀਤਾ। ਦਰਬਾਰ ਸਾਹਿਬ ਕੈਂਪਲੈਕਸ ਦੇ ਦਰਵਾਜੇ ਬੰਦ ਕਰਨ ਵਾਲੇ ਮਸੰਦਾਂ ਨੂੰ "ਨਹਿ ਮਸੰਦ ਤੁਮ ਅੰਮ੍ਰਿਤਸਰੀਏ॥ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ" ਦੀ ਫਿਟਕਾਰ ਪਾਈ ਅਤੇ ਆਉ-ਭਗਤਿ ਤੇ ਸੇਵਾ ਸਿਮਰਨ ਕਰਨ ਵਾਲੀਆਂ ਮਾਈਆਂ ਨੂੰ "ਮਾਂਈਆਂ ਰੱਬ ਰਜ਼ਾਈਆਂ" ਦੀ ਬਖਸ਼ਿਸ਼ ਕੀਤੀ। ਪੰਜਾਬ ਵਿਖੇ ਦੁਆਬੇ, ਮਾਲਵੇ, ਬਾਂਗਰ, ਦਿੱਲ੍ਹੀ, ਬਿਹਾਰ, ਅਸਾਮ ਆਦਿਕ ਥਾਵਾਂ ਤੇ ਸੱਚ ਧਰਮ ਦਾ ਪ੍ਰਚਾਰ ਕੀਤਾ। ਅਨੰਦਪੁਰ ਸਾਹਿਬ ਵਸਾਇਆ, ਮਜ਼ਲੂਮ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ, "ਭੈ ਕਾਹੂੰ ਕੋ ਦੇਤ ਨਹਿ ਨਹਿ ਭੈ ਮਾਨਤ ਆਨ" ਦਾ ਨਾਹਰਾ ਦੇ, ਸਹਿਮੇ ਦੇਸ਼ਵਾਸੀ ਮਜ਼ਲੂਮਾਂ ਨੂੰ ਜੁਲਮ ਵਿਰੁੱਧ ਖੜੇ ਕਰਦੇ ਹੋਏ, ਤਲਵਾਰ ਨਾਲ ਖਤਮ ਕੀਤੇ ਜਾ ਰਹੇ ਹਿੰਦੂ ਧਰਮ ਨੂੰ ਬਚਾਉਣ ਲਈ, ਪੰਜ ਭੂਤਕ ਸਰੀਰ ਦਾ ਠੀਕਰਾ ਦਿੱਲ੍ਹੀ ਦੀ ਜ਼ਾਲਮ ਸਰਕਾਰ ਸਿਰ ਫੋੜਦੇ, ਆਪਾ ਕੁਰਬਾਨ ਕੀਤਾ।
   ਦਸ਼ਮੇਸ਼ ਜੀ ਨੇ ਅਨੰਦਪੁਰ ਸਾਹਿਬ ਵਿਖੇ ਮਰਦਾਵੀਂ ਖੇਡਾਂ, ਖੂੰਖਾਰ ਜਾਨਵਰਾਂ ਦਾ ਸ਼ਿਕਾਰ, ਰਣਜੀਤ ਨਗਾਰਾ, ਮਨਸ਼ੂਈ ਜੁੱਧਾਂ ਦਾ ਪ੍ਰਤੀਕ ਹੋਲਾ ਮੁਹੱਲਾ ਸ਼ੁਰੂ ਕੀਤਾ। ਪੰਜ ਕਿਲੇ ਉਸਾਰੇ, "ਊਚ-ਨੀਚ, ਜਾਤ-ਪਾਤ" ਦਾ ਫਸ਼ਤਾ ਵੱਢਦੇ ਹੋਏ, ਖੰਡੇ ਦੀ ਪਾਹੁਲ ਦੇ ਕੇ, "ਇੱਕ ਬਾਟੇ ਦੀ ਸਾਂਝ" ਪੈਦਾ ਕੀਤੀ। ਕਾਂਸ਼ੀ ਦੇ ਪੰਡਿਤਾਂ ਦਾ ਜੂਲਾ ਲ੍ਹਾਉਂਦੇ ਹੋਏ, ਗੁਰੂਆਂ ਤੇ ਭਗਤਾਂ ਦੀ ਬਾਣੀ ਦੀ ਸਿਖਿਆ ਦ ਕੇ, ਵਿਦਵਾਨ ਅਤੇ ਕਵੀ ਪੈਦਾ ਕੀਤੇ। ਜਦ ਹਕੂਮਤ ਖਾਹ-ਮਖਾਹ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਤੁਲ ਆਈ ਤਾਂ ਮੁਗਲੀਆ ਹਕੂਮਤ ਨਾਲ 14 ਜੰਗਾਂ ਲੜੀਆ। ਪੰਥ ਅਤੇ ਮਜ਼ਲੂਮਾਂ ਦੀ ਖਾਤਰ ਪ੍ਰਵਾਰ ਵਾਰਿਆ। "ਦਸ ਲੱਖ ਸ਼ਾਹੀ ਫੌਜ" ਦਾ ਮੁਕਾਬਲਾ ਕਰਦੇ ਹੋਏ, ਪੰਥ ਦਾ ਹੁਕਮ ਮੰਨ, ਰਾਤ ਦੇ ਸਮੇਂ ਚੁਫੇਰੇ ਤਾੜੀਆਂ ਮਾਰਦੇ, ਦੁਸ਼ਮਣ ਦੇ ਘੇਰੇ ਚੋਂ ਨਿਕਲਣ ਅਤੇ "ਉੱਚ ਦੇ ਪੀਰ" ਬਣ, ਦੁਸ਼ਮਣ ਦੇ ਅੱਖੀਂ ਘੱਟਾ ਪਾਉਂਦੇ, ਰਣਨੀਤੀ ਵਰਤੀ। ਮੁਕਤਸਰ ਦੀ ਆਖਰੀ ਜੰਗ ਤੋਂ ਬਾਅਦ ਸਾਬੋ ਕੀ ਤਲਵੰਡੀ ਪੜਾ ਕਰ, ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦੀ ਦਮਦਮੀ ਬੀੜ ਲਿਖਵਾ ਕੇ, ਖਾਲਸੇ ਨੂੰ ਗੁਰਬਾਣੀ ਦੇ ਅਰਥ ਸਿਖਾਏ। ਗੁਰੂ ਨੂੰ ਖਤਮ ਕਰਨ ਦੇ ਮਨਸੂਬੇ ਘੜਨਵਾਲਾ ਔਰੰਗਾ, ਫਤੇ ਦੀ ਚਿੱਠੀ ਪੜ੍ਹਦੇ ਹੀ, ਕੀਤੇ ਜ਼ੁਲਮਾਂ ਤੇ ਪਾਪਾਂ ਦੇ ਸਾਗਰ ਵਿੱਚ ਡੁੱਬ ਕੇ ਖਤਮ ਹੋ ਗਿਆ। ਦੇਖੋ ਫਰਾਕ ਦਿਲ ਗੁਰੂ ਨੇ ਸ਼ਰਨ ਆਏ ਉਸ ਦੇ ਪੁੱਤਰ ਬਹਾਦਰਸ਼ਾਹ ਦੀ ਵੀ ਮਦਦ ਕੀਤੀ।
ਮਹਾਂਰਾਸ਼ਟਰ ਨਾਦੇੜ ਵਿਖੇ ਅਬਚਲ ਨਗਰ ਵਸਾਇਆ। ਕਰਾਮਤੀ ਸਾਧ "ਮਾਧੋ ਦਾਸ ਵੈਰਾਗੀ" ਨੂੰ ਸਿੱਧੇ ਰਸਤੇ ਪਾ ਸਿੰਘ ਸਜਾਇਆ। ਇੱਥੇ ਹੀ ਸੂਬਾ ਸਰਹੰਦ ਦੇ ਭੇਜੇ ਪਠਾਣਾਂ ਨੇ ਧੋਖੇ ਨਾਲ ਗੁਰੂ ਜੀ ਨੂੰ ਖੰਜਰ ਮਾਰਿਆ ਪਰ "ਬਾਜਾਂ ਵਾਲੇ ਦੀ ਬਾਜ ਅੱਖ" ਤੋਂ ਉਹ ਬਚ ਨਾਂ ਸੱਕੇ। ਇੱਕ ਤਾਂ ਸੰਤ ਸਿਪਾਹੀ ਗੁਰੂ ਨੇ ਪਲਟਵੇਂ ਵਾਰ ਵਿੱਚ ਢੇਰੀ ਕੀਤਾ ਅਤੇ ਦੂਜਾ ਗੁਰੂ ਦੇ ਸ਼ੇਰ ਸਿੰਘਾਂ ਦੇ ਝਪਟੀ ਪੰਜਿਆਂ ਤੋਂ ਬਚ ਨਾਂ ਸੱਕਿਆ। ਇੱਥੇ ਹੀ ਗੁਰੂ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ "ਦੇਹਧਾਰੀ ਗੁਰੂ ਪ੍ਰਥਾ" ਖਤਮ ਕਰਦੇ ਹੋਏ "ਸ਼ਬਦ" ਨੂੰ "ਗੁਰਤਾ" ਦਿੱਤੀ ਅਤੇ "ਪੰਥ" ਨੂੰ "ਗੁਰੂ-ਗ੍ਰੰਥ" ਦੀ ਤਾਬਿਆ ਕਰਦੇ ਹੋਏ ਹੁਕਮ ਫੁਰਮਾਇਆ-

ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿਖਨ ਕੁ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ [
ਬਾਬਾ ਬੰਦਾ ਸਿੰਘ ਬਹਾਦਰ, ਸਿੱਖਾਂ ਦੇ 65 ਜਥੇ ਅਤੇ 12 ਮਿਸਲਾਂ ਤੱਕ ਪੰਥ ਖਾਲਸਾ "ਗੁਰੂ-ਗ੍ਰੰਥ" ਦੀ ਤਾਬਿਆ ਰਹਿ, ਗੁਰੂ ਦੀ ਸਿਖਿਆ ਸਿਧਾਂਤ ਤਹਿਤ "ਮਤੇ, ਗੁਰਮਤੇ ਅਤੇ ਫੈਂਸਲੇ" ਕਰਦਾ ਰਿਹਾ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮਹੰਤ "ਗੁਰ ਅਸਥਾਨਾਂ" ਵਿੱਚ ਘੁਸੜ ਗਏ ਅਤੇ ਭਾਰਤ ਅੰਗ੍ਰੇਜਾਂ ਦਾ ਗੁਲਾਮ ਹੋ ਗਿਆ। ਫਿਰ ਕਾਫੀ ਦੇਰ ਬਾਅਦ "ਸਿੰਘ ਸਭਾ ਲਹਿਰ" ਉੱਠੀ ਅਤੇ "ਗੁਰਦੁਆਰਾ ਸੁਧਾਰ ਲਹਿਰ" ਚੱਲੀ। ਸਿੰਘ-ਸਿੰਘਣੀਆਂ ਗੁਰਸਿੱਖਾਂ ਨੇ ਗੁਰੂ ਪੰਥ ਦੇ ਰੂਪ ਵਿੱਚ ਇਕੱਠੇ ਹੋ ਕੇ, ਹੰਕਾਰੀ, ਵਿਕਾਰੀ ਅਤੇ ਮਕਾਰੀ "ਮਹੰਤਾਂ" ਤੋਂ ਗੁਰਦੁਆਰੇ ਅਜ਼ਾਦ ਕਰਵਾਏ। ਗੁਰਦੁਆਰਿਆਂ ਦੀ ਮਰਯਾਦਾ ਵਿੱਚ ਇਕਸਾਰਤਾ ਲਿਆਉਣ ਲਈ ਦੇਸ਼-ਵਿਦੇਸ਼ ਰਹਿੰਦੇ ਸਮੂੰਹ ਸਿੱਖਾਂ ਦੀਆਂ ਜਥੇਬੰਦੀਆਂ, ਸਿੰਘ ਸਭਾਵਾਂ, ਨਿਹੰਗ ਜਥੇਬੰਦੀਆਂ ਅਤੇ ਸੰਪ੍ਰਦਾਵਾਂ ਦੀਆਂ ਰਾਵਾਂ ਲੈ ਕੇ, ਸੰਨ 1932 ਤੋਂ ਲੈ ਕੇ 1945 ਤੱਕ ਦੇ ਸਮੇਂ ਵਿੱਚ ਸਿੱਖ ਰਹਿਤ ਮਰਯਾਦਾ ਖਰੜਾ ਤਿਆਰ ਕਰਕੇ, ਸ੍ਰੀ ਅਕਾਲ ਤਖਤ ਤੋਂ ਮਜੂਦਾ "ਸਿੱਖ ਰਹਿਤ ਮਰਯਾਦਾ" ਜਾਰੀ ਕੀਤੀ ਪਰ ਬਾਅਦ ਵਿੱਚ "ਸੰਪ੍ਰਦਾਵਾਂ" ਇਸ ਤੋਂ ਭਗੌੜੀਆਂ ਹੋ ਗਈਆਂ ਅਤੇ ਇਹ ਮਰਯਾਦਾ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਿਆਂ ਅਤੇ ਸਿੰਘ ਸਭਾਵਾਂ ਤੱਕ ਸੀਮਤ ਰਹਿ ਗਈ। ਜਿਸ ਤਨਦੇਹੀ ਨਾਲ ਸਿੰਘ ਸਭਾਵਾਂ ਨੇ ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਕੀਤਾ ਸੀ ਕਾਬਲੇ ਤਾਰੀਫ ਹੈ।
ਸਮਾਂ ਪਾ ਕੇ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਵਿੱਚ ਵੀ ਸੰਪ੍ਰਦਾਈ ਗਿਆਨੀ ਅਤੇ ਜਥੇਦਾਰ ਸ਼ਾਮਲ ਹੁੰਦੇ ਗਏ ਤੇ ਸਿੱਖ ਰਹਿਤ ਮਰਯਾਦਾ ਦੇ ਪ੍ਰਚਾਰ-ਪ੍ਰਸਾਰ ਵਿੱਚ ਖੜੋਤ ਆ ਗਈ। ਮਰਯਾਦਾ ਦਾ ਪ੍ਰਚਾਰ ਅਤੇ ਪਾਲਨ ਫਿਰ ਮਿਸ਼ਨਰੀ ਕਾਲਜਾਂ ਦੇ ਖੁੱਲ੍ਹਣ ਨਾਲ ਹੋਇਆ। ਅੱਜ ਵੀ ਸਮੁੱਚੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ "ਸਿੱਖ ਰਹਿਤ ਮਰਯਾਦਾ" ਲਾਗੂ ਹੈ ਅਤੇ "ਸਿੱਖ ਮਿਸ਼ਨਰੀ ਕਾਲਜ ਲੁਧਿਆਨਾ" ਤਾਂ ਇਸ ਨੂੰ ਛਾਪ ਕੇ ਵੀ ਵੰਡ ਰਿਹਾ ਹੈ। ਅੱਜ ਸ਼੍ਰੋਮਣੀ ਕਮੇਟੀ ਸਮੇਤ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇਸ "ਸਰਬਸਾਂਝੇ ਮਰਯਾਦਾ ਦੇ ਦਸਤਾਵੇਜ" ਨੂੰ ਪ੍ਰਚਾਰਨਾ, ਵੰਡਣਾਂ ਅਤੇ ਸਮੂੰਹ ਸਿੱਖ ਗੁਰਦੁਆਰਿਆਂ ਵਿੱਚ ਲਾਗੂ ਕਰਨਾ ਚਾਹੀਦਾ ਹੈ। ਹਾਂ ਮਰਯਾਦਾ ਦੇਸ਼ ਕਾਲ ਅਤੇ ਸਮਾਂ ਅਸਥਿੱਤੀਆਂ ਦੇ ਵਿਕਾਸ ਤੇ ਵਿਗਾਸ ਅਨੁਸਾਰ ਬਦਲੀ ਵੀ ਜਾ ਸਕਦੀ ਹੈ ਕਿਉਂਕਿ ਸਿੱਖ ਕੌਮ "ਅਗਾਂਹ ਕੂ ਤ੍ਰਾਂਘ ਪਿਛਾ ਫੇਰ ਨਾ ਮੁਹਡੜਾ" ਮਹਾਂਵਾਕ ਅਨੁਸਾਰ ਅਗਾਂਹਵਧੂ ਕੌਮ ਹੈ। ਸਿੱਖ ਸਦਾ ਨਵਾਂ ਸਿਖਦਾ, ਧਾਰਦਾ ਅਤੇ ਪ੍ਰਚਾਰਦਾ ਹੋਇਆ ਕੋਈ ਵਹਿਮ ਤੇ ਆਪਸੀ ਝਗੜਾ ਨਹੀਂ ਕਰਦਾ। ਇਸ ਤਰ੍ਹਾਂ ਜੇ ਗੁਰਦੁਆਰਿਆਂ ਦੇ ਸੂਝਵਾਨ ਪ੍ਰਬੰਧਕ ਬਾਕੀ ਜਥੇਬੰਦੀਆਂ ਨਾਲ ਵੀ ਸਲਾਹ ਕਰਕੇ "ਸਿੱਖ ਰਹਿਤ ਮਰਯਾਦਾ" ਸਿੱਖ ਗੁਰਦੁਆਰਿਆਂ ਵਿੱਚ ਲਾਗੂ ਕਰ ਦੇਣ ਤਾਂ ਵੱਖ-ਵੱਖ ਸਿੱਖ ਜਥੇਬੰਦੀਆਂ ਦੀਆਂ ਦੂਰੀਆਂ ਦੂਰ ਹੋ ਸਕਦੀਆਂ ਹਨ। ਦਾਸ "ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ਼ਐਸ, ਏ"਼ ਵੱਲੋਂ ਪਾਰਟੀਬਾਜੀ ਤੋਂ ਉਪਰ ਉੱਠ ਕੇ, ਹਰ ਉਸ ਸਿੱਖ ਜਥੇਬੰਦੀ ਜਾਂ ਕਮੇਟੀ ਦਾ ਧੰਨਵਾਦ ਕਰਦਾ ਹੈ ਜੋ "ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵਿਚਾਰੁ" ਦੇ ਸਿਧਾਂਤ ਨੂੰ ਲੈ ਕੇ, ਇਕਸਾਰਤਾ ਲਈ ਯਤਨਸ਼ੀਲ ਹੈ। ਜੇ ਵਿਦਵਾਨ ਅਤੇ ਗੁਰਦੁਆਰਾ ਕਮੇਟੀਆਂ ਸਰਬਸਾਂਝੀਵਾਲਤਾ ਦੇ ਪਚਾਰ ਦਾ ਬੀੜਾ ਚੁੱਕ ਲੈਣ ਤਾਂ ਸਿੱਖੀ ਦਾ ਭਵਿੱਖ ਉਜਲਾ ਅਤੇ ਗੁਰੂ ਪੰਥ ਦਾ ਵਿਸਥਾਰ ਹੋ ਸਕਦਾ ਹੈ।

-ਅਵਤਾਰ ਸਿੰਘ ਮਿਸ਼ਨਰੀ (5104325827)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.