ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਕੀ ਸਾਡੇ ਮਾਤਾ-ਪਿਤਾ ਦੋ ਹਨ ? ਅਤੇ ਮਦਰ-ਫਾਦਰ ਡੇ ਕਿਵੇਂ ਮਨਾਈਏ ?
ਕੀ ਸਾਡੇ ਮਾਤਾ-ਪਿਤਾ ਦੋ ਹਨ ? ਅਤੇ ਮਦਰ-ਫਾਦਰ ਡੇ ਕਿਵੇਂ ਮਨਾਈਏ ?
Page Visitors: 2753

ਕੀ ਸਾਡੇ ਮਾਤਾ-ਪਿਤਾ ਦੋ ਹਨ ? ਅਤੇ ਮਦਰ-ਫਾਦਰ ਡੇ ਕਿਵੇਂ ਮਨਾਈਏ ?
ਅਵਤਾਰ ਸਿੰਘ ਮਿਸ਼ਨਰੀ (510-432-5827)
ਹਾਂ ਸਾਡੇ ਮਾਤਾ-ਪਿਤਾ ਦੋ ਹਨ, ਇੱਕ ਨਿਰੰਕਾਰੀ ਅਤੇ ਦੂਜੇ ਸੰਸਾਰੀ। ਸਮੁੱਚੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਸਾਡਾ ਸਭ ਦਾ ਮਾਈ ਬਾਪ ਕਰਤਾ-ਕਰਤਾਰ ਹੈ, ਜਿਸ ਨੇ ਕੁਦਰਤ ਸਾਜ ਕੇ ਸਭ ਜੀਵ ਜੰਤ ਪੈਦਾ ਕੀਤੇ ਹਨ। ਭਗਤਾਂ, ਸਿੱਖ ਗੁਰੂਆਂ, ਭਗਤਾਂ ਅਤੇ ਭੱਟਾਂ ਨੇ ਗੁਰਬਾਣੀ ਵਿਖੇ ਦਰਸਾਇਆ ਹੈ ਕਿ-
ਏਕੁ ਪਿਤਾ ਏਕਸ ਕੇ ਹਮ ਬਾਰਿਕ....॥ (611)
 ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥(268)
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ॥ (45)
 ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ (103)
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥(167)
 ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥(203)
 ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥(203)
ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥(209)
ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥(240)
 ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥(250)
 ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥(284)
 ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥ (552)
 ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥(783)
ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥ (818)
 ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥(921)
 ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ (1101)
ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥ (1144)
 ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥ (1119)
 ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥ (1397)
 ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ (8)
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥ (94)
 ਮਾਤਾ ਮਤਿ ਪਿਤਾ ਸੰਤੋਖੁ ॥ (151)
 ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥(167)
 ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥ (450)
ਉਪ੍ਰੋਕਤ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਰੂਹਾਨੀ ਤੌਰ ਤੇ ਮਾਤਾ-ਪਿਤਾ ਪ੍ਰਮਾਤਮਾਂ ਹੈ, ਗਿਆਨ ਦਾਤਾ ਗੁਰੂ ਵੀ ਪਿਤਾ, ਪਾਣੀ ਵੀ ਕੁਦਰਤੀ ਪਿਤਾ, ਮਤਿ ਮਾਤਾ ਅਤੇ ਪਿਤਾ ਸੰਤੋਖ ਹੈ। ਜੋ ਸਭ ਦਾ ਰੂਹਾਨੀ ਮਾਤਾ-ਪਿਤਾ ਕਰਤਾ-ਕਰਤਾਰ ਏ, ਉਹ ਜਨਮ ਮਰਨ ਰਹਿਤ ਹੈ, ਇਸ ਕਰਕੇ ਉਸ ਦਾ ਤਾਂ ਫਾਦਰ ਡੇ ਦੱਸਿਆ ਹੀ ਨਹੀਂ ਜਾ ਸਕਦਾ–ਪਿਤਾ ਕਾ ਜਨਮੁ ਕਿ ਜਾਨੈ ਪੂਤੁ॥ (284) ਉਸ ਦਾ ਫਾਦਰ ਡੇ ਤਾਂ ਹਰ ਵੇਲੇ ਹੈ-
ਸਾਹਿਬੁ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥ (660)
ਭਾਵ ਉਸ ਰੂਹਾਨੀ ਮਾਤਾ ਪਿਤਾ ਪ੍ਰਮੇਸ਼ਵਰ ਨੂੰ ਤਾਂ ਜੀਵ ਨੇ ਹਰ ਵੇਲੇ ਯਾਦ ਕਰਨਾ ਹੈ। ਗੁਰਬਾਣੀ ਵਿਖੇ ਪਿਤਾ ਪਾਣੀ ਨੂੰ ਵੀ ਕਿਹਾ ਹੈ-
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (472)
ਪਾਣੀ ਪਿਤਾ ਦਾ ਡੇ ਵੀ ਹਰ ਰੋਜ ਹੈ। ਗੁਰਮਤਿ ਵਿਖੇ ਮਾਤਾ ਪਿਤਾ ਗੁਰੂ ਨੂੰ ਵੀ ਦਰਸਾਇਆ ਗਿਆ ਹੈ ਜੋ ਗਿਆਨ ਦਾਤਾ ਹੋਣ ਕਰਕੇ ਸਾਨੂੰ ਗਿਆਨ ਦਿੰਦਾ ਹੈ, ਗਿਆਨ ਦੀ ਸਾਨੂੰ ਹਰ ਵੇਲੇ ਲੋੜ ਹੈ। ਪਿਤਾ ਸੰਤੋਖ ਨੂੰ ਅਤੇ ਮਾਤਾ ਸ੍ਰੇਸ਼ਟ ਮਤਿ ਨੂੰ ਵੀ ਦਰਸਾਇਆ ਹੈ। ਸੰਤੋਖ ਰੱਖਣਾ ਅਤੇ ਚੰਗੀ ਮਤਿ ਵੀ ਸਾਨੂੰ ਹਰ ਰੋਜ ਚਾਹੀਦੀ ਹੈ। ਇਸ ਕਰਕੇ ਰੂਹਾਨੀ ਤੌਰ ਤੇ ਮਦਰ-ਫਾਦਰ ਡੇ ਤਾਂ ਰੋਜਾਨਾ ਹੈ। ਉਹ ਪ੍ਰਮਾਤਮਾਂ ਕਦੋਂ, ਕਿਹੜੀ ਤਰੀਕ ਅਤੇ ਕਿਹੜੇ ਦਿਨ ਜਨਮਿਆਂ ਸੀ? ਕੋਈ ਨਹੀਂ ਦੱਸ ਸਕਦਾ-
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥ (ਜਪੁਜੀ)
ਹੁਣ ਆਪਾਂ ਦੁਨਿਆਵੀ ਮਾਂ-ਬਾਪ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਜਨਮ ਅਤੇ ਮਰਨ ਵੀ ਹੈ। ਦੇਖੋ ਮਦਰ ਅਤੇ ਫਾਦਰ ਡੇ ਜਿਆਦਾ ਤਰ ਅਮਰੀਕਾ ਕਨੇਡਾ ਆਦਿਕ ਬਾਹਰਲੇ ਮੁਲਕ ਮਨਾਉਂਦੇ ਹਨ। ਭਾਰਤ ਵਿੱਚ ਇਹ ਦਿਨ ਪਹਿਲਾਂ ਨਹੀਂ ਸੀ ਮਨਾਏ ਜਾਂਦੇ ਅੱਜ ਪੱਛਮੀ ਲੋਕਾਂ ਦੀ ਰੀਸ ਕਰਕੇ ਓਥੇ ਵੀ ਮਨਾਏ ਜਾ ਰਹੇ ਹਨ। ਗੋਰੇ-ਗੋਰੀਆਂ ਮਦਰ-ਫਾਦਰ ਡੇ ਉੱਤੇ ਆਪਣੇ ਮਾਤਾ-ਪਿਤਾ ਜੀਆਂ ਨੂੰ ਗਿਫਟਾਂ ਦਿੰਦੇ, ਖੁਸ਼ੀ ਦੇ ਉਹਾਰ ਕਰਦੇ ਅਤੇ ਸਟੋਰਾਂ ਤੇ ਇਨ੍ਹੀਂ ਦਿਨੀਂ ਸੇਲਾਂ ਲੱਗਦੀਆਂ ਹਨ। ਜਰਾ ਗੰਭੀਰਤਾ ਨਾਲ ਸੋਚੋ ਪਛਮ ਵਿੱਚ ਜਦ ਬੱਚੇ 18 ਸਾਲ ਦੇ ਹੋ ਜਾਂਦੇ ਹਨ ਕਰੀਬ ਮਾਂ ਬਾਪ ਨਾਲੋਂ ਜੁਦਾ ਹੋ ਆਪਣੀ ਮਨ ਮਰਜੀ ਕਰਦੇ ਹਨ, ਮਾਂ ਬਾਪ ਵੀ ਫਿਰ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ। ਬੁਡੇਪੇ ਵੇਲੇ ਮਾਂ-ਬਾਪ ਦੀ ਸੰਭਾਲ ਵਿਦੇਸ਼ੀ ਬੱਚੇ ਨਹੀਂ ਕਰਦੇ, ਉਨ੍ਹਾਂ ਨੂੰ ਸਰਕਾਰਾਂ ਤੇ ਡੀਪੈਂਡ ਹੋਣਾਂ ਪੈਂਦਾ ਹੈ। ਜੇ ਬੱਚੇ ਨੂੰ ਗਲਤੀ ਕਰਨ  ਤੇ ਮਾਂ-ਬਾਪ ਡਾਂਟਣ ਤਾਂ ਬੱਚੇ ਝੱਟ 911 ਫੋਨ ਘੁੰਮਾਂ ਕੇ ਪੁਲੀਸ ਨੂੰ ਫੜਾ ਦਿੰਦੇ ਹਨ। ਲੜਕੇ 10-12 ਸਾਲ ਦੀ ਉਮਰ ਵਿੱਚ ਗਰਲ ਫਰੈਂਡ ਅਤੇ ਲੜਕੀਆਂ ਬੁਵਾਏ ਫਰੈਂਡ ਬਣਾ ਲੈਂਦੀਆਂ ਹਨ। ਸਕੂਲਾਂ ਵਿਖੇ ਅਧਿਆਪਕ ਖੁਦ ਬੱਚੇ-ਬੱਚੀਆਂ ਨੂੰ ਨਿਰੋਧ ਦਿੰਦੇ ਹਨ। ਗੱਲ ਕੀ ਬੱਚੇ ਮਾਂ-ਬਾਪ ਨੂੰ ਵਿਸਾਰ ਕੇ ਆਪ ਹੁਦਰੇ ਹੋ ਜਾਂਦੇ ਹਨ। ਜਰਾ ਸੋਚੋ ਫਿਰ ਸਾਲ ਬਆਦ ਮਦਰ-ਫਾਦਰ ਡੇ ਮਨਾਇਆ ਕੀ ਅਰਥ ਰੱਖਦਾ ਹੈ? ਸੋ ਸਾਡੇ ਦੁਨੀਆਵੀ ਮਾਂ-ਬਾਪ ਦਾ ਮਦਰ-ਫਾਦਰ ਡੇ ਮਨਾਇਆ ਤਾਂ ਹੀ ਸਫਲਾ ਹੈ ਜੇ ਅਸੀਂ ਜਿੰਦੇ ਮਾਂ ਬਾਪ ਦੇ ਆਗਿਆਕਾਰ ਰਹਿ ਕੇ ਬੁਢੇਪੇ ਵੇਲੇ ਉਨ੍ਹਾਂ ਦੀ ਸੇਵਾ ਕਰੀਏ ਨਾਂ ਕਿ ਉਨ੍ਹਾਂ ਨੂੰ ਘਰੋਂ ਹੀ ਕੱਢ ਦੇਈਏ। ਸਾਨੂੰ ਮਾਤਾ ਪਿਤਾ ਨਾਲ ਫਾਲਤੂ ਝਗੜਾ ਵੀ ਨਹੀਂ ਕਰਨਾਂ ਚਾਹੀਦਾ। ਗੁਰ ਫੁਰਮਾਨ ਹੈ-
ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉਂ ਝਗਰਤ ਪਾਪ॥ (1200)
ਸੋ ਸਾਡੇ ਰੂਹਾਨੀ ਮਾਤਾ-ਪਿਤਾ ਨਿਰੰਕਾਰ ਜੀ ਅਤੇ ਦੁਨੀਆਵੀ ਮਾਤਾ-ਪਿਤਾ ਸਾਨੂੰ ਸਰੀਰਕ ਜਨਮ ਦੇਣ ਵਾਲੇ ਹਨ। ਸਾਨੂੰ ਮਾਤਾ-ਪਿਤਾ ਦੇ ਹਰ ਵੇਲੇ ਆਗਿਆਕਾਰ ਰਹਿ ਕੇ, ਦੁਖ-ਸੁਖ ਅਤੇ ਬੁਢੇਪੇ ਵੇਲੇ ਉਨ੍ਹਾਂ ਦੀ ਵੱਧ ਤੋਂ ਵੱਧ ਸੇਵਾ ਕਰਦੇ ਹੋਏ, ਹਰ ਵੇਲੇ ਮਦਰ ਫਾਦਰ ਡੇ ਮਨਾਉਣੇ ਚਾਹੀਦੇ ਹਨ।
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.