ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਸਿੱਖਾਂ ਦਾ ਗੁਰੂ “ਗੁਰੂ ਗ੍ਰੰਥ ਸਾਹਿਬ” ਜਾਂ ਅਜੋਕੇ ਅਖੌਤੀ ਜਥੇਦਾਰ?
ਸਿੱਖਾਂ ਦਾ ਗੁਰੂ “ਗੁਰੂ ਗ੍ਰੰਥ ਸਾਹਿਬ” ਜਾਂ ਅਜੋਕੇ ਅਖੌਤੀ ਜਥੇਦਾਰ?
Page Visitors: 2637

          ਸਿੱਖਾਂ ਦਾ ਗੁਰੂ “ਗੁਰੂ ਗ੍ਰੰਥ ਸਾਹਿਬ” ਜਾਂ ਅਜੋਕੇ ਅਖੌਤੀ ਜਥੇਦਾਰ?
ਗੁਰੂ ਅਤੇ ਸਿੱਖ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਗੁਰੂ ਗਿਆਨ ਦਾਤਾ ਹੈ ਅਤੇ ਸਿੱਖ ਗੁਰੂ ਤੋਂ ਸਿੱਖਣ ਵਾਲਾ ਗਿਆਨ ਪਾਤਰ ਹੈ। ਸਿੱਖ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਕੇਵਲ ਦੇਹਧਾਰੀ ਨੂੰ ਹੀ ਸੰਪੂਰਨ ਗੁਰੂ ਮੰਨਿਆਂ ਜਾਂਦਾ ਸੀ। ਦੇਹਧਾਰੀ ਹੋਣ ਕਰਕੇ ਉਹ ਸਦੀਵੀ ਨਹੀਂ ਸੀ ਸਗੋਂ ਸਮੇਂ ਨਾਲ ਵਿਨਾਸ਼ ਹੁੰਦਾ ਅਤੇ ਨਵਾਂ ਗੁਰੂ ਥਾਪਿਆ ਜਾਂਦਾ ਸੀ। ਰੱਬੀ ਭਗਤਾਂ ਨੇ ਵੀ ਪਹਿਲੇ ਦੇਹਧਾਰੀ ਗੁਰੂ ਧਾਰਨ ਕੀਤੇ ਪਰ ਸਵੈ ਚਿੰਤਨ ਨਾਲ ਸ਼ਬਦ ਸੁਰਤਿ ਦਾ ਗਿਆਨ ਪ੍ਰਾਪਤ ਕਰਕੇ ਉਹ ਵੀ ਦੇਹਾਂ ਤੋਂ ਉਪਰ ਉਠ ਗਏ ਤੇ ਪੁਕਾਰ ਪੁਕਾਰ ਕੇ ਕਹਿਣ ਲੱਗ ਪਏ-ਕਹੁ ਕਬੀਰ ਮੈਂ ਸੋ ਗੁਰ ਪਾਇਆ ਜਾ ਨਾਉਂ ਬਿਬੇਕੋ॥ ( ) ਭਾਵ ਮੈਂ ਗਿਆਨ ਗੁਰੂ ਨੂੰ ਪਾ ਲਿਆ ਹੈ।
ਸਿੱਖ ਧਰਮ ਦੇ ਬਾਨੀ ਅਤੇ ਦੁਨੀਆਂ ਦੇ ਸਿਰਮੌਰ ਰਹਿਬਰ ਬਾਬਾ ਨਾਨਾਕ ਜੀ ਵੀ ਸ਼ਬਦ ਗੁਰੂ ਗਿਆਨ ਨੂੰ “ਗੁਰੂ” ਮੰਨਦੇ ਅਤੇ ਪ੍ਰਚਾਰਦੇ ਸਨ। ਜਦ ਸਿੱਧਾਂ ਪੁੱਛਿਆ“ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” ਤਾਂ ਬਾਬੇ ਨੇ ਫੁਰਮਾਇਆ-ਸਬਦੁ ਗੁਰੂ ਸੁਰਤਿ ਧੁਨਿ ਚੇਲਾ॥(942) ਭਾਵੇਂ ਸ਼ਬਦ ਹੀ ਗੁਰੂ ਹੈ ਦਾ ਸਿਧਾਂਤ ਦ੍ਰਿੜ ਕਰਾਉਣ ਲਈ ਬਾਬੇ ਨਾਨਕ ਨੂੰ ਵੀ ਦੇਹਧਾਰੀ ਗੁਰੂ ਪ੍ਰਥਾ ਰਾਹੀਂ ਸ਼ਬਦ ਗੁਰੂ ਗਿਆਨ ਦਾ ਪ੍ਰਚਾਰ ਕਰਨਾ ਪਿਆ ਪਰ ਉਨ੍ਹਾਂ ਨੇ ਪ੍ਰਮੁੱਖਤਾ “ਸ਼ਬਦ ਗੁਰੂ” ਨੂੰ ਹੀ ਦਿੱਤੀ। ਦਸਾਂ ਜਾਮਿਆਂ ਵਿੱਚ ਪੂਰਨ ਤੌਰ ਤੇ ਲੋਕਾਈ ਨੂੰ ਸਮਝਾ ਦਿੱਤਾ ਕਿ ਦੇਹਾਂ ਬਿਨਸਨਹਾਰ ਹਨ ਅਤੇ ਸ਼ਬਦ ਗੁਰੂ ਸਦੀਵੀ ਹੈ-ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥(759)  ਸਤਿਗੁਰੁ ਸਦੀਵੀ ਹੈ, ਜਮਦਾ ਮਰਦਾ ਨਹੀਂ, ਨਾਸ਼ ਰਹਿਤ ਅਤੇ ਸਭ ਵਿੱਚ ਸਮਾਇਆ ਹੋਇਆ ਹੈ।
ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਰੱਬੀ ਬਾਣੀ “ਸ਼ਬਦ” ਨੂੰ ਆਪੋ ਆਪਣੇ ਸਮੇਂ ਪੋਥੀਆਂ ਦੇ ਰੂਪ ਵਿੱਚ ਆਪ ਲਿਖ ਕੇ ਸੰਭਾਲਿਆ, ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ਇੱਕ ਜਿਲਦ ਵਿੱਚ ਇਕੱਤਰ ਕਰਕੇ “ਪੋਥੀ ਪਰਮੇਸ਼ਰ ਕਾ ਥਾਨ” ਦਾ ਨਾਮ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਂਨਸ਼ੀਨ ਸਾਹਿਬੇ ਕਮਾਲਿ ਗੁਰੂ ਗੋਬਿੰਦ ਸਿੰਘ ਜੀ ਨੇ ਪੱਕੇ ਤੌਰ ਤੇ ਦੇਹਧਾਰੀ ਗੁਰੂ ਵਾਲੀ ਪ੍ਰਥਾ ਬੰਦ ਕਰਦੇ ਹੋਏ “ਸ਼ਬਦ ਗੁਰੂ” ਦੀ ਪ੍ਰਥਾ ਨੂੰ ਸਦੀਵੀ ਮਾਨਤਾ ਦਿੰਦੇ ਹੋਏ ਸਮੱਚੇ ਸਿੱਖ ਜਗਤ ਨੂੰ ਸਦੀਵੀ ਹੁਕਮ ਦੇ ਦਿੱਤਾ ਕਿ ਅਸਲ ਵਿੱਚ ਸਿੱਖ ਦਾ ਗੁਰੂ ਸ਼ਬਦ ਹੀ ਹੈ ਜੋ ਸਦੀਵੀ ਹੈ ਦੇਹਾਂ ਬਿਨਸਨਹਾਰ ਹਨ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਇਸ ਹੁਕਮ ਤੋਂ ਬਾਅਦ ਸਿੱਖਾਂ ਨੇ ਕਦੇ ਵੀ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਿਆਂ ਭਾਵੇਂ ਉਹ ਕਿਸੇ ਵੱਡੇ ਰੁਤਬੇ ਜਾਂ ਪਦਵੀ ਦਾ ਧਾਰਨੀ ਵੀ ਕਿਉਂ ਨਾਂ ਹੋਵੇ।
ਸਿੱਖ ਸੰਗਤ ਜਾਂ ਸਰਬੱਤ ਖਾਲਸੇ ਦੇ ਰੂਪ ਵਿੱਚ ਇਕੱਤਰ ਹੋ ਕੇ “ਗੁਰੂ ਗ੍ਰੰਥ ਸਾਹਿਬ” ਜੀ ਦੇ ਸਿਧਾਂਤਾਂ ਤੋਂ ਹੀ ਅਗਵਾਈ ਲੈ ਕੇ ਹਰ ਤਰ੍ਹਾਂ ਦੇ ਫੈਸਲੇ ਕਰਦੇ ਰਹੇ। ਕੋਈ ਵੀ ਫੈਸਲਾ “ਗੁਰੂ ਗ੍ਰੰਥ ਸਿਹਬ” ਜੀ ਦੇ ਸਿਧਾਂਤ ਦੇ ਉਲਟ ਨਹੀਂ ਸੀ ਹੁੰਦਾ। ਸਿੱਖਾਂ ਦਾ ਮੇਨ ਮੁਖੀ “ਗੁਰੂ ਗ੍ਰੰਥ ਸਾਹਿਬ” ਹੀ ਸੀ। ਮੁਖੀ ਸਿੱਖ ਇਕੱਠੇ ਹੋ ਕੇ ਜੋ ਵੀ ਫੈਸਲਾ ਜਾਂ ਗੁਰਮਤਾ ਕਰਦੇ ਉਸ ਨੂੰ ਸਮੁੱਚੀ ਸੰਗਤ ਨੂੰ ਸੁਨਾਉਣ ਲਈ ਮਜੂਦਾ ਸੰਗਤ ਵਿੱਚੋਂ ਹੀ ਸਰਬਸਮਤੀ ਨਾਲ ਉਹ ਫੈਸਲਾ ਜਾਂ ਗੁਰਮਤਾ ਅੱਗੇ ਸਿੱਖ ਸੰਗਤ ਨੂੰ ਸੁਣਾ ਕੇ ਫਿਰ ਸੰਗਤ ਵਿੱਚ ਰਲ ਜਾਂਦਾ ਨਾਂ ਕਿ ਸਦੀਵੀ ਜਥੇਦਾਰ ਬਣਕੇ ਆਪਣੀ ਮਰਜੀ ਦੇ ਹੁਕਮ ਸੁਨਾਉਂਦਾ ਰਹਿੰਦਾ।
ਸਾਧ ਸੰਗਤ ਜੀ ਜਿਨ੍ਹਾਂ ਚਿਰ ਸਿੱਖ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਅਤੇ ਇਸ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਵਿਚਰਦੇ ਰਹੇ ਸਦਾ ਹੀ ਚੜ੍ਹਦੀਆਂ ਕਲਾਂ ਵਿੱਚ ਰਹੇ ਭਾਂਵੇ ਵਕਤੀਆ ਮੁਗਲੀ ਹਕੂਮਤਾਂ ਨਾਲ ਝੂਜਦੇ ਹੋਏ ਜੰਗਲਾਂ ਬੀਆ ਬਾਨਾਂ ਵਿੱਚ ਵੀ ਰਹਿਣਾ ਪਿਆ। ਸਿੱਖਾਂ ਵਿੱਚ ਪੰਚਾਇਤ ਰਵਾਇਤ ਹੀ ਪ੍ਰਧਾਨ ਰਹੀ ਹੈ ਪੰਚ ਵੀ ਸੰਗਤ ਵਿੱਚੋਂ ਗੁਰਮੁਖ ਗੁਰਬਾਣੀ ਦੇ ਸਿਧਾਂਤਾਂ ਦੇ ਧਾਰਨੀਆਂ ਨੂੰ ਚੁਣਿਆਂ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਥਾ ਨੂੰ ਪੰਜ ਪਿਆਰੇ ਨਾਮ ਦੇ ਕੇ ਅਸਲੀ ਡੇਮੋਕਰੇਸੀ ਨੂੰ ਮਾਨਤਾ ਦਿੱਤੀ। ਇਹ ਪੰਜ ਵੀ ਸਮੁੱਚੇ ਪੰਥ ਵਿੱਚੋਂ ਹੁੰਦੇ ਨਾਂ ਕਿ ਕਿਸੇ ਇੱਕ ਧੜੇ ਜਾਂ ਇਲਾਕੇ ਦੇ।
ਅੰਗ੍ਰੇਜਾਂ ਦੇ ਰਾਜ ਤੋਂ ਬਾਅਦ ਜਦ ਸਿੱਖਾਂ ਦੀਆਂ ਸਿੰਘ ਸਭਾਵਾਂ ਨੇ ਤਕੜੇ ਹੋ ਕੇ ਮਹੰਤਾਂ, ਡੇਰੇਦਾਰ ਸੰਪ੍ਰਦਾਈਆਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਚੋਂ ਬਾਹਰ ਕੱਢ ਕੇ, ਗੁਰੂ ਦਰਸਾਈ ਸੰਗਤੀ ਪੰਚ ਪ੍ਰਧਾਨੀ ਪ੍ਰਥਾ ਬਹਾਲ ਕੀਤੀ ਅਤੇ ਸਮੁੱਚੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਰਹਿਤ ਮਰਯਾਦਾ ਅਨੁਸਾਰ ਕੀਤਾ। ਸਮਾਂ ਪਾ ਕੇ ਸਿੱਖ ਅਮੀਰ ਹੋ ਅਵੇਸਲੇ ਹੋ ਗਏ ਅਤੇ ਮਹੰਤ ਟਾਈਪ ਆਗੂ ਜਥੇਦਾਰ ਬਣ ਗਏ। ਵੱਖ ਵੱਖ ਧੜੇ ਪੈਦਾ ਹੋ ਗਏ। ਕੋਈ ਡੇਰੇਦਾਰ, ਕੋਈ ਸੰਪ੍ਰਦਾਈ ਸੈਂਕੜੇ ਹੀ ਸਿੱਖੀ ਦੇ ਠੇਕੇਦਾਰ ਬਣ ਬੈਠੇ। ਭਾਵੈ 1932 ਤੋਂ ਲੈ ਕੇ 1945 ਤੱਕ ਸਭ ਨੇ ਇਕੱਤਰ ਹੋ “ਸਿੱਖ ਰਹਿਤ ਮਰਯਾਦਾ” ਬਣਾਈ ਪਰ ਬਹੁਤੇ ਸੰਪ੍ਰਸਾਈ ਡੇਰੇਦਾਰ ਇਸ ਤੋਂ ਮਨੁੱਕਰ  ਹੋ ਗਏ ਜੋ ਅੱਜ ਵੀ ਮਨੁੱਕਰ ਹਨ। ਅੱਜ ਕਿਸੇ ਵੀ ਸਿੱਖ ਡੇਰੇ ਜਾਂ ਸੰਪ੍ਰਦਾ ਵਿੱਚ ਖਾਲਸੇ ਦੀ “ਸਿੱਖ ਰਹਿਤ ਮਰਯਾਦਾ” ਲਾਗੂ ਨਹੀਂ।
ਅੱਜ ਸਿੱਖਾਂ ਦੇ ਜਥੇਦਾਰ ਜਾਂ ਆਗੂ ਰਾਜਨੀਤਕ ਪਾਰਟੀਆਂ ਥਾਪਦੀਆਂ ਹਨ। ਸਰਬਤ ਖਾਲਸਾ ਪ੍ਰਥਾ ਜਬਰੀ ਖਤਮ ਕਰ ਦਿੱਤੀ ਗਈ ਹੈ। ਅੱਜ ਇੱਕਪਾਸੜ ਜਥੇਦਾਰ ਪੰਥ ਤੇ ਥੋਪੇ ਜਾ ਰਹੇ ਹਨ ਜੋ ਰੰਜਸ਼ ਵਿੱਚ ਦੂਜੇ ਧੜੇ ਦੇ ਸਿੱਖਾਂ ਨੂੰ ਪੰਥ ਵਿੱਚੋਂ ਹੀ ਛੇਕੀ ਜਾ ਰਹੇ ਹਨ। ਜੋ ਗੁਰੂ ਗ੍ਰੰਥ ਦਾ ਹੁਕਮ ਛੱਡ ਕੇ ਆਪਣਾਂ ਅਤੇ ਅਖੌਤੀ ਦਸਮ ਗ੍ਰੰਥ ਦਾ ਹੁਕਮ ਮੰਨਵਾ ਰਹੇ ਹਨ। ਅੱਜ ਜਿਹੜਾ ਵੀ ਗੈਰਤ ਵਾਲਾ ਸਿੱਖ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਛੱਡ ਕੇ ਇਨ੍ਹਾਂ “ਧੱਕੜ ਜਥੇਦਾਰਾਂ” ਦਾ ਜਾਂ ਅਖੌਤੀ ਦਸਮ ਗ੍ਰੰਥ ਦਾ ਹੁਕਮ ਨਹੀਂ ਮੰਨਦਾ ਉਸ ਨੂੰ ਅਕਾਲ ਤਖਤ ਦੇ ਨਾਂ ਦਾ ਡਰਾਵਾ ਦੇ ਕੇ, ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਹਊਆ ਅਕਾਲ ਤਖਤ ਦਾ ਪਾਇਆ ਜਾਂਦਾ ਹੈ ਪਰ ਵਾਸਤਵ ਵਿੱਚ ਇਹ ਖੁਦ ਹੀ ਅਕਾਲ ਤਖਤ ਦਾ ਹੁਕਮ ਨਹੀਂ ਮੰਨਦੇ। ਜਰਾ ਸੋਚੋ! ਗੁਰੂ ਸਿੱਖ ਨੂੰ ਜੋੜਦਾ ਜਾਂ ਤੋੜਦਾ ਹੈ। ਸਿੱਖ ਭੁਲਣਹਾਰ ਹੈ ਭੁੱਲ ਵੀ ਸਕਦਾ ਹੈ-ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (61)
ਅਜੋਕੇ ਭੁਲਣਹਾਰ ਅਤੇ ਪਾਰਟੀਬਾਜ ਜਥੇਦਾਰਾਂ ਨੂੰ ਕੋਈ ਹੱਕ ਨਹੀਂ ਕਿ ਉਹ ਆਏ ਦਿਨ “ਗੁਰੂ ਗ੍ਰੰਥ ਸਾਹਿਬ” ਜੀ ਦੇ ਸਿੱਖਾਂ ਨੂੰ ਪੰਥ ਚੋਂ ਛੇਕੀ ਜਾਣ। ਗੁਰੂ ਦੀ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦਾ ਸਭ ਨੂੰ ਹੱਕ ਹੈ ਪਰ ਇਹ ਜਥੇਦਾਰ ਇਸ ਤੇ ਵੀ ਪਾਬੰਦੀ ਲਾ ਕੇ, ਪ੍ਰਚਾਰ ਕਰਨ ਵਾਲੇ ਦੀ ਸ਼ਰੇਆਮ ਸੰਗਤ ਵਿੱਚ ਬੇਇਜ਼ਤੀ ਕਰਦੇ ਹਨ। ਸੋ ਸਿੱਖ ਸੰਗਤਾਂ ਨੂੰ ਹੁਣ ਸੋਚਣਾਂ ਪੈਣਾਂ ਹੈ ਕਿ ਉਨ੍ਹਾਂ ਨੇ ਹੁਕਮ “ਗੁਰੂ ਗ੍ਰੰਥ ਸਾਹਿਬ” ਜੀ ਦਾ ਮੰਨਣਾਂ ਹੈ ਜਾਂ ਪਾਰਟੀਬਾਜ ਅਖੌਤੀ ਜਥੇਦਾਰਾਂ ਦਾ? ਇਨ੍ਹਾਂ ਸਿੱਖੀ ਦੋਖੀ ਜਥੇਦਾਰਾਂ ਨੇ ਪੰਥਕ ਪ੍ਰਚਾਰਕਾਂ ਨੂੰ ਛੇਕ ਛੇਕ ਕੇ, ਪੰਥ ਦੇ ਵਿਸਥਾਰ ਦਾ ਇਨ੍ਹਾਂ ਨੁਕਸਾਨ ਕਰ ਦਿੱਤਾ ਹੈ ਜੋ ਸ਼ਾਇਦ ਕਦੇ ਪੂਰਾ ਨਹੀਂ ਹੋ ਸਕਦਾ। ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਜੀ ਨੂੰ ਇਨ੍ਹਾਂ ਛਾਕਿਆਂ, ਧੁਨੰਤਰ ਵਿਦਵਾਨ ਗਿ. ਭਾਗ ਸਿੰਘ ਅੰਬਾਲਾ ਨੂੰ ਇਨ੍ਹਾਂ ਛੇਕਿਆ, ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕ ਦੇ ਵਿਦਵਾਂਨ ਲਿਖਾਰੀ ਬਜੁਰਗ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਜੀ ਨੂੰ ਇਨ੍ਹਾਂ ਛੇਕਿਆ, ਸਪੋਕਸਮੈਨ ਅਖਬਾਰ ਦੇ ਮੀਡੀਏ ਰਾਹੀਂ ਸਿੱਖਾਂ ਨੂੰ ਜਾਗ੍ਰਿਤ ਕਰਨ ਵਾਲੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਨੂੰ ਇਨ੍ਹਾਂ ਛੇਕਿਆ, ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਧੜੱਲੇਦਾਰ ਪ੍ਰਚਾਰਕ ਪ੍ਰੋ. ਦਰਸ਼ਨ ਸਿੰਘ ਜੀ ਨੂੰ ਇਨ੍ਹਾਂ ਛੇਕਿਆ  ਅਤੇ ਅੱਗੇ ਹੋਰ ਪੰਥਕ ਵਿਦਵਾਨਾਂ ਨੂੰ ਛੇਕਣ ਦੀਆਂ ਤਿਆਰੀਆਂ ਕਰ ਰਹੇ ਹਨ। ਸਾਧ ਸੰਗਤ ਜੀ! ਜਰਾ ਧਿਆਨ ਨਾਲ ਸੋਚ ਵਿਚਾਰ ਕਰੋ ਕਿ ਇੱਕ ਧੜੇ ਦੇ ਅਖੌਤੀ ਜਥੇਦਾਰਾਂ ਨੇ ਕਦੇ ਕਿਸੇ ਪੰਥ ਦੋਖੀ ਡੇਰੇਦਾਰ, ਸੰਪ੍ਰਦਾਈ, ਟਕਸਾਲੀ, ਅਕਾਲੀ ਜਾਂ ਕਿਸੇ ਬਲਾਤਕਾਰੀ ਸਾਧ ਨੂੰ ਪੰਥ ਚੋਂ ਛੇਕਿਆ ਹੈ? ਜੇ ਗੁਰੂ ਸਾਹਿਬਾਂਨ ਨੇ ਪੰਥ ਚੋਂ ਛੇਕਣ ਲਈ ਕੋਈ ਜਥੇਦਾਰ ਨਹੀਂ ਥਾਪਿਆ ਤਾਂ ਅਜੋਕੇ ਸਿੱਖ ਕਉਣ ਹੁੰਦੇ ਹਨ ਅਜਿਹਾ ਕਰਨ ਵਾਲੇ? ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪਰ ਅੱਜ ਉਹੋ ਪੰਜਾਬ ਮਾਰੂ ਨਸ਼ਿਆਂ, ਪਾਖੰਡਾਂ, ਵਹਿਮਾਂ, ਭਰਮਾਂ, ਪਾਟੋ ਧਾੜ ਅਤੇ ਬਲਾਤਕਾਰੀ ਅਖੌਤੀ ਸਾਧਾਂ ਡੇਰੇਦਾਰਾਂ ਦੇ ਨਾਂ ਤੇ ਵੱਸ ਨਹੀਂ ਸਗੋਂ ਬਰਬਾਦ ਹੋ ਰਿਹਾ ਹੈ। ਇਨ੍ਹਾਂ ਅਖੌਤੀ ਜਥੇਦਾਰਾਂ ਦਾ ਧਿਆਂਨ ਓਧਰ ਨਹੀਂ ਜਾਂਦਾ ਸਗੋਂ ਹਰ ਵੇਲੇ ਪੰਥਕ ਪ੍ਰਚਾਰਕਾਂ ਨੂੰ ਰੋਕਣ ਅਤੇ ਛੇਕਣ ਵੱਲ ਹੀ ਤਰਲੋ ਮੱਛੀ ਹੋਇਆ ਰਹਿੰਦਾ ਹੈ।
ਗੁਰੂ ਦੇ ਸਿੱਖੋ! ਜਰਾ ਸੋਚੋ ਜੇ ਗੁਰਸਿੱਖੀ ਗੁਰ ਸਿਧਾਂਤਾਂ ਨੂੰ ਸੰਸਰ ਭਰ ਵਿੱਚ ਫੈਲਾਉਣਾਂ ਹੈ ਤਾਂ ਅਖੌਤੀ ਸੰਪ੍ਰਾਈ ਜਥੇਦਾਰਾਂ ਦੇ “ਕੂੜਨਾਮਿਆਂ ਰੂਪ ਲੋਹੇ ਦੇ ਪਿੰਜਰਿਆਂ” ਨੂੰ ਤੋੜ, ਅਜ਼ਾਦ ਹੋ ਕੇ, ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਆਪਣਾਂ ਗੁਰੂ-ਆਗੂ ਮੰਨ ਕੇ ਆਪਣਾਂ ਜੀਵਨ ਸਫਲਾ ਕਰੋ ਅਤੇ “ਆਪ ਜਪੈ ਅਵਰਹ ਨਾਮ ਜਪਾਵੈ” ਦੇ ਮਹਾਂਵਾਕ ਅਨੁਸਾਰ ਹੋਰਨਾਂ ਨੂੰ ਵੀ ਗੁਰੂ ਗਿਆਨ ਦੇ ਭੰਡਾਰੇ ਵੰਡਦੇ ਸਦਾ ਚੇਤੇ ਰੱਖੋ ਕਿ ਸਿੱਖਾਂ ਨੇ ਹੁਕਮ ਸਦਾ “ਗੁਰੂ ਗ੍ਰੰਥ ਸਾਹਿਬ”ਸ਼ਬਦ ਗੁਰੂ ਦਾ ਮੰਨਣਾ ਹੈ ਨਾਂ ਕਿ ਪਾਰਟੀਬਾਜ ਬ੍ਰਾਹਮਣਵਾਦੀ ਸੰਪ੍ਰਦਾਈ ਅਖੌਤੀ ਜਥੇਦਾਰਾਂ ਦਾ। ਯਾਦ ਰੱਖੋ! ਜਿਸ ਦਿਨ ਸਿੱਖਾਂ ਨੇ ਸੱਚੇ ਮਨੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਅਤੇ ਸੰਪੂਰਨ ਗੁਰੂ ਮੰਨ ਲਿਆ ਫਿਰ ਸਰਕਾਰੀ ਗਿਦੜ ਜਥੇਦਾਰਾਂ ਦੇ “ਗਿਦੜ ਪ੍ਰਵਾਨਿਆਂ” ਦੀ ਮੁਥਾਜੀ ਮੁੱਕ ਜਾਵੇਗੀ ਅਤੇ ਗੁਰੂ ਦਾ ਪੰਥ ਚੜ੍ਹਦੀਆਂ ਕਲਾਂ ਵਿੱਚ ਵਧੇ ਫੁੱਲੇਗਾ। ਲੋੜ ਸਮੁੱਚੀਆਂ ਜਾਗਰੂਕ ਧਿਰਾਂ ਨੂੰ ਛੋਟੇ ਮੋਟੇ ਮਤ ਭੇਦ ਭੁਲਾ ਕੇ, ਰਲ ਮਿਲ ਚੱਲਣ ਦੀ ਹੈ। ਦੇਖੋ ਜੇ ਇਹ ਅਖੌਤੀ ਜਥੇਦਾਰਾਂ ਦੇ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਕਾਨ੍ਹਪੁਰ (ਯੂਪੀ) ਦੀਆਂ ਜਾਗ੍ਰਿਤ ਸੰਗਤਾਂ ਨੇ ਪੰਥਕ ਵਿਦਵਾਂਨ ਪ੍ਰੋ. ਦਰਸ਼ਨ ਸਿੰਘ ਤੋਂ ਗੁਰਬਾਣੀ ਦਾ ਕੀਰਤਨ ਪ੍ਰਚਾਰ ਕਰਵਾਇਆ ਹੈ ਜੋ ਕਾਬਲੇ ਤਾਰੀਫ ਹੈ। ਅਜਿਹਾ ਮੋਹ ਮਾਇਆ, ਪਾਰਟੀ, ਸੌੜੀਆਂ ਗਰਜਾਂ ਅਤੇ ਬਿਗਾਨੀਆਂ ਆਸਾਂ ਤੋਂ ਉਪਰ ਉੱਠ ਕੇ ਕੀਤਾ ਜਾ ਸਕਦਾ ਹੈ। ਕਾਸ਼ ਸਿੱਖਾਂ ਨੂੰ ਇਹ ਸਮਝ ਕਦੋਂ ਆਵੇਗੀ ਕਿ ਉਨ੍ਹਾਂ ਦਾ ਸਦੀਵੀ ਗੁਰੂ “ਸ਼ਬਦ ਗੁਰੂ ਗ੍ਰੰਥ ਸਾਹਿਬ” ਹੀ ਹੈ ਨਾ ਕਿ ਕੋਈ ਦੇਹਧਾਰੀ ਸੰਤ ਜਾਂ ਜਥੇਦਾਰ ਅਤੇ ਉਨ੍ਹਾਂ ਨੇ ਹੁਕਮ ਵੀ ਗੁਰੂ ਦਾ ਮੰਨਣਾ ਹੈ ਨਾਂ ਕਿ ਅਖੋਤੀ ਸਾਧ-ਸੰਤ ਜਾਂ ਇੱਕਪਾਸੜ ਪਾਰਟੀਬਾਜ ਜਥੇਦਾਰਾਂ ਦਾ!

-ਅਵਤਾਰ ਸਿੰਘ ਮਿਸ਼ਨਰੀ
  510 432 5827

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.