ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ
ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ
Page Visitors: 2715

          ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ
                               ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ!
        ਭਾ. ਕਾਨ੍ਹ ਸਿੰਘ ਜੀ ਨ੍ਹਾਭਾ ਨੇ "ਹੋਲੇ-ਮਹੱਲੇ" ਬਾਰੇ ਇਸ ਤਰ੍ਹਾਂ ਲਿਖਿਆ ਹੈ “ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਧੀ ਇੱਕ ਨੂੰ ਸਿਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। 'ਮਹੱਲਾ' ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹੱਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸ਼ਤ੍ਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖਸ਼ਦੇ ਸਨ। ਅਸੀਂ ਸਾਲ ਪਿਛੋਂ ਇਹ ਰਸਮ ਨਾਮ ਮਾਤ੍ਰ ਪੂਰੀ ਕਰ ਛਡਦੇ ਹਾਂ ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਂਲਾਂ ਕਿ ਸ਼ਸਤਰ-ਵਿਦਿਆ ਤੋਂ ਅਨਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ" ਹੋਰ ਲਿਖਦੇ ਹਨ-ਸ਼ੋਕ ਹੈ ਕਿ ਹੁਣ ਸਿਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ ਫੌਜੀਆਂ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰ ਇਕ ਸਿਖ ਪੂਰਾ ਸੰਤ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।
ਇਸ ਤਰ੍ਹਾਂ "ਹੋਲਾ-ਮਹੱਲਾ" ਸ਼ਸ਼ਤ੍ਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ, ਇੱਕ ਵਿਲੱਖਣ ਤਿਉਹਾਰ ਹੈ। ਹੋਲੀ ਦੇ ਮਹੱਤਵ ਨੂੰ ਭੁੱਲ ਕੇ ਸਦੀਆਂ ਤੋਂ ਰੰਗ ਰਲੀਆਂ ਮਨਾਂਦੇ ਆ ਰਹੇ ਲੋਕ, ਆਪਣੀ ਅਣਖ ਗੈਰਤ ਗਵਾ, ਨਿਹੱਥੇ ਹੋ ਜ਼ਾਲਮ ਮੁਗਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸ਼ਤ੍ਰ ਨਹੀਂ ਸੀ ਰੱਖ ਸਕਦਾ, ਸਿਰ ਤੇ ਪੱਗ ਨਹੀਂ ਸੀ ਬੰਨ੍ਹ ਸਕਦਾ, ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾਂ ਬਣ ਚੁੱਕੀ ਸੀ ਕਿ "ਕੰਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉੱਡੇ ਤਉ ਹਮ ਡਰ ਜਾਏਂ। ਦੁਸ਼ਮਣ ਸੇ ਕੈਸੇ ਲੜ ਪਾਏਂ" ਅਜਿਹੇ ਸਹਿਮੇ ਹੋਏ ਲੋਕਾਂ ਅੰਦਰ, ਸ਼ਸ਼ਤ੍ਰਧਾਰੀ ਹੋ, ਛਾਤੀਆਂ ਤਾਣ ਕੇ,ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ, ਯੁੱਧ ਨੀਤੀਵੇਤਾ ਸ਼ਮਸ਼ੀਰ-ਧਨੀ ਗੁਰੂ ਗੋਬਿੰਦ ਸਿੰਘ ਨੇ ਸ਼ਸ਼ਤ੍ਰ ਵਿਦਿਆ, ਘੋੜ ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ “ਹੋਲੇ-ਮਹੱਲੇ” ਦੇ ਜੰਗੀ ਕਰਤਵ, ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਚਿੱੜੀ ਉੱਡਣ ਅਤੇ ਮੱਖੀ-ਮੱਛਰ ਮਾਰਨ ਤੋਂ ਡਰਨ ਵਾਲੇ,ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸ਼ਤ੍ਰਧਾਰੀ ਹੋ ਕੇ, ਜ਼ਾਲਮ ਮੁਗਲ ਹਕੂਮਤ ਦੀਆਂ ਜੜਾਂ, ਭਾਰਤ ਵਿੱਚੋਂ ਉਖੇੜ ਕੇ, ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ, ਅੰਗ੍ਰੇਜਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਹੋਲਾ-ਮਹੱਲਾ ਫਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੇ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦੇ ਹੋਏ, ਹੋਲੇ ਦੀ ਵਿਲੱਖਣਤਾ ਇਉਂ ਦਰਸਾਈ ਹੈ-
       ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ।
        ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ। ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।
 ਸਤਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਹੀ ਆ ਚੁੱਕਾ ਹੈ-
ਆਜ ਹਮਾਰੈ ਬਨੇ ਫਾਗ॥ ਪ੍ਰਭਸੰਗੀ ਮਿਲਿ ਖੇਲਨ ਲਾਗ॥ 
ਹੋਲੀ ਕੀਨੀ ਸੰਤ ਸੇਵ॥ ਰੰਗੁ ਲਗਾ ਅਤਿ ਲਾਲ ਦੇਵ॥(1180)
ਭਾਵ ਜਦ ਸਤਸੰਗੀ ਸੇਵਾ ਸਿਮਰਨ ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕਪੜੇ ਤੇ ਪ੍ਰਭੂ ਪਿਆਰ ਦਾ ਗੂੜਾ ਰੰਗ ਲੱਗ ਜਾਂਦਾ ਹੈ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤ੍ਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਅਤੇ ਫ਼ਤੇ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ 2200 ਸ਼ਸਤ੍ਰਧਾਰੀ ਘੋੜ ਸਵਾਰ ਫੌਜ ਦੀ ਸਪੁਰਦਗੀ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਫੌਜਾਂ ਨੂੰ ਬਾਕਾਇਦਾ ਕਾਇਮ ਰਖਣਾ ਹੈ। ਸਪੱਸ਼ਟ ਹੈ ਕਿ ਜੇ ਫੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚਲਦੇ ਹੀ ਰਹਿਣੇ ਹਨ। ਦਸ਼ਮੇਸ਼ ਜੀ ਨੇ ਕ੍ਰਿਪਾਨ ਨੂੰ ਪੰਜ ਕਕਾਰੀ ਵਰਦੀ ਵਿੱਚ ਸ਼ਾਮਲ ਕੀਤਾ। ਨੋਟ-ਕ੍ਰਿਪਾਨ ਕੋਈ ਚਿੰਨ੍ਹ ਜਾਂ ਜਨੇਊ ਨਹੀਂ ਕਿ ਉਸ ਨੂੰ ਧਾਗੇ ਵਿੱਚ ਪਰੋ ਕੇ ਤਵੀਤ ਵਾਂਗ ਲਟਕਾਈ ਫਿਰੋ ਸਗੋਂ ਸ਼ਸ਼ਤ੍ਰ ਹੈ। ਸਿੱਖ ਦੀ ਪਹਿਚਾਨ ਸਰੂਪ,ਕਥਨੀ-ਕਰਨੀ, ਆਚਰਨ ਅਤੇ ਗੁਰੂ ਹੁਕਮਾਂ ਨੂੰ ਕਮਾਉਣ ਤੋਂ ਹੁੰਦੀ ਹੈ। ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿਖਾਂ ਨੂੰ ਇਹ ਹਿਦਾਇਤ ਵੀ ਕਰ ਦਿੱਤੀ ਕਿ ਉਹ ਸ਼ਸਤ੍ਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।
   ਹੋਲੀ ਮੂਲ ਰੂਪ ਵਿੱਚ ਬ੍ਰਾਹਮਣੀ ਤਿਉਹਾਰ ਹੈ ਜਿਵੇਂ ਕਿ-ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਪਾਤ ਕੀਤਾ ਕਿ "ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ" ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿਤਾ ਕਿ ਕੋਈ ਪ੍ਰਮਾਤਮਾ ਨੂੰ ਨਾਂ ਜਪੇ ਅਤੇ ਸਾਰੇ ਮੇਰਾ ਹੀ ਜਾਪ ਕਰਨ। (ਨੋਟ-ਕਰਤਾਰ ਆਪਣੇ ਹੁਕਮ ਅਤੇ ਕੁਦਰਤ ਵਿਰੋਧੀ ਅਨਹੋਣੇ ਵਰ ਸਰਾਪ ਨਹੀਂ ਦਿੰਦਾ ਅਤੇ ਜਨਮ ਮਰਨ ਵਿੱਚ ਨਹੀਂ ਆਉਂਦਾ-
ਜਨਮ ਮਰਨ ਤੇ ਰਹਤ ਨਾਰਾਇਣ॥ 
ਕਰਤਾਰ ਦੀ ਕਰਨੀ, ਘਰ ਵਿੱਚੋਂ ਹੀ, ਹਰਨਾਖਸ਼ ਦਾ ਪੁੱਤਰ ਪ੍ਰਹਿਲਾਦ ਇਸ ਗੱਲੋਂ ਵਿਰੋਧੀ ਹੋ ਗਿਆ ਅਤੇ ਖਲਕਤ ਵਿੱਚ "ਰਮੇ ਹੋਏ ਰਾਮ"ਪ੍ਰਮੇਸ਼ਰ ਨੂੰ ਹੀ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਕਸ਼ ਨੇ, ਉਸ ਨੂੰ ਪਹਾੜ ਤੋਂ ਦਰਿਆ ਵਿੱਚ ਸੁੱਟ ਕੇ ਭਾਵ ਹਰ ਢੰਗ ਨਾਲ ਮਰਵਾਉਣ ਦਾ ਜਤਨ ਕੀਤਾ ਪਰ ਪ੍ਰਮਾਤਮਾਂ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ, ਲੋਕਾਂ ਦੇ ਮਨ ਬਦਲੇ ਤੇ ਉਹ ਹਰਨਾਖਸ਼ ਨੂੰ ਛੱਡ ਪ੍ਰਹਿਲਾਦ ਦੇ ਹਾਮੀੰ ਹੋ ਗਏ। ਪ੍ਰਚਲਤ ਕਹਾਣੀ ਅਨੁਸਾਰ ਅੰਤ ਹਰਨਾਖਸ਼ ਦੀ ਭੈਣ ਹੋਲਕਾਂ ਨੇ ਭਤੀਜੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦਾ ਕੋਝਾ ਯਤਨ ਕੀਤਾ ਪਰ ਕਰਤਾਰ ਦੀ ਕਰਨੀ, ਪ੍ਰਹਿਲਾਦ ਬਚ ਗਿਆ ਅਤੇ ਹੋਲਕਾਂ ਸੜ ਕੇ ਸਵਾਹ ਹੋ ਗਈ। ਅੰਤ ਪ੍ਰਹਿਲਾਦ ਨੂੰ ਡਰਾਉਣ ਲਈ ਲੋਹੇ ਦਾ ਥੰਮ ਰੰਗ ਨਾਲ ਲਾਲ ਸੁਰਖ ਕਰਕੇ ਜੱਫਾ ਮਾਰਨ ਦਾ ਹੁਕਮ ਹੋਇਆ ਤਾਂ ਨਿਧੜਕ ਪ੍ਰਹਿਲਾਦ ਨੇ ਜੱਫਾ ਮਾਰ ਕੇ ਉਨ੍ਹਾਂ ਦਾ ਭਰਮ ਤੋੜ ਦਿੱਤਾ। ਮਨੌਤ ਹੈ ਕਿ ਉਸ ਸਮੇਂ ਨਰਸਿੰਘ ਨੇ, ਹਰਨਾਖਸ਼ ਨੂੰ ਦਹਲੀਜ ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ-
ਹਰਨਾਕਸ਼ ਛੇਦਿਓ ਨਖ ਬਿਦਾਰ...॥ (1194)
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਘਟਨਾ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਤੀਜੇ ਪਾਤਸ਼ਾਹ ਦੀ ਬਾਣੀ ਵਿੱਚ 4 ਵਾਰੀ ਪੰਨਾ (1154, 1165, 1194, 1133) ਤੇ ਦਰਜ ਹੈ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਿ ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ ਅਤੇ ਦੋਖੀ ਆਪਣਾ ਕੀਤਾ ਪਾਉਂਦੇ ਹਨ-
ਹਰਿ ਜੁਗਿ ਜਗਿ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੈ॥ (451)
ਨੋਟ-ਗੁਰੂ ਜੀ ਨੇ ਪ੍ਰਚਲਤ ਕਹਾਣੀਆਂ ਦਾ ਹਵਾਲਾ ਦੇ ਕੇ ਸਮਝਾਇਆ ਹੈ ਕਿ ਮੰਨ ਲਓ ਤੁਹਾਡੀਆਂ ਮਿਥਾਂ ਐਸੀਆਂ ਹੀ ਹਨ ਪਰ ਪ੍ਰਮਾਤਮਾਂ ਹੀ ਭਗਤਾਂ ਦੀ ਰੱਖਿਆ ਕਰਦਾ ਹੈ ਨਾਂ ਕਿ ਕੋਈ ਕਲਪਿਤ ਦੇਵੀ ਦੇਵਤਾ ਜਾਂ ਕੋਈ ਕਰਾਮਾਤੀ ਸ਼ਕਤੀ। ਯਾਦ ਰਹੇ ਕਿ ਪ੍ਰਚਲਤ ਕਥਾ ਅਨੁਸਾਰ ਇਹ ਕਹਾਣੀ ਕਹੇ ਜਾਂਦੇ ਉਸ ਸਤਜੁਗ ਦੀ ਹੈ, ਜਦੋਂ ਦਸ਼ਰਥ ਪੁੱਤਰ ਰਾਮ ਅਜੇ ਪੈਦਾ ਵੀ ਨਹੀਂ ਸੀ ਹੋਇਆ। ਇਸ ਕਰਕੇ ਇਥੇ"ਕਰਤਾ ਰਾਮ" ਦੀ ਗੱਲ ਹੈ, "ਦਸ਼ਰਥ ਪੁੱਤਰ ਰਾਮ" ਦੀ ਨਹੀਂ। ਖੋਜ ਕਰਨ ਤੇ ਪਤਾ ਚਲਦਾ ਹੈ ਕਿ ਹਰਨਾਖਸ਼ ਤੇ ਪ੍ਰਹਿਲਾਦ ਮੂਲ ਨਿਵਾਸੀ ਦਰਾਵੜ ਸਨ ਪਰ ਦੇਵਤੇ (ਆਰੀਅਨ) ਦਰਾਵੜਾਂ ਦੇ ਵਿਰੋਧੀ ਸਨ ਜੋ ਹਾਰ ਗਏ ਸਨ ਉਨ੍ਹਾਂ ਨੇ ਹਰਨਾਕਸ਼ ਤੇ ਪ੍ਰਹਿਲਾਦ ਦੇ ਦੇਹਾਂਤ ਤੋਂ ਹਜਾਰਾਂ ਸਾਲਾਂ ਬਾਅਦ ਅਜਿਹੀਆਂ ਮਨਘੜਤ ਕਹਾਣੀਆਂ ਰਚੀਆਂ। “ਪਾਠਕ ਜਨ ਵਧੇਰੇ ਜਾਣਕਾਰੀ ਲਈ ਪ੍ਰੋ. ਇੰਦਰ ਸਿੰਘ ਘੱਗਾ ਦੀਆਂ ਪੁਸਤਕਾਂ ਪੌਰਾਣਕ ਕਥਾਵਾਂ ਦਾ ਅੰਤ ਅਤੇ ਚੋਣਵਾਂ ਸਾਖੀ ਸਹਿਤ ਜਰੂਰ ਪੜ੍ਹਨ ਜਿੱਥੇ ਬੜੇ ਵਿਸਥਾਰ ਨਾਲ ਅਜਿਹੀਆਂ ਮਿਥਾਂ ਬਾਰੇ ਚਾਨਣਾ ਪਾਇਆ ਗਿਆ ਹੈ”
“ਹੋਲੀ” ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾਂ ਨੂੰ ਆਧਾਰ ਬਣਾਕੇ, ਰਾਤ ਨੂੰ ਹੋਲੀ ਸਾੜਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਕਾਂ ਦੀ ਰਾਖ ਮੰਨਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ, ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖੂਬ ਹੋਲੀ ਖੇਡੀ, ਓਥੇ ਇਸ ਕਥਾ ਨੂੰ ਬੜਾ ਕਾਮੁਕ ਬਣਾਕੇ ਪੇਸ਼ ਕੀਤਾ ਗਿਆ ਹੈ, ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕਲ, ਮਥਰਾ, ਬ੍ਰਿੰਦਾਬਨ ਦੀ ਹੋਲੀ ਵਿੱਚ ਅਜੇਹੀਆਂ ਕਾਮ ਉਕਸਾਊ ਖੇਡਾਂ ਆਮ ਖੇਡੀਆਂ ਜਾਂਦੀਆਂ ਹਨ। ਇਸ ਤਿਉਹਾਰ ਸਮੇਂ ਲੋਕੀਂ ਇੱਕ ਦੂਜੇ ਤੇ ਕੇਵਲ ਰੰਗ-ਗੁਲਾਲ ਹੀ ਨਹੀਂ, ਬਲਕਿ ਚਿੱਕੜ, ਗੋਹਾ, ਲੁੱਕ ਅਤੇ ਗੰਦਗੀ ਆਦਿਕ ਸੁੱਟਦੇ ਹਨ। ਹੋਲੀ ਦੇ ਤਿਉਹਾਰ ਨੂੰ ਸ਼ਰਾਬਾਂ ਉੱਡਦੀਆਂ, ਕਈ ਝਗੜੇ-ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੱਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ, ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਪੂਰਾ ਲਾਭ ਉਠਾਉਂਦੇ ਅਤੇ ਅਪਣੀਆਂ ਦੁਸ਼ਮਣੀਆਂ ਕਢਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਸ਼ਰਮਨਾਕ ਮਜ਼ਾਕ ਕਰਨੇ ਇਸ ਤਿਉਹਾਰ ਦੀ ਹੀ ਦੇਣ ਹਨ। ਭਾਰਤ ਵਿੱਚ, ਉਪ੍ਰੋਕਤ ਕ੍ਰਿਸ਼ਨ ਜੀ ਵਾਲੀ ਘਟਨਾਂ ਨੂੰ ਆਧਾਰ ਬਣਾ ਕੇ ਸਭ ਤੋਂ ਵੱਧ ਹੋਲੀ ਮਥਰਾ, ਗੋਕਲ ਅਤੇ ਬਿੰਦਰਾਬਨ ਵਿੱਚ ਹੀ ਖੇਡੀ ਜਾਂਦੀ ਹੈ। ਧਾਰਮਿਕ-ਤਿਉਹਾਰ ਦੇ ਬਹਾਨੇ ਅਨੇਕਾਂ ਕਾਮ-ਉਕਸਾਊ ਅਤੇ ਅਸ਼ਲੀਲ, ਖੇਡਾਂ ਖੇਡੀਆਂ ਜਾਂਦੀਆਂ ਹਨ। ਗੁਰੂ ਦਰ ਤੇ ਹੋਲੀ ਦਾ ਤਿਉਹਾਰ ਪੱਕੇ ਰੰਗਾਂ-ਨਸ਼ਿਆਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ ਪੁਰਖ ਦੇ ਬਖਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।
“ਹੋਲੇ-ਮਹੱਲੇ” ਦਾ ਮਹੱਤਵ ਓਦੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ਦੇਗ-ਤੇਗ ਫਤਹਿ ਵਾਲੇ ਸ਼ਬਦਾਂ ਵੱਲ ਧਿਆਨ ਕਰੀਏ। ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ ਕੜਾਹ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਆਦਿ ਨੂੰ 'ਦੇਗ਼ ਅਥਵਾ ਦੇਗ਼ਾਂ' ਕਹਿਕੇ ਬਖਸ਼ਿਆ ਹੈ ਉਥੇ ਨਾਲ ਹੀ ਨੇਮ ਹੈ ਕਿ ਬਿਨਾਂ "ਕ੍ਰਿਪਾਨ ਭੇਟ" ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ਼ ਦੇ ਕ੍ਰਿਪਾਨ ਭੇਟ ਕਰਨ ਨੂੰ "ਭੋਗ ਲੁਵਾਉਣਾ" ਸਮਝਦੇ ਹਨ। ਗੁਰੂ ਦਰਬਾਰ ਵਿੱਚ ਭੋਗ ਲੌਣ ਜਾਂ ਲਵਾਉਣ ਦਾ ਕੋਈ ਵਿਧਾਨ ਹੀ ਨਹੀਂ, ਇਹ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀਆਂ ਦੇ ਪੁਜਾਰੀਆਂ ਦੀ ਹੈ। ਗੁਰੂ ਦਰ ਤੇ ਤਾਂ, ਸਿੱਖ ਧਰਮ ਦੇ ਮੂਲ ਸਿਧਾਂਤ "ਦੇਗ਼-ਤੇਗ਼ ਫਤਹਿ" ਦੇ ਆਧਾਰ ਤੇ ਜੋ ਕ੍ਰਿਪਾਨ ਭੇਟ ਕਰਨ ਦਾ ਨਿਯਮ ਹੈ, ਉਸ ਦਾ ਸਿੱਧਾ ਅਰਥ ਇਹੀ ਹੈ ਕਿ ਗੁਰਸਿਖ ਨੇ ਸ਼ਸਤਰਾਂ ਨੂੰ ਭੁਲਾ ਕੇ ਦੇਗ਼ਾਂ ਵਾਸਤੇ ਹੀ ਨਹੀਂ ਰਹਿ ਜਾਣਾ। ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਅਧਿਆਇ 23 ਵਿੱਚ ਸਿਖਾਂ ਵਾਸਤੇ ਇਸ ਬਾਰੇ ਦਸ਼ਮੇਸ਼ ਜੀ ਵਲੋਂ ਹੁਕਮ ਹੈ-
ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ [ ਬਿਨਾ ਤੇਗ਼ ਤੀਰੋ ਰਹੋ ਨਾਹ ਭਾਈ [ 
ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ [ ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ [ 
ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ [ ਬਿਨਾ ਕੇਸ, ਤੇਗੰ ਦਿਉਂ ਨ ਦੀਦਾਰੇ [ 
ਇਹੋ ਮੋਰ ਬੈਨਾ, ਮਨੇਗਾ ਸੁ ਜੋਈ [ ਤਿਸੇ ਇੱਛ ਪੂਰੀ, ਸਭੇ ਜਾਨ ਸੋਈ [ 
ਇਸੇ ਤਰ੍ਹਾਂ ਰਹਿਤਨਾਮਾ, ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ-
ਸ਼ਸਤ੍ਰਹੀਨ ਇਹ ਕਬਹੁ ਨ ਹੋਈ [ ਰਹਤਵੰਤ ਖਾਲਿਸ ਹੈ ਸੋਈ [ 
ਰਹਿਤਨਾਮਾ ਭਾਈ ਦੇਸਾ ਸਿੰਘ ਜੀ-ਕਛੁ ਕ੍ਰਿਪਾਨ ਨ ਕਬਹੂੰ ਤਿਆਗੈ [  ਸਨਮੁਖ ਲਰੈ ਨ ਰਣ ਤੇ ਭਾਗੈ [
ਅਤੇ ਹੋਰ ਦੇਖੋ! ਗੁਰੂ ਪ੍ਰਤਾਪ ਸੂਰਜ, ਰੁਤ 3 ਅਧਿਆਇ 23-ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ-
ਸ਼ਸਤ੍ਰਨ ਕੇ ਅਧੀਨ ਹੈ ਰਾਜ [ ਜੋ ਨ ਧਰਹਿ, ਤਿਸ ਬਿਗਰਹਿ ਕਾਜ [ 
ਯਾਂ ਤੇ ਸਰਬ ਖਾਲਸਾ ਸੁਨੀਅਹਿ [ ਅਯੁਧ ਸਰਬੇ ਉਤਮ ਗੁਨੀਅਹਿ [ 
ਜਬ ਹਮਰੇ ਦਰਸ਼ਨ ਕੋ ਆਵਹੁ [ ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ [ 
ਕਮਰਕਸਾ ਕਰ ਦੇਹੁ ਦਿਖਾਈ [ ਹਮਰੀ ਖੁਸ਼ੀ ਹੋਇ ਅਧਿਕਾਈ [
“ਹੋਲੇ-ਮਹੱਲੇ” ਦੇ ਤਿਉਹਾਰ ਦੀ ਇੱਕ ਅਪਣੀ ਹੀ ਵਿਸ਼ੇਸ਼ਤਾ ਹੈ, ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਸਹਿਮਤ ਹਨ ਕਿ ਗੁਰੂ ਸਾਹਿਬਾਨਾਂ ਵਲੋਂ ਸਿਖਾਂ ਵਾਸਤੇ "ਕੇਸਾਧਾਰੀ ਅਤੇ ਸ਼ਸਤਰਧਾਰੀ" ਹੋਣਾ ਸਭ ਤੋਂ ਜਰੂਰੀ ਦਸਿਆ ਗਿਆ ਹੈ। ਇਸੇ ਤਰ੍ਹਾਂ ਸਿਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਗੁਰੂ ਸਾਹਿਬਾਨ ਨੇ “ਹੋਲੇ-ਮਹੱਲੇ” ਦਾ ਤਿਉਹਾਰ ਵੀ ਆਪ ਹੀ ਸਿਰਜਿਆ। ਜਿਸ ਤਰ੍ਹਾਂ ਗੁਰਸਿਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾ ਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਠੀਕ ਉਸੇ ਤਰ੍ਹਾਂ ਉਸ ਦੀ ਸ਼ਸਤਰਾਂ ਨਾਲ ਸਾਂਝ ਵੀ ਨਿਤਾ ਪ੍ਰਤੀ ਹੈ। “ਹੋਲਾ-ਮਹੱਲਾ” ਨਿਰਾਪੁਰਾ ਇੱਕ ਤਿਉਹਾਰ ਹੀ ਨਹੀਂ, ਬਲਕਿ ਸਿੱਖ ਨੂੰ ਸ਼ਸਤ੍ਰ ਅਭਿਆਸੀ ਬਣੇ ਰਹਿਣ ਲਈ ਇੱਕ ਚੇਤਾਵਨੀ ਵੀ ਹੈ। ਫੌਜੀ ਨੇਮ ਹੈ ਕਿ ਕਿਸੇ ਵੀ ਦੇਸ਼ ਦੀਆਂ ਫੌਜਾਂ ਹਮੇਸ਼ਾ ਜੰਗਾਂ ਜੁਧਾਂ ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਹਨਾਂ ਦੇ ਸ਼ਸਤ੍ਰ ਅਭਿਆਸ ਨਿੱਤ ਹੀ ਚਲਦੇ ਰਹਿੰਦੇ ਹਨ। ਨਿਰਾਪੁਰਾ ਸ਼ਸਤ੍ਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ ਪਰ ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ, ਜਿਸਦੇ ਸ਼ਸਤ੍ਰ ਵਰਤੋਂ ਦਾ ਮਤਲਬ ਹੀ ਮਜ਼ਲੂਮ ਦੀ ਰਾਖੀ, ਅਣਖ ਅਤੇ ਗ਼ੈਰਤ ਦਾ ਜੀਵਨ ਹੋਵੇ ਤਾਂ ਅਜੇਹੇ ਮਨੁੱਖ ਦੇ ਜ਼ਾਲਮ ਹੋਣ ਦੀ ਗੱਲ ਹੀ ਮੁੱਕ ਜਾਂਦੀ ਹੈ। ਇਸ ਬਾਰੇ ਦਸ਼ਮੇਸ਼ ਦੀ ਬਾਕਾਇਦਾ ਹਦਾਇਤ ਵੀ ਹੈ-ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ [ ਹਲਾਲ ਅਸਤ ਬੁਰਦਮ ਬ ਸ਼ਮਸ਼ੀਰ ਦਸਤ" (ਜ਼ਫਰਨਾਮਾ) ਭਾਵ ਹਥਿਆਰ ਦੀ ਵਰਤੋਂ ਤਾਂ ਹੀ ਜਾਇਜ਼ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।
ਦੇਖੋ! ਗੁਰੂ ਨਾਨਕ ਸਾਹਿਬ ਉੱਚੇਚੇ ਤੌਰ ਤੇ ਹੋਲੀ ਦੇ ਦਿਨਾਂ ਵਿੱਚ ਮਥਰਾ ਪੁੱਜੇ। ਭਾਰਤ ਵਿੱਚ ਮਥਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆਂ ਜਾਂਦਾ ਹੈ। ਗੁਰੂ ਜੀ ਨੇ ਉੱਥੇ ਧਰਮ-ਤਿਉਹਾਰ ਵਿੱਚ ਪਹੁੰਚ ਕੇ ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਿਅਕ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਪਰ ਪਾਂਡਿਆਂ ਨੇ ਇਸ ਨੂੰ ਕਲਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ-
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥ 
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ (902)
ਵਾਲੇ ਸ਼ਬਦ ਰਾਹੀਂ ਸਮਝਾਇਆ ਕਿ ਅਖੌਤੀ ਕਲਜੁਗ ਦਾ ਪੜ੍ਹਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੋਕਾਈ ਆਪਣੇ ਦੋਸ਼ਾਂ ਤੋਂ ਮੁਕਤ ਨਹੀਂ ਹੋ ਸਕਦੀ, ਤਾਂ ਤੇ ਲੋੜ ਹੈ ਮਨੁੱਖ ਇੱਕ ਨੇਕ-ਪ੍ਰਉਪਕਾਰੀ ਇਨਸਾਨ ਬਣੇ ਅਤੇ ਆਪਣੇ ਜੀਵਨ ਨੂੰ ਸਫਲ ਕਰੇ। ਹਰੇਕ ਗੁਰਸਿੱਖ ਵਾਸਤੇ ਇਸ ਪੱਖੋਂ ਇਹ ਸ਼ਬਦ ਸਮਝਣਾ ਅਤੀ ਜ਼ਰੂਰੀ ਹੈ ਜੋ ਹੋਲੀ ਦੇ ਬਹਾਨੇ, ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਕਰਦੇ ਹਨ-
ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ 
ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥ 1 ॥ 
ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ ਬੇਅੰਤ ॥ 1 ॥ਰਹਾਉ ॥  
ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ 
ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ (1180)
ਭਾਵ ਇਹ ਮਨੁਖਾ ਜੀਵਨ ਹੀ, ਪ੍ਰਭੁ ਪਿਆਰਿਆਂ ਨਾਲ ਮਿਲਕੇ, ਪ੍ਰਭੁ ਰੰਗ ਵਿੱਚ ਰੰਗੇ ਜਾਨ ਵਾਸਤੇ ਹੈ। ਅਜੇਹੇ ਪ੍ਰਭੁ ਪਿਆਰਿਆਂ ਦੇ ਹਿਰਦੇ ਘਰ ਵਿੱਚ, ਸਦਾ ਖੇੜਾ ਤੇ ਬਸੰਤ ਹੀ ਬਨੀ ਰਹਿੰਦੀ ਹੈ। ਇਸ ਵਾਸਤੇ ਦੁਨੀਆਂ ਦੇ ਲੋਕੋ! ਜੇ ਕਰ ਤੁਸੀਂ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਨਣਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਾਣੋ, ਇਵੇਂ ਖਲਕਤ ਅਤੇ ਪ੍ਰਭੂ ਪਿਆਰ ਦੀ ਮਸਤੀ ਵਾਲਾ ਪੱਕਾ ਲਾਲ ਰੰਗ ਤੁਹਾਡੇ ਮਨ ਤੇ ਚੜ੍ਹੇਗਾ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ। ਦੇਖੋ! ਗੁਰੂ ਸਾਹਿਬ ਨੇ ਹੋਲੀ ਦੇ ਨਾਮ ਦਾ ਵਿਰੋਧ ਨਹੀਂ ਕੀਤਾ ਬਲਕਿ ਉਸਦੇ ਅਰਥ ਹੀ ਨਵੇਂ-ਨਰੋਏ ਕਰ ਦਿਤੇ। ਦੂਜੇ ਸ਼ਬਦਾਂ ਵਿੱਚ ਗੁਰੂ ਆਸ਼ੇ ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ-ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਬਾਣੀ ਵਿਚਾਰ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਕੀਤੀ।
ਭਾ ਨੰਦ ਲਾਲ ਸਿੰਘ ਜੀ ਨੇ, ਗੁਰੂ ਜੀ ਦੇ ਉਪ੍ਰੋਕਤ ਸ਼ਬਦ ਦੇ ਆਧਾਰ ਤੇ ਹੀ, ਇੱਕ ਗਜ਼ਲ ਰਚੀ, ਜਿਸ ਰਾਹੀਂ, ਪ੍ਰਭੂ ਰੰਗ ਵਿੱਚ ਰੰਗੀਆਂ, ਉਸ ਸਮੇਂ ਦੀਆਂ ਸੰਗਤਾਂ ਦਾ ਨਜ਼ਾਰਾ ਪੇਸ਼ ਕੀਤਾ ਹੈ-
ਗੁਲੋਂ ਹੋਈ ਬਾਬਾਗੇ ਦਹਰਬੁ ਕੁਰਦ [ ਜਹੇ ਪਿਚਕਾਰੀਏ, ਪਰ ਜਾਫਰਾਨੀ [ ਕਿ ਹਰ ਬੇਰੰਗਰਾ, ਖੁਸੁ ਰੰਗੇ ਬੇ ਕਰਦ [ 
ਆਪ ਫੁਰਮਾਂਦੇ ਹਨ ਕਿ ਦਸ਼ਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਨੂੰ ਭਾਵ ਪ੍ਰਭੂ ਤੋਂ ਟੁੱਟੀ ਹੋਈ ਲੋਕਾਈ ਨੂੰ ਪ੍ਰਭੂ ਪਿਆਰ ਦੇ ਕੇਸਰ ਦੀਆਂ ਭਰੀਆਂ ਹੋਈਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਵਿੱਚ ਰੰਗ ਕੇ, ਖੁਸ਼ੀਆਂ ਭਰਿਆ ਬਣਾਇਆ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਅੱਜ ਸਾਡੇ ਹੀ ਅਨੇਕਾਂ ਪ੍ਰਚਾਰਕ ਗ੍ਰੰਥੀ ਅਤੇ ਜਥੇਦਾਰ ਵੀ ਇਸ ਗਜ਼ਲ ਦੇ ਅਰਥਾਂ ਨੂੰ ਸਮਝੇ ਬਿਨਾਂ, ਦਸ਼ਮੇਸ਼ ਜੀ ਰਾਹੀਂ ਸੰਗਤਾਂ ਉੱਪਰ ਰੰਗ-ਗੁਲਾਲ ਉਡਾਂਦੇ ਦੇਖੀਦੇ ਹਨ। ਇਸੇ ਦਾ ਨਤੀਜਾ ਹੈ ਕਿ "ਹੋਲੇ-ਮਹੱਲੇ" ਵਾਲੇ ਸ਼ਸਤਰ ਅਭਿਆਸ ਦੇ ਪਵਿਤ੍ਰ ਤਿਉਹਾਰ ਦੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਰੰਗ ਗੁਲਾਲ ਉਡਾਏ, ਸੁੱਖਾ ਆਦਿਕ ਨਸ਼ੇ ਪੀਤੇ ਜਾਂਦੇ ਹਨ। ਇਸ ਤਰ੍ਹਾਂ ਸਾਡੇ ਹੀ ਕੇਂਦਰੀ ਸਥਾਨ ਉੱਤੇ, ਗੁਰਬਾਣੀ ਦੇ ਯੋਗ ਪ੍ਰਚਾਰ ਦੀ ਘਾਟ ਕਾਰਨ, ਸਭ ਕੁਝ ਬਾਣੀ ਦੇ ਉਲਟ ਹੋ ਰਿਹਾ ਹੈ। ਇਸ ਤੋਂ ਬਾਦ ਅਸੀਂ ਇਹ ਉਮੀਦ ਵੀ ਰੱਖਦੇ ਹਾਂ ਕਿ ਸਾਡੀ ਸਿੱਖ ਪਨੀਰੀ ਪਤਿਤਪੁਣੇ ਵੱਲ ਨਾਂ ਵਧੇ ਅਤੇ ਗੁਰਬਾਣੀ ਅਨੁਸਾਰ ਚੱਲੇ। "ਹੋਲੇ-ਮਹੱਲੇ" ਦੇ ਸਮੇਂ ਅਨੰਦਪੁਰ ਸਾਹਿਬ ਵਿਖੇ ਜੋ ਭੰਗ ਆਦਿਕ ਨਸ਼ੇ ਪੀਤੇ ਅਤੇ ਰੰਗ-ਗੁਲਾਲ ਸੁੱਟੇ ਜਾਂਦੇ ਹਨ, ਸਾਨੂੰ ਇਸ ਪੱਖੋਂ ਵੀ ਸੰਭਲਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ, ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਉਨ੍ਹਾਂ ਦੇ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ। ਜਿਹੜੇ ਗੁਰੂ ਕੇ ਲਾਲ, ਆਪਣੀ ਹੂੜਮੱਤ ਜਾਂ ਅਗਿਆਨਤਾ ਕਾਰਨ, ਹੋਲੀਆਂ ਦੇ  ਖਾਰੂਦੀ ਕਰਮਕਾਂਡਾਂ ਵਿੱਚ ਸ਼ਾਮਲ ਹੋ ਕੇ, ਸਿੰਘ ਸਰੂਪ ਦੀ ਬੇਅਦਬੀ ਕਰਦੇ ਅਤੇ ਸੁੱਖਾ ਆਦਿਕ ਨਸ਼ੇ ਪੀਂਦੇ ਹਨ, ਉਨ੍ਹਾਂ ਨੂੰ ਆਪਣੀ ਇਸ ਕਰਨੀ ਵੱਲ ਧਿਆਨ ਦੇਣ ਦੀ ਲੋੜ ਹੈ।
-ਅਵਤਾਰ ਸਿੰਘ ਮਿਸ਼ਨਰੀ (5104325827)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.