ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਜੀਉਂਦੀਆਂ ਕੌਮਾਂ ਨੂੰ ਕਰਾਮਾਤਾਂ ਦੀ ਲੋੜ ਨਹੀਂ ਹੁੰਦੀ
ਜੀਉਂਦੀਆਂ ਕੌਮਾਂ ਨੂੰ ਕਰਾਮਾਤਾਂ ਦੀ ਲੋੜ ਨਹੀਂ ਹੁੰਦੀ
Page Visitors: 2718

ਜੀਉਂਦੀਆਂ ਕੌਮਾਂ ਨੂੰ ਕਰਾਮਾਤਾਂ ਦੀ ਲੋੜ ਨਹੀਂ ਹੁੰਦੀ
ਗੁਰਦੇਵ ਸਿੰਘ ਸੱਧੇਵਾਲੀਆ
ਖ਼ਬਰ ਕਾਫੀ ਪ੍ਰ੍ਰਚਲਤ ਰਹੀ ਕਿ ਦਰਬਾਰ ਸਾਹਿਬ ਜਾ ਕੇ ਮੁੰਡਾ ਕਿਸੇ ਦਾ ਠੀਕ ਹੋ ਕੇ ਤੁਰਨ ਲੱਗ ਪਿਆ। ਇਸ ਦੇ ਨਾਲ ਹੀ ਦੂਜੀ ਖ਼ਬਰ ਹੁਣ ਆਈ ਹੈ ਕਿ ਕਿਸੇ ਬੀਬੀ ਨੂੰ ਦਿੱਸਣ ਲਗ ਪਿਆ।
ਸ਼ੋਸ਼ਲ ਮੀਡੀਏ ਉਪਰ ਦੋ ਵੱਖ ਵੱਖ ਵਿਚਾਰਧਾਰਵਾਂ ਚਲ ਰਹੀਆ ਸਨ। ਹੱਕ ਤੇ ਵਿਰੋਧ ਵਾਲੀਆਂ। ਹੱਕ ਵਾਲੀਆਂ ਅਪਣੀਆਂ ਦਲੀਲਾਂ ਤੇ ਸਨ ਵਿਰੋਧ ਵਾਲੇ ਅਪਣੀਆਂ ਤੇ।
ਪਰ ਜੇ ਗੱਲ ਕਰੀਏ ਕਰਾਮਾਤ ਜਾਂ ਉਥੇ ਵਰਤੀ ਸ਼ਕਤੀ ਦੀ ਤਾਂ ਹੋ ਕਿਉਂ ਨਹੀਂ ਸਕਦਾ। ਉਥੇ ਸਭ ਕੁਝ ਹੋ ਸਕਦਾ। ਉਥੈ ਤਾਂ ਬਹੁਤ 'ਸ਼ਕਤੀਆਂ' ਵਰਤ ਰਹੀਆਂ ਇਹ ਤਾਂ ਕੱਖ ਵੀ ਨਹੀਂ ਸਨ। ਇਸ ਤੋਂ ਵੱਡੀਆਂ 'ਸ਼ਕਤੀਆਂ' ਹਨ ਉਥੇ ਜਿਹੜੀਆਂ ਨਿੱਤ ਵਰਤਦੀਆਂ। ਇੱਕ 'ਸ਼ਕਤੀ' ਤਾ ਕੈਂਸਰ ਨਾਲ ਮਰ ਗਈ ਹੈ ਜਿਸ ਦੇ ਹੁਕਮ ਨਾਲ ਕੀਰਤਨ ਹੁੰਦਾ ਸੀ ਤੇ ਇਹ ਵੀ ਤਹਿ ਹੁੰਦਾ ਸੀ ਕਿ ਕਿਹੜੇ ਰਾਗੀ ਨੇ ਕਿਹੜਾ ਸ਼ਬਦ ਪੜਨਾ ਹੈ। ਉਸ ਸ਼ਕਤੀ ਦਾ ਨਾਂ ਸੀ ਸੁਰਿੰਦਰ ਕੌਰ ਬਾਦਲ ?
ਵੱਡੇ ਘੈਂਟ ਜਥੇਦਾਰ, ਰੰਗੀਲੇ, ਸ੍ਰੀ ਨਗਰ ਵਰਗੇ 'ਪਹੁੰਚੇ ਹੋਏ ਰਾਗੀ, ਕਹਿੰਦੇ ਕਹਾਂਉਂਦੇ ਕਥਾਕਾਰ ਪਿੰਦਰਪਾਲ ਵਰਗੇ, ਵੱਡੇ ਵੱਡੇ ਡੇਰਿਆਂ ਦੇ ਬ੍ਰਹਮਗਿਆਨੀ ਜਿੰਨਾ ਦੀ ਰੱਬ ਕੰਨ ਨੇੜੇ ਕਰਕੇ ਸੁਣਦਾ ਸਭ ਮਿਸਜ਼ ਬਾਦਲ ਦੇ ਇਸ਼ਾਰੇ ਤੇ ਰੱਬ ਨੂੰ ਵੱਖਤ ਪਾਈ ਫਿਰਨ ਦਾ ਦਾਅਵਾ ਕਰਨ ਵਾਲੇ! ਪਰ ਸੁਰਦਿੰਰ ਬਾਦਲ ਇਨ੍ਹਾਂ ਰੱਬ ਦੇ ਵੱਡੇ ਦਲਾਲਾਂ ਦੇ ਹੁੰਦਿਆਂ ਵੀ ਕੈਂਸਰ ਨਾਲ ਅੱਡੀਆਂ ਰਗੜ ਰਗੜ ਮਰੀ! ਇਨ੍ਹਾਂ ਦੇ ਰੱਬ ਦੇ ਆਪੂੰ ਬਣੇ ਦਲਾਲਾਂ ਦੀਆਂ ਅਰਦਾਸਾਂ ਤੇ ਵੀ ਉਸਦਾ ਦਾ ਕੋਈ ਵਿਸਵਾਸ਼ ਨਹੀਂ ਸੀ ਤੇ ਉਹ ਕਿਥੇ ਅਮਰੀਕਾ ਦੇ ਮਹਿੰਗੇ ਹਸਪਤਾਲਾਂ ਵਿਚ ਜਾ ਕੇ ਝੱਖ ਮਾਰਦੀ ਫਿਰ ਰਹੀ ਪਰ ਬੱਚ ਨਾ ਪਾਈ।
ਦਰਬਾਰ ਸਾਹਬ ਕੋਹੜੀਆਂ ਦੇ ਇਲਾਜ ਕਰਦਾ ਹੈ! ਕੋਈ ਸ਼ੱਕ ਨਹੀਂ! ਉਥੇ ਪਿੰਗਲੇ ਰਾਜੀ ਹੁੰਦੇ ਨੇ! ਕੋਈ ਸ਼ੱਕ ਨਹੀਂ! ਉਥੇ ਬਿਮਾਰ ਤੰਦਰੁਸਤ ਹੁੰਦੇ ਨੇ, ਹੋਏ ਨੇ, ਹੋ ਰਹੇ ਨੇ ਪਰ ਆਹ ਨਹੀਂ ਜਿਹੜੇ ਆਹ ਭੰਡ ਮੋਢਿਆਂ ਤੇ ਚੁੱਕੀ ਫਿਰ ਰਹੇ! ਤੇ ਨਾ ਉਨ੍ਹਾਂ ਨਾਟਕ ਕਰਨ ਵਾਲਿਆਂ ਨੂੰ ਕੋਈ ਰੱਬ ਦਾ ਭੈਅ ਆਇਆ ਜਿਹੜੇ ਝੂਠੀ ਦਾ ਮੁੰਡਾ ਬਿਮਾਰ ਕਰਕੇ ਲੈ ਕੇ ਗਏ? ਉਹ ਮੁੰਡਾ ਵੀ ਜਰੂਰ ਇਨ੍ਹਾਂ ਭੰਡਾ ਵਿਚੋਂ ਕਿਸੇ ਦਾ ਹੋਵੇਗਾ ਨਹੀਂ ਤਾਂ ਆਮ ਸਿੱਖ ਹਾਲੇ ਇਨਾ ਨਹੀਂ ਗਿਰਿਆ ਕਿ ਉਹ ਇਨੇ ਵੱਡੇ ਝੂਠ ਨੂੰ ਦਰਬਾਰ ਸਾਹਿਬ ਜਾ ਕੇ ਇੰਜਾਮ ਦੇ ਸਕੇ!
ਸੱਜਣ ਵਰਗੇ ਮਨ ਦੇ ਕੋਹੜੇ ਬਾਬੇ ਦੇ ਇੱਕੇ ਬਾਣ ਨਾਲ ਰਾਜੀ ਹੋਏ! ਲੋਕਾਂ ਨੂੰ ਲੁੱਟ ਖਾਣ ਵਾਲੇ ਹੱਥੀਂ ਕੁਝ ਨਾ ਕਰਨ ਵਾਲੇ ਪਿੰਗਲੇ ਡਾਕੂ ਭੂਮੀਏ ਵਰਗੇ ਬਾਬਾ ਜੀ ਨੇ ਠੀਕ ਕੀਤੇ! ਬਿਮਾਰ, ਲਚਾਰ, ਲੁੱਟੇ ਜਾ ਰਹੇ, ਜੁਲਮ ਸਹਿ ਰਹੇ, ਦੂਹਰੀ ਮਾਰ ਹੇਠ ਪਿਸ ਰਹੇ, ਇੱਕ ਪਾਸੇ ਪੰਡੀਏ ਦੀ ਦੂਜੇ ਮੁਗਲ ਜਰਵਾਣਿਆਂ ਦੀ ਤੇ ਬਾਬਾ ਜੀ ਅਪਣਿਆਂ ਕਰਾਮਾਤ ਪਤਾ ਕੀ ਕੀਤੀ? ਹੱਥੀਂ ਤੇਗਾਂ ਫੜਾ ਕੇ ਜਰਵਾਣਿਆਂ ਦੇ ਮੂਹਰੇ ਡਾਹ ਦਿੱਤੇ। ੪੦-੪੦ ਲੱਖਾਂ ਨਾਲ ਭਿੜ ਗਏ?
ਤੁਸੀਂ ਦੱਸੋ ਦੁਨੀਆਂ ਤੇ ਅਜਿਹੀ ਕਰਾਮਾਤ ਵਾਪਰੀ ਹੋਵੇ। ੭-੯ ਸਾਲ ਦੇ ਬੱਚੇ। ਸਿੱਧੇ ਵੱਜੇ ਮੌਤ ਵਿਚ ਜਾਕੇ? ਦੱਸੋ ਕਿਥੇ ਹੋਈ ਅਜਿਹੀ ਕਰਾਮਾਤ?
ਪੁੱਤ ਪਿਉ ਦੇ ਪੱਟ ਤੇ ਰੱਖ ਕੇ ਚੀਰ ਤਾ ਤੇ ਕਲੇਜਾ ਕੱਢ ਕੇ ਮੂੰਹ ਵਿਚ ਤੁੰਨ ਦਿੱਤਾ ਪਰ ਬਾਬਾ ਬੰਦਾ ਸਿੰਘ ਬੈਠਾ ਅਪਣੇ ਹੀ ਪੁੱਤ ਦੇ ਲਹੂ ਦੀ ਘਾਣੀ ਵਿਚ। ਦੱਸੋ ਕਿਥੇ ਹੋਈ ਇਹ ਕਰਾਮਾਤ?
ਭਾਈ ਮਨੀ ਸਿੰਘ। ਪਹਿਲਾਂ ਉਸ ਦਾ ਪੁੱਤਰ ਵੱਡਿਆ ਸਾਹਵੇਂ, ਫਿਰ ਘਰਵਾਲੀ, ਤੇ ਜਦ ਜਲਾਦ ਟੋਕਾ ਮਾਰਨ ਲੱਗਾ ਗੁੱਟ ਤੇ ਤਾਂ ਪਤਾ ਕੀ ਕਿਹਾ ਸਿੰਘ ਨੇ? ਇਹ ਕਰਾਮਾਤ ਨਹੀਂ?
ਤੁਹਾਡਾ ਇਤਹਾਸ ਭਰਿਆ ਪਿਆ ਹੋਵੇ ਕਰਾਮਾਤਾਂ ਨਾਲ ਤੇ ਤੁਸੀਂ ਆਹ ਕਰਾਮਾਤਾਂ ਮਗਰ ਲੱਗ ਪੂਰੀ ਕੌਮ ਦੀ ਜੱਗ ਹਸਾਈ ਕਰਾਉਂ?
ਹਾਲੇ ਕੱਲ ਦੀਆਂ ਗੱਲਾਂ। ਇਸੇ ਥਾਂ ਵਾਪਰੀਆਂ ਨਹੀਂ ਕਰਾਮਾਤਾਂ ਜਦ ਕੁਝ ਗਿਣਤੀ ਦੇ ਸਿੰਘਾਂ ਦਿੱਲੀ ਤੱਕ ਦੀਆਂ ਮੋਕਾਂ ਲਵਾ ਛੱਡੀਆਂ? ਬਰਾੜ ਦਿਆਲ ਵਰਗੇ ਖੁਦ ਕਹਿ ਉੱਠੇ ਕਿ ਆਹ ਤਾਂ ਕਰਾਮਾਤ ਸੀ ਸੱਜਣੋ! ਤੇ ਉਦੋਂ ਤੁਹਾਡੇ ਆਹ ਢਿੱਢਲ ਪੁਜਾਰੀ ਪਤਾ ਕਿਹੜੀਆਂ ਖੁੱਡਾਂ ਵਿਚ ਵੜ ਕੇ ਕਿਹੜੀਆਂ ਕਰਾਮਾਤਾਂ ਕਰਨ ਰਹੇ ਸਨ!
ਇਹ ਤੁਹਾਡੇ ਪੁਜਾਰੀ ਭੰਡ ਰੱਬ ਦੇ ਆਪੂੰ ਬਣੇ ਦਲਾਲ ਕੀ ਜਾਨਣ ਕਰਾਮਾਤ ਹੁੰਦੀ ਕੀ? ਤੁਸੀਂ ਇਨ੍ਹਾਂ ਨੂੰ ਪੁੱਛਦੇ ਕਰਾਮਾਤ ਜਿਹੜੇ ਬਾਦਲਾਂ ਦੇ ਪੁੱਛੇ ਬਿਨਾ ਸਾਹ ਨਹੀਂ ਲੈਂਦੇ?
ਕਦੇ ਮਸਕੀਂਨ ਵਰਗੇ ਦਲਾਲ ਕਿਸੇ ਨੂੰ ਫੜ ਲਿਆਉਂਦੇ ਕਿ ਇਸ ਦੀ ਕੈਂਸਰ ਠੀਕ ਹੋ ਗਈ ਕਦੇ ਆਹ ਤੁਹਾਡੇ ਭੰਡ ਲੋਕਾਂ ਨੂੰ ਮੋਢਿਆਂ ਤੇ ਚੁੱਕੀ ਫਿਰਦੇ ਇਹ ਪੂਰੀ ਕੌਮ ਦਾ ਮਖੌਲ ਨਹੀਂ ਬਣਾ ਰਹੇ ਦੁਨੀਆਂ ਅੱਗੇ?
ਖੁਦ ਮਾਰੇ ਸ਼ੂਗਰਾਂ, ਬਿਮਾਰੀਆਂ ਦੇ! ਪਹਿਲਾਂ ਬੇਰੀ ਹੈਠ ਜਾ ਕੇ ਜਾਂ ਸਰੋਵਰ ਵਿੱਚ ਟੁੱਬੀ ਮਾਰ ਅਪਣਾ ਇਲਾਜ ਤਾਂ ਕਰ ਲੈਣ? ਇਹਨਾਂ ਨੂੰ ਸਰੋਵਰ ਨਹੀਂ ਦਿੱਸਦਾ ਟੁੱਬੀ ਮਾਰਨ ਲਈ? ਸੁਰਦਿੰਰ ਕੌਰ ਬਾਦਲ ਨੂੰ ਕਿਉਂ ਨਹੀਂ ਡੋਬਿਆ ਉਥੇ ਇਨ੍ਹਾਂ ਭੰਡਾਂ ਨੇ?
ਸਰੋਵਰ, ਲੰਗਰ, ਪੰਗਤ, ਸੰਗਤ ਮੱਤਲਬ ਪਤਾ ਕੀ ਸੀ ਇਸ ਦਾ? ਸਭ ਇੱਕੇ ਥਾਂ ਬੈਠੋ, ਇੱਕੇ ਪਾਣੀ ਵਿਚ ਟੁੱਬੀ ਮਾਰੋ, ਇੱਕੇ ਥਾਂ ਲੰਗਰ ਸ਼ੱਕੋ ਬੈਠ ਕੇ ਤਾਂ ਕਿ ਤੁਹਾਡੀ ਹਉਂ ਮਰ ਜਾਏ ਤੁਹਾਡੇ ਅੰਦਰਲਾ ਪੰਡੀਆਂ ਮਰ ਜਾਏ, ਤੁਸੀਂ ਕਿਸੇ ਨੂੰ ਸ਼ੂਦਰ ਸਮਝ ਨਫਰਤ ਨਾ ਕਰੋ। ਉਹ ਤਾਂ ਗਈ ਨਾ। ਜੋ ਪਹਿਲਾਂ ਪੰਡੀਆ ਕਰਦਾ ਸੀ ਉਹੀ ਹੁਣ ਜੱਟ ਕਰਨ ਲੱਗ ਗਿਆ ਤੇ ਫਰਕ ਕੀ ਰਹਿ ਗਿਆ? ਗੱਲ ਤਾਂ ਮੰਨੀ ਨਾ ਗੁਰੂ ਦੀ ਪਰ ਆਹ ਨਵਾ ਪਖੰਡ ਸੁਰੂ ਕਰ ਦਿੱਤਾ ਇਨ੍ਹੀ?
ਇਹ ਕੌਮ ਨੂੰ ਬਦਨਾਮ ਕਰਨ ਵਾਲੀ ਹਰਕਤ ਹੈ। ਸਿੱਖ ਕੌਮ ਨੂੰ ਇਨ੍ਹਾਂ ਭੰਡਾਂ ਨੂੰ ਨੱਥ ਪਾਉਂਣੀ ਚਾਹੀਦੀ। ਅਹਿਜੀਆਂ ਕਰਾਮਾਤਾਂ ਦੀਆਂ ਫਹੁੜੀਆਂ ਤੇ ਉਹ ਕੌਮਾ ਤੁਰਦੀਆਂ ਜਿੰਨਾ ਦੇ ਪੱਲੇ ਕੱਖ ਨਾ ਹੋਵੇ। ਮੇਰੀ ਕੌਮ ਦਾ ਇਤਿਹਾਸ ਮੂੰਹ ਉਂਗਲਾਂ ਪਾਉਂਣ ਵਾਲੀਆਂ ਕਰਾਮਾਤਾਂ ਨਾਲ ਭਰਿਆ ਪਿਆ ਹੈ, ਸਾਨੂੰ ਨਾ ਅੀਜਹੇ ਭੰਡਾਂ ਦੀ ਤੇ ਨਾ ਅਜਿਹੀਆਂ ਕਰਾਮਾਤਾਂ ਦੀ ਲੋੜ ਹੈ! ਕਿ ਹੈ?
 
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.