ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਮਾਫੀਆ-ਮੰਡੀਰ, ਨੰਗਾਂ ਦੀਆਂ ਕਬਰਾਂ ਅਤੇ ਅਣਖੀਲਾ ਪੰਜਾਬ
ਮਾਫੀਆ-ਮੰਡੀਰ, ਨੰਗਾਂ ਦੀਆਂ ਕਬਰਾਂ ਅਤੇ ਅਣਖੀਲਾ ਪੰਜਾਬ
Page Visitors: 2559

ਮਾਫੀਆ-ਮੰਡੀਰ, ਨੰਗਾਂ ਦੀਆਂ ਕਬਰਾਂ ਅਤੇ ਅਣਖੀਲਾ ਪੰਜਾਬ
    ਪਿੰਡ ਦੇ ਆਵਾਰਾ ਕੁੱਤਿਆਂ ਨੂੰ ਕਤੀੜ ਅਤੇ ਅਵਾਰਾ ਮੁੰਡਿਆਂ ਨੂੰ ਮੰਡੀਰ ਕਹਿੰਦੇ ਨੇ! ਜਦ ਕਤੀੜ ਗਲੀਆਂ ਵਿਚੋਂ ਲੰਘਣਾ ਮੁਹਾਲ ਕਰ ਦੇਵੇ ਤਾਂ ਤੁਸੀਂ ਕੀ ਕਰਦੇ ਹੋ, ਤੇ ਜਦ ਮੰਡੀਰ ਤੁਹਾਡੀਆਂ ਮਾਵਾਂ, ਧੀਆਂ, ਭੈਣਾਂ ਦਾ ਬਾਹਰ ਨਿਕਲਨਾ ਮੁਹਾਲ ਕਰ ਦੇਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ
    ਇਹ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ ਕੀ ਕਰ ਸਕਦੇ , ਇਨ੍ਹਾਂ ਰੱਜ ਕੇ ਗੰਦ ਪਾਇਆ, ਗੰਦ ਘੋਲਿਆ, ਗੰਦ ਵੇਚਿਆ, ਗੰਦ ਪਰੋਸਿਆ, ਗੰਦ ਦਾ ਵਪਾਰ ਕੀਤਾ। ਇਕੋਂ ਕੰਮ ਰਹਿ ਗਿਆ ਤੇ ਉਹ ਸੀ ਅਲਫ ਨੰਗੇ ਹੋਣ ਦਾ। ਪਰ ਉਹ ਦਿਨ ਦੂਰ ਨਹੀਂ ਪੰਜਾਬ ਦਾ ਇਨਾ ਭੁਲੇਖਾ ਵੀ ਇਹ ਬੇਸ਼ਰਮ ਕੱਢ ਦੇਣਗੇ, ਜਿਸ ਦਿਨ ਇਹ ਅਪਣੀਆਂ ਪਿੰਟਾਂ ਉਤਾਰ ਕੇ ਨੰਗੇ ਨੱਚ-ਨੱਚ ਦਿਖਾਉਣਗੇ ਲੋਕਾਂ ਨੂੰ ਤੇ ਪੰਜਾਬ ਦੀ ਮਛਰੀ ਮੰਡੀਰ ਸੀਟੀਆਂ ਤੇ ਕੂਕਾਂ ਮਾਰ ਮਾਰ ਇਨ੍ਹਾਂ ਦਾ ਸਵਾਗਤ ਕਰੇਗੀ? ਰਹਿ ਕੀ ਗਿਆ? ਅੱਖਰਾਂ ਨਾਲ ਤਾਂ ਇਹ ਨਿੱਤ ਨੰਗੇ ਹੁੰਦੇ ਅਤੇ ਪੰਜਾਬ ਦੀਆਂ ਕੁੜੀਆਂ ਨੂੰ ਕਰਦੇ [ ਪੂਰੇ ਪੰਜਾਬ ਦੇ ਕੱਪੜੇ ਲਾਹ ਮਾਰੇ ਇਹਨਾ।
ਕੋਈ ਮਾਣ ਕਰਦਾ ਡਾਕਟਰ-ਵਕੀਲ- ਇੰਨਜਿੰਨੀਅਰ-ਖਿਡਾਰੀ-ਵਿਗਿਆਨੀ ਹੋਣ ‘ਤੇ, ਪਰ ਇਹ ਟੁੱਚਲ ਮਾਣ ਕਰਦੇ ਮੰਡੀਰ ਹੋਣ ਤੇ? ਅਖੇ ਮਾਫੀਆ ਮੰਡੀਰ? ਇਨ੍ਹਾਂ ਦੋਹਾਂ ਅੱਖਰਾਂ ਦਾ ਹੀ ਬੰਦਾ ਹੋਣ ਨਾਲ ਦੂਰ ਦਾ ਵੀ ਵਾਸਤਾ ਨਹੀਂ। ਕਿ ਹੈ? ਤੁਸੀਂ ਸੋਚੋ ਮੰਡੀਰ ਹੋਣ ਵਰਗੇ ਲੋਕਾਂ ਦੀ ਜੁਬਾਨ ਉਪਰ ਜਿਸ ਭਾਸ਼ਾ ਦਾ ਨਾਮ ਆਵੇਗਾ ਉਸ ਦਾ ਕੀ ਹਸ਼ਰ ਹੋਵੇਗਾ? ਉਸ ਕੋਲੋਂ ਕਿਸੇ ਸੁਹਜ, ਕਿਸੇ ਸਵਾਦ, ਕਿਸੇ ਮਿਠਾਸ, ਕਿਸ ਗੰਭੀਰ ਤੇ ਕਿਸੇ ਜੀਵਨ ਦੀਆਂ ਤਰੰਗਾਂ ਨੂੰ ਛੂਹ ਜਾਣ ਵਾਲੇ ਬੋਲਾਂ ਦੀ ਆਸ ਹੋ ਸਕਦੀ ਹੈ? ਅਜਿਹੀ ਮੰਡੀਰ ਜਿਸ ਬੋਲੀ ਵਿਚ ਵੀ ਗਾਵੇਗੀ ਉਸ ਦਾ ਨਾਸ ਮਾਰ ਕੇ ਰੱਖ ਦੇਵੇਗੀ? ਜਿਵੇਂ ਇਨਹੀਂ ਪੰਜਾਬੀ ਦਾ ਮਾਰ ਕੇ ਰੱਖ ਦਿੱਤਾ ਹੈ! ਕਾਸ਼! ਜੇ ਕਿਤੇ ਪੰਜਾਬ ਸੁਣਦਾ ਹੋਵੇ ਉਹ ਅਪਣੀ ਇਸ ਮਾਂ ਨੂੰ ਬਚਾ ਲਏ ਇਨ੍ਹਾਂ ਮੁਸ਼ਟੰਡਿਆ ਕੋਲੋਂ, ਨਹੀਂ ਤਾਂ ਤਬਾਹੀ ਦੇ ਕਿਨਾਰੇ ਖੜੀ ਹੈ ਤੁਹਾਡੀ ਪੰਜਾਬੀ ਜਿਸ ਨੂੰ ਤੁਸੀਂ ਮਾਂ ਬੋਲੀ ਕਹਿੰਦੇ ਹੋ। ਜਿਸ ਬੋਲੀ ਵਿਚੋਂ ਸੁਆਦ ਅਤੇ ਸੁਹਜ ਦੀ ਗੱਲ ਹੀ ਖਤਮ ਹੋ ਜਾਏ ਉਹ ਕਿੰਨਾ ਚਿਰ ਜਿਉਂਦੀ ਰਹਿ ਜਾਵੇਗੀ? ਰਹਿ ਜਾਵੇਗੀ?
ਭਰਾਵੋ, ਜਿਵੇਂ ਕਾਰ-ਸੇਵੀ ਬਾਬਿਆਂ ਨੇ ਤੁਹਾਡੇ ਹੀ ਪੈਸੇ ਨਾਲ ਤੁਹਾਡੇ ਹੀ ਇਤਿਹਾਸਕ ਅਸਥਾਨਾਂ ਦੀ ਤਬਾਹੀ ਕੀਤੀ, ਉਵੇਂ ਹੀ ਤੁਹਾਡੇ ਹੀ ਪੈਸੇ ਨਾਲ ਇਨ੍ਹਾਂ ਲੰਡਰ ਗਾਇਕਾਂ ਤੁਹਾਡੀ ਬੋਲੀ ਦੀ, ਤੁਹਾਡੀਆਂ ਕਦਰਾਂ-ਕੀਮਤਾਂ ਦੀ ਰੱਜ ਕੇ ਬਰਬਾਦੀ ਕੀਤੀ ਹੈ ਅਤੇ ਪੰਜਾਬ ਦੀ ਜਨਨੀ ਔਰਤ ਨੂੰ ਪਟਾਕਾ, ਟੋਟਾ, ਪੁਰਜਾ, ਸੁਲਫੇ ਦੀ ਲਾਟ, ਤੇ ਪਤਾ ਨਹੀਂ ਕੀ ਕੀ ਬਣਾ ਕੇ ਰੱਖ ਦਿੱਤਾ ਹੈ।
ਇਨ੍ਹਾਂ ਪੰਜਾਬ ਨੂੰ ਕੇਵਲ ਨਸ਼ਿਆਂ ਜਾਂ ਗੈਂਗਵਾਦ ਵਲ ਹੀ ਨਹੀਂ ਤੋਰਿਆ, ਬਲਕਿ ਨੰਗਾਂ ਦੀਆਂ ਕਬਰਾਂ ਉਪਰ ਵੀ ਤੁਹਾਡੇ ਸਿਰ ਰਗੜਵਾਏ ਹਨ। ਗੁਰੂ ਸਾਹਿਬਾਨਾਂ ਦੀ ਬਖਸ਼ਸ਼ ਵਿਚ ਜਿਉਂਣ ਵਾਲਾ ਅਣਖੀਲਾ ਪੰਜਾਬ ਕੁਲਦੀਪ ਮਾਣਕ, ਗੁਰਦਾਸ ਮਾਨ, ਹੰਸਰਾਜ, ਸਰਦੂਲ ਸਕੰਦਰ ਤੇ ਸਤਿਦੰਰ ਸਿਰਤਾਜ ਵਰਗਿਆਂ ਨੰਗਾਂ ਦੀਆਂ ਕਬਰਾਂ ਤੇ ਲਿਜਾ ਸੁੱਟਿਆ। ਲਾਡੀਸ਼ਾਹ! ਜਿਹੜਾ ਸਿਗਰਟਾਂ ਫੂਕਦਾ, ਸੁਲਫੇ ਪੀਂਦਾ ਅਤੇ ਨਸ਼ਿਆਂ ਦਾ ਮਾਰਿਆ, ਉਸ ਦੀਆਂ ਮਜਾਰਾਂ ਉਪਰ ਗੁਰਦਾਸ ਮਾਨ ਤੇ ਹੋਰਾਂ ਮੇਲੇ ਲਵਾਏ ਅਤੇ ਉਸ ਨੰਗ ਅਤੇ ਨਸ਼ੇੜੀ ਬੰਦੇ ਨੂੰ ਰੱਬ ਬਣਾ ਕੇ ਪੇਸ਼ ਕੀਤਾ। ਨੋਟਾਂ ਦੀਆਂ ਬੋਰੀਆਂ ਵਾਰਦਾ ਲਾਡੀਸ਼ਾਹ ਗੁਰਦਾਸ ਮਾਨ ਵਰਗੇ ਚੂਚਿਆਂ ਨੂੰ ਅਪਣੇ ਪੈਰਾਂ ਵਿਚ ਸੁੱਟ ਪੰਜਾਬ ਦੀ ਗੈਰਤ ਦਾ ਘਾਣ ਕਰ ਰਿਹਾ ਨਜ਼ਰ ਆ ਰਿਹਾ ਹੈ, ਕਿਉਂਕਿ ਅਜਿਹੇ ਮਸ਼ਹੂਰ ਕਲਾਕਾਰ ਵਲ ਵੇਖ ਪੰਜਾਬ ਦੇ ਭੋਲੇ ਲੋਕਾਂ ਵੀ ਕਬਰਾਂ ਵਲ ਮੂੰਹ ਚੁੱਕ ਲਿਆ। ਇਨ੍ਹਾਂ ਨੂੰ ਪੰਜਾਬ ਨੇ ਅਪਣੇ ਸਿਰ ਤੇ ਚੁੱਕਿਆ, ਪੈਸਾ ਦਿੱਤਾ, ਸ਼ੋਰਹਤ ਦਿੱਤੀ, ਪਰ ਸੂਰਬੀਰ ਜੋਧਿਆਂ ਨੂੰ ਛੱਡ ਨੰਗਾਂ ਦੀਆਂ ਕਬਰਾਂ ਦੇ ਮੇਲੇ ਭਰਦੇ ਰਹੇ? ਖਾਂਦੇ ਪੰਜਾਬ ਦਾ ਤੇ ਭੰਡ-ਪੁਣਾਂ ਕਬਰਾਂ ਅਤੇ ਡੇਰਿਆਂ ਦਾ ਕਰਦੇ ਰਹੇ?
ਪੰਜਾਬ ਗੈਰਤ ਦੀ ਲੜਾਈ ਲੜਿਆ, ਅਬਦਾਲੀ ਨਾਦਰਾਂ ਨੂੰ ਪੰਜਾਬ ਦੇ ਸੂਰਬੀਰਾਂ ਲੋਹੇ ਦੇ ਚਣੇ ਚਬਾਏ, ਹਿੰਦੋਸਤਾਨ ਦੀਆਂ ਬਹੂ-ਬੇਟੀਆਂ ਦੀ ਇੱਜਤੋ-ਆਬਰੂ ਬਚਾਈ ਇਨ੍ਹਾਂ ਨੂੰ ਚਰਖੜੀਆਂ ਤੇ ਚੜ੍ਹਨ ਵਾਲੇ ਉਹ ਜੋਧੇ ਨਹੀਂ ਦਿੱਸੇ, ਪਰ ਕਬਰਾਂ ਵਾਲੇ ਨੰਗ ਇਨ੍ਹਾਂ ਦੇ ‘ਰੋਲ ਮਾਡਲ’ ਬਣੇ, ਜਿਥੇ ਜਾ ਕੇ ਇਨ੍ਹਾਂ ਮੱਥੇ ਰਗੜੇ, ਉਨ੍ਹਾਂ ਦੇ ਜੂਠੇ ਸੁਲਫਿਆਂ ਨੂੰ ਕੱਸ਼ ਲਾਏ ਅਤੇ ਪੰਜਾਬ ਦੀ ਉਮਤ ਨੂੰ ਉਨ੍ਹਾਂ ਦੇ ਪੈਰਾਂ ਵਿਚ ਲਿਜਾ ਸੁੱਟਿਆ। ਇਨ੍ਹਾਂ ਦੀ ਪੰਜਾਬ ਦੇ ਕਾਮਰੇਡਾਂ ਵਾਂਗ ਅੰਡੇ ਕਿਤੇ, ਤੇ ਕੁੜ ਕੁੜ ਕਿਤੇ ਰਹੀ ਜਿਹੜੇ ਕਣਕ ਪੰਜਾਬ ਦੀ ਖਾਂਦੇ, ਪਰ ਸੋਹਲੇ ਰੂਸ ਦੇ ਗਾਉਂਦੇ ਰਹੇ।
ਪੰਜਾਬ ਖੁਦਕਸ਼ੀਆਂ ਦੇ ਰਾਹ ਤੁਰਿਆ, ਪੰਜਾਬ ਲਹੂਆਂ ਵਿਚ ਹਾਲੇ ਕੱਲ ਨਹਾਤਾ, ਪੰਜਾਬ ਅੱਜ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਰੁੜ ਤੁਰਿਆ ਪਰ ਲਾਡੀ-ਸ਼ਾਹ ਵਰਗੇ ਨੰਗ ਇਨ੍ਹਾਂ ਨਚਾਰਾਂ ਤੋਂ ਨੋਟਾਂ ਦੀਆਂ ਬੋਰੀਆਂ ਵਾਰਦੇ ਰਹੇ? ਕਿਥੋਂ ਆਇਆ ਬੋਰੀਆਂ ਪੈਸਾ ਉਸ ਨੰਗ ਕੋਲੇ? ਉਸ ਕੀ ਝੋਨਾ ਵੇਚਿਆ ਸੀ, ਜਾਂ ਕਣਕ ਵੱਡੀ ਸੀ? ਉਸ ਦਾ ਲੁੱਟਣ ਦਾ ਅੰਦਾਜ ਹੀ ਵੱਖਰਾ ਸੀ। ਉਹ ਮਸ਼ਹੂਰ ਨਚਾਰਾਂ ਨੂੰ ਸੱਦ ਕੇ ਨੋਟਾਂ ਦੀਆਂ ਬੋਰੀਆਂ ਸੁੱਟਦਾ, ਤੇ ਇਨ੍ਹਾਂ ਨੂੰ ਕੁੰਡੀ ਬਣਾ ਕੇ ਭੋਲੇ ਪੰਜਾਬ ਦੀਆਂ ਭੀੜਾਂ ਇਕੱਠੀਆਂ ਕਰਕੇ ਲੁੱਟਦਾ। ਗੁਰਦਾਸ ਮਾਨ ਵਰਗੇ ਉਥੇ ਲੱਕ ਬੰਨ ਔਰਤਾਂ ਵਾਂਗ ਲਾਡੀ-ਸ਼ਾਹ ਅਗੇ ਨੱਚਕੇ ਅਪਣੀ ਅਕਲ ਦਾ ਦਿਵਾਲਾ ਕੱਢਦੇ ਅਤੇ ਸਤਿੰਦਰ ਸਿਰਤਾਜ ਵਰਗੇ ਉਥੇ ਜਾ ਕੇ ਭੰਡ-ਪੁਣਾ ਕਰਕੇ ਬੇਸ਼ਰਮਾਂ ਵਾਂਗ ਵਿਚੇ ਲਾਡੀਸ਼ਾਹ ਦੀ ਜੈ ਤੇ ਵਿਚੇ ਬੋਲੇ-ਸੋ-ਨਿਹਾਲ ਕਹਿ ਕੇ ਕੌਮ ਦਾ ਜਲੂਸ ਕੱਢਦੇ।
ਕੌਣ ਬੋਲਿਆ ਪੰਜਾਬ ਦੀ ਬਰਬਾਦੀ ‘ਤੇ? ਲਾਡੀ-ਸ਼ਾਹ?
ਕਿਸੇ ਅੱਥਰੂ ਕੇਰਿਆ? ਕਿਸੇ ਹਉਕਾ ਲਿਆ? ਇਹ ਤਾਂ ਪੰਜਾਬ ਨੂੰ ਸਗੋਂ ਹੋਰ ਨਸ਼ਿਆਂ ਦੇ ਦਰਿਆ ਵਿਚ ਧੱਕੇ ਮਾਰ-ਮਾਰ ਸੁੱਟਦੇ ਰਹੇ। ਅਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ! ਪੰਜਾਬ ਘਰ ਦੀ ਸ਼ਰਾਬ ਲਈ ਹੀ ਬਚਿਆ ਸੀ? ਸ਼ਰਮ ਲੱਥ ਗਈ ਗਾਉਣ ਵਾਲਿਆਂ ਦੀ ਵੀ ਅਤੇ ਲਿਖਣ ਵਾਲਿਆਂ ਦੀ ਵੀ? ਪੰਜਾਬ ਅਪਣੀ ਬਰਬਾਦੀ ਉਪਰ ਅੱਥਰੂ ਕੇਰ ਰਿਹਾ ਹੈ, ਘਰ ਘਰ ਵਿਚੋਂ ਨੌਜਵਾਨੀ ਦੀਆਂ ਲਾਸ਼ਾਂ ਉੱਠ ਰਹੀਆਂ ਹਨ, ਪਿੰਡ ਪਿੰਡ ਸਿਵੇ ਬਲ ਰਹੇ ਹਨ ਪੰਜਾਬ ਦੀ ਜਵਾਨੀ ਦੇ। ਸਰਕਾਰੀ ਅੰਕੜੇ 20 ਹਜਾਰ ਦੱਸ ਰਹੇ ਹਨ ਪਰ ਲੱਖ ਤੋਂ ਉਪਰ ਬੰਦਾ ਸਾਡਾ ਕੈਂਸਰ ਦੀ ਭੇਟ ਚੜ੍ਹ ਚੁੱਕਾ ਹੈ ਪਰ ਇਹ ਬੇਸ਼ਰਮ ਭੰਗੜੇ ਪਾ ਰਹੇ ਜਾ ਕੇ ਕਬਰਾਂ ਤੇ? ਦੱਸੋ ਕੌਣ ਬੋਲਿਆ?
ਸਾਡੇ ਭਰਾ ਮੂਰਖਤਾ ਦੇ ਆਲਮ ਵਿਚੋਂ ਪਤਾ ਨਹੀਂ ਕਦੋਂ ਨਿਕਲਣਗੇ। ਅਖੇ ਇਨ੍ਹਾਂ ਚੰਗਾ ਵੀ ਬਹੁਤ ਗਾਇਆ। ਇਹ ਚੰਗਾ ਉਦਾਂ ਦਾ ਹੀ ਹੈ, ਜਿਵੇਂ ਸਾਧਾਂ ਨੇ ਲੋਕਾਂ ਨੂੰ ਮੂਰਖ ਬਣਾਉਂਣ ਲਈ ਸਕੂਲ ਅਤੇ ਹਸਪਤਾਲ ਖੋਲ੍ਹੇ ਹੋਏ ਹਨ। ਇਹ ਚੰਗਾ ਗਾਇਆ ਕੀ ਕਰੂ? ਨਸ਼ਿਆਂ ਨੂੰ ਉਤਸ਼ਾਹਤ ਕਰਨ ਲਈ ਕਿਸ ਨਹੀਂ ਗਾਇਆ? ਗੁਰਦਾਸ ਮਾਨ, ਕੁਲਦੀਪ ਮਾਣਕ ਜਾਂ ਬੱਬੂ ਮਾਨ? ਮੈਨੂੰ ਬਾਹਲਾ ਪਤਾ ਨਹੀਂ, ਪਰ ਕਹਿੰਦੇ ਇਕ ਜਾਂ ਦੋ ਬੰਦੇ ਬਚੇ ਜਾਂ ਮੁੜੇ? ਪਾਲੀ ਦੇਤਵਾਲੀਆ ਜਾਂ ਰਾਜ ਕਾਕੜੇ ਵਰਗੇ।
ਗੁਰੂਆਂ ਦੀ ਉਮਤ ਕੱਖੋਂ ਹੌਲੀ ਹੋ ਗਈ। ਸਾਡੇ ਲਈ ਤਾਂ ਕੋਈ ਅੱਥਰੂ ਕੇਰਨ ਵਾਲਾ ਵੀ ਨਹੀਂ ਬੱਚਿਆ। ਇਹ ਸਾਡੀਆਂ ਲਾਸ਼ਾਂ ਤੇ ਭੰਗੜੇ ਨਹੀਂ ਪਾ ਰਹੇ? ਪੰਜਾਬ ਦਾ ਕਿਹੜਾ ਘਰ ਹੈ, ਜਿਥੋਂ ਅੱਜ ਅਰਥੀ ਨਹੀਂ ਉੱਠ ਰਹੀ? ਨਸ਼ਿਆਂ ਸਾਨੂੰ ਖਾ ਲਿਆ, ਕੈਂਸਰ ਦੀਆਂ ਰੇਲਾਂ ਸਾਡੀਆਂ ਚਲ ਪਈਆਂ, ਭਈਆਂ ਦਾ ਟਿੱਡੀ-ਦੱਲ ਵੱਖ ਧਾਵਾ ਬੋਲੀ ਖੜਾ ਹੈ, ਚਿੱਟਿਆਂ ਬਗਲਿਆਂ ਅਤੇ ਇਨ੍ਹਾਂ ਨਚਾਰਾਂ ਸਾਡੀ ਗੈਰਤ ਦੀ ਜਹੀ ਤਹੀ ਫੇਰ ਕੇ ਰੱਖ ਦਿੱਤੀ, ਤੁਸੀਂ ਰਹੋਗੇ ਕਿਥੇ? ਲੱਭੋ ਅੱਜ ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ, ਸੁੱਖਾ ਸਿੰਘ ਮਹਿਤਾਬ ਸਿੰਘ? ਲੱਭਦਾ ਕਿਤੇ ਪੰਜਾਬ ਦੀਆਂ ਫਿਜਾਵਾਂ ਵਿਚੋਂ? ਸਰਹੰਦ ਦੀਆਂ ਦੀਵਾਰਾਂ ਵਿਚ ਖੜੇ ਗੁਰੂ ਦੇ ਲਾਲ ਇਨ੍ਹਾਂ ਗੀਦੀਆਂ ਤੇ ਨੰਗਾਂ ਦੀਆਂ ਭੀੜਾਂ ਨੇ ਬੇਪਛਾਣ ਨਹੀਂ ਕਰ ਕੇ ਰੱਖ ਦਿੱਤੇ? ਨਾਦਰਾਂ ਦੇ ਰਾਹ ਰੋਕਣ ਵਾਲੇ ਸੂਰਬੀਰ ਜੋਧਿਆ ਦੇ ਘੋੜਿਆਂ ਦੀਆਂ ਟਾਪਾਂ ਸੁਣਦੀਆਂ ਕਿਤੇ ਤੁਹਾਨੂੰ ਪੰਜਾਬ ਵਿਚ?
ਭਰਾਵੋ ਅਪਣੇ ਰਾਹ ਆਪ ਬਣਾਓ, ਇਨ੍ਹਾਂ ਅਕ੍ਰਤਿਘਣਾ ਦੀਆਂ ਭੀੜਾਂ ਬਣਨ ਦੀ ਬਜਾਇ, ਇਨ੍ਹਾਂ ਦੇ ਸਿਆਪੇ ਕਰੋ, ਤਾਂ ਕਿ ਇਨ੍ਹਾਂ ਨੂੰ ਸਮਝ ਆਏ ਕਿ ਜਦ ਪੰਜਾਬ ਉੱਠਦਾ ਹੈ, ਫਿਰ ਇਹ ਕਰੜੇ ਹੱਥ ਪਾਉਂਦਾ । ਇਹ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਹੈ, ਇਥੇ ਨੰਗਾਂ ਦੀਆਂ ਕਬਰਾਂ ਦਾ ਕੀ ਕੰਮ? ਇਹ ਅਣਖੀਲਾ ਪੰਜਾਬ ਹੈ, ਇਥੇ ਬੇਗੈਰਤ ਭੋਰਿਆਂ ਵਿਚ ਦੜੇ ਬੈਠੇ ਗੀਦੀ ਸਾਧੜਿਆਂ ਲਈ ਕੋਈ ਥਾਂ ਨਹੀਂ! ਗੁਰਾਂ ਦੇ ਨਾਂ ਤੇ ਵੱਸਦੇ ਪੰਜਾਬ ਵਿਚ ਮੰਡੀਰਾਂ ਕਿਥੋਂ ਆਈਆਂ?
 ਗੁਰਦੇਵ ਸਿੰਘ ਸੱਧੇਵਾਲੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.