ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਅਖਾਣਾਂ ਵਿੱਚ ਹੀ ਲੁੱਟੇ ਗਏ ! (ਨਿੱਕੀ ਕਹਾਣੀ)
ਅਖਾਣਾਂ ਵਿੱਚ ਹੀ ਲੁੱਟੇ ਗਏ ! (ਨਿੱਕੀ ਕਹਾਣੀ)
Page Visitors: 2612
ਅਖਾਣਾਂ ਵਿੱਚ ਹੀ ਲੁੱਟੇ ਗਏ ! (ਨਿੱਕੀ ਕਹਾਣੀ)
ਸਿੱਖ ਸਿਆਸਤ ਬਾਰੇ ਆਪਣੇ ਵਿਚਾਰ ਅਖਾਣ ਬੋਲ ਕੇ ਦੱਸੋ
 (ਪ੍ਰੋਫੇਸਰ ਹਰਜੀਤ ਸਿੰਘ ਨੇ ਲੈਕਚਰ ਲੈਂਦਿਆਂ ਪੁੱਛਿਆ)
ਅੰਨੇ ਕੁੱਤੇ ਹਿਰਣਾਂ ਦੇ ਸ਼ਿਕਾਰੀ ! (ਇੱਕ ਆਵਾਜ਼ ਆਈ) ; 
ਅੰਨੀ ਪੀਹਂਦੀ ਤੇ ਕੁੱਤੇ ਚੱਟਦੇ ! ; 
ਗੋਲੀ ਕਿੰਦੀ ਤੇ ਗਹਿਣੇ ਕਿੰਦੇ ? ; 
ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ! ; 
ਆਪ ਨਾ ਜਾਂਦੀ ਸਹੁਰੇ ਤੇ ਲੋਕਾਂ ਮੱਤੀ ਦੇ ! ; 
ਘਰ ਦਾ ਭੇਦੀ ਲੰਕਾ ਢਾਏ ! ; 
ਬਾਤਨ ਹੀ ਅਸਮਾਨ ਗਿਰਾਵੈ ! ; 
ਗਲਤੀਆਂ ਪਲੋੰ ਸੇ ਹੋਤੀ ਹੈਂ, ਭੁਗਤਨਾ ਸਦਿਓਂ ਕੋ ਪੜਤਾ ਹੈ ! ;
ਅਕਲਾਂ ਬਾਝੋਂ ਖੂਹ ਖਾਲੀ ! ; 
ਜਿੱਥੇ ਵੇਖਾਂ ਤਵਾ ਪਰਾਤ, ਓਥੇ ਗਾਵਾਂ ਦਿਨ ਤੇ ਰਾਤ ;
ਅੱਖਾਂ ਵੇਖ ਨਾਂ ਰੱਜੀਆਂ ਬਹੁ ਰੰਗ ਤਮਾਸ਼ੇ;
ਆਪ ਕਿਸੇ ਜਿਹੀ ਨਾਂ ,ਨੱਕ ਚਾੜਨੋਂ ਰਹੀ ਨਾਂ; (ਸਭ ਪਾਸੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ)
ਤੂੰ ਦੱਸ ਬਈ ਗੁਰਭੇਜ ਸਿੰਘ ! ਰੱਤਾ ਕੁ ਗੱਲ ਖੋਲ ਕੇ ਸਮਝਾਈ ! (ਪ੍ਰੋ. ਹਰਜੀਤ ਸਿੰਘ ਨੇ ਕਿਹਾ)
ਗੁਰਭੇਜ ਸਿੰਘ : ਸਿੱਖ ਸਿਆਸਤ ਇੱਕ ਹੋਸ਼-ਗੁਮ ਜੋਸ਼-ਭਰਪੂਰ ਮਸਤਾਨਿਆਂ ਦਾ ਟੋਲਾ ਹੈ ! ਜੋ ਪ੍ਰਾਪਤੀ ਤੇ
0.0001% ਕਰਦਾ ਹੈ ਪਰ ਉਸ ਦਾ ਜੱਸ ਲੈਣ ਲਈ ਕੰਨ-ਪਾੜਵੀਂ ਬਿਆਨਬਾਜ਼ੀ ਦੀਆਂ ਸਾਰੀਆਂ ਹਦਾਂ ਪਾ ਕਰ ਜਾਉਂਦਾ ਹੈ ! 
ਸ਼ਾਇਦ ਸਿੱਖ ਕੌਮ ਆਪਨੇ ਧਾਰਮਿਕ ਅੱਤੇ ਸਿਆਸੀ ਲੀਡਰਾਂ ਦੀਆਂ ਕਮਜੋਰੀਆਂ ਕਰਕੇ ਇਸ ਸ਼ਤਾਬਦੀ ਦੀ ਸਭਤੋਂ ਕਮਜੋਰ ਅੱਤੇ 
ਹਾਰੀ ਹੋਈ ਕੋਮਾਂ ਵਿੱਚੋਂ ਗਿਣੀ ਜਾਵੇਗੀ ! ਮੁਕਦੀ ਗੱਲ ਕੀ "ਪੱਗ ਵੇਚ ਕੇ ਘਿਓ ਨਹੀਂ ਖਾਈਦਾ" 
ਪ੍ਰੋ. ਹਰਜੀਤ ਸਿੰਘ (ਹੈਰਾਨੀ ਨਾਲ) : ਕੀ ਗੱਲ ਹੋ ਗਈ ਬਈਤੂੰ ਤੇ ਭਰਿਆਂ ਬੈਠਾਂ ਹੈਂ ? "ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ?"
ਗੁਰਭੇਜ ਸਿੰਘ : "ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓੱਥੇ ਦਾ ਓੱਥੇ" ਵਾਂਗ ਤਖਤਾਂ ਦਾ ਨਾਮ ਲੈ ਕੇ ਆਮ ਸਿੱਖ ਨੂੰ ਮੂਰਖ ਬਣਾਇਆ
 ਜਾ ਰਿਹਾ ਹੈ ਪਰ "ਔਲਿਆਂ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ, ਬਾਅਦ 'ਚ ਪਤਾ ਲੱਗਦਾ" ਵਾਂਗ ਸ਼ਾਇਦ ਆਮ ਸਿੱਖ ਇਸ ਭੇਦ ਨੂੰ 
ਕੁਝ ਸਮੇਂ ਬਾਅਦ ਸਮਝੇਗਾ ਪਰ ਤੱਦ ਤੱਕ ਦੇਰ ਹੋ ਚੁੱਕੀ ਹੋਵੇਗੀ !
ਪ੍ਰੋ. ਹਰਜੀਤ ਸਿੰਘ : "ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ"; ਰੱਤਾ ਕੁ ਸੋਚ ਕੇ ਬੋਲ ਨੌਜਵਾਨਾਂ !
 ਮੈਂ ਮੰਨਦਾ ਹਾਂ ਕੀ "ਉੱਖਲ ਪੁੱਤ ਨਾਂ ਜੰਮੇ , ਧੀ ਅੰਨੀ ਚੰਗੀ" ਅੱਤੇ ਪੁੱਤਰ "ਇਕ ਹੋ ਜਾਏ ਕਮਲਾ ਤਾਂ ਸਮਝਾਏ ਵੇਹੜਾ, 
ਵੇਹੜਾ ਹੋ ਜਾਏ ਕਮਲਾ ਤਾਂ ਸਮਝਾਏ ਕੇਹੜਾ ?"
ਗੁਰਭੇਜ ਸਿੰਘ (ਰੱਤਾ ਕੁ ਹੋਰ ਗੁੱਸੇ ਵਿੱਚ) : ਸਾਡੇ ਲੀਡਰ ਤੇ "ਕੋਈ ਫਿਰੇ ਨਥ ਕਢਾਉਣ ਨੂੰ ...ਕੋਈ ਫਿਰੇ ਨੱਕ ਵਢਾਉਣ ਨੂੰ "
 ਤੇ ਨਾਲੇ ਪੰਥ ਦਰਦੀਆਂ ਨਾਲ ਤੇ ਹਮੇਸ਼ਾਂ ਤੋ ਹੀ "ਚੋਰ ਤੇ ਲਾਠੀ ਦੋ ਜਾਣੇ , ਮੈਂ ਤੇ ਭਈਆ ਕੱਲੇ" ਵਾਂਗ ਜੁਲਮ ਹੀ ਹੁੰਦਾ ਆਇਆ ਹੈ !
 ਅੱਤੇ "ਖਾਣ ਪੀਣ ਨੂੰ ਬਾਂਦਰੀ ਤੇ ਸੋਟੇ ਖਾਣ ਨੂੰ ਰਿੱਛ"
ਪ੍ਰੋ. ਹਰਜੀਤ ਸਿੰਘ : ਹਾਂ, ਓਹ ਅਖਾਣ ਹੈ ਨਾ ਕੀ "ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ , ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ"
ਗੁਰਭੇਜ ਸਿੰਘ : ਮੁਕਦੀ ਗੱਲ ਇਹ ਹੈ ਕੀ ਪੰਥਕ ਮਸਲਿਆਂ ਤੇ ਇਨ੍ਹਾਂ ਲੀਡਰਾਂ ਦਾ ਵਤੀਰਾ "ਕੁੱਤਾ ਭੌਂਕੇ, ਬੱਦਲ ਗੱਜੇ, ਨਾਂ ਓਹ ਵੱਢੇ ,
ਨਾਂ ਓਹ ਵੱਸੇ " ਵਾਂਗ ਹੈ ਅੱਤੇ ਇਨ੍ਹਾਂ ਲੀਡਰਾਂ ਦਾ ਤਾਂ ਸੁਭਾ ਹੀ ਪੱਕ ਗਿਆ ਹੈ ਕੀ "ਆਪਣਿਆਂ ਦੇ ਗਿੱਟੇ ਭੰਨਾ ਚੁੰਮਾਂ ਪੈਰ ਪਰਾਇਆ ਦੇ"! 
(ਇਤਨੀ ਦੇਰ ਵਿੱਚ ਪੀਰੀਅਡ ਖਤਮ ਹੋਣ ਦੀ ਘੰਟੀ ਜੋਰ ਦੀ ਵੱਜਦੀ ਹੈ, ਤੇ ਸਾਰੇ ਮੁੰਡੇ ਹੋ ਹੋ ਕਰਦੇ ਕਲਾਸ ਤੋਂ ਬਾਹਰ ਨਿਕਲ ਜਾਂਦੇ
 ਹਨ ਤੇ ਉਨ੍ਹਾਂ ਦਾ ਇਹ ਵਤੀਰਾ ਵੇਖ ਕੇ ਪ੍ਰੋ. ਹਰਜੀਤ ਸਿੰਘ ਦੇ ਮੂੰਹੋਂ ਨਿਕਲਦਾ ਹੈ "ਜੀਹਦੀ ਨਾਂ ਫ਼ੁੱਟੇ ਵਿਆਈ, ਉਹ ਕੀ ਜਾਣੇ ਪੀੜ ਪਰਾਈ")
- ਬਲਵਿੰਦਰ ਸਿੰਘ ਬਾਈਸਨ
http://nikkikahani.com/

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.