ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਪੰਜਾਬ ਬਿਮਾਰਾਂ ਦਾ ਘਰ ਕਿਉਂ ਬਣ ਰਿਹਾ ਹੈ ?
ਪੰਜਾਬ ਬਿਮਾਰਾਂ ਦਾ ਘਰ ਕਿਉਂ ਬਣ ਰਿਹਾ ਹੈ ?
Page Visitors: 2652

  ਪੰਜਾਬ ਬਿਮਾਰਾਂ ਦਾ ਘਰ ਕਿਉਂ ਬਣ ਰਿਹਾ ਹੈ ?  ਅੱਜ ਪੰਜਾਬ ਆਪਣੇ ਗੁਆਢੀਂ  ਸੂਬਿਆਂ ਦੇ ਮੁਕਾਬਲੇ ਤੇ ਅਨੇਕਾਂ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਹੈ ਜਿਹਨਾਂ ਵਿਚ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਹੜ ਆਇਆ ਹੋਇਆ ਹੈ । ਦੂਜੇ ਪਾਸੇ ਪੰਜਾਬ ਦੀ ਪੰਥਕ ਸਰਕਾਰ ਦੁਆਰਾ ਸਰਾਬ ਦਾ ਹੜ ਵਗਾਉਣ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ । ਪੰਜਾਬ ਦੇ ਵਿੱਚ ਕੈਂਸਰ ,ਏਡਜ ,ਸੂਗਰ ਅਤੇ ਕਾਲੇ ਪੀਲੀਏ ਜਿਹੀਆਂ ਭਿਆਨਕ ਬਿਮਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਉੱਚੀ ਲੰਮੀ ਸਰੀਰਕ ਦਿੱਖ ਵਾਲਾ ਪੰਜਾਬ , ਸਰੀਰ ਅਤੇ ਸੋਚ ਪੱਖੋਂ ਵੀ ਬੌਨੀ ਲੋਕਾਂ ਦਾ ਬਣਨ ਵੱਲ ਵਧ ਰਿਹਾ ਹੈ। ਪੰਜਾਬ ਦੀਆਂ ਨਸਲਾਂ ਵਿੱਚ ਵੀ ਵਿਗਾੜ ਪੈਦਾ ਹੋਈ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਫਸਲਾਂ ਦਾ ਵੀ ਸਿਵਾ ਬਾਲਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਵਿੱਚ ਬਹਾਦਰ ਅਖਵਾਉਣ ਵਾਲੀ ਪੰਜਾਬੀ ਕੌਮ ਦੇ ਲੋਕ ਖੁਦਕਸੀਆਂ ਕਰਨ ਦਾ ਰਹ ਫੜਨ ਲੱਗੇ ਹਨ । ਜੋ ਖੁਦਕਸੀ ਨਹੀਂ ਕਰ ਸਕਦਾ ਉਹ ਨਸਿਆ ਦੇ ਦਰਿਆ ਵਿੱਚ ਡੁੱਬਣ ਲੱਗਿਆ ਹੋਇਆ ਹੈ।  ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਸਾਇਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪਛਾਣ ਹੀ ਬਦਲ ਜਾਵੇਗੀ। ਪੰਜਾਬ ਦੇ ਗੁਆਢੀਂ ਸੂਬਿਆ ਦੇ ਹਸਪਤਾਲ ਵੀ ਪੰਜਾਬ ਦੇ ਮਰੀਜਾਂ ਨਾਲ ਭਰੇ ਪਏ ਹਨ । ਬੀਕਾਨੇਰ ਦਾ ਕੈਂਸਰ ਹਸਪਤਾਲ ਵਿੱਚ ਬਹੁਤੇ ਮਰੀਜ ਪੰਜਾਬ ਨਾਲ ਸਬੰਧਤਾ ਹਨ ਅਤੇ ਇਸ ਤਰਾਂ ਹੀ ਚੰਡੀਗੜ ਦਾ ਬਹੁਤੇ ਹਸਪਤਾਲ ਦਿੱਲੀ ਦੇ ਮਸਹੂਰ ਹਸਪਤਾਲ ਅਤੇ ਜੈਪੁਰ ਦੇ ਹਸਪਤਾਲ ਵਿੱਚ ਪੰਜਾਬ ਦੇ ਬਿਮਾਰ ਲੋਕਾਂ ਦੀ ਬਹੁਤਾਤ ਹੁੰਦੀ ਹੈ। ਦੇਸ ਅਤੇ ਦੁਨੀਆਂ ਨੂੰ ਭੁੱਖ ਤੋਂ ਬਚਾਉਣ ਲਈ ਅੰਨ ਪੈਦਾ ਕਰਨ ਵਾਲੇ ਪੰਜਾਬੀ ਇਸ ਅੰਨ ਨੂੰ ਪੈਦਾ ਕਰਨ ਦੀ ਬਲੀ ਚੜੀ ਜਾ ਰਹੇ ਹਨ। ਪੰਜਾਬ ਦੇ ਖੇਤੀਬਾੜੀ ਮਾਹਰਾਂ ਦੁਆਰਾ ਅੰਨ ਉਤਪਾਦਨ ਵਧਾਉਣ ਲਈ ਜਹਿਰ ਅਤੇ ਰਸਾਇਣਕ ਖਾਦਾਂ ਦੀ ਅੰਨੀਂ ਵਰਤੋਂ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ੳਤਸਾਹਤ ਕੀਤਾ ਗਿਆ ਜਿਸਨੇ ਪੰਜਾਬ ਦੇ ਵਾਤਾਵਰਣ ਨੂੰ ਵਿਗਾੜ ਦਿੱਤਾ ਹੈ ਭਾਵੇਂ ਅਜ ਇੱਥੋਂ ਦੇ ਖੇਤੀਬਾੜੀ ਦੇ ਮਾਹਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸਲਾਹਕਾਰ ਲੋਕ ਮੁੱਕਰ ਰਹੇ ਹਨ ਅਤੇ ਸਾਰੀ ਜੁੰਮੇਵਾਰੀ ਕਿਸਾਨ ਸਿਰ ਪਾ ਰਹੇ ਹਨ। 
ਜਦ ਵੀ ਪੰਜਾਬ ਵਿੱਚ ਹਰੀ ਕਰਾਂਤੀ ਦੀ ਗੱਲ ਚਲਦੀ ਹੈ ਤਦ ਹੀ ਬਹੁਤ ਸਾਰੇ ਅਦਾਰੇ , ਖੇਤੀਬਾੜੀ ਯੂਨੀਵਰਸਿਟੀ, ਅਤੇ ਰਾਜਨੀਤਕ ਇਸ ਦਾ ਸੇਹਰਾ ਆਪੋ ਆਪਣੇ ਅਤੇ ਆਪਣੀਆਂ ਸਹਾਇਕ ਪਾਰਟੀਆਂ ਨਾਲ ਜੋੜਨ ਲੱਗਦੇ ਹਨ। ਇਸ ਹਰੀ ਕਰਾਂਤੀ ਦੇ ਹੁਣ ਕੁੱਝ ਖਤਰਨਾਕ ਫਲ ਵੀ ਸਾਹਮਣੇ ਆ ਰਹੇ ਹਨ ਜਿੰਹਨਾਂ ਵਿੱਚ ਕੈਂਸਰ ਅਤੇ ਇਸ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਸਰੀਰ ਵਿੱਚ ਜਹਿਰਾਂ ਅਤੇ ਯੂਰੇਨੀਅਮ ਵਰਗੇ ਤੱਤ ਖਤਰਨਾਕ ਸੀਮਾ ਤੇ ਪਹੁੰਚ ਗਏ ਹਨ। ਇਹਨਾਂ ਦੇ ਕਾਰਨ  ਪੰਜਾਬ ਦੇ ਲੋਕਾਂ ਵਿੱਚ ਸਰੀਰਕ ਵਿਗਾੜ ਅਤੇ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਸ ਹਰੀ ਕਰਾਂਤੀਂ ਨਾਲ ਪੰਜਾਬੀਆਂ ਨੇ ਖੁਸਹਾਲ ਹੋਣਾਂ ਸੀ ਪਰ ਓੁਲਟਾ ਓੁਹ ਕਰਜਾਈ ਅਤੇ ਬਿਮਾਰੀਆਂ ਦੇ ਘਰ ਹੋ ਗਏ ਹਨ। ਕਰਜਾਈ ਕਿਸਾਨ ਨਸਿਆਂ ਤੋਂ ਆਤਮਹੱਤਿਆਵਾਂ ਤੱਕ ਪਹੁੰਚ ਗਏ ਹਨ। ਰੰਗਲਾਂ ਪੰਜਾਬ ਕੰਗਾਲ ਪੰਜਾਬ ਬਣ ਰਿਹਾ ਹੈ। ਦੁੱਧ ਲਸੀਆਂ ਪੀਣ ਵਾਲੇ ਪੰਜਾਬੀ ਨਸੱਈ ਬਣੀ ਜਾ ਰਹੇ ਹਨ। ਸਾਰਾ ਸਾਲ ਕੰਮ ਕਰਕੇ ਰਿਸਟ ਪੁਸਟ ਰਹਿਣ ਵਾਲੇ ਪੰਜਾਬੀ ਵਿਹਲੜ ਕਿਓੁਂ ਬਣ ਗਏ ਹਨ। ਜਿਹੜੇ ਅਦਾਰੇ ਅਤੇ ਲੋਕ ਇਸ ਇਨਕਲਾਬ ਦੇ ਸਰਦਾਰ ਅਖਵਾਓੁਂਦੇ ਸਨ ਕੀ ਓੁਹ ਹੁਣ ਜੁੰਮੇਵਾਰੀ ਲੈਣਗੇ ਇੰਹਨਾਂ ਸਾਰੇ ਵਰਤੇ ਵਰਤਾਰਿਆਂ ਦੀ? ਪੰਜਾਬੀਆਂ ਓੁੱਪਰ ਅੱਜਕਲ ਬਹੁਤੇ ਰਾਜਨੀਤਕ ਅਤੇ ਅਖੌਤੀ ਖੇਤੀਬਾੜੀ ਮਾਹਰ ਪੰਜਾਬੀ ਕਿਸਾਨ ਓੁੱਪਰ ਹੀ ਦੋਸ ਮੜ ਰਹੇ ਹਨ ਕਿ ਇਹ ਜਹਿਰਾਂ ਦੀ ਨਜਾਇਜ ਵਰਤੋਂ ਕਰਦਾ ਹੈ. ਕਿਸਾਨ ਨੂੰ ਮੰਡੀਕਰਨ ਨਹੀਂ ਕਰਨਾਂ ਆਓੁਦਾਂ, ਅਤੇ ਹੋਰ ਅਨੇਕਾਂ ਨੁਕਸ ਕੱਢਦੇ ਹਨ ਪਰ ਕੀ ਸਾਰਾ ਦੋਸ ਕਿਸਾਨ ਦਾ ਹੀ ਹੈ। ਕੀ ਕਿਸਾਨ ਓੁੱਪਰ ਲਾਏ ਜਾ ਰਹੇ ਦੋਸਾਂ ਵੱਲ ਇਸਨੂੰ ਕਿਸ ਨੇ ਤੋਰਿਆ ਇਸ ਦੀ ਪੜਤਾਲ ਕਰੇਗਾ? ਪਿੱਛਲੇ ਸਮੇਂ ਨੂੰ ਯਾਦ ਕਰਦਿਆਂ ਚੇਤੇ ਆਓੁਂਦਾਂ ਹੈ ਜਦ ਇਹੀ ਅਖੌਤੀ ਮਾਹਰ ਲੋਕ ਜਦ ਕਿਸਾਨ ਰਸਾਇਣਕ ਖਾਦਾਂ ਅਤੇ ਜਹਿਰਾਂ ਨੂੰ ਘੱਟ ਵਰਤਦਾ ਸੀ ਤਦ ਇਸਨੂੰ ਪਛੜਿਆ ਦੱਸਦੇ ਸਨ ਅਤੇ ਓੁਲਟਾ ਵਿਦੇਸੀ ਕਿਸਾਨਾਂ ਨਾਲ ਤੁਲਨਾਂ ਕਰਕੇ ਕਹਿੰਦੇ ਸਨ ਕਿ ਅਮਰੀਕੀ ਕਿਸਾਨ ਖਾਦ ਦੀ ਜਿਆਦਾ ਵਰਤੋਂ ਕਰਦੇ ਹਨ ਪੰਜਾਬੀ ਕਿਸਾਨ ਜੇ ਰਸਾਇਣਕ ਖਾਦ ਵਰਤੇ ਤਦ ਇਹ ਝਾੜ ਵਧਾ ਸਕਦਾ ਹੈ॥ ਜਹਿਰ ਦੀ ਅੰਨੀ ਵਰਤੋਂ ਕਰਨ ਵੀ ਇੰਹਨਾਂ ਖੇਤੀਬਾੜੀ ਮਾਹਰਾਂ ਨੇ ਹੀ ਲਾਇਆ ਸੀ। ਕਪਾ੍ਹ ਤੋਂ ਨਰਮੇ ਵੱਲ ਅਤੇ ਨਰਮੇ ਤੋਂ ਜੀਰੀ ਵੱਲ ਵੀ ਇਸਨੂੰ ਇਸ ਯੂਨੀਵਰਸਿਟੀ ਨੇ ਹੀ ਤੋਰਿਆ ਸੀ। ਅੱਜ ਇਸਦੇ ਮਾਹਰ ਇਸਨੂੰ ਘੁੰਮਣ ਘੇਰੀ ਵਿੱਚ ਫਸਾ ਕੇ ਹੁਣ ਜੁੰਮੇਵਾਰੀ ਤੋਂ ਭੱਜਣਾਂ ਲੋਚਦੇ ਹਨ।ਜਦ ਦੇਸ ਅੰਨ ਓੁਤਪਾਦਨ ਵਿੱਚ ਪਛੜਿਆਾ ਹੋਇਆ ਸੀ ਅਤੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਿਦੇਸਾਂ ਮੂਹਰੇ ਮੰਗਤਿਆਂ ਵਾਂਗ ਜਾਣ ਲਈ ਮਜਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ ਨੂੰ ਇਸ ਬਿਪਤਾ ਵਿੱਚੋਂ ਕੱਢਿਆ ਸੀ  ਦੇਸ ਦੀ ਲੜਾਈ ਲਈ ਪੰਜਾਬੀਆਂ ਨੇ ਆਪਣਾਂ ਸਾਰਾ ਜੋਰ ਲਾਕੇ ਦੇਸ ਨੂੰ ਜਿਤਾਇਆ ਸੀ ਕੀ ਹੁਣ ਦੇਸ ਦੀ ਸਰਕਾਰ ਦਾ ਫਰਜ ਨਹੀਂ ਬਣਦਾ ਕਿ ਓੁਹ ਇਸ ਦੀ ਮੱਦਦ ਕਰੇ? ਜੇ ਅੱਤਵਾਦ ਨੂੰ ਨੱਥ ਪਾਓੁਣ ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਪੰਜਾਬ ਸਿਰ ਚੜਿਆ ਕਰਜਾ ਮਾਫ ਹੋ ਸਕਦਾ ਹੈ ਫਿਰ ਕਿਸਾਨਾਂ ਨੇ ਵੀ ਤਾਂ ਦੇਸ ਦੀ ਹੀ ਲੜਾਈ ਲੜੀ ਹੈ। ਜੇ ਇਸ ਲੜਾਈ ਕਾਰਨ ਓੁਹ ਕਰਜਾਈ ਹੋਏ ਹਨ ਅਤੇ ਇਸ ਕਾਰਨ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ  ਰਹੇ ਹਨ ਤਦ ਦੇਸ ਅਤੇ ਪੰਜਾਬ ਦੀ ਸਰਕਾਰ ਨੂੰ ਓੁਹਨਾਂ ਦੀ ਮੱਦਦ ਕਰਨ ਤੋਂ ਸੰਕੋਚ ਕਿਓੁਂ ਹੈ? ਕਿਸਾਨ ਨੇ ਤਾਂ ਦੇਸ ਲਈ ਦੇਸ ਦਾ ਹਥਿਆਰ ਬਣਕੇ ਕੰਮ ਕੀਤਾ ਹੈ ਪਰ ਇਸ ਨੂੰ ਚਲਾਓੁਣ ਵਾਲੇ ਖੇਤੀਬਾੜੀ ਦੇ ਮਾਹਰ ਅਤੇ  ਹਰੀ ਕਰਾਂਤੀਂ ਦੇ ਜਨਕ ਅਖਵਾਓੁਣ ਵਾਲਿਆਂ ਦਾ ਕਸੂਰ ਕਦੀ ਮਾਫ ਨਹੀਂ ਹੋਵੇਗਾ ਜਿੰਹਨਾਂ ਪੰਜਾਬੀ ਕਿਸਾਨ ਦੀ ਦਿਸਾ ਅਤੇ ਦਸਾ ਵਿਗਾੜ ਦਿੱਤੀ ਹੈ। ਜੇ ਪੰਜਾਬੀ ਕਿਸਾਨ ਨੂੰ ਗਲਤ ਰਸਤੇ ਪਾਓੁਣ ਵਾਲਿਆਂ ਤੋਂ ਕੋਈ ਜਵਾਬ ਤਲਬੀ ਨਾਂ ਹੋਈ ਤਦ ਇਹ ਵੀ ਇੱਕ ਇਤਿਹਾਸਕ ਗਲਤੀ ਹੋਵੇਗੀ। ਸਰਕਾਰਾਂ ਦੀਆਂ ਨੀਤੀਆਂ ਬਣਾਓੁਣ ਵਾਲੇ ਅਤੇ ਪੰਜਾਬੀ ਕਿਸਾਨ ਦੀਆਂ ਵਿਸੇਸ ਰਾਹਾਂ ਬਣਾਓੁਣ ਵਾਲੇ ਖੇਤੀਬਾੜੀ ਮਾਹਿਰ ਹੀ ਅਸਲ ਦੋਸੀ ਹਨ ਕਿਸਾਨ ਦੀ ਮਾੜੀ ਹਾਲਤ ਕਰਵਾਓੁਣ ਲਈ। ਇਹਨਾਂ ਕਿਸਾਨਾਂ ਦੇ ਸਿਰ ਤੇ ਰਾਸਟਰਪਤੀ ਤੋਂ ਅਤੇ ਹੋਰ ਅਨੇਕਾਂ ਇਨਾਮ ਲੈਣ ਵਾਲੇ ਹੁਣ ਕਿਸਾਨ ਦੀ ਇਸ ਦੁਰਦਸਾ ਦੀ ਜੁੰਮੇਵਾਰੀ ਵੀ ਜਰੂਰ ਲੈਣ ਜਿੰਹਨਾਂ ਸਮੇਂ ਸਿਰ ਦੇਸ ਨੂੰ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਸੁਚੇਤ ਨਹੀਂ ਕੀਤਾ  ਕੀ ਕੋਈ ਇਸਦਾ ਜਵਾਬ ਦੇਵੇਗਾ ਸਮਾਂ ਇਸ ਦੀ ਮੰਗ ਕਰਦਾ ਹੈ।
   ਦੂਸਰੇ ਪਾਸੇ ਪੰਜਾਬ ਦਾ ਪਾਕਿ ਪਵਿੱਤਰ ਜਲ ਸੋਮੇ ਦਰਿਆਵਾਂ ਨਹਿਰਾਂ ਨੂੰ ਕਾਰਖਾਨਿਆਂ ਦੇ ਜਹਿਰਾਂ ਭਰਭੂਰ ਤਰਲ ਪਦਾਰਥਾਂ ਨਾਲ ਅਤੇ ਸਹਿਰਾਂ ਦੇ ਗੰਦ ਅਤੇ ਕੂੜੇ ਕੱਚਰੇ ਨਾਲ ਪਲੀਤ ਕੀਤਾ ਜਾ ਰਿਹਾ ਹੈ । ਸਰੀਰ ਲਈ ਖਤਰਨਾਕ ਰਸਾਇਣਕ ਧਾਤਾਂ ਨਾਲ ਗੰਧਲਿਆ ਪਾਣੀ ਖੇਤਾਂ ਅਤੇ ਲੋਕਾਂ ਦੁਆਰਾ ਪੀਣ ਲਈ ਵਰਤਿਆ ਜਾ ਰਿਹਾ ਹੈ ਜਿਸ ਨਾਲ ਬਿਮਾਰੀਆਂ ਉਪਜ ਰਹੀਆਂ ਹਨ। ਖਾਣ ਵਾਲੀਆਂ ਫਸਲਾਂ ਵਿੱਚ ਖਤਰਨਾਕ ਰਸਾਇਣ ਵੀ ਇਸ ਗੰਧਲੇ ਪਾਣੀ ਕਾਰਨ ਹਨ । ਇਸ ਜਹਿਰੀਲੇ ਪਾਣੀ ਅਤੇ ਅਨਾਜ ਕਾਰਨ ਹੀ ਆਮ ਲੋਕਾਂ ਵਿੱਚ ਖਤਰਨਾਕ ਬਿਮਾਰੀਆਂ ਹੋ ਰਹੀਆਂ ਹਨ। ਅੱਜ ਪੰਜਾਬ ਦੇ 90% ਲੋਕ ਬਿਮਾਰ ਹੋਣ ਕਾਰਨ ਦਵਾਈਆਂ ਦਾ ਪਰਯੋਗ ਕਰਨ ਲਈ ਮਜਬੂਰ ਹਨ 50% ਲੋਕਾਂ ਨੂੰ ਤਾਂ ਗੰਭੀਰ ਬਿਮਾਰੀਆਂ ਨੇ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ । ਪੰਜਾਬ ਸਰਕਾਰ ਨੂੰ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਨੀਤੀ ਬਣਾਉਣੀ ਚਾਹੀਦੀ ਹੈ। ਖੇਤੀਬਾੜੀ ਦੇ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਜਹਿਰਾਂ ਦੀ ਪਰਯੋਗਸਾਲਾ ਬਣਾਉਣ ਵਾਲੇ ਖੇਤੀਬਾੜੀ ਮਾਹਰਾਂ ਤੇ ਸਕੰਜਾਂ ਕਸਿਆਂ ਜਾਣਾਂ ਅਤਿ ਜਰੂਰੀ ਹੈ। ਜਦ ਤੱਕ ਖੇਤੀਬਾੜੀ ਨੂੰ ਜਹਿਰਾਂ ਤੋਂ ਮੁਕਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਜਲ ਨੂੰ ਸਾਫ ਰੱਖਣ ਤੋਂ ਪਾਸਾ ਵੱਟਿਆ ਜਾਵੇਗਾ ਤਦ ਤੱਕ ਪੰਜਾਬ ਬਿਮਾਰੀਆਂ ਦੇ ਹੜ ਤੋਂ ਬਚ ਨਹੀਂ ਸਕੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.