ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਅਫਸਰਸਾਹੀ ਦੇ ਨਾਲ ਰਾਜਨੇਤਾਵਾਂ ਦੁਆਰਾ ਗੈਰ ਕਾਨੂੰਨੀ ਵਤੀਰਾ ਕਿਉਂ ?
ਅਫਸਰਸਾਹੀ ਦੇ ਨਾਲ ਰਾਜਨੇਤਾਵਾਂ ਦੁਆਰਾ ਗੈਰ ਕਾਨੂੰਨੀ ਵਤੀਰਾ ਕਿਉਂ ?
Page Visitors: 2659

ਅਫਸਰਸਾਹੀ ਦੇ ਨਾਲ ਰਾਜਨੇਤਾਵਾਂ ਦੁਆਰਾ ਗੈਰ ਕਾਨੂੰਨੀ ਵਤੀਰਾ ਕਿਉਂ ?
ਅੱਜ ਦੇਸ ਦੇ ਰਾਜਨੇਤਾ ਦੇਸ ਦੇ ਸਭ ਤੋਂ ਵੱਡੀ ਅਤੇ ਉੱਚੇ ਅਹੁਦੇ ਵਾਲੀ ਆਈ ਏ ਐੱਸ ਅਫਸਰ ਸਾਹੀ ਨੂੰ ਆਪਣੇਂ ਗੁਲਾਮ ਬਣਾਉਣਾਂ ਲੋਚਦੇ ਹਨ। ਜਦ ਵੀ ਕੋਈ ਅਫਸਰ ਆਪਣੀ ਸੋਚ ਅਨੁਸਾਰ ਜਾਂ ਇਮਾਨਦਾਰੀ ਨਾਲ ਡਿਊਟੀ ਕਰਨਾਂ ਲੋਚਦਾ ਹੈ ਤਦ ਰਾਜਨੀਤਕਾਂ ਦੇ ਮਨਾਂ ਵਿੱਚ ਹਲਚਲ ਹੋਣ ਲੱਗ ਜਾਂਦੀ ਹੈ । ਯੂਪੀ ਦੀ ਇੱਕ ਅਫਸਰ ਦੁਰਗਾ ਸਕਤੀ ਨਾਗਪਾਲ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਤੇ ਜਿਸ ਤਰਾਂ ਧਾਰਮਿਕ ਸਥਾਨ ਦੀ ਕੰਧ ਤੋੜਨ ਦੇ ਦੋਸਾਂ ਵਿੱਚ ਫਸਾਕੇ ਸਸਪੈਂਡ ਕੀਤਾ ਗਿਆ ਹੈ ਨੇ ਰਾਜਨੀਤਕਾਂ ਦੀ ਨੀਅਤ ਦਾ ਸੱਚ ਦਰਸਾ ਦਿੱਤਾ ਹੈ । ਇਸ ਤਰਾਂ ਦੀਆਂ ਕਾਰਵਾਈਆਂ ਕੋਈ ਇੱਕ ਸੂਬਾ ਸਰਕਾਰ ਨਹੀਂ ਬਲਕਿ ਸੈਂਟਰ ਸਰਕਾਰ ਸਮੇਤ ਹਰ ਸੂਬਾ ਸਰਕਾਰ ਕਰ ਰਹੀ ਹੈ। ਪਿੱਛਲੇ ਦਿਨੀ ਪੰਜਾਬ ਦੇ ਇੱਕ ਹਿੰਮਤੀ ਅਫਸਰ ਕਾਹਨ ਸਿੰਘ ਪੰਨੂੰ ਨਾਲ ਵੀ ਮਾਰਕੁਟਾਈ ਕੀਤੀ ਗਈ  ਜਿਸਦੀ ਦੇਸ ਭਰ ਵਿੱਚ ਚਰਚਾ ਹੋਈ । ਇਸ ਕੇਸ ਦੀ ਜਾਂਚ ਦੀ ਕੋਈ ਰਿਪੋਰਟ ਜੱਗ ਜਾਹਰ ਨਹੀਂ ਹੋਈ। ਜਿਸ ਮੰਤਰੀ ਨਾਲ ਪੰਨੂੰ ਸਾਹਿਬ ਕੰਮ ਕਰ ਰਹੇ ਸਨ ਦੇ  ਨਾਲੋਂ ਵੀ ਪਤਾ ਨਹੀਂ ਕਿਉਂ ਹਟਾ ਦਿੱਤਾ ਗਿਆ। ਹਰਿਆਣੇ ਵਿੱਚ ਸੋਨੀਆਂ ਗਾਂਧੀ ਪਰੀਵਾਰ ਦੇ ਜਵਾਈ ਖਿਲਾਫ ਜਾਂਚ ਕਰਨ ਵਾਲੇ ਅਫਸਰ ਖੇਮਕਾ ਉੱਪਰ ਵੀ ਇਸ ਤਰਾਂ ਹੀ ਕੀਤਾ ਗਿਆ। ਰਾਜਸਥਾਨ ਵਿੱਚ ਵੀ ਦੋ ਅਫਸਰਾਂ ਉੱਪਰ ਸਸਪੈਂਡ ਕਰਨ ਦੀ ਕਾਰਵਾਈ ਕੀਤੀ ਗਈ। ਸੈਂਟਰ ਸਰਕਾਰ ਚੀ ਸੀ ਬੀ ਆਈ ਦੇ ਅਫਸਰਾਂ ਨੂੰ ਜਿਸ ਤਰਾਂ ਮੋਹਰਿਆਂ ਵਾਂਗ ਵਰਤ ਰਹੀ ਹੈ ਅਤਿ ਖਤਰਨਾਕ ਹੈ । ਇਸ ਤਰਾਂ  ਰਾਜਨੀਤਕਾਂ ਦੁਆਰਾ ਗਲਤ ਸੰਦੇਸ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਮਾਨਦਾਰ ਅਫਸਰਾਂ ਨੂੰ ਡਰਾਇਆ ਜਾ ਰਿਹਾ ਹੈ। ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਕੋਈ ਵੀ ਅਫਸਰ ਇਮਾਨਦਾਰੀ ਨਾਲ ਕੰਮ ਕਰਨ ਦੀ ਜੁਰਅਤ ਨਹੀਂ ਕਰੇਗਾ। ਕਾਨੂੰਨ ਦੇ ਨਾਂ ਤੇ ਚੱਲਣ ਵਾਲਾ ਲੋਕ ਤੰਤਰ ਇੱਕ ਮਖੌਲ ਬਣ ਜਾਵੇਗਾ । ਸੈਂਟਰ ਦੇ ਵਿੱਚ ਮੌਜੂਦ ਕਮਜੋਰ ਘੱਟ ਗਿਣਤੀ ਸਰਕਾਰ ਕਿਸੇ ਵੀ ਸੂਬਾ ਸਰਕਾਰ ਤੇ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ ਜਿਸ ਨਾਲ ਸੂਬਿਆਂ ਦੇ ਮੁੱਖਮੰਤਰੀ ਡਿਕਟੇਟਰਾਂ ਵਾਂਗ ਵਿਵਹਾਰ ਕਰ ਰਹੇ ਹਨ। ਦੇਸ ਵਿੱਚ ਬਹੁਤ ਹੀ ਮੁਸਕਲ ਨਾਲ ਰਾਜਿਆਂ ਦਾ ਰਾਜ ਖਤਮ ਹੋਇਆਂ ਸੀ ਅਤੇ ਦੇਸ ਇੱਕਮੁੱਠ ਅਤੇ ਮਜਬੂਤ ਬਣਿਆਂ ਸੀ । ਜਦ ਤੋਂ ਸੈਂਟਰ ਸਰਕਾਰ ਕਮਜੋਰ ਹੋਈ ਹੈ ਤਦ ਤੋਂ ਸੁਬਿਆਂ ਅਤੇ  ਫਿਰਕਿਆਂ ਦੇ ਆਗੂ ਲੋਕ ਸੁਪਰ ਬੌਸ ਬਣਨ ਲੱਗੇ ਹਨ ਜਿਸ ਨਾਲ ਦੇਸ ਦੀ ਏਕਤਾ ਨੂੰ ਖਤਰਾ ਖੜਾ ਹੋਣ ਲੱਗ ਪਿਆ ਹੈ।                                                      
    ਅੰਗਰੇਜੀ ਰਾਜ ਸਮੇਂ ਜਿਉਂਦੇ ਰੱਖੇ ਗਏ ਰਾਜੇ ਅਤੇ ਨਵਾਬ ਉਹਨਾਂ ਦੀ ਲੋੜ ਸਨ ਦੇਸ ਨੂੰ ਪਾਟੋਧਾੜ ਕਰਕੇ ਰਾਜ ਕਰਨ ਲਈ ਪਰ ਦੇਸ ਦੀ ਅਜਾਦੀ ਤੋਂ ਬਾਅਦ ਤਾਂ ਦੇਸ ਨੂੰ ਵਿਸਾਲ ਅਤੇ ਮਜਬੂਤੀ ਦੇਣ ਲਈ ਦੇਸ ਨੂੰ ਇੱਕ ਧਾਗੇ ਵਿੱਚ ਪਰੋਣ ਲਈ ਇਹਨਾਂ ਛੋਟੇ ਰਾਜਾਂ ਦਾ ਖਾਤਮਾ ਜਰੂਰੀ ਸੀ ਜੋ ਕੀਤਾ ਗਿਆ ਸੀ। ਦੇਸ ਨੇ ਇਸ ਨਾਲ ਤਰੱਕੀ ਵੀ ਕੀਤੀ ਸੀ ਪਰ ਵਰਤਮਾਨ ਕਮਜੋਰ ਸਰਕਾਰਾਂ ਫਿਰ ਅੰਗਰੇਜ ਸਾਮਰਾਜ ਦਆਂ ਨੀਤੀਆਂ ਵੱਲ ਮੁੜ ਚੱਲੇ ਹਨ ਜੋ ਸੂਬਾ ਸਰਕਾਰਾਂ ਨੂੰ ਮਨਮਾਨੀ ਕਰਨ ਦੀਆਂ ਖੁਲਾਂ ਦੇ ਰਹੇ ਹਨ। ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਦੇਸ ਦੁਬਾਰਾ ਪਾਟੋਧਾੜ ਹੋਣ ਵੱਲ ਵੱਧਣ ਲੱਗੇਗਾ। ਜੇ ਅੱਜ ਦੇਸ ਦੀ ਅਫਸਰ ਸਾਹੀ ਹੀ ਗੁਲਾਮਾਂ ਵਾਲੀ ਸਥਿਤੀ ਵਿੱਚ ਆ ਗਈ ਤਾਂ ਸਿਆਸਤਦਾਨ ਲੋਕਤੰਤਰੀ ਨੇਤਾ ਦੀ ਥਾਂ ਤਾਨਾਸਾਹ ਬਣ ਬੈਠਣਗੇ। ਰਾਜਨੀਤਕਾਂ ਦੇ ਹੌਸਲੇ ਏਨੇ ਵੱਧ ਚੁੱਕੇ ਹਨ ਕਿ ਕਾਨੂੰਨ ਹੁਣ ਉਹਨਾਂ ਦੀ ਜੇਬ ਅਤੇ ਮੂੰਹ ਵਿੱਚ ਬੋਲਦਾ ਹੈ। ਵਿਧਾਨ ਸਭਾਵਾਂ ਵਿੱਚ ਪਹੁੰਚੇ ਲੋਕ ਗੂੰਗੇ ਪਹਿਲਵਾਨ ਸਿੱਧ ਹੋ ਰਹੇ ਹਨ । ਦੇਸ ਦੀ ਜਨਤਾ ਨੂੰ ਵੀ ਭਰਿਸਟ ਕਰਨ ਦੇ ਤਰੀਕੇ ਖੋਜੇ ਜਾ ਰਹੇ ਹਨ ਹੁਣ ਦੇਸ ਦੇ ਗਰੀਬ ਲੋਕਾਂ ਨੂੰ ਰੋਜਗਾਰ ਦੀ ਥਾਂ ਰਿਆਇਤਾਂ ਦੇ ਸਬਜਬਾਗ ਦਿਖਾਏ ਜਾ ਰਹੇ ਹਨ। ਅਫਸਰ ਸਾਹੀ ਵੀ ਰਾਜਨੀਤਕਾਂ ਦੇ ਸਬਜਬਾਗ ਵਿੱਚੋਂ ਕੁਰਸੀ ਦਾ ਫਲ ਤੋੜਨ ਲਈ ਆਪਣੇ ਕਿਰਦਾਰ ਅਤੇ ਫਰਜ ਤੋਂ ਮੁੱਖ ਮੋੜਨ ਨੂੰ ਪਹਿਲ ਦੇ ਰਹੀ ਹੈ।  ਭਰਿਸਟਾਚਾਰੀਆਂ ਅਤੇ ਅਦਾਲਤਾਂ ਦੁਆਰਾਂ ਦੋਸੀ ਠਹਿਰਾਏ ਗਏ ਮੁਜਰਮ ਰਾਜਨੀਤਕਾਂ ਨੂੰ ਸਰਕਾਰਾਂ ਤੋਂ ਬੇਦਖਲ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਾਉਣ ਦੀਆਂ ਵੀ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਾਣਕਾਰੀ ਲੈਣ ਦੇ ਆਰ ਟੀ ਆਈ ਘੇਰੇ ਤੋਂ ਵੀ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ। ਰਾਜਨੀਤਕ ਲੋਕ ਅਦਾਲਤੀ ਦੋਸੀਆਂ ਨੂੰ ਵੀ ਚੋਣਾਂ ਲੜਾਉਣਾਂ ਚਾਹੁੰਦੇ ਹਨ ਜਿਸ ਲਈ ਕਦੇ ਵੀ ਉਹ ਸੰਵਿਧਾਨਿਕ ਸੋਧ ਪਾਸ ਕਰ ਸਕਦੇ ਹਨ । ਜੇ ਇਸ ਤਰਾਂ ਹੀ ਚੱਲਦਾ ਰਿਹਾ ਦੇਸ ਇੱਕ ਦਿਨ ਕਾਲੇ ਦੌਰ ਵਿੱਚ ਚਲਾ ਜਾਵੇਗਾ ਜਿਸ ਤੇ ਬੇਈਮਾਨ ਅਤੇ ਭਰਿਸਟ ਰਾਜਨੀਤਕਾਂ ਦਾ ਕਬਜਾ ਹੋਵੇਗਾ।                    
    ਦੇਸ ਦਾ ਵਰਤਮਾਨ ਸੈਂਟਰ ਦੇ ਵਿੱਚ ਇੱਕ ਮਜਬੂਤ ਸਰਕਾਰ ਦੀ ਮੰਗ ਕਰਦਾ ਹੈ ਜੋ ਕਿ ਕਿਸੇ ਵਿਚਾਰਧਾਰਾ ਦਾ ਪਾਬੰਦ ਹੋਣਾਂ ਚਾਹੀਦਾ ਹੈ ਨਾਂ ਕਿ ਖੇਤਰੀ ਨੇਤਾਵਾਂ ਦਾ। ਦੇਸ ਵਿੱਚ ਏਕਤਾ ਰੱਖਣ ਲਈ ਅਣਗਿਣਤ ਰਾਜਨੀਤਕ ਪਾਰਟੀਆਂ ਬਣਾਉਣ ਤੇ ਵੀ ਰੋਕ ਲੱਗਣੀ ਜਰੂਰੀ ਹੈ । ਕੋਈ ਵੀ ਕਿਸੇ ਵਿਸੇਸ ਇਲਾਕੇ ਜਾਂ ਵਿਸੇਸ ਸਮੂਹ ਦਾ ਆਗੂ ਬਣਕੇ ਆਪਣੀ ਰਾਜਨੀਤਕ ਪਾਰਟੀ ਬਣਾ ਲੈਂਦਾਂ ਹੈ ਜੋ ਬਅਦ ਵਿੱਚ ਜੇ ਤਾਕਤ ਦਾ ਹਿੱਸੇਦਾਰ ਬਣ ਜਾਂਦਾ ਹੈ ਤਦ ਉਹ ਦੇਸ ਦੀ ਥਾਂ ਆਪੋ ਆਪਣੇ ਫਿਰਕੇ ਦੇ ਹਿੱਤ ਸੋਚਦਾ ਹੈ । ਫਿਰਕੇ ਅਤੇ ਇਲਾਕਾਈ ਨੇਤਾ ਦੇਸ ਲਈ ਘਾਤਕ ਸਿੱਧ ਹੋ ਰਹੇ ਹਨ। ਇਸ ਤਰਾਂ ਦੇ ਨੇਤਾ ਹੀ ਸੈਂਟਰ ਸਰਕਾਰ ਦੇ ਲਈ ਕੰਮ ਕਰਨ ਵਾਲੀ ਅਫਸਰ ਸਾਹੀ ਨੂੰ ਕਮਜੋਰ ਕਰਦੇ ਹਨ। ਜੇ ਦੇਸ ਦੀ ਅਫਸਰ ਸਾਹੀ ਨੂੰ ਸੈਂਟਰ ਸਰਕਾਰ ਸਹਇਤਾ ਕਰਨ ਦੇ ਸਮੱਰਥ ਨਹੀਂ ਹੋਵੇਗੀ ਤਦ ਦੇਸ ਦਾ ਧੁਰਾ ਭਾਵ ਸੈਂਟਰ  ਸਰਕਾਰ ਵੀ ਕਮਜੋਰ ਹੋ ਜਾਵੇਗੀ ਜਿਸ ਨਾਲ ਇਲਾਕਾਈ ਨੇਤਾ ਆਪਣੀਆਂ ਮਨਮਾਨੀਆਂ ਹੋਰ ਜਿਆਦਾ ਕਰਨਗੇ । ਇਸ ਪਰਵਿਰਤੀ ਨੂੰ ਰੋਕਣਾਂ ਬਹੁਤ ਹੀ ਜਰੂਰੀ ਹੈ। ਦੇਸ ਨੂੰ ਲੋਕਤੰਤਰੀ ਤਰੀਕੇ ਨਾਲ ਚਲਾਉਣ ਲਈ ਅਤੇ ਲੋਕਤੰਤਰ ਬਚਾਉਣ ਲਈ  ਅਫਸਰਸਾਹੀ ਨੂੰ ਕੰਮ ਕਰਨ ਦਾ ਆਜਾਦ ਮਹੌਲ ਮੁਹੱਈਆ ਕਰਵਾਉਣਾਂ ਅਤਿ ਜਰਰੀ ਹੇ।
ਗੁਰਚਰਨ ਪੱਖੋਕਲਾਂ ਫੋਨ 9417727245 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.