ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਦਾਜ ਬਦਲੇ ਵੀ ਹੁੰਦੇ ਹਨ ਬਜੁਰਗ ਬੇਰੁਖੀ ਦੇ ਸਿਕਾਰ
ਦਾਜ ਬਦਲੇ ਵੀ ਹੁੰਦੇ ਹਨ ਬਜੁਰਗ ਬੇਰੁਖੀ ਦੇ ਸਿਕਾਰ
Page Visitors: 2685

ਦਾਜ ਬਦਲੇ ਵੀ ਹੁੰਦੇ ਹਨ ਬਜੁਰਗ ਬੇਰੁਖੀ ਦੇ ਸਿਕਾਰ                  
   ਅੱਜ ਦੇ ਸਮੇਂ ਵਿੱਚ ਸਮਾਜ ਵਿੱਚ ਬਜੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਕਰਨ ਦੀ ਰੁਚੀ ਘੱਟਦੀ ਜਾ ਰਹੀ ਹੈ। ਕੀ ਅੱਜ ਕਲ ਦੇ ਨੌਜਵਾਨ ਹੀ ਇਸ ਲਈ ਜੁੰਮੇਵਾਰ ਠਹਿਰਾਏ ਜਾ ਸਕਦੇ ਹਨ ਕਦਾਚਿੱਤ ਨਹੀਂ ਕਿਉਂਕਿ ਵਰਤਮਾਨ ਪੀੜੀ ਦੀ ਇਹ ਸੋਚ ਬਜੁਰਗ ਪੀੜੀ ਦੀ ਸਿੱਖਿਆ ਦੀ ਹੀ ਦੇਣ ਹੈ। ਵਰਤਮਾਨ ਪੀੜੀ ਹਮੇਸਾਂ ਆਪਣੀਆਂ ਪਿੱਛਲੀਆਂ ਪੀੜੀਆਂ ਭਾਵ ਬਜੁਰਗਾਂ ਤੋਂ ਹੀ ਜਿਆਦਾਤਰ ਸਿੱਖਦੀ ਹੁੰਦੀ ਹੈ। ਮਾਪਿਆਂ ਦੇ ਸਤਿਕਾਰ ਨੂੰ ਰੱਬ ਦੇ ਬਰਾਬਰ ਦੱਸਣ ਵਾਲੇ ਕਦੀ ਇਹ ਨਹੀਂ ਦੱਸਦੇ ਕਿ ਰੱਬ ਦੇ ਬਰਾਬਰ ਹੋਣਾਂ ਏਨਾਂ ਸੌਖਾ ਨਹੀਂ ਹੁੰਦਾਂ । ਰੱਬ ਦਾ ਦੂਜਾ ਨਾਂ ਕੁਦਰਤ ਹੁੰਦਾਂ ਹੈ ਜੋ ਸਭ ਨੂੰ ਦਿਖਾਈ ਦਿੰਦੀ ਹੈ । ਕੁਦਰਤ ਕਦੇ ਆਪਣੇ ਆਪ ਨੂੰ ਵੇਚਦੀ ਨਹੀਂ ਹੁੰਦੀ ਅਤੇ ਸਭ ਨੂੰ ਬਰਾਬਰ ਦਾ ਸਤਿਕਾਰ ਅਤੇ ਰੋਟੀ ਪਾਣੀ ਵੀ ਦਿੰਦੀ ਹੈ। ਕੁਦਰਤ ਹਮੇਸਾਂ ਸਭ ਦਾ ਭਲਾ ਮੰਗਦੀ ਹੈ । ਮਨੁੱਖ ਨੇ ਕੁਦਰਤ ਉੱਪਰ ਕਬਜਾ ਕਰਨ ਦੇ ਯਤਨਾਂ ਤਹਿਤ ਸਾਰੀ ਧਰਤੀ ਦੀ ਵੰਡ ਪਾ ਲਈ ਹੈ। ਸਭ ਦੀ ਸਾਂਝੀ ਕੁਦਰਤ ਦੀ ਧਰਤੀ ਦੇ ਹਰ ਟੁਕੜੇ ਤੇ ਬੰਦਆਂ ਦਾ ਕਬਜਾ ਹੈ ਮਬਨੁੱਖਤਾ ਦਾ ਨਹੀਂ । ਮਨੁੱਖਤਾ ਤੋਂ ਵਿਕਾਸ ਕਰਦਾ ਮਨੁੱਖ ਤਾਕਤਾਂ ਦਾ ਜੋਰ ਦਿਖਾਉਣ ਲੱਗ ਪਿਆ ਹੈ। ਇਸ ਤਰਾਂ ਦੀ ਤਾਕਤ ਵਿੱਚੋਂ ਹੀ ਜਰ ਜੋਰੂ ਜਮੀਨ ਦੀ ਮਾਲਕੀ ਉਪਜਦੀ ਹੈ ਅਤੇ ਇਸ ਤਰਾਂ ਦੀ ਮਾਨਸਿਕ ਸੋਚ ਵਿੱਚ ਪਹੁੰਚਿਆ ਵਿਅਕਤੀ ਹੀ ਅੰਨਾਂ ਬੋਲਾ ਅਖਵਾਉਣ ਵਾਲਾ ਮਾਇਆ ਧਾਰੀ ਬਣ ਜਾਂਦਾ ਹੈ। ਮਾਇਆਧਾਰੀ ਵਿਅਕਤੀ ਜੋ ਗਿਆਨ ਅਤੇ ਧਰਮ ਤੋਂ ਕੋਹਾਂ ਦੂਰ ਹੋ ਜਾਂਦਾਂ ਹੈ ਆਪਣੀ ਔਲਾਦ ਦੇ ਸੌਦੇ ਕਰਨ ਤੋਂ ਵੀ ਗੁਰੇਜ ਨਹੀਂ ਕਰਦਾ ।  
 ਵਰਤਮਾਨ ਸਮੇਂ ਵਿੱਚ ਜਦ ਕਿਸੇ ਬਜੁਰਗ ਜੋੜੇ ਜਾਂ ਮਾਪੇ ਰੂਪੀ ਲੋਕਾਂ  ਦੀ ਬੇਅਦਬੀ ਦੇਖਦੇ ਹਾਂ ਤਦ ਇਸ ਪਿੱਛੇ ਵੀ ਕੁੱਝ ਉਪਰੋਕਤ ਦੱਸੇ  ਕਾਰਨ ਹੀ ਹੁੰਦੇ ਹਨ ।ਇਹੋ ਜਿਹੇ ਬਜੁਰਗ ਜੋੜਿਆਂ ਨੇ ਕਿਸੇ ਵਕਤ ਆਪਣੇ ਪੁੱਤਰਾਂ ਜਾਂ ਔਲਾਦ ਨੂੰ ਦਾਜ ਬਦਲੇ ਲੱਖਾਂ ਵਿੱਚ ਵੇਚਿਆ ਹੁੰਦਾਂ ਹੈ ਕਿਸੇ ਧੀ ਦੇ ਮਾਪੇ ਉਸ ਨੂੰ ਲੱਖਾਂ ਵਿੱਚ ਸਿਰ ਦਾ ਸਾਈਂ ਨਹੀਂ ਇੱਕ ਨੌਕਰ ਖਰੀਦ ਕੇ ਦਿੰਦੇ ਹਨ । ਇਸ ਨੌਕਰ ਨੂੰ ਵੇਚਣ ਵਾਲੇ ਮਾਪੇ ਹੀ ਹੁੰਦੇ ਹਨ ਸੋ ਇਹੋ ਜਿਹੇ ਮਾਪੇ ਜੋ ਆਪਣੀ ਔਲਾਦ ਵੇਚ ਜਾਂਦੇ ਹਨ ਉਹਨਾਂ ਦੀ ਕਿਹੋ ਜਿਹੀ ਇੱਜਤ ਹੋਣੀ ਚਾਹੀਦੀ ਹੈ  ਨੌਜਵਾਨ ਮੁੰਡੇ ਅਤੇ ਕੁੜੀਆਂ ਚੰਗੀ ਤਰਾਂ ਜਾਣਦੀਆਂ ਹਨ । ਕੀ ਆਪਣੇ ਪੁੱਤਰਾਂ ਨੂੰ ਵੇਚਣ ਵਾਲਿਆਂ ਨੂੰ ਮਾਪੇ ਆਖਿਆ ਜਾ ਸਕਦਾ ਹੈ? ਮਾਪੇ ਬਣਨਾਂ ਤਾਂ ਸੌਖਾ ਹੈ ਪਰ ਮਾਪੇ ਹੋਣ ਦਾ ਫਰਜ ਨਿਭਾਉਣ ਸਮੇਂ ਗਿਆਨ ਰੂਪੀ ਧਰਮ ਤੇ ਨਿਸਕਾਮਤਾ ਦੀ ਜਰੂਰਤ ਹੁੰਦੀ ਹੈ। ਅੱਜਕਲ ਦੇ ਮਾਪੇ ਆਪਣੇ ਬੱਚਿਆਂ ਨੂੰ ਰੱਬੀ ਤੋਹਫੇ ਨਹੀਂ ਸਗੋਂ ਦੁਨੀਆਂ ਦੀ ਇੱਕ ਵਸਤੂ ਅਤ ਮਸੀਨ ਹੀ ਸਮਝਦੇ ਹਨ ਜਿਸ ਨੂੰ ਜਦੋਂ ਮਰਜੀ ਵੇਚ ਲਉ , ਵਰਤ ਲਉ ,ਹੁਕਮ ਚਲਾ ਲਉ  ਪਰ ਇਸ ਤਰਾਂ ਦੇ ਵਰਤਾਵੇ ਵਿੱਚੋਂ ਮੋਹ ਮਮਤਾ ਅਤੇ ਪਿਆਰ ਦੇ ਭਰੇ ਹੋਏ ਨੌਜਵਾਨ ਨਹੀਂ ਬਣਦੇ ਸਗੋਂ ਮਸੀਨਾਂ ਵਰਗੇ ਪੱਥਰ ਦਿਲ ਔਲਾਦ ਹੀ ਨਿਕਲਦੀ ਹੈ। ਪੱਥਰਾਂ ਵਰਗੇ ਬਣਾਏ ਬੱਚੇ ਫਿਰ ਮਾਪਿਆਂ ਵਾਸਤੇ ਪਿਆਰ ਦੀ ਨਰਮਾਈ ਨਾਲ ਭਰੇ ਹੋਏ ਕਿਵੇਂ ਹੋ ਸਕਦੇ ਹਨ ?
   ਸਮਾਜ ਅਤੇ ਸਰਕਾਰਾਂ ਦੀ ਸੋਚ ਵਿੱਚ ਬਦਲਾ ਕਰਨ ਲਈ ਹਮੇਸਾਂ ਮਨੁੱਖ ਨੂੰ ਹੀ ਪਹਿਲ ਕਰਨੀਂ ਪੈਂਦੀ ਹੈ। ਪਿੱਛਲੇ 40 ਕੁ ਸਾਲਾਂ ਦੇ ਸਮੇਂ ਵਿੱਚ ਮਨੁੱਖੀ ਸੋਚ ਵਿੱਚ ਪਦਾਰਥਵਾਦ ਦੇ ਕੀੜੇ ਨੇ ਇਹੋ ਜਿਹਾ ਘਰ ਬਣਾਇਆ ਹੈ ਜਿਸ ਵਿੱਚੋਂ ਵਪਾਰਕ ਸੋਚ ਹੀ ਨਿੱਕਲ ਰਹੀ ਹੈ। ਹਮਦਰਦੀ ਅਤੇ ਪਿਆਰ ਵਰਗੇ ਮਨੁੱਖੀ ਜਜਬਿਆਂ  ਦੀ ਥਾਂ ਦੁਨਿਆਵੀ ਪਦਾਰਥਾਂ ਨਾਲ ਦੁਨੀਆਂ ਨੂੰ ਵੱਸ ਵਿੱਚ ਕਰਨ ਦਾ ਢੰਗ ਹੀ ਸਭ ਤੋਂ ਵੱਧ ਪਰਚੱਲਤ ਹੋਇਆ ਹੈ। ਵਰਤਮਾਨ ਦੇ ਬੱਚੇ ਅਤੇ ਨੌਜਵਾਨ ਆਪਣੇ ਬਜੁਰਗਾਂ ਨਾਲੋਂ ਕਈ ਗੁਣਾਂ ਵੱਧ ਇਸ ਦਲਦਲ ਵਿੱਚ ਧਸ ਗਏ ਹਨ ਜੋ ਕਿ ਸਾਡੇ ਬਜੁਰਗਾਂ ਨੇ ਹੀ ਸਾਡੇ ਲਈ ਤਿਆਰ ਕੀਤੀ ਹੈ । ਜਦ ਬਜੁਰਗ ਆਪਣੇ ਬੱਚਿਆਂ ਲਈ ਰਿਸਤੇਦਾਰ ਭਾਲਣ ਦੀ ਥਾਂ ਸੌਦੇਬਾਜ ਰਿਸਤੇਦਾਰ ਭਾਲਕੇ ਦੇਣ ਵਿੱਚ ਹੀ ਵਡੱਪਣ ਸਮਝਦੇ ਹਨ ਤਦ ਹੀ ਨਵੀਂ ਪੀੜੀ ਵੀ ਇਸ ਭਾਰ ਨੂੰ ਚੁਕਣ ਲਈ ਮਜਬੂਰ ਹੁੰਦੀ ਹੈ। ਸੌਦੇਬਾਜੀਆਂ ਦੇ ਜੰਗਲ ਵਿੱਚ ਰਹਿਣ ਵਾਲਾ ਇਨਸਾਨ ਹਮੇਸਾਂ ਮੁਨਾਫਿਆਂ ਦ ਸੌਦੇ ਕਰਦਾ ਹੈ । ਮੁਨਾਫਿਆਂ ਦਾ ਸੌਦਾ ਕਰਨਾਂ ਸਿੱਖ ਚੁਕੀ ਪੀੜੀ ਆਪਣੇ ਬਜੁਰਗਾਂ ਨੂੰ ਸੰਭਾਲਣ ਵਿੱਚ ਜਿਆਦਾ ਖਰਚਾ ਕਰਕੇ ਘਾਟਾ ਕਿਉਂ ਉਠਾਵੇਗੀ । ਵਰਤਮਾਨ ਪੀੜੀ ਦਾ ਇਹ ਦੋਸ ਬਜੁਰਗਾਂ ਨੇ ਹੀ ਆਪਣੇ ਬੱਚਿਆ ਨੂੰ ਜੰਮਣ ਗੁੜਤੀ ਦੇ ਰੂਪ ਵਿੱਚ ਦਿੱਤਾ ਹੈ। ਨੌਜਵਾਨ ਹੋਣ ਤੱਕ ਇਸ ਲਾਲਚ ਦਾ ਜਹਿਰ ਪੂਰੀ ਤਰਾਂ ਇਨਸਾਨ ਤੇ ਕਾਬਜ ਹੋ ਜਾਂਦਾ ਹੈ। ਦੂਸਰਿਆਂ ਨੂੰ ਲੁੱਟਣ ਵਾਲੇ ਇੱਕ ਦਿਨ ਖੁਦ ਵੀ ਲੁੱਟੇ ਜਾਂਦੇ ਹਨ । ਵਰਤਮਤਾਨ ਬਜੁਰਗਾਂ ਵੱਲੋਂ ਰਿਸਤਿਆਂ ਵਿੱਚ ਵੀ ਲੁੱਟਤੰਤਰ ਦਾ ਕਰਵਾਇਆ ਬੋਲਬਾਲਾ ਹੀ ਉਹਨਾਂ ਦੀ ਦੁਰਦਸਾ ਦਾ ਮੁੱਖ ਕਾਰਨ ਹੈ । ਜਦ ਤੱਕ ਅਸੀਂ ਖੁਦ ਨਿਸਕਾਮ , ਦਇਆ ਅਤੇ ਪਿਆਰ ਦੀ ਮੂਰਤ ਨਹੀਂ ਬਣਾਂਗੇ ਤਦ ਤੱਕ ਆਉਣ ਵਾਲੀ ਪੀੜੀ ਤੋਂ ਦਇਆ ਅਤੇ ਸੇਵਾ ਦੀ ਆਸ ਨਹੀਂ ਕਰ ਸਕਦੇ ।    
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.