ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ , ਤਰੱਕੀ ਜਾਂ ਵਿਨਾਸ਼
ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ , ਤਰੱਕੀ ਜਾਂ ਵਿਨਾਸ਼
Page Visitors: 2684

ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ ,  ਤਰੱਕੀ ਜਾਂ ਵਿਨਾਸ਼
        ਕਹਿਣ ਨੂੰ ਤਾਂ ਭਾਵੇਂ ਕੁੱਝ ਵੀ ਕਹੀ ਜਾਈਏ ਪਰ ਸਾਡੀਆਂ ਸਰਕਾਰਾਂ ਦਾ ਦਿਵਾਲੀਅਪਨ ਹੀ ਸਾਡੇ ਦੁੱਖਾਂ ਦਾ ਵੱਡਾ ਕਾਰਨ ਹੈ ਜਿਸ ਕਾਰਣ ਸਾਡੇ ਦੇਸ਼ ਵਾਸੀ ਦੁੱਖਾਂ ਦੀ ਪੰਡ ਸਿਰ ਤੇ ਚੁੱਕਕੇ ਜਿੰਦਗੀ ਬਸ਼ਰ ਕਰ ਰਹੇ ਹਨ । ਕਿਸੇ ਵੀ ਖੇਤਰ ਬਾਰੇ ਦੇਖੋ ਰਾਜਨੇਤਾਵਾਂ ਨੂੰ ਕੋਈ ਫਿਕਰ ਨਹੀਂ ਹੈ ਬੱਸ ਆਪੋ ਆਪਣੇ ਕੋੜਮਿਆਂ ਦੇ ਮਸਲੇ ਹੱਲ ਕਰਨ ਤਾਈਂ ਲੱਗੇ ਹੋਏ ਹਨ । ਆਮ ਲੋਕਾਂ ਨਾਲ ਕੀ ਬੀਤਦੀ ਹੈ ਬਾਰੇ ਕੋਈ ਜਵਾਬ ਦੇਹੀ ਨਹੀਂ ਹੈ । ਨਿੱਤ ਦਿਨ ਸੜਕਾ ਤੇ ਵਾਪਰਦੇ ਹਾਦਸਿਆਂ  ਬਾਰੇ ਸਰਕਾਰਾਂ ਦੀ ਕੋਈ ਠੋਸ ਨੀਤੀ ਨਹੀਂ ਹੈ । ਹਾਦਸਾ ਕਿੰਨਾਂ ਵੀ ਵੱਡਾ ਕਿਉਂ ਨਾਂ ਹੋਵੇ ਰਸਮੀ ਕਾਰਵਾਈਆਂ ਤੋਂ ਅੱਗੇ ਕਦੇ ਵੀ ਨਹੀਂ ਜਾਇਆਂ ਜਾਂਦਾ । ਸਭ ਤੋਂ ਪਹਿਲੀ ਗੱਲ ਕਿਸੇ ਵੀ ਹਾਦਸੇ ਤੋਂ ਬਾਅਦ ਕਿਸੇ ਜੁੰਮੇਵਾਰ ਤੇ ਠੋਸ ਕਾਰਵਾਈ ਬਹੁਤ ਮੁਸਕਲਾਂ ਨਾਲ ਹੁੰਦੀ ਹੈ । ਹਾਦਸੇ ਲਈ ਜੁੰਮੇਵਾਰ ਨੂੰ ਅਦਾਲਤ ਜਾਣ ਦੀ ਵੀ ਲੋੜ ਨਹੀਂ ਕਿਉਂਕਿ ਸਾਡੇ ਕਾਨੂੰਨ ਅਨੁਸਾਰ ਉਸਨੂੰ ਪੁਲੀਸ਼ ਹੀ ਆਪਣੇ ਅਧਿਕਾਰ ਵਰਤਕੇ ਜਮਾਨਤ ਤੇ ਛੱਡ ਸਕਦੀ ਹੈ ਬਸਰਤਿ ਕਿ ਕੋਈ ਰਾਜਨੀਤਕ ਦਬਾਉ ਨਾਂ ਹੋਵੇ । ਦੂਸਰਾ ਕੀ ਅਸੀਂ ਕਦੇ ਦੇਖਿਆ ਹੈ ਕਿ ਕਿਸੇ ਹਾਦਸੇ ਕਰਨ ਵਾਲੇ ਉੱਪਰ ਡਰਾਈਵਿੰਗ ਨਾਂ ਕਰਨ ਦੀ ਸਜਾ ਹੋਈ ਹੋਵੇ । ਕਿਸੇ ਵੀ ਹਾਦਸੇ ਲਈ ਜੁੰਮੇਵਾਰ ਵਿਅਕਤੀ ਦੇ ਡਰਾਈਵਿੰਗ ਲਾਈਸੰਸ ਤੇ ਕਦੇ ਵੀ ਕੋਈ ਕੁੱਝ ਦਰਜ ਨਹੀਂ ਕਰਦਾ ।  ਭਾਵੇਂ ਦਿੱਲੀ ਵਰਗੇ ਸਹਿਰ ਵਿੱਚ ਜਰੂਰ ਇਸ ਤਰਾਂ ਦਾ ਵਿਦੇਸੀ ਨਿਯਮ ਲਾਗੂ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ ਪਰ ਇਸ ਦੀ ਆੜ ਵਿੱਚ ਵੀ ਪੁਲੀਸ ਬਲੈਕਮੇਲਿੰਗ ਦਾ ਖੇਲ ਖੇਡ ਰਹੀ ਹੈ  ਅਤੇ ਮੋਟੀ ਕਮਾਈ ਕਰੀ ਜਾ ਰਹੀ ਹੈ ।
        ਦੂਸਰੇ ਪਾਸੇ ਜਿਸ ਤਰਾਂ ਪਿੱਛਲੇ ਕੁੱਝ ਸਾਲਾਂ ਵਿੱਚ ਮਸੀਨਰੀ ਦੇ ਵੱਧਣ ਦੀ ਰਫਤਾਰ ਉੱਪਰ ਕੋਈ ਰੋਕ ਨਹੀਂ ਹੈ ਜੋ ਕਿ ਆਵਾਜਾਈ ਦੇ ਰਾਹਾਂ ਦੀ ਕਪੈਸਟੀ ਅਨੁਸਾਰ ਵਧਣ ਦੇਣੀ ਚਾਹੀਦੀ ਹੈ ਪਰ ਸੜਕਾਂ ਬਣਾਉਣ ਦੀ ਰਫਤਾਰ ਬਹੁਤ ਹੀ ਘੱਟ ਹੈ ਜਦਕਿ ਆਵਾਜਾਈ ਸਾਧਨ ਅੰਨੀ ਗਿਣਤੀ ਵਿੱਚ ਵੱਧ ਰਹੇ ਹਨ । ਆਮ ਲੋਕ ਵਿਗਿਆਨ ਦੇ ਵਿਕਾਸ ਅਤੇ ਨਵੀਆਂ ਲੋੜਾ ਦੇ ਕਾਰਨ ਪਾਗਲਾਂ ਵਰਗੇ ਹੋਈ ਜਾ ਰਹੇ ਹਨ ਜੋ ਸੜਕਾ ਤੇ ਡਰਾਈਵਿੰਗ ਕਰਦਿਆ ਵੀ  ਸੋਚਾਂ ਵਿੱਚ ਗਲਤਾਨ ਹੋਏ ਹਾਦਸਿਆਂ ਨੂੰ ਜਨਮ ਦਿੰਦੇ ਹਨ । ਅਦਾਲਤੀ ਸਿਸਟਮ ਵਿੱਚ ਕਿਸੇ ਹਾਦਸੇ ਲਈ ਜੁੰਮੇਵਾਰ ਵਿਅਕਤੀ ਨੂੰ ਸਜਾ ਕਰਵਾਉਣਾਂ ਹਾਦਸਾ ਗਰਸਤ ਪਰੀਵਾਰਾਂ ਲਈ ਇੱਕ ਹੋਰ ਵੱਡੀ ਸਜਾ ਹੈ ਜਿਸ ਕਾਰਨ ਗਰੀਬ ਲੋਕ ਤਾਂ ਸਮਝੌਤਾ ਕਰਨਾਂ ਹੀ ਬਿਹਤਰ ਸਮਝਦੇ ਹਨ ਜਦੋਂ ਕਿ ਅਮੀਰ ਲੋਕ ਕਿਸੇ ਛੋਟੇ ਜਿਹੇ ਹਾਦਸੇ ਨੂੰ ਵਰਤਕੇ ਵੀ ਮਜਬੂਰ ਲੋਕਾਂ ਦਾ ਸੋਸਣ ਕਰਦੇ ਹਨ । ਦੇਸ਼ ਦਾ ਟਰੈਫਿਕ ਵਿਭਾਗ ਵੀ  ਵੱਡੇ ਭਰਿਸ਼ਟ ਮਹਿਕਮਿਆ ਵਿੱਚ ਸਾਮਲ ਹੈ । ਦੇਸ ਦੇ ਰਾਜਨੇਤਾਵਾਂ ਨੇ ਜਦ ਵੀ ਕੋਈ ਫੰਡ ਇਕੱਠਾ ਕਰਨਾਂ ਹੁੰਦਾਂ ਹੈ ਤਦ ਇਸ ਲਈ ਵੀ ਟਰੈਫਿਕ ਮਹਿਕਮੇ ਦੀ ਹੀ ਸੇਵਾ ਲਈ ਜਾਂਦੀ ਹੈ ਜਿਸਦੀ ਆੜ ਵਿੱਚ ਆਮ ਲੋਕਾਂ ਦੀ ਦੁਗਣੀ  ਲੁੱਟ ਸੁਰੂ ਹੋ ਜਾਂਦੀ ਹੈ ।   ਦੇਸ਼ ਦੇ ਰਾਜਨੇਤਾਵਾਂ ਦੀਆਂ ਗੱਡੀਆਂ ਨੂੰ ਕਿੱਧਰੇ ਵੀ ਕੋਈ ਰੋਕ ਨਹੀਂ ਹੈ ਜੋ ਹੂਟਰ ਮਾਰਦੀਆਂ ਆਮ ਲੋਕਾਂ ਨੂੰ ਡਰਾਉਦੀਆਂ ਹੋਈਆਂ ਦਨਦਨਾਉਦੀਆਂ ਲੰਘਦੀਆਂ ਹਨ । ਇਹਨਾਂ ਦੇ ਲੰਘਾਉਣ ਲਈ ਆਮ ਲੋਕਾਂ ਦੀ ਕਦੇ ਵੀ ਪਰਵਾਹ ਨਹੀਂ ਕੀਤੀ ਜਾਂਦੀ ।
 ਸਾਡੇ ਦੇਸ ਦੇ ਰਾਜਨੇਤਾ ਉਦਯੋਗਿਕ ਘਰਾਣਿਆਂ ਨੂੰ ਕਿਸੇ ਵੀ ਕਿਸਮ ਦਾ ਹੁਕਮ ਦੇਣ ਦੀ ਸਮੱਰਥਾਂ ਹੀ ਨਹੀਂ ਰੱਖਦੇ ਸਗੋਂ ਉਹਨਾਂ ਦੇ ਗੁਲਾਮ ਹੋਕੇ ਉਹਨਾਂ ਦੇ ਹੁਕਮ ਉਡੀਕਦੇ ਮਿਲਦੇ ਹਨ । ਉਦਯੋਗਿਕ ਘਰਾਣੇ ਆਪੋ ਆਪਣਾਂ ਉਤਪਾਦਨ ਬਿਨਾਂ ਕਿਸੇ ਰੋਕ ਦੇ ਵੇਚਕੇ ਹੱਦ ਤੋਂ ਵੱਧ ਗਿਣਤੀ ਆਵਾਜਾਈ ਸਾਧਨਾਂ ਦੀ ਨੂੰ ਵਧਾਈ ਜਾ ਰਹੇ ਹਨ । ਹਰ ਘਰ ਵਿੱਚ ਲੋੜ ਤੋਂ ਵੱਧ ਆਵਾਜਾਈ ਦੇ ਸਾਧਨ ਹੋਈ ਜਾ ਰਹੇ ਹਨ ਜਿੰਨਾਂ ਲਈ ਪਾਰਕਿੰਗ ਦਾ ਵੀ ਲੋੜੀਦਾਂ ਪਰਬੰਧ ਨਹੀਂ ਹੈ । ਸਹਿਰਾਂ ਵਿੱਚ ਸਾਂਝੀਆਂ ਥਾਵਾਂ ਅਤੇ ਸੜਕਾਂ ਕਿਨਾਰੇ ਜਾਂ ਗਲੀਆਂ  ਨੂੰ ਵੀ ਪਾਰਕਿੰਗਾਂ ਹੀ ਬਣਾ ਦਿੱਤਾ ਗਿਆ ਹੈ । ਗਲੀਆਂ ਅਤੇ ਸੜਕਾਂ ਤੇ ਇਹਨਾਂ ਪਾਰਕਿੰਗ ਕੀਤੇ ਵਾਹਨਾਂ ਕਾਰਣ ਲੰਘਣਾਂ ਵੀ ਮੁਸਕਲ ਹੋਈ ਜਾ ਰਿਹਾ ਹੈ। ਇਹ ਕੋਹੋ ਜਿਹਾ ਵਿਕਾਸ ਹੈ । ਇਸ ਹਨੇਗਰਦੀ ਨਾਲ ਜਿੱਥੇ ਦੇਸ ਦਾ ਵਾਤਵਰਣ ਗੰਧਲਾਂ ਹੋ ਰਿਹਾ ਹੈ ਉੱਥੇ ਦੇਸ ਦੀ ਵਿਦੇਸੀ ਕਰੰਸੀ ਦਾ ਭੰਡਾਰ ਵੀ ਖਤਰੇ ਵਿੱਚ ਹੀ ਰਹਿੰਦਾਂ ਹੈ । ਇਸ ਤਰਾਂ ਦੇ ਹਾਲਾਤ ਜੇ ਇਸ ਤਰਾਂ ਹੀ ਵਧਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਜਰੂਰ ਹੀ ਵੱਡੀਆਂ ਸਮੱਸਿਆਂਵਾਂ ਪੈਦਾ ਹੋਣਗੀਆਂ ।
     ਸਾਡੇ ਰਾਜਨੇਤਾਵਾਂ ਨੂੰ ਇਹ ਗੱਲ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਨਾਲ ਅਮਲਾਂ ਦੇ ਹੋਵਦੇ ਨਿਬੇੜੇ ਬਾਤ ਕਿਸੇ ਪੁਛਣੀ ਨਹੀਂ । ਸਰਕਾਰਾਂ ਅਤੇ ਅਮੀਰਾਂ ਦੇ ਸਤਾਏ ਆਮ ਲੋਕ ਜਿਸ ਦਿਨ ਵੀ ਉੱਠਣਗੇ ਸਭ ਤੋਂ ਪਹਿਲਾਂ ਅੱਗ ਵੀ ਇਹਨਾਂ ਆਵਾਜਾਈ ਦੇ ਸਾਧਨਾਂ ਨੂੰ ਹੀ ਲਾਉਣਗੇ ਅਤੇ ਲਾਉਂਦੇ ਹਨ  । ਦੁਨੀਆਂ ਜਿੱਤ ਲੈਣ ਵਾਲੇ ਮਨੁੱਖ ਨੂੰ ਅਪਾਹਜ ਬਣਾਉਣ ਵਾਲੇ ਇਹ ਆਵਾਜਾਈ ਦੇ ਸਾਧਨ ਅਤੇ ਸੜਕੀ ਪਰਬੰਧ ਦਾ ਬੈਲੈਸ ਜਰੂਰ ਬਣਾਇਆ ਜਾਣਾਂ ਚਾਹੀਦਾ ਹੈ । ਨਿੱਤ ਦਿਨ ਹਾਦਸਿਆਂ ਦੇ ਸਿਕਾਰ ਹੋਕੇ ਜਾਂਦੀਆਂ ਹਜਾਰਾਂ ਜਾਨਾਂ ਵੀ ਨਿਯਮਬੱਧ ਹੋਕੇ ਹੀ ਬਚਾਈਆਂ ਜਾ ਸਕਦੀਆਂ ਹਨ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                    
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.