ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਆਮ ਲੋਕਾਂ ਨਾਲੋਂ ਨੇਤਾ ਅਤੇ ਅਮੀਰ ਲੋਕ ਵੱਧ ਵਿਕਾਊ
ਆਮ ਲੋਕਾਂ ਨਾਲੋਂ ਨੇਤਾ ਅਤੇ ਅਮੀਰ ਲੋਕ ਵੱਧ ਵਿਕਾਊ
Page Visitors: 2695

ਦੇਸ ਦੇ ਲੋਕਤੰਤਰ ਬਾਰੇ ਵਿਚਾਰ ਕਰਦਿਆ ਜਦ ਆਮ ਲੋਕਾਂ ਨੂੰ ਨਸਿਆਂ ਨਾਲ ਜਾਂ ਕੁੱਝ ਸੌ ਦੇ ਨੋਟਾਂ ਬਦਲੇ ਵੋਟ ਪਾਉਣ ਤੇ ਜਦ ਵਿਕਾਊ ਵੋਟਰ ਹੋਣ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ ਤਦ ਅਸੀਂ ਭੁੱਲ ਜਾਂਦੇ ਹਾਂ ਕਿ ਗਰੀਬ ਲੋਕ ਕਦੇ ਵਿਕਾਊ ਮਾਲ ਨਹੀਂ ਹੁੰਦੇ । ਗਰੀਬ ਲੋਕ ਥੁੱੜਾਂ ਦੇ ਮਾਰੇ ਹੋਏ ਜਰੂਰ ਹੁੰਦੇ ਹਨ ਜਿਸ ਕਾਰਨ ਉਹਨਾਂ ਦੀਆਂ ਮਜਬੂਰੀਆਂ ਹੀ ਉਹਨਾਂ ਨੂੰ ਬੇਬੱਸ   ਕਰ ਦਿੰਦੀਆਂ ਹਨ । ਗਰੀਬਾਂ ਨਾਲੋਂ ਅਮੀਰ ਲੋਕ ਵੱਧ ਵਿਕਾਊ ਅਤੇ ਬੇਗੈਰਤ ਇਨਸਾਨ ਹੁੰਦੇ ਹਨ ਜੋ  ਕੁਦਰਤ ਜਾਂ ਰੱਬ ਵੱਲੋਂ ਸਭ ਕੁੱਝ ਦਿੱਤੇ ਹੋਣ ਦੇ ਬਾਵਜੂਦ ਵੀ ਵਿਕਾਊ ਬਣੇ ਰਹਿੰਦੇ ਹਨ । ਕੋਈ ਵੀ ਅਮੀਰ ਅਤੇ ਚੌਧਰੀ ਕਿਸਮ ਦੇ ਲੋਕ ਆਪਣੀ ਕੀਮਤ ਹਮੇਸਾ ਉੱਚੀ ਹੀ ਰੱਖਦੇ ਹਨ ਅਤੇ ਅਪਣੇ ਆਪ ਨੂੰ ਭਲਾਮਾਣਸ ਅਖਵਾਉਣ ਤੋਂ ਵੀ ਗੁਰੇਜ ਨਹੀਂ ਕਰਦੇ ।ਆਉ ਇਹਨਾਂ ਅਮੀਰਾਂ ਦੀ ਕੀਮਤ ਦੇਖੀਏ ਜੋ ਜਮੀਰ ਵੇਚਕੇ ਕਰੋੜਾਂ ਅਰਬਾਂ ਵਿੱਚ ਆਪਣੀ ਵੋਟ ਵੇਚਦੇ ਹਨ। ਗੱਲ ਵੱਡਿਆਂ ਤੋਂ ਸੁਰੂ ਕਰੋ ਜਿਵੇਂ ਕਿਸੇ ਸੂਬੇ ਦਾ ਮੁੱਖ ਮੰਤਰੀ ਜਾਂ ਪਾਰਟੀ ਪਰਧਾਨ  ਆਪਣੇ ਸੂਬਿਆਂ   ਵਿੱਚ ਲੋਕਾਂ ਦੀਆਂ ਵੋਟਾਂ ਦੇ ਪ੍ਰਤੀਨਿਧ  ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਦਾ ਸੌਦਾ ਅਰਬਾਂ ਦੀ ਕਮਾਈ ਵਾਲੇ ਸੂਬੇ ਦੇ ਉੱਚ ਅਹੁਦੇ ਦੀ ਪਰਾਪਤੀ ਦੇ ਨਾਲ ਕਰਦਾ ਹੈ। ਇਸ ਤੋਂ ਬਿਨਾਂ ਆਪਣੇ ਅਣਗਿਣਤ ਜੁਰਮਾਂ ਦੀ ਅਦਾਲਤੀ ਛੋਟ ਦੀ ਗਰੰਟੀ ਵੀ ਮੰਗਦਾ ਹੈ ।ਕੀ ਏਡੀ ਵੱਡੀ ਮਹਿੰਗੀ ਮੰਗ ਆਮ ਲੋਕਾਂ ਦੀ ਵੀ ਹੁੰਦੀ ਹੈ?

ਇਸ ਤੋਂ ਬਾਅਦ ਕਿਸੇ ਜਿਲੇ ਦੇ ਆਗੂ ਜਾਂ ਅਮੀਰ ਬੰਦੇ ਦੀ ਗੱਲ ਕਰੋ ਜੋ ਸੂਬੇ ਦੇ ਆਗੂ ਅੱਗੇ ਆਪਣੇ ਜਿਲੇ ਦੀਆਂ ਲੋਕਾਂ ਦੇ ਵੋਟ ਦੀਆਂ ਗਰੰਟੀਆਂ ਤੇ ਉੱਚ ਲੁੱਟ ਵਾਲੇ ਅਹੁਦੇ ਅਤੇ ਮੈਬਰ ਪਾਰਲੀਮਂਟ ਤੱਕ ਦੀਆਂ ਟਿਕਟਾਂ ਜਾਂ ਜਿੱਤ ਦੇ ਸੌਦੇ ਕਰਦਾ ਹੈ ਅਤੇ ਕੁੱਝ ਹੀ ਸਮੇਂ ਵਿੱਚ ਹਜਾਰਾਂ ਤੋਂ ਕਰੋੜਾ ਤੱਕ ਦਾ ਸਫਰ ਤੈਅ ਕਰ ਲੈਂਦਾਂ ਹੈ। ਕੀ ਇਹ ਆਗੂ ਵਿਕਾਊ ਨਹੀਂ ਹਨ? ਇਹਨਾਂ ਤੋਂ ਥੱਲੇ ਵਿਧਾਨ ਸਭਾ ਦੇ ਹਲਕਿਆਂ ਦੇ ਚੌਧਰੀ ਲੋਕ ਆਪੀ ਬੋਲੀ ਲਵਾਉਂਦੇ ਹਨ ਜਿਸ ਵਿੱਚ ਉਹਨਾਂ ਦੀ ਕੀਮਤ ਵੀ ਲੱਖਾ ਕਰੋੜਾ ਦੀ ਕਮਾਈ ਨਾਲ ਹੀ ਸੁਰੂ ਹੁੰਦੀ ਹੈ । ਇਹਨਾਂ ਤੋਂ ਥੱਲੇ ਪਿੰਡਾਂ ਸਹਿਰਾਂ ਦੇ ਚੌਧਰੀ ਅਖਵਾਉਣ ਵਾਲੇ ਅਖੌਤੀ ਅਮੀਰ ਲੋਕ ਪਰ ਅਸਲੋਂ ਭੁੱਖੇ ਅਤੇ ਨੰਗ  ਆਪਣੀ ਕੀਮਤ ਪਵਾਉਂਦੇ ਹਨ । ਹਰ ਇੱਕ ਦੀ ਕੋਈ ਨਾਂ ਕੋਈ ਕੀਮਤ ਹੁੰਦੀ ਹੈ। ਇਹਨਾਂ ਲੋਕਾਂ ਤੋਂ ਬਿਨਾਂ ਵੱਡੇ ਰਾਜਸੱਤਾ ਦੇ ਮਾਲਕ ਲੋਕਾਂ ਅਗੇ ਅਨੇਕਾਂ ਹੋਰ ਰਸਤਿਆਂ ਰਾਂਹੀਂ ਬਣੇ ਆਗੂ ਜਿੰਹਨਾਂ ਵਿੱਚ ਬਨਾਰਸ ਦੇ ਠੱਗ ਕਿਸਮ ਦੇ ਸੰਤ ਲੋਕ , ਧਾਰਮਿਕ ਪਰਚਾਰਕ ,ਅਖੌਤੀ ਲੱਚਰ ਗਾਇਕ ,ਅਖੌਤੀ ਲੁਟਰੇ ਸਮਾਜ ਸੇਵੀ ਕਿਸਮ ਦੇ ਵਪਾਰੀ ਲੋਕ ,ਆਮ ਲੋਕਾਂ ਨੂੰ ਲੁੱਟਣ ਵਾਲੇ ਮੋਟੇ ਢਿੱਡਾਂ ਵਲੇ ਕਾਰਖਾਨੇਦਾਰ ਲੋਕ ਵੀ ਵੋਟਾਂ ਜਾਂ ਨੋਟਾਂ ਦਾ ਹਿੱਸਾ ਦੇਕੇ ਆਪਣੇ ਆਪ ਨੂੰ ਰਾਜਸੱਤਾ ਅਗੇ ਵੇਚਦੇ ਹਨ।

ਜਦ ਇਸ ਤਰਾਂ ਸਮਾਜ ਦੇ ਸਰਕਾਰਾਂ ਦੁਆਰ ਪੈਦਾ ਕੀਤੇ ਲੋਕ ਆਪਣੇ ਆਪ ਨੂੰ ਵਿਕਾਊ ਮਾਲ ਬਣਾ ਸਕਦੇ ਹਨ ਤਦ ਜੇ ਗਰੀਬੀ ਦੀ ਮਾਰ ਹੇਠ ਆਏ ਆਮ ਲੋਕ ਆਪਣੀ  ਵੋਟ ਵੇਚ ਦੇਣ ਤਾਂ ਉਹ ਗਨਾਹਗਾਰ ਕਿਉਂ ਬਣਾ ਦਿੱਤੇ ਜਾਂਦੇ ਹਨ? ਵੱਡੇ ਅਮੀਰ ਅਤੇ ਚੌਧਰੀ ਕਿਸਮ ਦੇ ਲੋਕਾਂ ਦਾ ਵਿਕਣਾਂ ਤਾਂ ਵਿਦਵਾਨ ਲੋਕਾਂ ਨੂੰ ਦਿਖਾਈ ਨਹੀਂ ਦਿੰਦਾਂ ਕਿਉਕਿ ਵਿਦਵਾਨ ਤਬਕਾ ਵੀ ਮੱਧ ਵਰਗ ਅਤੇ ਉੱਚ ਸਰੇਣੀ ਵਿੱਚੋਂ ਹੀ ਪੈਦਾ ਹੁੰਦਾ ਹੈ। ਰਾਜਸੱਤਾ ਆਪਣੇ ਆਪ ਨੂੰ ਸਥਾਪਤ ਰੱਖਣ ਵਾਸਤੇ ਲਕਾਂ ਨੂੰ ਗੁੰਮਰਾਹ ਕਰਦੇ ਰਹਿਣ ਲਈ ਇੱਕ ਵਿਦਵਾਨ ਕਿਸਮ ਦੀ ਚਾਪਲੂਸ ਫੌਜ ਵੀ ਰੱਖਦੀ ਹੈ ਜਿਸਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਨਾਂ ਹੀ ਹੁੰਦਾਂ ਹੈ । ਇਹ ਜਮਾਤ ਰਾਜਸੱਤਾ ਦੇ ਜੋਟੀਦਾਰਾਂ ਨੂੰ ਬਚਾਉਣ ਅਤੇ ਲੁਕਾਉਣ ਦਾ ਪਰਚਾਰ ਯੁੱਧ ਚਲਾਉਂਦੀ ਰਹਿੰਦੀ ਹੈ। ਅਮੀਰ ਵਰਗ ਅਤੇ ਰਾਜਸੱਤਾ ਦੇ ਐਬ ਇਹ ਫੌਜ ਨਾਂ ਕਦੇ ਦੇਖਦੀ ਹੈ ਅਤੇ ਨਾਂ ਹੀ ਅੱਗੇ ਦੱਸਦੀ ਹੈ ਪਰ ਆਮ ਲੋਕਾਂ ਦੇ ਜੋ ਦੋਸ ਹੁੰਦੇ ਹੀ ਨਹੀਂ ਸਗੋਂ ਮਜਬੂਰੀਆਂ ਵਿੱਚੋਂ ਪੈਦਾ ਹੋਈਆਂ ਲੋੜਾ ਨੂੰ ਵੀ ਦੋਸ ਅਤੇ ਐਬ ਬਣਾਂ ਧਰਦੀ ਹੈ।

ਆਮ ਲੋਕਾਂ ਦੇ ਨਿੱਤ ਨਵੇਂ ਕਸੂਰ ਬਣਾਕੇ ਉਹਨਾਂ ਵਿੱਚ ਹੀਣ ਭਾਵਨਾਂ ਅਤੇ ਘਸਿਆਂਰੇ ਬਣਾਉਣ ਦੀ ਹਰ  ਸੰਭਵ ਕੋਸਿਸ ਕਰਦੀ ਰਹਿੰਦੀ ਹੈ । ਇਹ ਪਰਚਾਰ ਯੁੱਧ ਆਮ ਲੋਕਾਂ ਦੀ ਸੋਚ ਨੂੰ ਕਦੇ ਵੀ ਅਸਲੀਅਤ ਵੱਲ ਮੂੰਹ ਨਹੀਂ ਕਰਨ ਦਿੰਦਾਂ । ਇਸ ਦੇ ਨਾਲ ਆਮ ਲੋਕ ਆਪਣੇ ਆਪ ਨੂੰ ਆਪਣੀਆਂ ਨਜਰਾਂ ਵਿਚ ਹੀ ਨੀਵਾਂ ਸਮਝਣ ਲੱਗ ਜਾਂਦੇ ਹਨ।ਜਦ ਤੱਕ ਮਨੁੱਖ ਆਪਣੀ ਜਮੀਰ ਦੇ ਅੱਗੇ ਖੜਨ ਦੇ ਯੋਗ ਨਹੀਂ ਹੁੰਦਾ ਤਦ ਤੱਕ ਉਹ ਰਾਜਸੱਤਾ ਦੇ ਕਸੂਰਾਂ ਵੱਲ ਵੀ ਨਿਗਾਹ ਮਾਰਨ ਦੀ ਤਾਕਤ ਖੋਹ ਬੈਠਦਾ ਹੈ। ਇਸ ਤਰਾਂ ਦੇ ਲੋਕ ਰਾਜਸੱਤਾ ਬਹੁਤ ਹੀ ਸਸਤੇ ਮੁੱਲ ਖਰੀਦਣ ਦੇ ਯੋਗ ਹੋ ਜਾਂਦੀ ਹੈ।ਸਮੇਂ ਨੇ ਏਨੀ ਤੇਜੀ ਨਾਲ ਤਬਦੀਲੀ ਕੀਤੀ ਹੈ ਜਿੱਥੇ ਇਨਸਾਨੀ ਸੋਚ ਮਰ ਚੁੱਕੀ ਹੈ ਅਤੇ ਪੈਸੇ ਵਾਲੀ ਸੋਚ ਭਾਰੂ ਹੋ ਗਈ ਹੈ। ਹੁਣ ਦੇਸ ਦੇ ਨਵੇਂ ਬਣੇ ਅਮੀਰਾਂ ਨੂੰ ਦੇਖੋ ਕਿਸ ਤਰਾਂ ਬਜਾਰਾਂ ਵਿੱਚ ਸਰੇਆਮ ਬੋਲੀ ਲਗਵਾ ਰਹੇ ਹਨ । ਕਿਸੇ ਵੀ ਖੇਤਰ ਵਿੱਚ ਦੇਖ ਲਉ ਉਸ ਖੇਤਰ ਦੇ ਭਗਵਾਨ ਵੀ ਵਿਕਾਊ ਮਾਲ ਬਣਕੇ ਖੁਸ ਹੋ ਰਹੇ ਹਨ ਕਿਉਂ ਜੋ ਜਮੀਰ ਦਾ ਕਤਲ ਹਰ ਕੋਈ ਕਰੀ ਜਾ ਰਿਹਾ ਹੈ । ਕਿ੍ਰਕਟ ਦਾ ਭਗਵਾਨ ਸਚਿਨ ਤੇਦੂਲਕਰ ਅਤੇ ਉਸ ਵਰਗੇ ਹੋਰ ਸਰੇਆਮ ਬੇਸਰਮੀ ਦੇ ਬਜਾਰੂ ਕੋਠੇ ਤੇ ਆਪਣੀ ਬੋਲੀ ਲਗਵਾਉਂਦੇ ਹਨ। ਫਿਲਮਾਂ ਦਾ ਭਗਵਾਨ ਅਮਿਤਾਬ ਨੂੰ ਕੋਈ ਵੀ ਜਾ ਖਰੀਦ ਸਕਦਾ ਹੈ ਬੱਸ ਪੈਸਾ ਜਰੂਰ ਹੋਵੇ ਕਰੋੜਾਂ ਵਿੱਚ ਖਰੀਦਣ ਵਾਲੇ ਕੋਲ। ਪੈਸਾ ਦੇ ਕੇ ਭਾਵੇਂ ਇਸ ਤੋਂ ਨਸਿਆਂ ਦੀ ਮਸਹੂਰੀ ਕਰਵਾ ਲਵੋ ਜਾਂ ਕਿਸੇ ਕੰਜਰਖਨੇ ਵਾਲੇ ਕਾਰੋਬਾਰ ਦੀ। 

ਰਾਜਨੀਤਕ ਭਗਵਾਨ ਬਣੇ ਨੇਤਾ ਲੋਕ ਤਾਂ ਹੁੰਦੇ ਹੀ ਵਿਕਾਊ ਹਨ। ਅਮੀਰ ਲੋਕਾਂ ਦੀਆਂ ਬਹੂ ਬੇਟੀਆਂ ਜਿਸ ਤਰਾਂ ਬਾਲੀਵੁੱਡ ਸਮੇਤ ਦੇਸ ਦੇ ਹਰ ਕੋਨੇ ਵਿੱਚ ਪੈਸੇ ਅਤੇ ਸੋਹਰਤ ਲਈ ਨਿਰਵਸਤਰ ਹੋਣ ਨੂੰ ਪਲ ਵੀ ਨਹੀਂ ਲਾਉਦੀਆਂ ਤਦ ਗਰੀਬ ਲੋਕ ਰੋਟੀ ਲਈ ਵਿਕਣ ਤੋਂ ਕਿਉਂ ਸਰਮ ਕਰੇ? ਦੇਸ ਦੇ ਵਿਦਵਾਨ ਅਖਵਾਉਂਦਾਂ ਤਬਕਾ ਤਾਂ ਸਰੇਆਂਮ ਲੋਕ ਹਿੱਤ ਛੱਡਕੇ ਸਰਕਾਰਾਂ ਦੀ ਚਾਪਲੂਸੀ ਕਰਨ ਨੂੰ ਹੀ ਪਹਿਲ ਦੇ ਰਿਹਾ ਹੈ ਅਤੇ ਇਸ ਤਬਕੇ ਦਾ ਵੱਡਾ ਹਿੱਸਾ ਸਰਕਾਰੀ ਮੁਲਾਜਮ ਵਰਗ ਵਿੱਚੋਂ ਹੀ ਆ ਰਿਹਾ ਹੈ ਜਦੋਂ ਕਿ ਅਸਲ ਵਿਦਵਾਨ ਵਿਅਕਤੀ ਕਿਸੇ ਵੀ ਲੋੜ ਅਤੇ ਸਰਕਾਰ ਦਾ ਗੁਲਾਮ ਨਹੀਂ ਹੁੰਦਾਂ। ਗੁਲਾਮੀਆਂ ਵਿੱਚ ਰਹਿਣ ਵਾਲੇ ਲੋਕ ਵਿਦਵਾਨ ਨਹੀਂ ਹੁੰਦੇ ਪਰ ਜਦ ਕੋਈ ਵਿਦਵਾਨ ਗੁਲਾਮੀ ਦੀ ਜੰਜੀਰ ਨਹੀਂ ਤੋੜ ਸਕਦਾ ਉਹ ਸੱਚ ਦੀ ਪੈਰਵਾਈ ਵੀ ਨਹੀਂ ਕਰ ਸਕਦਾ। ਅਸਲੋਂ ਵਿਦਵਤਾ ਤੋਂ ਕੋਹਾਂ ਦੂਰ ਤਬਕੇ ਨੇ ਆਮ ਲੋਕਾਂ ਨੂੰ  ਵਿਕਾਊ ਬਣੇ ਹੋਣ ਦਾ ਪਰਚਾਰ ਕਰਕੇ ਉਹਨਾਂ ਨੂੰ ਘਸਿਆਰੇ ਅਤੇ ਨਿਪੁੰਸਕ ਬਣਾਉਣ ਦਾ ਹੀ ਕੰਮ ਤੋਰਿਆ ਹੋਇਆਂ ਹੈ। ਆਮ ਲੋਕਾਂ ਨੂੰ ਉਹਨਾਂ ਦੀਆਂ ਆਪਣੀਆਂ ਨਿਗਾਹਾਂ ਵਿੱਚ ਹੀ ਗਿਰਾਉਣ ਦਾ ਜੋ ਪਰਚਾਰ ਯੁੱਧ ਚਲਾਇਆ ਹੋਇਆ ਹੈ ਜਿਸ ਨਾਲ ਉਹਨਾਂ ਦੀ ਰਾਜਸੱਤਾ ਖਿਲਾਫ ਜੂਝਣ ਦੀ ਇੱਛਾ ਸਕਤੀ ਖਤਮ ਹੋਣੀ ਸੁਰੂ ਹੋ ਜਾਂਦੀ ਹੈ। ਲੁਟੇਰੀ ਰਾਜਸੱਤਾ ਹਮੇਸਾਂ ਅਮੀਰ ਤਬਕੇ ਨੂੰ ਹੀ ਬਚਾਉਂਦੀ ਹੈ ਪਰ ਸਮਾਜ ਅਸ਼ਲੀ ਧੌਲ ਰੂਪੀ ਗਰੀਬ ਅਤੇ ਆਮ ਲੋਕਾਂ ਨੂੰ ਦਬਾਉਣ ਅਤੇ ਗੁਲਾਮ ਬਣਾਉਦੀ ਹੈ। ਗੁਲਾਮ ਬਣਾਉਣ ਦੇ ਲਈ ਆਮ ਲੋਕਾਂ ਨੂੰ ਵਿਕਾਊ ਹੋਣ ਦਾ ਅਹਿਸਾਸ ਵਿਦਵਾਨ ਅਤੇ ਮੀਡੀਆਂ ਦੇ ਰਾਂਹੀ ਕੀਤਾ ਜਾਂਦਾਂ ਹੈ। ਅਸਲ ਵਿੱਚ ਆਮ ਲੋਕ ਕਦੇ ਵੀ ਵਿਕਾਊ ਨਹੀਂ ਹੁੰਦੇ।

 -ਗੁਰਚਰਨ ਸਿੰਘ ਪੱਖੋਕਲਾਂ

    94177 27245

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.