ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਭਗਵੰਤ ਮਾਨ ਨਾਲ ਜੁੜੀਆਂ ਕੁੱਝ ਕੌੜੀਆਂ ਮਿੱਠੀਆਂ ਯਾਦਾਂ
ਭਗਵੰਤ ਮਾਨ ਨਾਲ ਜੁੜੀਆਂ ਕੁੱਝ ਕੌੜੀਆਂ ਮਿੱਠੀਆਂ ਯਾਦਾਂ
Page Visitors: 2725

 ਭਗਵੰਤ ਮਾਨ ਨਾਲ ਜੁੜੀਆਂ ਕੁੱਝ ਕੌੜੀਆਂ ਮਿੱਠੀਆਂ ਯਾਦਾਂ
  ਪਿੱਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੇਰੇ ਬੱਚਿਆਂ ਦੇ ਅਤੇ ਮੇਰੇ ਪਿੰਡ ਦੇ ਨੌਜਵਾਨਾਂ ਦੇ ਕਹਿਣ ਤੇ ਅਤੇ ਮੇਰੇ ਪਿੰਡ ਦੇ ਕੁੱਝ ਨੇਤਾਵਾਂ ਦੇ ਹੰਕਾਰ ਨੂੰ ਨੀਵਾਂ ਕਰਨ ਅਤੇ ਕੁੱਝ ਚੰਗਾਂ ਸਿਖਾਉਣ ਲਈ ਮੈਂ ਵੀ ਭਗਵੰਤ ਮਾਨ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਸੀ। ਮੇਰੇ ਪਿੰਡ ਦੇ ਲੋਕ ਮੈਨੂੰ ਇੱਕ ਬੁਲਾਰੇ ਦੇ ਤੌਰ ਤੇ ਸਤਿਕਾਰ ਵੀ ਦਿੰਦੇ ਹਨ ਜਿਸ ਕਾਰਨ ਉਹਨਾਂ ਨੇ ਮੈਨੂੰ ਆਪਣੀ ਸਟੇਜ ਚਲਾਉਣ ਅਤੇ ਬੋਲਣ ਦਾ ਹੁਕਮ ਜਾਂ ਸੇਵਾ ਵੀ ਲਾਈ ਜੋ ਮੈਂ ਪਰਵਾਨ ਕਰ ਲਈ। ਮਾਨ ਕੋਈ ਦੋ ਘੰਟੇ ਲੇਟ ਆਇਆਂ ਪਰ ਏਨਾਂ ਚਿਰ ਲੋਕ ਬਿਠਾਉਣ ਲਈ ਮੈਨੂੰ ਹੀ ਕਦੀ ਕਦੀ ਬੋਲਣ ਕਰਕੇ ਬਹੁਤ ਹੀ ਮੁਸਕਲ ਨਾਲ ਲੰਬਾਂ ਸਮਾਂ ਬੋਲਣਾਂ ਪਿਆ ਜਿਸ ਵਿੱਚ ਮੈਂ ਆਪਣੀ ਹੀ ਸੈਲੀ ਵਿੱਚ ਬਿਨਾਂ ਕਿਸੇ ਝੂਠ ਬੋਲਣ ਦੇ ਲੋਕਾਂ ਨੂੰ ਤਿਆਰ ਕੀਤਾ ਕਿ ਉਹ ਨਵੇਂ ਰੁੱਖ ਲਾਉਣ ਤੋਂ ਗੁਰੇਜ ਨਾ ਕਰਨ ਪੁਰਾਣਿਆਂ ਦੀ ਮੌਤ ਹੋਣੀ ਹੀ ਹੰਦੀ ਹੈ। ਮੇਰੇ ਪਿੰਡ ਦੇ ਆਗੂ ਸਰਪੰਚੀ ਦੀ ਨਵੀਂ ਨਵੀ ਚੋਣ 3700 ਵੋਟ ਲੈਕੇ ਵਿਰੋਧੀ ਤੋਂ 2000 ਵੋਟ ਜਿਆਦਾ ਲੈਕੇ ਜਿੱਤੇ ਸਨ ਜਿੰਹਨਾਂ ਢੀਡਸਾ ਸਾਹਿਬ ਨੂੰ ਭਰੋਸਾ ਦਿੱਤਾ ਕਿ ਪਿੰਡ ਦੀ ਤਿੰਨ ਹਿੱਸੇ ਵੋਟ ਤੁਹਾਨੂੰ ਪਵਾਵਾਂਗੇ। ਅੱਧ ਦੇ ਮਾਲਕ ਕਾਂਗਰਸੀ ਇਹ ਸਮਝਦੇ ਸਨ ਕਿ ਅਸੀ ਹਰ ਵਾਰ ਦੀ ਤਰਾਂ ਅੱਧੀ ਵੋਟ ਜਰੂਰ ਲੈਕੇ ਜਾਵਾਂਗੇ। ਪਰ ਨਤੀਜੇ ਸਮੇਂ ਮਾਨ ਨੂੰ 3100 ਅਕਾਲੀਆਂ ਨੂੰ 1400 ਕਾਂਗਰਸ ਨੂੰ 600 ਵੋਟ ਪਈ ਸੀ। ਭਾਵੇਂ ਇਹ ਵੋਟ ਮੇਰੇ ਪਿੱਛੇ ਜਾਂ ਭਗਵੰਤ ਪਿੱਛੇ ਨਹੀਂ ਪਈ ਇਹ ਲੋਕ ਲਹਿਰ ਦੀ ਹਨੇਰੀ ਸੀ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਹਰਾਉਣ ਦੀ।
  ਦੂਸਰੀ ਵਾਰ ਮਾਨ ਦੇ ਘਰ ਵਾਲੀ ਦੇ ਆਉਣ ਸਮੇਂ ਮੈਂ ਨਾਂ ਬੋਲਣ ਦਾ ਫੈਸਲਾ ਕੀਤਾ ਪਿੱਛੇ ਖੜਕੇ ਦੇਖਦਾ ਰਿਹਾ ਹੋਰ ਨਵੇਂ ਬੁਲਾਰੇ ਪਿੰਡ ਦੇ ਬੋਲਦੇ ਹੋਏ ਲੋਕਾਂ ਨੂੰ ਬਿਠਾ ਨਾ ਸਕਣ ਤਦ ਫੇਰ ਕੁੱਝ ਨੌਜਵਾਨ ਆਏ ਮੈਨੂੰ ਕਹਿਣ ਕਿ ਤੁਸੀਂ ਜਰੂਰ ਬੋਲੋ ਜੀ ਪਰ ਮੈਂ ਬਿਨਾਂ ਕਹੇ ਆਪਣੇ ਆਪ ਕਿਸੇ ਦੀ ਵੀ ਸਟੇਜ ਤੇ ਵੀ ਨਹੀਂ ਬੋਲਦਾ ਅਤੇ ਉਹਨਾਂ ਨੂੰ ਕਿਹਾ ਕਿ ਸਟੇਜ ਤੇ ਨਾਂ ਲੈਕੇ ਸੱਦੋ ਤਦ ਬੋਲਾਗਾਂ ਅਤੇ ਇਸ ਤਰਾਂ ਹੋਣ ਤੋਂ ਬਾਅਦ ਇੱਕ ਘੰਟਾਂ ਬੈਠ ਕੇ ਬੋਲਦਿਆਂ ਲੋਕਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ । ਮਾਨ ਦੇ ਘਰ ਵਾਲੀ ਦੇ ਆਉਣ ਤੇ ਉਸ ਨੇ ਬੋਲਿਆਂ ਅਤੇ ਵਅਦਾ ਕੀਤਾ ਕਿ ਮੇਰੇ ਤੇ ਦੋਸ ਲਾਉਂਦੇ ਨੇ ਵਿਰੋਧੀ ਕਿ ਮੈਂ ਮਾਨ ਨੂੰ ਅਮਰੀਕਾ ਲੈ ਜਾਵਾਂਗੀ ਪਰ ਮੈਂ ਵਾਅਦਾ ਕਰਦੀ ਹਾਂ ਕਿ ਅਸੀ ਪੰਜਾਬ ਵਿੱਚ ਰਹਾਂਗੇ ਜੇ ਤੁਸੀ ਜਿਤਾਇਆ ਅਤੇ ਤੁਹਾਡੀ ਸੇਵਾ ਵਿੱਚ ਹਾਜਰ ਰਹਾਂਗੇ। ਸਾਰੇ ਪਿੰਡ ਵਿੱਚ ਉਸਨੇ ਮੇਰੀ ਅਗਵਾਈ ਵਿੱਚ ਲੰਬਾਂ ਗੇੜਾ ਕੱਢਿਆਂ ਅਤੇ ਮੈ ਉਸਨੂੰ ਬੋਲ ਕੇ ਕਿ ਪਿੰਡ ਦੀ ਤਿੰਨ ਹਿੱਸੇ ਵੋਟ ਪਵਾਉਣ ਦੀ ਕੋਸਿਸ ਕਰਾਂਗੇ ਜਿਤਾਵਾਂਗੇ। ਤੁਰਨ ਲੱਗੀ ਦੇ ਸਿਰ ਤੇ ਹੱਥ ਧਰਕੇ ਕਿਹਾ ਤੂੰ ਜਿੱਤੇਗੀ ਪਰ ਜਿੱਤਣ ਤੋਂ ਬਾਅਦ ਪੂਰੇ ਪਰੀਵਾਰ ਸਮੇਤ ਸਾਡੇ ਪਿੰਡ ਜਰੂਰ ਆਇਉ । ਉਸ ਕਿਹਾ ਵੀ ਜੀ ਜਰੂਰ ਆਵਾਂਗੇ ਪਰ ਸਮੇਂ ਦਾ ਫੇਰ ਦੇਖੋ ਕਿ ਉਸਦਾ ਤਾਂ ਘਰ ਹੀ ਉਜੜ ਗਿਆਂ ਹੈ। ਜਿਸ ਵੱਲੋਂ ਉਹ ਵਾਅਦੇ ਕਰ ਰਹੀ ਸੀ ਮੇਰੇ ਪਤੀ ਨੂੰ ਪਤਨੀ ਅਤੇ ਬੱਚਿਆਂ ਨਾਲੋਂ ਕੁਰਸੀ ਜੋ ਪਿਆਰੀ ਹੋ ਗਈ ਹੈ।
  ਦੂਸਰੀ ਗੱਲ ਜਿਸ ਦਿਨ ਭਗਵੰਤ ਮਾਨ ਆਇਆਂ ਪਰ ਜਦ ਉਹ ਬਿਨਾਂ ਕਿਸੇ ਪਰੋਗਰਾਮ ਪਰਬੰਧਕ ਨੂੰ ਮਿਲਿਆਂ ਸਿਰਫ ਆਪਣਾਂ ਲੈਕਚਰ ਝਾੜਕੇ ਲੋਕਾਂ ਨੂੰ ਹਸਾ ਹਸਾ ਕਮਲਾ ਕਰਕੇ  ਵੱਡੀ ਆਪਣੀ ਗੱਡੀ ਵਿੱਚ ਚੜਨ ਜਾਣ ਲੱਗਿਆਂ ਤਦ ਹੀ ਭਾਰੀ ਇਕੱਠ ਵਿੱਚੋਂ ਇਕ ਗਰੀਬ ਔਰਤ ਨੇ ਉਸ ਮੂਹਰੇ ਹੱਥ ਅੱਡ ਲਿਆ ਕਿ ਪੁੱਤ ਮੈਨੂੰ ਕੁੱਝ ਦਾਨ ਦੇਕੇ ਜਾ ਮੈਂ ਅਤਿ ਗਰੀਬ ਹਾਂ ਸੋਟੀ ਸਹਾਰੇ ਬਹੁਤ ਹੀ ਬੁਰੀ ਹਾਲਤ ਵਾਲੀ ਉਸ ਬਿਰਧ ਔਰਤ ਨੂੰ ਮਾਨ ਨੇ ਕੁੱਝ ਵੀ ਨਾਂ ਦਿੱਤਾ ਔਰਤ ਉਸਨੂੰ ਤੁਰਨ ਨਾਂ ਦੇਵੇ ਆਸੇ ਪਾਸ਼ੇ ਸੈਕੜੇ ਲੋਕ ਖੜੇ ਸਨ । ਜਦ ਮਾਨ ਨੇ ਸਿਰਫ ਲਾਰੇ ਦਿੱਤੇ ਕਿ ਮੈਂ ਤੁਹਾਡੇ ਵਾਸਤੇ ਹੀ ਚੋਣ ਲੜ ਰਿਹਾਂ ਫਿਰ ਮੈਂ ਉਸ ਬਜੁਰਗ ਔਰਤ ਨੂੰ ਕਿਹਾ ਕਿ ਮਾਂ ਜੀ ਤੁਸੀ ਠਹਿਰੋ ਮੈਂ ਦੇਵਾਂਗਾ ਤੁਹਾਨੂੰ ਇੰਹਨਾਂ ਨੂੰ ਜਾਣ ਦਿਉ। ਭਗਵੰਤ ਨੂੰ ਗੱਡੀ ਚੜਾਉਣ ਤੋਂ ਬਾਅਦ ਮੈਂ ਉਹ ਔਰਤ ਲੱਭਦਾ ਰਿਹਾ ਕਿ ਉਸਨੂੰ ਕੁੱਝ ਦੇ ਸਕਾਂ ਪਰ ਅੱਜ ਤੱਕ ਵੀ ਉਹ ਮੈਨੂੰ ਨਹੀਂ ਲੱਭੀ ਪਤਾ ਨਹੀਂ ਕੌਣ ਸੀ ਉਹ ਪਰ ਭਗਵੰਤ ਮਾਨ ਦੀ ਸੋਚ ਲਾਰਿਆਂ ਅਤੇ ਗਰੀਬਾਂ ਨੂੰ ਦਾਨ ਨਾਂ ਦੇਣ ਦੀ ਅੱਜ ਤੱਕ ਵੀ ਮੈਨੂੰ ਦੁੱਖੀ ਕਰਦੀ ਹੈ। ਉਸ ਔਰਤ ਨੇ ਇੱਕ ਗੱਲ ਵੀ ਕਹੀ ਸੀ ਕਿ ਜੇ ਤੂੰ ਮੈਂਨੂੰ ਅੱਜ ਨਹੀਂ ਕੁੱਝ ਦੇ ਸਕਦਾ ਜਿੱਤਕੇ ਵੀ ਕੁੱਝ ਨਹੀਂ ਦੇਵੇਗਾਂ।
   ਮੇਰੇ ਕੋਲ 12 ਸਾਲ ਪਹਿਲਾਂ ਇੱਕ ਨਿਰਦੋਸ ਨੂੰ ਸਜਾਇ ਮੌਤ ਦੇਣ ਦਾ ਪੁਰਾਣਾਂ ਕੇਸ ਆਇਆ ਜੋ ਅੱਜ ਵੀ ਹਿੰਦੋਸਤਾਨ ਹੀ ਨਹੀ ਦੁਨੀਆਂ ਦੇ ਇਨਸਾਫ ਪਰਬੰਧ ਦੀਆਂ ਧੱਜੀਆਂ ਉਡਾ ਸਕਦਾ ਹੈ ਜਿਸ ਕੇਸ ਵਿੱਚ ਸੈਕੜੇ ਗਵਾਹ ਹਨ ਅਤੇ ਅਸਲੀ ਕਾਤਲ ਆਪਣਾਂ ਗੁਨਾਹ ਕਬੂਲ ਕਰਦੇ ਹਨ ਅੱਜ ਵੀ , ਜਿਸ ਨੂੰ ਮੈ ਇਲੈਕਟਰੋਨਿਕ ਮੀਡੀਆਂ ਤੇ ਲਿਜਾਣਾਂ ਚਾਹੁੰਦਾਂ ਸੀ ਜਿਸ ਵਾਸਤੇ ਮੈਂ ਭਗਵੰਤ ਮਾਨ ਨਾਲ ਉਸਦੇ ਇੱਕ ਸਾਥੀ ਕਲਾਕਾਰ ਰਾਂਹੀ ਫੋਨ ਤੇ ਗੱਲ ਕੀਤੀ ਕਿਉਂਕਿ ਉਸ ਵਕਤ ਜੀ ਟੀਵੀ ਦਾ ਮਾਨ ਪਰਮੁੱਖ ਵਿਕਦਾ ਕਲਾਕਾਰ ਸੀ। ਭਗਵੰਤ ਮਾਨ ਨੇ ਬਜਾਇ ਉਸਨੂੰ ਸਮਝਣ ਜਾਂ ਸੁਣਨ ਦੇ ਫੋਕੀਆਂ ਸਲਾਹਾਂ ਦੇਕੇ ਸਾਰ ਦਿੱਤਾ। ਫਿਰ ਮੈਂ ਇੱਥੋਂ ਤੱਕ ਵੀ ਕਿਹਾ ਕਿ ਮਾਨ ਸਾਹਿਬ ਉਹ ਵਿਅਕਤੀ ਵੀ ਮਾਨ ਗੋਤ ਦਾ ਹੀ ਤੁਹਾਡੇ ਭਾਈਚਾਰੇ ਦਾ ਹੈ ਪਰ ਪੈਸੇ ਅਤੇ ਹਾਉਮੈਂ ਭਰੇ ਲੋਕਾਂ ਕੋਲ ਮਖੌਲ ਤਾਂ ਹੋ ਸਕਦੇ ਹਨ ਹਮਦਰਦੀ ਨਹੀਂ ਸੋ ਮੈਂ ਬੇਸ਼ਰਮੀ ਦਾ ਘੁੱਟ ਭਰ ਲਿਆਂ ਜੋ ਅੱਜ ਤੱਕ ਵੀ ਮੈਨੂੰ ਭੁਲਾਇਆ ਨਹੀ ਭੁਲਦਾ ਕਿ ਕੀ ਇਸ ਵਿਅਕਤੀ ਵਿੱਚ ਦੂਸਰਿਆਂ ਦੇ ਦੁੱਖ ਸੁਣਨ ਦੀ ਸੋਚ ਵੀ ਹੈ ਜਾਂ ਨਾਂ।
  ਇੱਕ ਗੱਲ ਹੋਰ ਜਿਸ ਦਿਨ ਨਤੀਜਾ ਨਿਕਲਿਆ ਉਸ ਦਿਨ ਮਾਨ ਸਮੱਰਥਕ ਇੱਕ ਮੇਰੇ ਮਿੱਤਰ ਨੇ ਜੋ ਨਸਾ ਰਹਿਤ ਇੱਕ ਡੇਰੇ ਦਾ ਸਰਧਾਲੂ ਹੈ ਨੇ ਕਿਹਾ ਯਾਰ ਆਪਾਂ ਗਲਤ ਬੰਦਾਂ ਜਿਤਾ ਲਿਆਂ ਮੈਂ ਪੁੱਛਿਆ ਕਿਉਂ ਕਹਿੰਦਾਂ ਯਾਰ ਇਹ ਤਾਂ ਉਸ ਦਿਨ ਵੀ ਸਰਾਬ ਪੀਈ ਫਿਰਦਾ ਸੀ ਜਦ ਅਸੀਂ ਇਸ ਬਾਰੇ ਪੁੱਛਿਆ ਤਦ ਇਹ ਕਹਿੰਦਾਂ ਕਿ ਮੇਰਾ ਮਨ ਜਾਂ ਨਹੀਂ ਖੜ ਰਿਹਾ ਸੀ ਤਾਂ ਘੁੱਟ ਲਾ ਲਈ। ਜਿੱਤ ਤੋਂ ਬਾਅਦ ਕੁੱਝ ਜਿਆਦਾ ਬੋਲਣ ਤੇ ਇੱਕ ਸੀਨੀਅਰ ਅਫਸਰ ਨੇ ਇਸ ਨੂੰ ਉੱਥੇ ਧਮਕੀ ਵੀ ਦਿੱਤੀ ਸੁਣੀ ਜਾਂਦੀ ਹੈ। ਫੇਰ ਥੋੜੇ ਸਮੇਂ ਬਾਅਦ ਤਲਵੰਡੀ ਤਖਤ ਸਾਹਿਬ ਤੇ ਸਰਾਬ ਪੀਣ ਦੀ ਚਰਚਾ ਰਹੀ ਜੋ ਮੀਡੀਆ ਵਿੱਚ ਵੀ ਖੂਬ ਚੱਲੀ। ਫਿਰ ਇਸਦੇ ਮੁਹਾਲੀ ਸਥਿਤ ਘਰ ਵਿੱਚ ਵੀ ਇਸ ਤਰਾਂ ਦੀਆਂ ਮਹਿਫਲਾਂ ਚੱਲਣ ਦੀ ਗੱਲ ਉੱਡਦੀ ਰਹਿੰਦੀ ਹੈ। ਕੀ ਅਸਲੀ ਭਗਤ ਸਿੰਘ ਅਤੇ ਪੀਲੇ ਭਗਤ ਸਿੰਘ ਵਿੱਚ ਇਹੋ ਫਰਕ ਹੁੰਦਾਂ ਹੈ ਸਾਇਦ। ਹੋ ਸਕਦਾ ਸਰਾਬ ਪੀਣ ਕਹਿਣ ਦੀਆਂ ਗੱਲਾਂ ਝੂਠੀਆਂ ਹੋਣ ਪਰ ਜਦ ਇਹ ਚਰਚਾ ਦਾ ਵਿਸਾ ਬਣ ਜਾਣ ਤਦ ਕਿਸੇ ਵਿਅਕਤੀ ਜਾਂ ਨੇਤਾ ਉੱਪਰ ਦਾਗ ਤਾਂ ਲਾ ਹੀ ਜਾਂਦੀਆਂ ਹਨ।
   ਇਸ ਤਰਾਂ ਹੀ ਮੋਹਾਲੀ ਵਿੱਚ ਮੇਰੇ ਰਿਸਤੇਦਾਰ ਨੇ ਜਿੱਥੇ ਕਦੀ ਕਦੀ ਜਾਈਦਾ ਹੈ ਇੱਕ ਵਾਰ ਉਹਨਾਂ ਮੈਨੂੰ ਰਸਤੇ ਜਾਂਦਿਆ ਦੱਸਿਆਂ ਕਿ ਆਹ ਕੋਠੀ ਹੈ ਭਗਵੰਤ ਮਾਨ ਦੀ ਪਰ ਇਹ ਆਪਣੇ ਬਠਿੰਡੇ ਵਾਲਿਆਂ ਨੂੰ ਬੁਲਾਕਿ ਬਹੁਤਾ ਖੁਸ ਨਹੀਂ ਹੁੰਦਾਂ। ਪਾਰਕ ਵਗੈਰਾ ਵਿੱਚ ਜੇ ਘੁੰਮਦਾ ਮਿਲ ਜਾਵੇ ਤਦ ਇਸਦੇ ਮਿਲਣ ਵਿੱਚ ਕੋਈ ਨਿੱਘ ਨਹੀਂ ਹੁੰਦਾਂ। ਇਸ ਤਰਾਂ ਹੀ ਮੈ ਇੱਕ ਵਾਰ ਸਾਥੀਆਂ ਸਮੇਤ ਮਨਪਰੀਤ ਬਾਦਲ ਦੀ ਪੀਪੀਪੀ ਪਾਰਟੀ ਦੇ ਵੇਲੇ ਮਿਲਣ ਗਏ ਜਿੱਥੇ ਮਨਪਰੀਤ ਤਾਂ ਪਿਆਰ ਨਾਲ ਮਿਲਿਆ ਪਰ ਜਦ ਅਸੀ ਭਗਵੰਤ ਨੂੰ ਲੰਘਦਿਆਂ ਵੇਖਿਆਂ ਅਸੀ ਭੱਜਕੇ ਮਿਲਣ ਗਏ ਅਤੇ ਦੱਸਿਆ ਕਿ ਅਸੀ ਵੀ ਤੁਹਾਡੇ ਏਰੀਏ ਦਾ ਹਾਂ ਪਰ ਹੱਥ ਮਿਲਾਉਣ ਸਮੇਂ ਇਸਦਾ ਹੱਥ ਨਿੱਘਾ ਨਹੀ ਠੰਡਾਂ ਸੀ ਬੋਲਣ ਵਿੱਚ ਕੋਈ ਅਪਣੱਤ ਨਾਂ ਦਿਖਾਉਦਿਆਂ ਤੁਰਦਾ ਬਣਿਆਂ ਸਾਇਦ ਇਸ ਨੂੰ ਅਸੀਂ ਰੋਹੀਆਂ ਦੇ ਜਾਨਵਰ ਲੱਗੇ ਕਿਉਂਕਿ ਇਸਦੇ ਸੈਂਟਾਂ ਲੱਗੇ ਚਿੱਟੇ ਕੱਪੜੇ ਸਾਡੇ ਨਾਲ ਲਿੱਬੜ ਜਾਣੇ ਸਨ। ਪਰ ਅਸੀਂ ਮਲਵਈ ਅਤੇ ਬਰਨਾਲੇ ਇਲਾਕੇ ਦੇ ਲੋਕ ਜਾਂਗਲੀ ਜਰੂਰ ਕਹੇ ਜਾਂਦੇ ਹਾਂ ਪਿਆਰ ਅਤੇ ਨਫਰਤ ਦਾ ਫਰਕ ਖੂਬ ਸਮਝਦੇ ਹਾਂ ਜੋ ਸਾਡੇ ਦਿਲ ਤੇ ਲਿਖਿਆ ਜਾਂਦਾ ਹੈ ਅਸੀਂ ਵੱਡੇ ਵੱਡੇ ਔਰੰਗਜੇਬਾਂ ਨੂੰ ਮਾਫ ਕਰ ਦੇਣ ਦੀ ਤਾਕਤ ਵੀ ਸਾਨੂੰ ਖੁਦਾ ਨੇ ਬਖਸੀ ਹੋਈ ਹੈ। ਜਿਸ ਕਾਰਨ ਚੋਣਾਂ ਵਿੱਚ ਇਸਦੀ ਮਦਦ ਕੀਤੀ ਸੀ। ਅੱਜ ਵੀ ਸੁਭ ਕਾਮਨਾਵਾਂ ਨੇ ਸਾਨੂੰ ਰੋਹੀਆਂ ਦੇ ਜਾਨਵਰ ਸਮਝਣ ਵਾਲਿਆਂ ਪਰਤੀ।
  ਪਿੱਛਲੇ ਦਿਨੀ ਕੁੱਝ ਮਿੱਤਰਾਂ ਨੇ ਕਿਹਾ ਕਿ ਤੁਸੀ ਆਮ ਪਾਰਟੀ ਦੇ ਵਿੱਚ ਸਾਮਲ ਹੋਵੋ ਅਗਲੇ ਦਿਨਾਂ ਵਿੱਚ ਮਾਨ ਦੇ ਪਰੋਗਰਾਮ ਦੇਖਣ ਦੀ ਬੇਨਤੀ ਵੀ ਕੀਤੀ ਅਤੇ ਮੈਂ ਵੀ ਦੇਖਣਾਂ ਚਾਹਿਆ ਕਿ ਕੀ ਮਾਨ ਬਦਲ ਵੀ ਗਿਆ ਹੈ ਜਾਂ ਉਸੇ ਤਰਾਂ ਦਾ ਵਤੀਰਾ ਹੈ। ਦੋ ਪਿੰਡਾਂ ਦੇ ਵਿੱਚ ਪਰੋਗਰਾਮਾਂ ਦੌਰਾਨ ਦੇਖਿਆ ਕਿ ਇਹ ਉੱਥੇ ਦੇ ਪਰਬੰਧਕਾਂ ਨਾਲ ਕੋਈ ਵੀ ਗੱਲ ਨਹੀਂ ਕਰਦਾ ਆਉਣ ਸਾਰ ਸਟੇਜ ਤੇ ਚੜਦਾ ਮਾਈਕ ਫੜਦਾ ਆਪਣੀ ਗੱਲ ਬੋਲਦਾ ਲੋਕਾਂ ਨੂੰ ਖੂਬ ਹਸਾਉਂਦਾ ਹੈ ਟੋਟਕੇ ਸੁਣਾ ਸੁਣਾ ਵਿਰੋਧੀਆਂ ਤੇ ਖੂਬ ਤਵੇ ਲਾਉਂਦਾਂ ਹੈ। ਹਰ ਗੱਲ ਦਾ ਮਤਲਬ ਆਪਣੇ ਹਿੱਤ ਵਿੱਚ ਕੱਢਣਾਂ ਖੂਬ ਜਾਣਦਾ ਹੈ। ਪਰਬੰਧਕਾਂ ਨਾਲ ਉੱਥੋਂ ਦੇ ਲੋਕਾਂ ਨਾਲ ਸਿਰਫ ਡਰਾਮੇਬਾਜੀ ਕਰਦਾ ਹੋਇਆਂ ਗੱਲ ਸਿਰਫ ਆਪਦੇ ਨਾਲ ਰੱਖੇ ਹੋਏ ਚਮਚਿਆਂ ਦੀ ਹੀ ਸੁਣਦਾ ਹੈ। ਉਸ ਇਕੱਠ ਵਿੱਚ ਜੇ ਕੋਈ ਲੋਕ ਹਿੱਤ ਦੀ ਗੱਲ ਚੰਗੀ ਸਲਾਹ ਦੇਣ ਵਾਲਾ ਹੋਵੇ ਨੂੰ ਅਣਡਿੱਠ ਕਰਨ ਦਾ ਪੂਰਾ ਮਾਹਰ ਹੈ ਕਿਉਂਕਿ ਆਪਣੇ ਚਮਚਿਆ ਤੋਂ ਬਿਨਾਂ ਸਾਇਦ ਹਾਲੇ ਵੀ ਇਹ ਤੁਰਨ ਹੀ ਨਹੀਂ ਸਿੱਖ ਸਕਿਆ। ਜਿਸ ਦਿਨ ਮੇਰੇ ਪਿੰਡ ਵਿੱਚ ਇਸ ਪਾਰਟੀ ਦੇ ਇਲਾਕੇ ਦਾ ਆਗੂ ਚੁਣਿਆ ਜਾਣਾਂ ਸੀ ਮੈਨੂੰ ਸੱਦਿਆ ਗਿਆ ਕੁਦਰਤੀ ਉਸ ਵਕਤ ਮੈਂ ਮੀਟਿੰਗ ਸਥਾਨ ਦੇ ਕੋਲ ਹਾਜਰ ਸੀ ਸੀਨੀਅਰ ਆਗੂਆਂ ਮੈਨੂੰ ਚੁਨਣ ਦਾ ਫੈਸਲਾ ਕਰਿਆ ਹੋਇਆ ਸੀ ਪਰ ਮੈਂ ਮੀਟਿੰਗ ਵਿੱਚ ਜਾਣ ਦੀ ਬਜਾਇ ਇੱਕ ਨੌਜਵਾਨ ਦੀ ਭੋਗ ਰਸਮ ਤੇ ਜਾਣਾਂ ਹੀ ਬਿਹਤਰ ਸਮਝਿਆਂ। ਕਿਸੇ ਦਾ ਚਮਚਾ ਬਣਨ ਦੀ ਦਾਤ ਖੁਦਾ ਨੇ ਮੈਨੂੰ ਦਿੱਤੀ ਹੀ ਨਹੀਂ। ਉਪਰੋਤ ਕਾਰਨ ਹਨ ਜਿੰਹਨਾਂ ਕਾਰਨ ਇਹ ਆਪਣੀ ਪਾਰਟੀ ਦੇ ਸੀਨੀਅਰ ਸਿਆਣੇ ਲੋਕਾਂ ਦੀ ਕਦਰ ਨਹੀਂ ਕਰ ਸਕਦਾ। ਮਨਪਰੀਤ ਬਾਦਲ ਦੇ ਗੁਣ ਗਾਉਣ ਵਾਲਾ ਉਸਨੂੰ ਨਿੰਦਣ ਸਮੇਂ ਸਭ ਹੱਦਾਂ ਪਾਰ ਕਰ ਗਿਆ। ਸੁਖਬੀਰ ਦੇ ਕਬੱਡੀ ਕੱਪ ਸਮੇਂ ਪੰਜਾਬ ਦਾ ਸੇਰ ਬਹਾਦਰ ਅਤੇ ਹੋਰ ਅਨੇਕਾਂ ਖਿਤਾਬ ਦੇਣ ਵਾਲਾ ਹੁਣ ਕਿਸ ਤਰਾਂ ਘਟੀਆਂ ਬੋਲ ਰਿਹਾ ਹੈ ਬਾਰੇ ਸੋਚਕੇ ਇਸਦੀ ਸਿਆਣਪ ਤੇ ਸੱਕ ਹੁੰਦਾਂ ਹੈ। ਪੰਜਾਬ ਦਾ ਭਵਿੱਖ ਸਿਆਣੇ ਨੇਤਾ ਦੇ ਹੱਥਾਂ ਵਿੱਚ ਜਾਕੇ ਹੀ ਬਚ ਸਕਦਾ ਹੈ ਕਿਸੇ ਡਰਾਮੇਬਾਜ ਦੇ ਹੱਥ ਨਹੀਂ। ਹਸਾਉਣ ਲਈ ਮੀਡੀਆਂ ਕਲਾਕਾਰ ਹੁੰਦੇ ਹਨ ਨੇਤਾ ਲੋਕ ਤਾਂ ਸਿਆਣੇ ਅਤੇ ਜੁੰਮੇਵਾਰ ਹੋਣੇ ਚਾਹੀਦੇ ਹਨ ਕੀ ਭਗਵੰਤ ਮਾਨ ਸਿਆਣਾਂ ਅਤੇ ਜੁੰਮੇਵਾਰ ਬਣੇਗਾ? ਕੀ ਪੰਜਾਬ ਦਿਵਾਲੀਆਂ ਆਰਥਿਕਤਾ ਦੀ ਸਮਝ ਹੈ ਇਸਨੂੰ ਜਾਂ ਪਟਿਆਲੇ ਮੋਹਾਲੀਆਂ ਦਿੱਲੀਆਂ ਅਤੇ ਅਮਰੀਕਾ ਤੱਕ ਰਿਹਾਇਸਾਂ ਕਰਨ ਵਾਲਾ ਇਹ ਅਮੀਰ ਵਿਅਕਤੀ ਪੁਰਾਣੇ ਨੇਤਾਵਾਂ ਵਰਗਾ ਹੀ ਇੱਕ ਹੋਰ ਨੇਤਾ ਹੋਵੇਗਾ ਜਿਸਨੂੰ ਆਪਣੇ ਬੱਚਿਆਂ , ਬੀਵੀਆਂ, ਗਰੀਬਾਂ, ਪਿੰਡਾਂ,ਮਾਪਿਆਂ  ਵਿੱਚੋਂ ਮੁਸ਼ਕ ਹੀ ਮਾਰਦਾ ਰਹੇਗਾ ਜਿਸ ਤੋਂ ਬਚਣ ਲਈ ਸੈਟਾਂ ਲੱਦੇ ਕੱਪੜੇ ਪਹਿਨਕੇ ਨਿੱਤ ਨਵੀਆਂ ਕੋਠੀਆਂ ਵਿੱਚ ਰਹਿਣ ਵਾਲਾ , ਨਿੱਤ ਨਵੇਂ ਸਹਿਰਾਂ ਵਿੱਚ ਵੱਡੇ ਵੱਡੇ ਹੋਟਲਾਂ ਵਿੱਚ ਰਹਿਣ ਦਾ ਚਾਹਵਾਨ ਖਾਸ ਬੰਦਾਂ ਪੰਜਾਬ ਦੀ ਕਿਸਮਤ ਦਾ ਮਾਲਕ ਬਣ ਜਾਵੇਗਾ। ਪੰਜਾਬ ਦੀ ਕਿਸਮਤ ਹੁਣ ਸੱਚਮੁੱਚ ਹੀ ਖੁਦਾ ਦੇ ਹੱਥ ਹੈ ਕਾਸ਼ ਉਹ ਪੰਜਾਬੀਆਂ ਨੂੰ ਸੁਮੱਤ ਬਖਸ ਦੇਵੇ ਕਿ ਉਹ ਸਿਆਣਾਂ ਸਮਝਦਾਰ ਦੁੱਖ ਹਰ ਲੈਣ ਵਾਲਾ ਆਗੂ ਚੁਣਨ ਦੇ ਯੋਗ ਹੋ ਜਾਣ ਅਤੇ ਸਾਡੇ ਨੇਤਾਵਾਂ ਨੂੰ ਵੀ ਸਮਝਦਾਰ ਅਤੇ ਸਿਆਣੇ ਹੋਣ ਦਾ ਬਲ ਬਖਸ ਦੇਵੇ। ਡਰ ਲੱਗਦਾ ਹੈ ਕਿੱਧਰੇ ਹਰਿਆਣੇ ਤੋਂ ਆਪਣਾਂ ਪਾਣੀ ਬਚਾਉਣ ਵਾਲੇ ਪੰਜਾਬੀ ਇਹੋ ਜਿਹਾ ਨੇਤਾ ਹੀ ਨਾਂ ਚੁਣ ਲੈਣ ਜਿਹੜਾ ਹਰਿਆਣੇ ਦੇ ਬਨੀਏ ਦਾ ਗੁਲਾਮ ਹੋਵੇ( ਜੋ ਆਪਣੇ ਗੁਰੂ ਦੀ ਤੌਹੀਨ ਕਰ ਸਕਦਾ ਹੋਵੇ ਉਸਦੇ ਮੋਢਿਆਂ ਤੇ ਚੜਕੇ ਕੁਰਸੀ ਤੱਕ ਛਾਲ ਮਾਰ ਸਕਦਾ ਹੋਵੇ,ਸੱਚ ਦੀ ਥਾਂ ਝੂਠ ਦੇ ਗੋਲੇ ਦਾਗਣਾਂ ਜਾਣਦਾ ਹੋਵੇ ਦੇ ਹੁਕਮ ਮੰਨਕੇ) ਜਿਹੜਾ ਪੰਜਾਬ ਦੇ ਪਾਣੀਆਂ ਦੇ ਨੱਕੇ ਪੰਜਾਬ ਦੀ ਥਾਂ ਹਰਿਆਣੇ ਲਈ ਖੋਲ ਦੇਵੇ ਆਮੀਨ ਪੰਜਾਬੀਉ।
ਗੁਰਚਰਨ ਸਿੰਘ ਪੱਖੋਕਲਾਂ
ਜਿਲਾ ਬਰਨਾਲਾ
ਫੋਨ 9417727245 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.