ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਤਲੁਜ ਤੇ ਬਿਆਸ ਦਰਿਆਵਾਂ ਨੇ ਮਚਾਈ ਪੰਜਾਬ ‘ਚ ਤਬਾਹੀ
ਸਤਲੁਜ ਤੇ ਬਿਆਸ ਦਰਿਆਵਾਂ ਨੇ ਮਚਾਈ ਪੰਜਾਬ ‘ਚ ਤਬਾਹੀ
Page Visitors: 2364

ਸਤਲੁਜ ਤੇ ਬਿਆਸ ਦਰਿਆਵਾਂ ਨੇ ਮਚਾਈ ਪੰਜਾਬ ‘ਚ ਤਬਾਹੀ
August 21 10:14 2019
Print This Article
Share it With Friends

-ਹਿਮਾਚਲ ਪ੍ਰਦੇਸ਼ ‘ਚ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਭਾਖੜਾ ਡੈਮ ‘ਚੋਂ ਛੱਡਿਆ ਪਾਣੀ
-ਹੜ੍ਹ ਕਾਰਨ ਫ਼ਿਰੋਜ਼ਪੁਰ ਦੇ 60 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ
ਜਲੰਧਰ/ਲੁਧਿਆਣਾ/ਲੋਹੀਆਂ ਖਾਸ, 21 ਅਗਸਤ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ‘ਚ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ‘ਚ ਵਧੇ ਪਾਣੀ ਦੇ ਪੱਧਰ ਕਾਰਨ ਪੰਜਾਬ ‘ਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਸੂਬਾ ਸਰਕਾਰ ਨੇ ਇਸ ਨੂੰ ਕੁਦਰਤੀ ਆਫ਼ਤ ਐਲਾਨ ਦਿੱਤਾ ਹੈ। ਮੁੱਖ ਮੰਤਰੀ ਵਲੋਂ ਹੜ੍ਹਾਂ ਨਾਲ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਰੂਪਨਗਰ ਦਾ ਦੌਰਾ ਕਰਦਿਆਂ ਐਮਰਜੈਂਸੀ ਰਾਹਤ ਲਈ 100 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਹੈ। ਰੂਪਨਗਰ ਜ਼ਿਲ੍ਹੇ ‘ਚੋਂ 700 ਲੋਕਾਂ ਨੂੰ ਬਚਾਇਆ ਗਿਆ ਹੈ। ਭਾਖੜਾ ਡੈਮ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ, ਜਿਸ ਕਰਕੇ ਭਾਖੜਾ ‘ਚੋਂ ਪਾਣੀ ਛੱਡੇ ਜਾਣ ਦੀ ਮਾਤਰਾ ਵਧਾਈ ਗਈ ਹੈ, ਇਸ ਨਾਲ ਸਤਲੁਜ ‘ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਰੂਪਨਗਰ, ਤਰਨ ਤਾਰਨ, ਫਿਲੌਰ ‘ਚ ਹੜ੍ਹ ਦੀ ਜ਼ਿਆਦਾ ਮਾਰ ਪਈ। ਦਰਿਆ ਦੇ ਪਾਣੀ ਨੇ 6 ਥਾਵਾਂ ਤੋਂ ਸਤਲੁਜ ਦੇ ਕੰਢਿਆਂ ਨੂੰ ਤੋੜਿਆ ਹੈ।
    ਸਬ-ਡਵੀਜ਼ਨ ਲੋਹੀਆਂ ਖਾਸ ਨਾਲ ਲੱਗਦੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਇਕ ਹੋਰ ਜਗ੍ਹਾ ਤੋਂ ਟੁੱਟ ਜਾਣ ਨਾਲ ਇਲਾਕੇ ‘ਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਬਲਾਕ ਦੇ ਪਿੰਡ ਗਿੱਦੜਪਿੰਡੀ ਨੇੜਿਓਂ ਧੁੱਸੀ ਬੰਨ੍ਹ ਦੇ ਟੁੱਟਣ ਨਾਲ ਲੋਹੀਆਂ ਖਾਸ ਤੇ ਸੁਲਤਾਨਪੁਰ ਲੋਧੀ ਦੇ ਕਰੀਬ 1 ਦਰਜਨ ਤੋਂ ਵੱਧ ਹੋਰ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ। ਲੋਕਾਂ ਨੇ ਮੌਕੇ ‘ਤੇ ਹਾਜ਼ਰ ਸ਼ਾਹਕੋਟ ਦੀ ਐੱਸ.ਡੀ.ਐੱਮ. ਡਾ. ਚਾਰੂਮਿਤਾ ਕੋਲ ਜ਼ੋਰਦਾਰ ਰੋਸ ਕੀਤਾ ਕਿ ਬੰਨ੍ਹ ‘ਚ ਖੁੱਡ ਪੈ ਚੁੱਕੀ ਸੀ, ਜਿਸਦਾ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਹੀਲਾ ਨਹੀਂ ਕੀਤਾ ਗਿਆ ਅਤੇ ਲੋਕਾਂ ਦੀ ਬੰਨ੍ਹ ਨੂੰ ਬਚਾਉਣ ਦੀ 2 ਦਿਨਾਂ ਦੀ ਮਿਹਨਤ ਨੂੰ ਬੂਰ ਨਹੀਂ ਪਿਆ। ਲੋਕ ਘਰਾਂ ਦੀਆਂ ਛੱਤਾਂ ‘ਤੇ ਫਸੇ ਹੋਏ ਹਨ ਅਤੇ ਪਸ਼ੂਆਂ ਦੀ ਹਾਲਤ ਮਾੜੀ ਬਣੀ ਹੋਈ ਹੈ। ਬੋਰਾਂ ‘ਚ ਹੜ੍ਹ ਦਾ ਪਾਣੀ ਪੈਣ ਨਾਲ ਬੋਰਾਂ ਦਾ ਪਾਣੀ ਪੀਣਯੋਗ ਨਹੀਂ ਰਿਹਾ।
  ਹਾਲਾਂਕਿ ਹੜ੍ਹ ਮਾਰੇ ਇਲਾਕੇ ‘ਚ ਪਾਣੀ ਦਾ ਪੱਧਰ ਕੁਝ ਘੱਟਿਆ ਹੈ, ਜਦਕਿ ਟੁੱਟੇ ਬੰਨ੍ਹ ਨਾਲ ਹੜ੍ਹ ਨੇ ਪਿੰਡ ਮੰਡਾਲਾ, ਚੰਨਣਵਿੰਡੀ, ਗਿੱਦੜਪਿੰਡੀ, ਨਸੀਰਪੁਰ, ਕਿਲੀ ਵਾੜਾ ਤੇ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਖਮਾਂਗਾ, ਮੰਡ ਇੰਦਰਪੁਰ, ਟਿੱਬੀ, ਭਰੋਆਣਾ, ਤਕੀਆ ਸਮੇਤ ਇਕ ਦਰਜਨ ਦੇ ਕਰੀਬ ਪਿੰਡਾਂ ਨੂੰ ਹੋਰ ਆਪਣੀ ਲਪੇਟ ‘ਚ ਲੈ ਲਿਆ ਅਤੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ‘ਚ ਡੁੱਬ ਗਈ। ਗਿੱਦੜਪਿੰਡੀ ਨੇੜੇ ਸੰਤ ਸੀਚੇਵਾਲ ਤੇ ਸਥਾਨਕ ਲੋਕਾਂ ਵਲੋਂ ਧੁੱਸੀ ਬੰਨ੍ਹ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਸਫ਼ਲਤਾ ਨਹੀਂ ਮਿਲੀ। ਇਸ ਦੌਰਾਨ ਇਕ ਟਰਾਲੀ ਵੀ ਹੜ੍ਹ ‘ਚ ਰੁੜ੍ਹ ਗਈ।
   ਪ੍ਰਸ਼ਾਸਨ ਵਲੋਂ ਅਜੇ ਤੱਕ ਕਿਸੇ ਵੀ ਪਾੜ ਨੂੰ ਪੂਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਦਕਿ ਬਚਾਅ ਕਾਰਜ ਜਾਰੀ ਹਨ। ਪਿੰਡ ਜਾਣੀਆ ਨੇੜੇ ਇਕ ਘਰ ‘ਚ ਫਸੇ ਹੋਏ ਇਕ ਪਰਿਵਾਰ ਦੇ 11 ਮੈਂਬਰਾਂ ਨੂੰ ਸੇਵਾਦਾਰ ਸੁਰਜੀਤ ਸਿੰਘ ਸ਼ੰਟੀ ਤੇ ਐੱਨ.ਡੀ.ਆਰ.ਐੱਫ. ਦੇ ਜਵਾਨਾਂ ਵਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਹੜ੍ਹ ‘ਚ ਫਸੇ ਲੋਕਾਂ ਲਈ ਸਥਾਨਕ ਗੁਰਦੁਆਰਾ ਸਿੰਘ ਸਭਾ, ਪ੍ਰਾਚੀਨ ਸ਼ਿਵ ਮੰਦਿਰ ਤੇ ਸ਼ਹਿਰ ਵਾਸੀਆਂ ਵਲੋਂ ਲੰਗਰ ਤੇ ਹੋਰ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਲਾਕੇ ‘ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ਗਿਆ ਹੈ ਅਤੇ ਇਕ ਵਿਅਕਤੀ ਬਲਵੀਰ ਸਿੰਘ ਵਾਸੀ ਮੁੰਡੀ ਸ਼ਹਿਰੀਆਂ ਦੀ ਬਿਮਾਰੀ ਦੀ ਹਾਲਤ ‘ਚ ਇਲਾਜ ਨਾ ਮਿਲਣ ਕਾਰਨ ਮੌਤ ਹੋ ਗਈ। ਹੜ੍ਹ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ, ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਵਲੋਂ ਖ਼ੁਦ ਕਿਸ਼ਤੀ ‘ਚ ਸਵਾਰ ਹੋ ਕੇ ਬਚਾਅ ਕਾਰਜ ਕੀਤੇ ਗਏ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ। ਮੌਕੇ ‘ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।
      ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕਰੀਬ 50 ਪਿੰਡਾਂ ਦੀ 30,000 ਏਕੜ ਜ਼ਮੀਨ ‘ਤੇ ਪਾਣੀ ਭਰ ਚੁੱਕਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੰਨ੍ਹ ‘ਚ ਪਏ ਪਾੜਾਂ ਨੂੰ ਪੂਰਨ ਲਈ ਫ਼ੌਜ ਨੂੰ ਮਦਦ ਲਈ ਬੁਲਾਇਆ ਗਿਆ ਹੈ। ਆਪਣੇ ਘਰਾਂ ਦੀਆਂ ਛੱਤਾਂ ‘ਤੇ ਖੜ੍ਹੇ ਲੋਕਾਂ ਨੂੰ ਭੋਜਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਲਈ ਮਾਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਲੋੜਵੰਦ ਲੋਕਾਂ ਨੂੰ ਖਾਣੇ ਦੇ ਪੈਕਟ ਮੁਹੱਈਆ ਕਰਵਾਏ ਜਾਣਗੇ।
ਸੈਂਕੜੇ ਏਕੜ ਫ਼ਸਲ ਅਜੇ ਵੀ ਸਤਲੁਜ ਦੀ ਮਾਰ ਹੇਠ
  ਸਤਲੁਜ ਦਰਿਆ ਤੋਂ ਕਰੀਬ ਇਕ ਕਿ: ਮੀ: ਦੀ ਦੂਰੀ ‘ਤੇ ਵਸੇ ਹੋਏ ਬੇਲੀ ਦੇ ਵਸਨੀਕਾਂ ਦੀ ਸੈਂਕੜੇ ਏਕੜ ਫ਼ਸਲ ਅਜੇ ਵੀ ਸਤਲੁਜ ਦਰਿਆ ਦੇ ਤੇਜ਼ ਵਹਾਅ ਦੀ ਲਪੇਟ ‘ਚ ਆਈ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ 18 ਅਗਸਤ ਨੂੰ ਕਰੀਬ 16 ਪਸ਼ੂ ਸਤਲੁਜ ਦਰਿਆ ‘ਚ ਰੁੜ੍ਹ ਗਏ ਸਨ ਤੇ ਇਕ ਪਸ਼ੂ ਦੀ ਮੌਤ ਹੋ ਗਈ।
ਫ਼ਾਜ਼ਿਲਕਾ ‘ਚ ਕੌਮਾਂਤਰੀ ਸਰਹੱਦ ਨੇੜੇ ਪਾਣੀ ਦਾ ਪੱਧਰ ਵਧਣ ਕਾਰਨ 13 ਪਿੰਡਾਂ ‘ਚ ਰੈੱਡ ਅਲਰਟ
ਭਾਖੜਾ ਤੋਂ ਸਤਲੁਜ ਦਰਿਆ ‘ਚ ਪਾਣੀ ਛੱਡੇ ਜਾਣ ਤੋਂ ਬਾਅਦ ਫ਼ਾਜ਼ਿਲਕਾ ਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਨਾਲ ਦਰਿਆ ਨੇੜੇ ਵੱਸਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਲੱਗੀਆਂ ਹਨ। ਐੱਸ.ਡੀ.ਐੱਮ. ਸੁਭਾਸ਼ ਖੱਟਕ ਨੇ ਦੱਸਿਆ ਕਿ 13 ਸਰਹੱਦੀ ਪਿੰਡਾਂ ਅੰਦਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਹੜ੍ਹ ਕਾਰਨ ਫ਼ਿਰੋਜ਼ਪੁਰ ਦੇ 60 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ
ਫ਼ਿਰੋਜ਼ਪੁਰ : ਸਤਲੁਜ ਦਰਿਆ ‘ਚ ਪਾਣੀ ਦਾ ਵਧਿਆ ਪੱਧਰ ਹੁਣ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਤਬਾਹੀ ਮਚਾਉਣ ਲੱਗ ਪਿਆ ਹੈ। ਭਾਖੜਾ ਡੈਮ ਤੋਂ ਛੱਡੇ ਪਾਣੀ ਤੇ ਅਨੇਕਾਂ ਚੋਵਾਂ ‘ਚੋਂ ਆ ਰਹੇ ਬੇਤਹਾਸ਼ਾ ਪਾਣੀ ਕਾਰਨ ਸਤਲੁਜ ਦਰਿਆ ਦੇ ਬੰਨ੍ਹ ਦੇ ਅੰਦਰਲੇ ਜ਼ਿਲ੍ਹੇ ਦੇ ਕਰੀਬ 60 ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਚਾਰੇ ਪਾਸੇ ਤੋਂ ਪਾਣੀ ‘ਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੁਲਾਈ ਗਈ ਸੈਨਾ ਦੇ ਜਵਾਨ ਅਤੇ ਐੱਨ.ਡੀ.ਆਰ.ਐੱਫ. ਦੇ ਮੈਂਬਰ ਪਾਣੀ ‘ਚ ਘਿਰੇ ਲੋਕਾਂ ਤੱਕ ਰਾਹਤ ਪਹੁੰਚਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹਨ।
  ਪਾਣੀ ‘ਚ ਘਿਰੇ ਲੋਕਾਂ ਦੀ ਸਾਰ ਲੈਣ ਲਈ ਫ਼ਿਰੋਜ਼ਪੁਰ ਹਲਕੇ ਅੰਦਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਜ਼ੀਰਾ ਹਲਕੇ ਅੰਦਰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਕਮਿਸ਼ਨਰ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਚੰਦਰ ਗੈਂਦ, ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਵਲੋਂ ਪ੍ਰਭਾਵਿਤ ਇਲਾਕਿਆਂ ‘ਚ ਜਾ ਕੇ ਪੀੜਤਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਹਰੀਕੇ ਹੈੱਡ ਵਰਕਸ ‘ਤੇ 1 ਲੱਖ 16 ਹਜ਼ਾਰ 120 ਕਿਊਸਿਕ ਪਾਣੀ ਦੀ ਆਮਦ ਨਾਪੀ ਗਈ, ਜਿੱਥੋਂ ਹੇਠਾਂ ਹੁਸੈਨੀਵਾਲਾ ਵੱਲ 97 ਹਜ਼ਾਰ 388 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਬੇਸ਼ੱਕ ਪਿੱਛੋਂ ਪਾਣੀ ਦੀ ਆਮਦ ਘੱਟ ਹੋਈ ਹੈ, ਪ੍ਰੰਤੂ ਫ਼ਿਰੋਜ਼ਪੁਰ ਇਲਾਕੇ ‘ਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਨੇ ਧੁੱਸੀ ਬੰਨ੍ਹ ਦੇ ਨਾਲ-ਨਾਲ ਅਨੇਕਾਂ ਹਵੇਲੀਆਂ, ਢਾਣੀਆਂ ਤੇ ਪਿੰਡਾਂ ਨੂੰ ਆਪਣੇ ਘੇਰੇ ‘ਚ ਲੈ ਲਿਆ ਹੈ। ਬਹੁਤੇ ਲੋਕ ਘਰ ਛੱਡਣ ਲਈ ਰਾਜ਼ੀ ਨਹੀਂ ਹਨ। ਘਰ ਦੇ ਕੁਝ ਮੈਂਬਰ ਆਪਣਾ ਕੀਮਤੀ ਸਾਮਾਨ ਛੱਤਾਂ ਅਤੇ ਉੱਚੀਆਂ ਥਾਵਾਂ ‘ਤੇ ਰੱਖੀ ਬੈਠੇ ਹਨ। ਬਸਤੀ ਰਾਮ ਲਾਲ, ਪੱਲਾ ਮੇਘਾ ਆਦਿ ਪਿੰਡਾਂ ਦੇ ਲੋਕਾਂ ਦੀਆਂ ਫ਼ਸਲਾਂ ਮਾਰ ਹੇਠ ਆ ਗਈਆਂ ਹਨ। ਕਾਲੂ ਵਾਲਾ, ਟੇਂਡੀ ਵਾਲਾ, ਗੱਟੀ ਰਾਜੋ ਕੀ ਆਦਿ ਕਰੀਬ 17 ਪਿੰਡਾਂ ‘ਚ ਵੀ ਪਾਣੀ ਨੇ ਦਸਤਕ ਦਿੰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ‘ਚ ਵਾਧਾ ਕਰ ਦਿੱਤਾ ਹੈ। ਖੇਤਾਂ ‘ਚ 4-5 ਫੁੱਟ ਪਾਣੀ ਘੁੰਮ ਰਿਹਾ ਹੈ ਅਤੇ ਲੋਕਾਂ ਵਲੋਂ ਆਪਣੇ ਪੱਧਰ ‘ਤੇ ਬਣਾਏ ਆਰਜ਼ੀ ਬੰਨ੍ਹ ਕਮਜ਼ੋਰ ਪੈ ਰਹੇ ਹਨ।
ਪਾਕਿਸਤਾਨ ਵੱਲ ਛੱਡਿਆ ਪਾਣੀ
ਸਤਲੁਜ ਦਰਿਆ ਰਾਹੀਂ ਪੁੱਜ ਰਹੇ ਪਾਣੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਸਿੰਜਾਈ ਵਿਭਾਗ ਵਲੋਂ ਹੁਸੈਨੀਵਾਲਾ ਹੈੱਡ ਵਰਕਸ ਦੇ ਗੇਟ ਖੋਲ੍ਹ ਸਾਰਾ ਪਾਣੀ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ ਹੈ। ਹੁਸੈਨੀਵਾਲਾ ਹੈੱਡ ਵਰਕਸ ‘ਤੇ 58 ਹਜ਼ਾਰ 935 ਕਿਊਸਿਕ ਪਾਣੀ ਦੀ ਆਮਦ ਨਾਪੀ ਗਈ, ਜਿਸ ‘ਚੋਂ 58 ਹਜ਼ਾਰ 135 ਦੇ ਕਰੀਬ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ, ਤਾਂ ਜੋ ਹੁਸੈਨੀਵਾਲਾ ਵਿਖੇ ਇਕੱਠਾ ਹੋਇਆ ਪਾਣੀ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਵੇ।
ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਜ਼ਿਲ੍ਹਿਆਂ ‘ਚ ਵੀ ਹੜ੍ਹ ਆਉਣ ਦੀ ਸੂਚਨਾ ਹੈ
  ਸ਼ਾਹਕੋਟ ਸਬ-ਡਿਵੀਜ਼ਨ ‘ਚ ਪੈਂਦੇ ਪਿੰਡ ਜਾਣੀਆਂ ਤੇ ਚੱਕ ਬੁੰਡਾਲਾ ਨੇੜੇ ਸਤਲੁਜ ਦੇ ਧੁੱਸੀ ਬੰਨ੍ਹ ਵਿਚ ਕਰੀਬ 100 ਫੁੱਟ ਦਾ ਪਾੜ ਪੈਣ ਕਾਰਨ ਬਲਾਕ ਲੋਹੀਆਂ ਖਾਸ ਦੇ ਕਰੀਬ 19 ਪਿੰਡ ਪਾਣੀ ਵਿਚ ਘਿਰ ਗਏ ਹਨ। ਫ਼ੌਜ ਅਤੇ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ‘ਚ ਜੁਟੇ ਹੋਏ ਹਨ। ਹੜ੍ਹ ਨਾਲ ਪਿੰਡ ਚੱਕ ਬੁੰਡਾਲਾ, ਜਾਣੀਆਂ, ਜਾਣੀਆਂ ਚਾਹਲ, ਮਹਿਰਾਜਵਾਲਾ, ਗੱਟਾ ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਕੰਗ ਖ਼ੁਰਦ, ਜਲਾਲਪੁਰ, ਥੇਹ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਕੋਠਾ, ਫ਼ਤਿਹਪੁਰ ਭੰਗਵਾ, ਇਸਮਾਇਲਪੁਰ, ਪਿੱਪਲੀ, ਮਿਆਣੀ, ਗੱਟੀ ਪੀਰ ਬਖ਼ਸ਼ ਅਤੇ ਗੱਟੀ ਰਾਏਪੁਰ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਲਾਕੇ ਦੇ ਲੋਕ ਆਪਣੇ ਪੱਧਰ ‘ਤੇ ਧੁੱਸੀ ਬੰਨ੍ਹ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ। ਇਲਾਕੇ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ। ਲੋਕ ਆਪਣਾ ਕੀਮਤੀ ਸਾਮਾਨ ਅਤੇ ਪਸ਼ੂਆਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਲਿਜਾ ਰਹੇ ਹਨ।
ਭਾਰਤ ਵੱਲੋਂ ਬਿਨਾਂ ਦੱਸੇ ਪਾਣੀ ਛੱਡਣ ਨਾਲ ਕਸੂਰ ‘ਚ ਹੜ੍ਹ ਆਇਆ: ਪਾਕਿ
ਇਸਲਾਮਾਬਾਦ: ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਬਿਨਾਂ ਅਗਾਊਂ ਜਾਣਕਾਰੀ ਦਿੱਤਿਆਂ 2,00,000 ਕਿਊਸਿਕ ਪਾਣੀ ਸਤਲੁਜ ‘ਚ ਉਨ੍ਹਾਂ ਦੇ ਮੁਲਕ ਵੱਲ ਛੱਡ ਦਿੱਤਾ। ਇਸ ਨਾਲ ਗੁਆਂਢੀ ਮੁਲਕ ਦੇ ਕਈ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਬੁਲਾਰੇ ਬ੍ਰਿਗੇਡੀਅਰ ਮੁਖ਼ਤਾਰ ਅਹਿਮਦ ਨੇ ਕਿਹਾ ਕਿ ਕਸੂਰ ਜ਼ਿਲ੍ਹੇ ‘ਚ ਗੰਢਾ ਸਿੰਘ ਵਾਲਾ ਪਿੰਡ ਵਿਚ ਪਾਣੀ ਦਾ ਪੱਧਰ 16-17 ਫੁੱਟ ਹੈ ਤੇ 24,000 ਕਿਊਸਿਕ ਪਾਣੀ ਇਲਾਕੇ ‘ਚ ਦਾਖ਼ਲ ਹੋ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.