ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੀ ਹੈ ਅਸਲੀਅਤ ਪਰਮਿੰਦਰ ਢੀਂਡਸਾ ਬਾਰੇ ਛਿੜੀ ਨਵੀਂ ਸਿਆਸੀ ਚਰਚਾ ਦੀ ? ...
ਕੀ ਹੈ ਅਸਲੀਅਤ ਪਰਮਿੰਦਰ ਢੀਂਡਸਾ ਬਾਰੇ ਛਿੜੀ ਨਵੀਂ ਸਿਆਸੀ ਚਰਚਾ ਦੀ ? ...
Page Visitors: 2383

ਕੀ ਹੈ ਅਸਲੀਅਤ ਪਰਮਿੰਦਰ ਢੀਂਡਸਾ ਬਾਰੇ ਛਿੜੀ ਨਵੀਂ ਸਿਆਸੀ ਚਰਚਾ ਦੀ ? ... 
By : ਬਲਜੀਤ ਬੱਲੀ
Tuesday, Dec 10, 2019 10:21 PM
      ਸਿਆਸੀ ਦੁਬਿਧਾ ,ਤਣਾਅ ਅਤੇ ਧਰਮ-ਸੰਕਟ 'ਚ ਫਸੇ ਪਰਮਿੰਦਰ ਢੀਂਡਸਾ - ਵੱਡੇ ਢੀਂਡਸਾ ਨਾਲ ਪੁੱਜੇ ਦਿੱਲੀ

 ਬਹੁਤ ਹੀ ਉਲਝੇ ਧਰਮ -ਸੰਕਟ 'ਚ ਪਏ ਨੇ ਪਰਮਿੰਦਰ ਢੀਂਡਸਾਬਲਜੀਤ ਬੱਲੀ / ਤਿਰਛੀ ਨਜ਼ਰ 

ਚੰਡੀਗੜ੍ਹ , 10 ਦਸੰਬਰ , 2019 : ਪੰਜਾਬ ਵਿਧਾਨ ਸਭਾ 'ਚ ਅਕਾਲੀ ਵਿਧਾਨਕਾਰ ਪਾਰਟੀ ਦੇ ਨੇਤਾ ਪਰਮਿੰਦਰ ਢੀਂਡਸਾ ਦੇ ਵੀ ਵੱਡੇ ਢੀਂਡਸਾ ਦੇ ਰਾਹ ਪੈਣ ਦੀਆਂ ਖ਼ਬਰਾਂ ਨੇ ਪੰਜਾਬ ਦੀ ਅਤੇ ਖ਼ਾਸ ਕਰਕੇ ਅਕਾਲੀ ਰਾਜਨੀਤੀ ਵਿਚ ਵੱਢੀ ਹਿਲਜੁਲ ਪੈਦਾ ਹੋਣੀ ਲਾਜ਼ਮੀ ਸੀ .ਪਰਮਿੰਦਰ ਢੀਂਡਸਾ ਜਾਂ ਉਸਦੇ ਪਿਤਾ ਵੱਡੇ ਢੀਂਡਸਾ ਨੇ ਅਜਿਹੀਆਂ ਰਿਪੋਰਟਾਂ ਦੀ ਨਾ ਹੀ ਪੁਸ਼ਟੀ ਕੀਤੀ ਅਤੇ ਨਾ ਹੀ ਇਸ ਦਾ ਖੰਡਨ ਕੀਤਾ . ਪਰਮਿੰਦਰ ਢੀਂਡਸਾ ਨੇ ਮੀਡੀਆ ਤੋਂ ਪਾਸਾ ਹੀ ਵੱਟੀ ਰੱਖਿਆ . ਉਹ ਸਾਰਾ ਦਿਨ ਚੰਡੀਗੜ੍ਹ 'ਚ ਆਪਣੀ ਰਿਹਾਇਸ਼ ਤੇ ਹੀ ਰਹੇ ਜਿੱਥੇ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਹੀ ਘਰ ਵਿੱਚ ਹੀ ਸਨ . ਸ਼ਾਮ ਨੂੰ ਪਰਮਿੰਦਰ ਸਿੰਘ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਨਾਲ ਹੀ ਦਿੱਲੀ ਚਲੇ ਗਏ . ਉਨ੍ਹਾਂ ਦੀ ਆਪਸ ਵਿਚ ਕੀ ਗੱਲਬਾਤ ਹੋਈ ਜਾਂ ਉਕਤ ਮਸਲੇ ਕੀ ਹੁੰਦੀ ਰਹੀ ਹੈ , ਇਸ ਬਾਰੇ ਕੋਈ ਖ਼ਬਰ ਨਹੀਂ ਮਿਲੀ ਪਰ ਸੁਖਦੇਵ ਸਿੰਘ ਢੀਂਡਸਾ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਸਿਰਫ਼ ਇੰਨਾ ਕਿਹਾ ਕਿ " ਮੈਂ ਕੁਝ ਨਹੀਂ ਕਹਿਣਾ , ਇਹ ਫ਼ੈਸਲਾ ਤਾਂ ਖ਼ੁਦ ਪਰਮਿੰਦਰ ਨੇ ਕਰਨਾ ਹੈ . ਉਸ ਦੀ ਮਰਜ਼ੀ ਹੈ ." 
ਜਦੋਂ ਕੋਈ ਸਿਆਸਤਦਾਨ ਅਜਿਹੀ ਹਾਲਤ ਵਿਚ ਮੀਡੀਆ ਤੋਂ ਕਿਨਾਰਾ ਕਰੇ ਤਾਂ ਇਹ ਇਸ਼ਾਰਾ ਕਾਫ਼ੀ ਹੈ ਕਿ ਜੋ ਰਿਪੋਰਟ ਸਾਡੇ ਪੱਤਰਕਾਰ ਸਾਥੀ ਦਵਿੰਦਰ ਪਾਲ ਨੇ ਨਸ਼ਰ ਕੀਤੀ , ਇਸ ਵਿਚ ਦਮ ਸੀ .
ਖ਼ੈਰ , ਬਾਬੂਸ਼ਾਹੀ ਨੇ ਪਰਮਿੰਦਰ ਢੀਂਡਸਾ ਬਾਰੇ ਹੋਈ ਇਸ ਨਵੀਂ ਚਰਚਾ ਦੀ ਸਚਾਈ ਜਾਣਨ ਦਾ ਯਤਨ ਕੀਤਾ . ਨਤੀਜਾ ਇਹ ਨਿਕਲਿਆ ਕਿ ਵੱਡੇ ਢੀਂਡਸਾ ਦੇ ਮਾਮਲੇ ਤੇ ਪਰਮਿੰਦਰ ਢੀਂਡਸਾ - ਬਹੁਤ ਹੀ ਗੰਭੀਰ ਦਵੰਦ ਅਤੇ ਤਣਾਅ ਵਿਚ  ਦੱਸੇ ਜਜਾਂਦੇ ਹਨ . ਇੱਕ ਪਾਸੇ  ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਹਨ ਜਿਨ੍ਹਾਂ ਨੇ ਪਰਮਿੰਦਰ ਨੂੰ ਸਿਰਫ਼ ਪਾਲ ਪੋਸ਼ ਪੜ੍ਹਾ ਲਿਖਾ ਕੇ ਇੱਕ ਜ਼ਿੰਮੇਵਾਰ ਇਨਸਾਨ ਬਣਾਉਣ 'ਚ ਆਪਣਾ ਫ਼ਰਜ਼ ਹੀ ਨਹੀਂ ਨਿਭਾਇਆ ਸਗੋਂ ਉਸ ਨੂੰ ਰਾਜਨੀਤੀ ਦੇ ਪਾਠ ਪੜ੍ਹਾ ਕੇ ਇੱਕ ਸਿਆਸੀ ਨੇਤਾ ਵਜੋਂ ਉੱਭਰਨ 'ਚ ਵੀ ਆਪਣਾ ਪੂਰਾ ਯੋਗਦਾਨ ਪਾਇਆ .
   ਦੂਜੇ ਪਾਸੇ ਉਸ ਲਈ ਆਪਣੀ ਪਾਰਟੀ ਅਕਾਲੀ ਦਲ ਲਈ ਵਫ਼ਾਦਾਰੀ ਦਾ ਸਵਾਲ ਹੈ ।  ਉਹ ਪਾਰਟੀ ਅਤੇ ਉਹ ਲੀਡਰਸ਼ਿਪ ਜਿਸ ਨੇ ਉਸ ਨੂੰ ਪੂਰਾ -ਮਾਣ -ਤਾਣ ਅਹੁਦੇ ਅਤੇ ਵਜ਼ੀਰੀਆਂ ਤੱਕ ਦੇ ਮੌਕੇ ਦਿੱਤੇ . ਇੱਥੋਂ ਤੱਕ ਕਿ ਵੱਡੇ ਢੀਂਡਸਾ ਦੇ ਪਾਰਟੀ ਅਹੁਦਿਆਂ ਤੋਂ ਵੱਖ ਹੋ ਕੇ ਬਾਗ਼ੀ ਤੇਵਰ ਦਿਖਾਏ ਜਾਣ ਦੇ ਬਾਅਦ ਵੀ ਅਕਾਲੀ ਦਲ ਨੇ ਪਰਮਿੰਦਰ ਨੂੰ  ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਵੀ ਬਣਾਇਆ ਅਤੇ ਪਰਮਿੰਦਰ ਨੇ ਆਪਣੇ ਬਾਪ ਦੀ ਸਲਾਹ ਦੇ ਉਲਟ ਪਾਰਟੀ ਲਈ ਵਫ਼ਾਦਾਰੀ ਦਿਖਾਉਂਦੇ ਹੋਏ ਇਹ ਚੋਣ ਲੜੀ ਵੀ . ਉਸ ਤੋਂ ਬਾਅਦ ਅਕਾਲੀ ਲੀਡਰਸ਼ਿਪ ਵੱਲੋਂ ਪਰਮਿੰਦਰ ਨੂੰ  ਵਿਧਾਨ ਸਭਾ 'ਚ ਅਕਾਲੀ ਵਿਧਾਨਕਾਰ ਪਾਰਟੀ ਦਾ ਨੇਤਾ ਵੀ ਬਣਾਇਆ .
    ਇਹ ਵੀ ਹੋ ਸਕਦੈ ਕਿ ਜਦੋਂ ਪਰਮਿੰਦਰ ਢੀਂਡਸਾ ਆਪਣੇ ਸਿਆਸੀ ਕੈਰੀਅਰ ਅਤੇ ਭਵਿੱਖ ਬਾਰੇ ਸੋਚਦੇ ਹੋਣ ਜਾਂ ਹਿਸਾਬ-ਕਿਤਾਬ ਲਾਉਂਦੇ ਹੋਣ , ਉਦੋਂ ਉਨ੍ਹਾਂ ਨੂੰ ਇਹ ਲਗਦਾ ਹੋਵੇ ਕਿ ਇਹ ਤਾਂ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਨਾਲ ਹੀ ਸੁਰੱਖਿਅਤ ਹੈ .
ਹੁਣ  ਸਵਾਲ ਪੈਦਾ ਹੁੰਦੇ ਇੰਨਾ ਕੁਝ ਵਾਪਰ ਗਿਆ ਅਤੇ ਢੀਂਡਸਾ ਦੇ ਅਹੁਦੇ ਛੱਡਣ ਅਤੇ ਅਕਾਲੀ ਦਲ ਤੋਂ ਕਿਨਾਰਾ ਕਰ ਕੇ ਸਰਗਰਮ ਅਕਾਲੀ ਰਾਜਨੀਤੀ ਤੋਂ ਟਾਲ਼ਾ ਵੱਟ ਲੈਣ ਦੇ ਕਈ ਮਹੀਨੇ ਬਾਅਦ  ਹੁਣ ਪਰਮਿੰਦਰ ਢੀਂਡਸਾ ਬਾਰੇ ਤਾਜ਼ਾ ਚਰਚਾ ਕਿਉਂ ਹੋਈ ਅਤੇ ਉਹ ਕਿਉਂ ਦੁਬਿਧਾ ਅਤੇ ਤਣਾਅ 'ਚ ਪਏ ?
ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਲਗਭਗ ਸਾਲ ਭਰ ਤੋਂ ਗੈਰ-ਸਰਗਰਮ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਆਪਣੀ ਖੜੋਤ ਤੋੜ ਕੇ ਸਿਆਸੀ ਸਰਗਰਮੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਉਹ ਵੀ ਅਕਾਲੀ ਦਲ 'ਚੋਂ ਬਾਗ਼ੀ ਹੋਏ ਟਕਸਾਲੀ ਅਕਾਲੀਆਂ ਅਤੇ ਰਵੀ ਇੰਦਰ ਅਤੇ ਬੈਂਸ ਭਰਾਵਾਂ ਸਮੇਤ ਹੋਰ ਬਾਦਲ ਦਲ ਵਿਰੋਧੀਆਂ ਨਾਲ ਮਿਲਕੇ .ਬੇਸ਼ੱਕ ਅਜੇ ਵੀ ਉਹ ਅਕਾਲੀ ਦਲ ਦੇ ਮੈਂਬਰੀ ਨਹੀਂ ਛੱਡ ਰਹੇ ( ਸ਼ਾਇਦ ਰਾਜ ਸਭਾ ਮੈਂਬਰ ਹੋਣ ਕਾਰਨ ਖ਼ੁਦ ਛੱਡ ਵੀ ਨਹੀਂ ਸਕਦੇ ) ਪਰ  14 ਦਸੰਬਰ ,2019 ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਲਈ ਉੱਪਰ ਜ਼ਿਕਰ ਕੀਤੇ ਧੜਿਆਂ ਦੇ ਸਾਂਝੇ ਸਮਾਗਮ ਲੈ ਪਹਿਲਕਦਮੀ ਕਰ ਕੇ ਅਕਾਲੀ ਦਲ ਲਈ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਉੱਥੇ ਢੀਂਡਸਾ ਨੇ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਲਈ ਇੱਕ ਨਵਾਂ ਧਰਮ -ਸੰਕਟ ਖੜ੍ਹਾ ਕਰ ਦਿੱਤਾ ਹੈ .ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਪਰਮਿੰਦਰ ਨੇ ਆਪਣੀ ਇਹੀ ਦੁਬਿਧਾ ਅਤੇ ਧਰਮ-ਸੰਕਟ ਦਾ ਇਜ਼ਹਾਰ ਅਕਾਲੀ ਲੀਡਰਸ਼ਿਪ ਕੋਲ ਵੀ ਕੀਤਾ ਹੈ ਅਤੇ ਪਾਰਟੀ ਵਿਚਲੇ ਆਪਣੇ ਕੁਝ ਸਾਥੀਆਂ ਨਾਲ ਵੀ .
ਇਹ ਵੀ ਪਤਾ ਲੱਗਾ ਹੈ ਕਿ ਸੁਭਾਅ ਵਜੋਂ ਨਿਮਰ ਪਰਮਿੰਦਰ ਢੀਂਡਸਾ ਨੂੰ ਇਹ ਵੀ ਅਹਿਸਾਸ ਹੈ ਅਕਾਲੀ ਵਰਕਰ , ਹਿਮਾਇਤੀ ਹੀ ਨਹੀਂ ਸਗੋਂ ਬਾਕੀ ਸਿਆਸਤਦਾਨ ਅਤੇ ਆਮ ਲੋਕ ਵੀ ਉਨ੍ਹਾਂ ਦੀ ਪਿੱਠ ਪਿੱਛੇ ਇਹ ਬੋਲਦੇ ਹੋਣੇ ਨੇ ਕੇ "ਪਿਉ -ਪੁੱਤਾਂ ਨੇ ਕੀ ਡਰਾਮਾ ਰਚਿਐ ?" ਜੇਕਰ ਉਹ ਅਜਿਹੀ ਮਨੋਦਸ਼ਾ ਚੋਂ ਗੁਜ਼ਰ ਰਹੇ ਹੋਣ ਤਾਂ ਫੇਰ ਗੁਣਾ ਕਿਸੇ ਪਾਸੇ ਵੀ ਪੈ ਸਕਦੈ .
ਇੱਕ ਹੋਰ ਵੀ ਸਬੱਬ ਹੈ ਕਿ ਦੋਵੇਂ ਪਿਉ -ਪੁੱਤ ਅਤੇ ਉਨ੍ਹਾਂ ਦਾ ਬਾਲ ਪਰਿਵਾਰ ਚੰਡੀਗੜ੍ਹ 'ਚ ਇੱਕੋ ਕੋਠੀ 'ਚ ਇਕ ਜੁਆਇੰਟ ਫੈਮਲੀ ਵਜੋਂ ਰਹਿੰਦੇ ਹਨ ਅਤੇ ਆਪਸ ਵਿਚ ਮੋਹ-ਪਿਆਰ ਅਤੇ ਮੇਲ-ਮਿਲਾਪ ਵੀ ਪੂਰਾ ਹੈ ਜੋ ਕਿ ਸ਼ਾਇਦ ਪਰਮਿੰਦਰ ਦੇ ਦਵੰਦ ਨੂੰ ਹੋਰ ਗਹਿਰਾ ਕਰ ਦਿੰਦਾ ਹੋਵੇ . ਇਹ ਜਾਰੀ ਰਹੇਗਾ ਜਾਂ ਇੱਕ ਪਾਸਾ ਹੋਵੇਗਾ ਅਤੇ ਇਹ ਕਿਸ ਪਾਸੇ ਹੋਵੇਗਾ ,ਇਹ ਸਮਾਂ ਹੀ ਦੱਸੇਗਾ.

  • ਦੂਜੇ ਪਾਸੇ ਉਸ ਲਈ ਆਪਣੀ ਪਾਰਟੀ ਅਕਾਲੀ ਦਲ ਲਈ ਵਫ਼ਾਦਾਰੀ ਦਾ ਸਵਾਲ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.