ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਗੁਣ ਗੋੁਪਾਲ ਦਿਨੁ ਰੈਨਿ ਧਿਆਇਆ
ਗੁਣ ਗੋੁਪਾਲ ਦਿਨੁ ਰੈਨਿ ਧਿਆਇਆ
Page Visitors: 2809

ਗੁਣ ਗੋੁਪਾਲ ਦਿਨੁ ਰੈਨਿ ਧਿਆਇਆ
ਸਾਸਿ ਸਾਸਿ ਪ੍ਰਭੁ ਧਿਆਈਐ॥ਹਰਿ ਮੰਗਲੁ ਨਾਨਕ ਗਾਈਐ॥4॥4॥54॥(ਪੰਨਾ 622)
ਅਰਥ:- ਹੇ ਨਾਨਕ!ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।ਸਦ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਉਂਦੇ ਰਹਿਣਾ ਚਾਹੀਦਾ ਹੈ।
ਵਿਆਖਿਆ:- ਸਿੱਖ ਲਈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਉਣਾ ਕੀ ਹੈ? ਇਹ ਹੈ ਗੁਰਬਾਣੀ ਦਾ ਕੀਰਤਨ ਕਰਨਾ ।
 ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ।(ਜਪੁ ਜੀ)।
 ਗੁਰਬਾਣੀ ਦਾ ਕੀਰਤਨ ਕਰਨ ਅਤੇ ਸੁਣਣ ਦਾ ਇਹ ਹੈ ਲਾਭ।
ਗੁਰਬਾਣੀ ਵਿੱਚ  ਕੀਰਤਨੁ ਕਰਨ ਦੀ ਬੜੀ ਮਹਿਮਾ ਹੈ। ਕੁਝ ਪ੍ਰਮਾਣ ਥੱਲੇ ਦਿੱਤੇ ਹਨ:-                               
 1. ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸ਼ਫਲ਼ ਏਹਾ ਹੈ ਕਾਰੀ ਜੀਉ॥ਪੰਨਾ 108॥
 2. ਸਾਧਸੰਗਿ ਹਰਿ ਕੀਰਤਨੁ ਗਾਈਐ॥ਪੰਨਾ 179॥
3. ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ॥ਪੰਨਾ 190॥
ਰਾਗ ਦੀ ਚਾਲ ਠੀਕ ਰੱਖਣ ਵਾਸਤੇ ਕਈ ਵਾਰੀ ਲਘੂ ਮਾਤ੍ਰਾ ਨੂੰ ਗੁਰੂ ਅਤੇ ਗੁਰੂ ਨੂੰ ਲਘੂ ਕਰਨਾ ਪੈਂਦਾ ਹੈ। (  ੁ ) ਓਂਕੜ ਅੰਤ ਅੱਖਰ ਇਕ ਮਾਤ੍ਰਾ ਵਾਲਾ ਹੈ, ਇਸ ਨੂੰ ਦੋ ਮਾਤ੍ਰਿਕ ਕਰਨ ਦੀ ਲੋੜ ਪਏ ਤਾਂ (  ੁ ) ਓਂਕੜ ਦੀ ਥਾਂ (  ੋ ) ਹੋੜਾ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਦੋ ਮਾਤ੍ਰਿਕ ਤੋਂ ਇਕ ਮਾਤ੍ਰਿਕ ਕਰਨ ਲਈ (  ੋ ) ਹੋੜੇ ਦੀ ਥਾਂ (  ੁ ) ਓਂਕੜ ਵਰਤਿਆ ਜਾਂਦਾ ਹੈ। ਪਰ ਲਫ਼ਜ਼ ਦੀ ਅਸਲ ਸ਼ਕਲ ਕਾਇਮ ਰੱਖਣ ਲਈ ਗੁਰਬਾਣੀ ਵਿੱਚ ਇਕ ਹੀ ਅੱਖਰ ਨਾਲ ਦੋ ਮਾਤ੍ਰ ਚਿੰਨ੍ਹ (  ੁ ) ਅਤੇ (  ੋ ) ਵਰਤੇ ਹਨ। ਕੁਝ ਪ੍ਰਮਾਣ ਥੱਲੇ ਦਿੱਤੇ ਹਨ।
1.ਗੁਰ ਪਰਸਾਦਿ ਪਰਮ ਪਦੁ ਪਾਇਆ॥
ਗੁਣ ਗੋੁਪਾਲ ਦਿਨੁ ਰੈਨਿ ਧਿਆਇਆ
॥ ਭੈਰਉ ਮ:5॥
ਏਥੇ ਅਸਲੀ ਲਫ਼ਜ਼ ਗੋਪਾਲ ਹੈ ਪਰ ਭੈਰਉ ਰਾਗ ਵਿੱਚ ਕੀਰਤਨ ਕਰਦਿਆਂ ਇਸ ਨੂੰ ਗੁਪਾਲ ਉਚਾਰਨਾ ਹੈ।
2.ਮੂਲ ਮੋਹੁ ਕਰਿ ਕਰਤੈ ਜਗਤੁ ਉਪਾਇਆ॥
    ਮਮਤਾ ਲਾਇ ਭਰਮਿ ਭੋੁਲਾਇਆ
॥( ਭੈਰਉ ਮ: 3)
ਏਥੇ ਅਸਲੀ ਲਫ਼ਜ਼ ਭੁਲਾਇਆ ਹੈ ਪਰ ਭੈਰਉ ਰਾਗ ਵਿੱਚ ਕੀਰਤਨ ਕਰਦਿਆਂ ਇਸ ਨੂੰ ਭੋਲਾਇਆ ਉਚਾਰਨ ਕਰਨਾ ਹੈ।ੱ
ਹੋਰ ਕਿਸੇ ਬੋਲੀ ਵਿੱਚ ਦੋਹਰੀ “ਲਗ” ਦੀ ਰੀਤ ਨਹੀਂ ਮਿਲਦੀ। ਇਹ ਰੀਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਆਪਣੀ ਜਾਰੀ ਕੀਤੀ ਹੋਈ ਹੈ।
ਕਈ ਜਗ੍ਹਾ ਤਾਂ ਗੁਰੂ ਸਾਹਿਬ ਨੇ ਸਿੱਧੀ ਹਦਾਇਤ ਹੀ ਕਰ ਦਿੱਤੀ ਹੈ ਖਾਸ ਧੁਨ ਵਿੱਚ ਗਾਉਂਣ ਦੀ। ਜਿਸ ਤਰ੍ਹਾਂ ਕਿ,
 ਵਾਰ ਮਾਝ ਨੂੰ “ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ” ਦੀ ਹਦਾਇਤ ਹੈ।(ਪੰਨਾ 137)।
 ਹੋਰ ਵੀ ਕਈ ਜਗ੍ਹਾ ਗੁਰਬਾਣੀ ਨੂੰ ਖਾਸ ਧੁਨੀਆਂ ਵਿੱਚ ਗਾਉਣ ਦੀ ਹਦਾਇਤ ਹੈ।
ਸ੍ਰੀ ਗੁਰੂ ਅਰਜਨ ਸਾਹਿਬ ਦਾ ਰਾਗ ਦੀ ਚਾਲ ਕਾਇਮ ਰੱਖਣ ਵਾਸਤੇ ਗੁਰਬਾਣੀ ਲਿਖਣ ਲਗਿਆਂ ਦੋਹਰੀ “ਲਗ” ਵਰਤਣੀ ਅਤੇ ਗੁਰਬਾਣੀ ਗਾਉਂਣ ਲਈ ਧੁਨੀਆਂ ਦੀ ਹਦਾਇਤ ਕਰਨਾ ਸਿੱਧ ਕਰਦਾ ਹੈ ਕਿ ਗੁਰਬਾਣੀ ਦਾ ਕੀਰਤਨ ਕਰਨਾ ਅਤੇ ਸੁਣਣਾ ਗੁਰੂ ਕਾਲ ਤੋਂ ਹੀ ਚਲਿਆ ਆ ਰਹਿਆ ਹੈ।
ਸੁਰਜਨ ਸਿੰਘ---+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.