ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਕੁਝ ਪ੍ਰਚਾਰਕਾਂ ਬਾਰੇ
ਕੁਝ ਪ੍ਰਚਾਰਕਾਂ ਬਾਰੇ
Page Visitors: 2658

                                                                       ਕੁਝ ਪ੍ਰਚਾਰਕਾਂ ਬਾਰੇ
05- 02-2013 ਨੂੰ ਖ਼ਾਲਸਾ ਨਿਊਜ਼ ਤੇ ਛਾਪੇ ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ ‘ ਹੁਕਮਨਾਮਿਆਂ ਬਾਰੇ ਤੱਥ ’ ਲੇਖ ਥੱਲੇ ਸੰਪਾਦਕ ਖ਼ਾਲਸਾ ਨਿਊਜ਼ ਦੀ ਟਿੱਪਣੀ ਇਸਤਰ੍ਹਾਂ ਹੈ : “
ਪ੍ਰੋ. ਇੰਦਰ ਸਿੰਘ ਜੀ ਘੱਗਾ ਜੀ, ਆਪ ਜੀ ਵਲੋਂ ਸਾਰੇ ਸਵਾਲ ਕੀਤੇ ਜਾਇਜ਼ ਹਨ, ਜਿਨ੍ਹਾਂ ਦਾ ਜਵਾਬ ਕਿਸੇ ਨਹੀਂ ਦੇਣਾ………ਸਾਨੂੰ ਤੁਹਾਡੀ ਕਰੈਡਿਬਿਲਟੀ ਤੇ ਕੋਈ ਸ਼ੱਕ ਨਹੀਂ, ਪਰ ਸਾਡੇ ਵਲੋਂ ਆਪ ਜੀ ਨੂੰ ਇਕ ਸਵਾਲ ਹੈ : ਗੁਰਚਰਨ ਸਿੰਘ ਜਿਊਣਵਾਲੇ ਨਾਲ ਆਪ ਜੀ ਦਾ ਕੀ ਸੰਬੰਧ ਹੈ ? ਕੀ ਤੁਸੀਂ ਉਸ ਦੇ ਵਿਚਾਰਾਂ ਨਾਲ ਸਹਿਮਤ ਹੋ ? ਜੇ ਨਹੀਂ ਤਾਂ ਉਸ ਵਰਗੇ ਨਾਸਤਿਕ ਨਾਲ ਤੁਹਾਡੀ ਕੀ ਸਾਂਝ ਹੈ ? ਜਵਾਬ ਦੀ ਉਡੀਕ’ਚ ਸੰਪਾਦਕ ਖ਼ਾਲਸਾ ਨਿਊਜ਼ ”। 
ਘੱਗਾ ਜੀ ਵਲੋਂ ਦਿੱਤੇ ਜਵਾਬ 09-02-2013 ਨੂੰ ਖ਼ਾਲਸਾ ਨਿਊਜ਼ ਨੇ ‘ ਪ੍ਰੋ. ਇੰਦਰ ਸਿੰਘ ਘੱਗਾ ਵਲੋਂ ਖ਼ਾਲਸਾ ਨਿਊਜ਼ ਨੂੰ ਸਵਾਲ ਨਾਮਾ ਜਵਾਬ ’ ਸਿਰਲੇਖ ਥੱਲੇ ਛਾਪੇ ਹਨ। ਘੱਗਾ ਜੀ ਦੇ ਜਵਾਬ ਇਸਤਰ੍ਹਾਂ ਹਨ : “ ਕੀ ਮੈਂ ਆਪ ਜੀ ਦਾ ਗੁਲਾਮ ਹਾਂ ਜੋ ਤੁਹਾਡੀਆਂ ਗੱਲਾਂ ਦਾ ਜਵਾਬ ਦੇਵਾਂ ? ਕਿਸ ਹਸੀਅਤ ਵਿੱਚ ਮੇਰੇ ਕੋਲੋਂ ਜਵਾਬ ਤਲਬੀ ਕਰ ਰਹੇ ਹੋ ? ਕੀ ਇਹ ਖ਼ਾਲਸਾ ਨਿਊਜ਼ ਵਾਲੇ ਜਾਂ ਕੋਈ ਹੋਰ ਤਹਿ ਕਰੇਗਾ ਕਿ ਮੈਂ ਕੀਹਦੇ ਨਾਲ ਸਾਂਝ ਰਖਣੀ ਹੈ ਜਾਂ ਕਿਹੜੇ ਵਿਚਾਰ ਨਾਲ ਸਹਿਮਤੀ ?” ਨੂੰ ਘੱਗਾ ਜੀ ਨਾਲ ਜਤਾਈ ਸਹਿਮਤੀ ਅਤੇ ਘੱਗਾ ਜੀ ਦੀ ਕਰੈਡਿਬਿਲਟੀ (Crediability ) ਤੇ ਸ਼ੱਕ ਨਾਂ ਹੋਣਾ ਚੰਗਾ ਨਹੀਂ ਲਗਾ। ਜੇ ਘੱਗਾ ਜੀ ਨੂੰ ਚੰਗਾ ਨਹੀਂ ਲਗਿਆ ਤਾਂ ਘੱਗਾ ਜੀ ਦੇ ਜਵਾਬ ਖ਼ਾਲਸਾਨਿਊਜ਼ ਨੂੰ ਵੀ ਚੰਗੇ ਨਹੀਂ ਲਗੇ। ਖ਼ੈਰ ਇਹ ਉਹਨਾਂ ਦੁਹਾਂ ਧਿਰਾਂ ਦੀ ਆਪਸਦਾਰੀ ਦਾ ਮਾਮਲਾ ਹੈ।
ਖ਼ਾਲਸਾ ਨਿਊਜ਼ ਨੇ ਘੱਗਾ ਜੀ ਨੂੰ ਤਾਕੀਦ ਤਾਂ ਕਰ ਹੀ ਦਿੱਤੀ ਹੈ ਕਿ ਗੁਰਬਾਣੀ ਦੀਆਂ ਤੁਕਾਂ ਸੋਚ ਸਮਝ ਕੇ ਵਰਤਿਆ ਕਰਨ। ਅੱਜਕਲ ਸਿੱਖ ਵਿਦਵਾਨਾਂ ਵਿੱਚ ਆਪਣਾ ਨਿਜੀ ਖ਼ਿਆਲ ਸਿੱਧ ਕਰਨ ਲਈ ਗੁਰਬਾਣੀ ਦੀ ਤੁਕ ਦਾ ਹਵਾਲਾ ਦੇਣਾ ਆਮ ਪ੍ਰਚੱਲਿਤ ਹੈ। ਹੋ ਇਹ ਰਿਹਾ ਹੈ ਕਿ ਬਹੁਤੇ ਵਿਦਵਾਨ ਆਪਣੀ ਮਤਿ ਨੂੰ ਗੁਰਬਾਣੀ ਦੇ ਭਾਵ ਅਰਥ ਦੇ ਪਿਛੇ ਚਲਾਉਣ ਦੀ ਬਜਾਏ ਗੁਰਬਾਣੀ ਦੀ ਤੁਕ ਨੂੰ ਆਪਣੀ ਮਤਿ ਦੇ ਪਿਛੇ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਗੁਰਬਾਣੀ ਦੀ ਤੁਕ ਨੂੰ ਸੋਚ ਸਮਝ ਕੇ ਵਰਤਣ ਦੀ ਨਸੀਹਤ ਨੂੰ ਜੇ ਸਿੱਖ ਵਿਦਵਾਨ ਮੰਨ ਲੈਣ ਤਾਂ ਸਿੱਖ ਜਗਤ ਵਿੱਚ ਪਾਈਆਂ ਗਈਆਂ ਕਾਫ਼ੀ ਗਲਤਫ਼ਹਿਮੀਆਂ ਦੂਰ ਹੋ ਸਕਦੀਆਂ ਹਨ। ਘੱਗਾ ਜੀ ਆਪਣੇ ਲੇਖ ਵਿੱਚ ਲਿਖਦੇ ਹਨ “ ਗੁਰੂ ਕਾਲ ਸਮੇਂ ਕਿਸੇ ਵਿਅਕਤੀ ਵਿਰੁੱਧ ਗੁਰੂ ਸਾਹਿਬ ਨੇ ਹੁਕਮਨਾਮੇ ਜਾਰੀ ਨਹੀਂ ਕੀਤੇ ”। 
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸਾ ਸਾਜ਼ ਕੇ ਹੁਕਮ ਕੀਤਾ ਮੀਣੇ (ਪ੍ਰਿਥੀਏ), ਮਸੰਦ, ਧੀਰਮੱਲੀਆਂ ਨਾਲ ਨਹੀਂ ਵਰਤਨਾ । ਕੀ ਇਹ ਹੁਕਮਨਾਮਾ ਨਹੀਂ ਹੈ ? ਇਹ ਹੁਕਮਨਾਮਾ ਹੀ ਹੈ। ਘੱਗਾ ਜੀ ਇਹ ਵੀ ਆਖਦੇ ਹਨ ਕਿ ਅਕਾਲ ਤਖ਼ਤ ਤੇ ਨਿਯੁਕਤ ਜੱਥੇਦਾਰ ਘੱਟ ਪੜ੍ਹੇ ਲਿਖੇ ਹੋਣ ਕਰਕੇ ਗ਼ਲਤੀਆਂ ਕਰਦੇ ਹਨ। ਘੱਗਾ ਜੀ ਪੜ੍ਹੇ ਲਿਖੇ ਹਨ, ਪ੍ਰੋਫੈਸਰ ਹਨ, ਪ੍ਰਚਾਰਕ ਹਨ। ਇਹਨਾਂ ਨੂੰ ਅਕਾਲ਼ ਤਖ਼ਤ ਦਾ ਜੱਥੇਦਾਰ ਬਣਾ ਦਿੱਤਾ ਜਾਏ ਤਾਂ ਇਹਨਾਂ ਦੀ ਕਾਰਗੁਜ਼ਾਰੀ ਬਤੌਰ ਅਕਾਲ ਤਖ਼ਤ ਜੱਥੇਦਾਰ ਕਿਹੋ ਜਿਹੀ ਹੋਵੇਗੀ ਇਹ ਇਹਨਾਂ ਦੇ ਖ਼ਾਲਸਾ ਨਿਊਜ਼ ਨੂੰ ਦਿੱਤੇ ਜਵਾਬਾਂ ਤੋਂ ਡੁਲ੍ਹ-ਡੁਲ੍ਹ ਪੈਂਦੀ ਹੈ।
ਸੁਰਜਨ ਸਿੰਘ +919041409041

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.