ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ
Page Visitors: 2806

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ   
ਸਿਰਲੇਖ ਵਾਲੀ ਗੁਰਬਾਣੀ ਦੀ ਪੰਕਤੀ ਸਲੋਕੁ ਮ: 1 ਦੀ ਹੈ। ਪੂਰਾ ਸਲੋਕ ਅਰਥਾਂ ਸਮੇਤ ਥੱਲੇ ਦਿੱਤਾ ਹੈ:-                                                                 ਸਲੋਕੁ ਮ: 1 ॥                                                                                  
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥                 
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥                 
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ (ਪੰਨਾ 470)
ਭਾਵ ਅਰਥ:- ਸਿੰਮਲ ਦਾ ਰੁੱਖ ਉੱਚੇ ਕੱਦ ਵਾਲਾ ਹੈ । ਇਸ ਨੂੰ ਸਿੱਧਾ, ਉੱਚਾ, ਮੋਟਾ ਵੇਖ ਕੇ ਪੰਛੀ ਫਲ ਖਾਣ ਦੀ ਆਸ ਨਾਲ ਇਸ ਤੇ ਆ ਬੈਠਦੇ ਹਨ। ਪਰ ਨਿਰਾਸ ਹੋ ਕੇ ਜਾਂਦੇ ਹਨ ਕਿਉਂਕਿ ਇਸ ਦੇ ਫਲ ਫਿੱਕੇ ਹਨ ਅਤੇ ਫੁਲ ਬੇਸਵਾਦੇ ਹਨ। ਹੇ ਨਾਨਕ! ਨੀਵੇਂ ਰਹਿਣ ਵਿੱਚ ਮਿਠਾਸ ਹੈ, ਗੁਣ ਹਨ, ਨੀਵੇਂ ਰਹਿਣਾ ਗੁਣਾਂ ਦਾ ਸਾਰ ਹੈ, ਭਾਵੇਂ ਆਮ ਤੌਰ ਤੇ ਸੰਸਾਰ ਵਿੱਚ ਸਾਰੇ ਆਪਣੇ ਸਵਾਰਥ ਲਈ ਨਿਉਂਦੇ ਹਨ, ਕਿਸੇ ਦੀ ਖ਼ਾਤਰ ਕੋਈ ਨਹੀਂ ਨਿਉਂਦਾ। ਤਾਰਾਜ਼ੂ ਦਾ ਜਿਹੜਾ ਪਲੜਾ ਨਿਉਂਦਾ ਹੈ ਉਹ ਹੀ ਭਾਰੀ ਹੁੰਦਾ ਹੈ। ਪਰ ਨਿਉਂਣ ਦਾ ਦੂਜਾ ਪੱਖ ਵੀ ਹੈ । ਸ਼ਿਕਾਰੀ ਜੋ ਮਿਰਗ (ਹਿਰਣ) ਮਾਰਦਾ ਫਿਰਦਾ ਹੈ, ਮਿਰਗ ਮਾਰਨ ਲਈ ਬਹੁਤ ਲਿਫ ਕੇ, ਨਿਉਂ ਕੇ ਸ਼ਿਸਤ, ਨਿਸ਼ਾਨਾ ਬੰਨਦਾ ਹੈ। ਜੇ ਨਿਰਾ ਸਰੀਰ ਹੀ ਨਿਵਾ ਦਿੱਤਾ ਜਾਏ, ਪਰ ਅੰਦਰੋਂ ਜੀਵ ਖੋਟਾ ਹੀ ਰਹੇ ਤਾਂ ਇਸ ਨਿਊਂਣ ਦਾ ਕੋਈ ਲਾਭ ਨਹੀਂ ਹੈ।                        ਵਿਆਖਿਆ:- ਗੁਰਬਾਣੀ ਵਿੱਚ ਨਿਉਂਣ ਨੂੰ , ਮਿੱਠਾ ਬੋਲਣ ਨੂੰ ਸ਼੍ਰੋਮਣੀ ਮੰਤਰ ਆਖਿਆ ਗਿਆ ਹੈ। 
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥”-ਪੰਨਾ 1384॥ 
ਪਰ, ਗੁਰਬਾਣੀ ਇਹ ਵੀ ਤਾਕੀਦ ਕਰਦੀ ਹੈ,
“ ਸੀਸਿ ਨਵਿਾਇਅੈ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ”। 
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੂੰ ਗੁਰੂ ਦਾ ਦਰਜਾ ਦੇਣਾ, ਪੂਰਣਮਾਸ਼ੀ, ਮੱਸਿਆ, ਸੰਗਰਾਂਦ ਆਦਿ ਨੂੰ ਮਨਾਉਂਣਾ, ਰੱਖੜੀ ਬੰਨਣਾ, ਹਿੰਦੂ ਮਤ ਦੁਆਰਾ ਮਿਥੇ ਤਿਉਹਾਰ ਮਨਾਉਂਣੇ ਅਤੇ ਵਰਤ ਰੱਖਣੇ, ਇਹ ਸਭ ਕੰਮ ਕਰਨੇ ਸਿੱਖ ਲਈ ਕੁਸੁਧੇ (ਟੇਢੇ ਰਸਤੇ) ਜਾਣਾ ਹੈ  ।        ਉਰਦੂ ਦਾ ਇੱਕ ਸ਼ੇਅਰ ਹੈ 
“ ਆਪ ਸੇ ਝੁਕ ਕੇ ਜੋ ਮਿਲਤਾ ਹੋਗਾ । ਉਸ ਕਾ ਕੱਦ ਆਪ ਸੇ ਊਂਚਾ ਹੋਗਾ।” 
ਪਰ, ਕਈ ਵਾਰੀ ਐਸਾ ਵੀ ਵੇਖਿਆ ਗਿਆ ਹੈ ਕਿ ਜੋ ਕ਼ੱਦਆਵਰ (ਉੱਚੀ ਸ਼ਖਸੀਅਤ ਵਾਲਾ) ਲਗਦਾ ਹੈ, ਉਹ  ਅੰਦਰੋਂ ਖੋਖਲਾ ਹੁੰਦਾ ਹੈ। ਇਹ ਵੀ ਵੇਖਿਆ ਗਿਆ ਹੈ ਕਿ ਅਸੀਂ ਅਕਸਰ ਆਪਣੀਆਂ ਚਿੱਠੀਆਂ ਥੱਲੇ ਆਪਣੇ ਨਾਮ ਦੇ ਨਾਲ ਪੰਥ ਦਾ ਦਾਸ, ਆਪ ਦਾ ਸੇਵਕ, ਨਿਮਾਣਾ, ਨਿਸ਼ਕਾਮ ਨਿਮਰਤਾ ਸਹਿਤ, ਖਿਮਾ ਦਾ ਜਾਚਿਕ ਆਦਿ ਲਿਖਦੇ ਹਾਂ। ਇਹ ਇੱਕ ਤਰਹਾਂ ਦੀ ਉਪਚਾਰਕਤਾ ਹੀ ਹੈ। ਅਕਸਰ ਅਸੀਂ ਉਹ ਕੁਝ ਨਹੀਂ ਹੁੰਦੇ ਜੋ ਆਪਣੇ ਆਪ ਨੂੰ ਅਸੀਂ ਲਿਖ ਦੇਂਦੇ ਹਾਂ । ਰਿਦੈ ਕੁਸੁਧੇ ਜਾਣ ਦੀਆਂ ਕੁਝ ਹੋਰ ਮਿਸਾਲਾਂ ਥੱਲੇ ਦਿੱਤੀਆਂ ਹਨ:-                                                                                     
1.  ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੇ॥ ਪੰਨਾ 616॥                                            
2.  ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥ ਪੰਨਾ 656॥                                                   
3.  ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥ ਪਵਹਿ ਦਝਹਿ ਨਾਨਕਾ ਤਰੀਅੈ ਕਰਮੀ ਲਗਿ॥ ਪੰਨਾ 147॥
4.  ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ॥ ਪੰਨਾ 552॥
 5. ਬਿਖੈ ਨਾਦ ਕਰਨ ਸੁਣਿ ਭੀਨਾ ॥  ਹਰਿ ਜਸੁ ਸੁਨਤ ਆਲਸੁ ਮਨਿ ਕੀਨਾ॥ ਪੰਨਾ 738॥
 6.  ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ॥ ਪੰਨਾ 738॥  
 7.  ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੇ ਮਰਦੇ ਝੂਰਿ॥ ਪੰਨਾ 27॥
 8.  ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ॥ ਪੰਨਾ 790॥
 9.  ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ॥ ਲਬੈ ਮਾਲੈ ਘੁਲਿ ਮਲਿ ਮਿਚਲਿ ਊਘੈ ਸਉੜਿ ਪਲੰਘ॥ ਪੰਨਾਂ 1288॥
10. ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ॥ ਪੰਨਾ 19॥
11. ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ ਪੰਨਾ 13 ॥ 
12. ਜਿਸੁ ਦੇ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥ ਪੰਨਾ 308॥
13. ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥ ਪੰਨਾ 308॥
14. ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ॥ ਪੰਨਾ 308॥  
15. ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ॥ ਪੰਨਾ 19॥  
16. ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥ ਪੰਨਾ 24॥ 
17. ਗਰੀਬਾ ਉਪਰਿ ਜਿ ਖਿੰਝੈ ਦਾੜੀ ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥ ਪੰਨਾ 199॥ 
  ਇਨ੍ਹਾਂ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਦਰਸਾਈਆਂ ਰੁਚੀਆਂ ਵਿੱਚੋਂ ਇੱਕ ਰੁਚੀ ਵੀ ਜੇ ਕਿਸੇ ਅੰਦਰ ਹੈ ਤਾਂ ਉਹ ਕੁਸੁਧੇ (ਗ਼ਲਤ ਰਸਤੇ) ਜਾ ਰਿਹਾ ਹੈ।
ਹਰ ਸਿੱਖ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਇਹ ਅਰਦਾਸ ਹੋਣੀ ਚਾਹੀਦੀ ਹੈ, ‘ਹੇ! ਸੱਚੇ ਪਾਤਸ਼ਾਹ ਮੇਰੀ ਕੁਮਤਿ ਦੂਰ ਕਰੋ , ਮੈਨੂੰ ਸੁਮਤਿ ਬਖਸ਼ੋ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਉਂਣ ਦੀ ਸਮਰਥਾ ਮੈਨੂੰ ਬਖਸ਼ੋ।’
ਸੁਰਜਨ ਸਿੰਘ   
                     

      

                                        
                                
                                                
                                                      
                                                 
                                            
                        
                           
                                              
                                    
                                                       
                       
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.