ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
ਕਰਤਾਰਪੁਰ ਲਾਂਘੇ ਦੀ ਇਤਿਹਾਸਕ ਆਰੰਭਤਾ ਦੀਆਂ ਸ਼ੁਭ ਕਾਮਨਾਵਾਂ
ਕਰਤਾਰਪੁਰ ਲਾਂਘੇ ਦੀ ਇਤਿਹਾਸਕ ਆਰੰਭਤਾ ਦੀਆਂ ਸ਼ੁਭ ਕਾਮਨਾਵਾਂ
Page Visitors: 2464

ਕਰਤਾਰਪੁਰ ਲਾਂਘੇ ਦੀ ਇਤਿਹਾਸਕ ਆਰੰਭਤਾ ਦੀਆਂ ਸ਼ੁਭ ਕਾਮਨਾਵਾਂ
ਗੁਰਤੇਜ ਸਿੰਘ (I.A.S.)
  ਦੁਨੀਆਂ ਦੇ ਹਰ ਹਿੱਸੇ ਵਿੱਚ ਵੱਸਦਾ ਹਰ ਸਿੱਖ ਜਨਾਬ ਇਮਰਾਨ ਖ਼ਾਨ ਸਾਹਿਬ, ਹਕੂਮਤੇ ਪਾਕਿਸਤਾਨ ਅਤੇ ਪਾਕਿਸਤਾਨੀ ਆਵਾਮ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਜਨਮ ਦਿਨ ਉੱਤੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦਾ ਨਾਯਾਬ ਤੋਹਫ਼ਾ ਦਿੱਤਾ ਹੈ।
   ਓਸ ਤੋਂ ਵੀ ਵੱਧ ਏਸ ਲਈ ਸ਼ੁਕਰਗੁਜ਼ਾਰ ਹਨ ਕਿ ਇਹ ਤੋਹਫ਼ਾ ਇੱਕ ਨਿਹਾਇਤ ਪਾਕ ਜਜ਼ਬੇ ਦੇ ਅਸਰ ਅਧੀਨ, ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿੱਖਾਂ ਦਾ ਮਦੀਨਾ ਤਸੱਵਰ ਕਰ ਕੇ ਦਿੱਤਾ ਹੈ। ਸੱਚਾਈ ਵੀ ਇਹੋ ਹੈ। ਸਾਰਾ ਸੰਸਾਰ ਜਾਣਦਾ ਹੈ ਕਿ ਇਹ ਤੋਹਫ਼ਾ ਦੇਣ ਲਈ ਤੁਹਾਨੂੰ ਕਈ ਸਿਆਸੀ ਮਜਬੂਰੀਆਂ ਅਤੇ ਕਸ਼ੀਦਗੀਆਂ ਨੂੰ ਦਰਕਿਨਾਰ ਵੀ ਕਰਨਾ ਪਿਆ ਹੈ। ਸਿੱਖੀ ਦੇ ਬੁਨਿਆਦੀ ਰਾਜ਼ ਕੁੱਲ ਆਲਮ ਦੇ ਜਜ਼ਬਿਆਂ ਦੀ ਪਾਕੀਜ਼ਗੀ ਦਾ ਮਰਕਜ਼ ਇੱਕੋ, ਸਭ ਦੇ ਸਾਂਝੇ ਰੱਬ, ਅਕਾਲ ਪੁਰਖ ਨੂੰ ਜਾਣਦੇ ਹਨ ਜਿਸ ਨੂੰ ਅਸੀਂ ਅੱਲਾਹ, ਪਾਰਬ੍ਰਹਮ, ਪ੍ਰਮਾਤਮਾ, ਗੌਡ ਆਦਿ ਆਪਣੇ-ਆਪਣੇ ਅਕੀਦੇ ਅਨੁਸਾਰ ਆਖ ਲੈਂਦੇ ਹਾਂ।
  ਸਿੱਖ ਜਗਤ ਕਾਮਨਾ ਕਰਦਾ ਹੈ, ਅਰਦਾਸ ਕਰਦਾ ਹੈ ਕਿ ਕਰਤਾਰਪੁਰ ਦਾ ਲਾਂਘਾ ਦੁਨੀਆਂ ਦੇ ਸਾਰੇ ਧਰਮਾਂ ਲਈ ਉਹਨਾਂ ਪੁਲਾਂ ਦੇ ਸਿਲਸਿਲੇ ਦਾ ਹਿੱਸਾ ਬਣ ਕੇ ਉੱਭਰੇ ਜੋ ਹਰ ਧਰਮ ਦੇ ਦਿਲ ਤੋਂ ਦੂਜੇ ਧਰਮਾਂ ਦੇ ਦਿਲਾਂ ਨੂੰ ਜਾਂਦੇ ਹਨ। ਏਸ ਸਦੀ ਵਿੱਚ ਅਸੀਂ ਨਫ਼ਰਤਾਂ, ਹੈਂਕੜਾਂ, ਰਾਜਸੀ ਕਿੜਾਂ, ਆਪਸੀ ਭੇਦ-ਭਾਵ ਨੂੰ ਮਿਟਾ ਕੇ ਕੇਵਲ ਓਹੋ ਜਿਹੇ ਸਾਊ ਮਨੁੱਖ ਬਣੀਏ, ਜਿਹੋ-ਜਿਹੇ ਮਨੁੱਖ ਘੜਨ ਦਾ ਹਰ ਧਰਮ ਦਾ ਸਭ ਤੋਂ ਉੱਚਾ ਟੀਚਾ ਹੈ। ਅਸੀਂ ਵੀਂ ਤ੍ਵਾਰੀਖ ਘੜੀਏ; ਆਉਣ ਵਾਲੀਆਂ ਨਸਲਾਂ ਸਾਡੇ ਉੱਤੇ ਫ਼ਖ਼ਰ ਕਰਨ; ਗੁਰੂ ਕਰੇ ਕਿ ਇਹ ਰਾਹ ਵੀ ਅੱਜ ਹੀ ਖੁੱਲ੍ਹ ਜਾਵੇ।
   ਮੈਂ ਅੱਜ 1947 ਦੀ ਇੱਕ ਮੁਖ਼ਤਸਰ ਕਹਾਣੀ ਵੀ ਕਹਿਣੀ ਹੈ। ਚਾਰੋਂ ਤਰਫ਼ “ਇਮਾਂ ਕੀ ਹਰਾਰਤ” ਵਾਲਿਆਂ ਨੇ ਅੱਗਾਂ ਭੜਕਾਈਆਂ ਹੋਈਆਂ ਸਨ। ਏਸ ਕੁਲਹਿਣੀ ਲਕੀਰ ਦੇ (ਸਰਹੱਦ ਦੇ) ਦੋਨੇਂ ਪਾਸੇ ਇਨਸਾਨੀਅਤ ਸ਼ਰਮਸਾਰ ਸੀ। ਪਰ ਇੱਕ ਸਮੂਹਿਕ ਪਾਕੀਜ਼ਗੀ ਦੀ ਲਾਟ ਬੜੀ ਸ਼ਾਨ ਨਾਲ ਬਲ ਰਹੀ ਸੀ। ਮੇਰੇ ਓਧਰਲੇ ਪੰਜਾਬ ਵਿੱਚ ਇੱਕ ਦਾਰੁਲ ਅਮਨ ਸੀ, ਜਿਸ ਦੀ ਸੋਝੀ ਨੂੰ ਕੁੱਲ ਸਿੱਖ ਅਵਾਮ ਨੇ ਢਾਈ ਸਦੀਆਂ ਤੋਂ ਦਿਲ ਦੀਆਂ ਡੂੰਘਾਈਆਂ ਵਿੱਚ ਵਸਾਇਆ ਹੋਇਆ ਸੀ।
                                     ਉਹ ਸੀ ਰਿਆਸਤ ਮਲੇਰਕੋਟਲਾ।
   ਐਸੇ ਕਈ ਵਾਕਿਆ ਸਮਕਾਲੀ ਤਾਰੀਖ਼ ਦਾ ਹਿੱਸਾ ਹਨ ਕਿ ਮਜ਼ਲੂਮ, ਆਜਜ਼, ਨਿਹੱਥੇ ਮੁਸਲਮਾਨ ਵਾਹੋ-ਦਾਹੀ ਮਲੇਰਕੋਟਲੇ ਦੀ ਸਰਹੱਦ ਵੱਲ ਭੱਜੇ ਜਾ ਰਹੇ ਹਨ। ਉਹਨਾਂ ਦੇ ਪਿੱਛੇ ਗੁੰਮਰਾਹ ਹੋਏ ਜਨੂੰਨੀ ਸਿੱਖਾਂ ਦੀ ਭੀੜ ਨੰਗੀਆਂ ਕ੍ਰਿਪਾਨਾਂ ਲੈ ਕੇ ਉਹਨਾਂ ਨੂੰ ਕਤਲ ਕਰਨ ਲਈ ਦੌੜ ਰਹੀ ਹੈ। ਮਲੇਰਕੋਟਲੇ ਦੀ ਹੱਦ ਆ ਜਾਂਦੀ ਹੈ। ਏਸ ਖ਼ੂਨੀ ਨਾਟਕ ਦੇ ਸਾਰੇ ਪਾਤਰ ਇੱਕਦਮ ਰੁਕ ਜਾਂਦੇ ਹਨ ਜਿਵੇਂ ਸਖ਼ਤ ਬਰੇਕਾਂ ਲੱਗ ਗਈਆਂ ਹੋਣ। ਮੁਸਲਮਾਨ ਸਰਹੱਦ ਦੇ ਓਸ ਪਾਸੇ ਤੇ ਸਿੱਖ ਭੀੜਾਂ ਏਧਰਲੇ ਪਾਸੇ। ਅੱਲਾਹ ਪਾਕ ਦੇ ਸਿੱਖ ਮੁਸਲਮਾਨ ਸੁੱਖ ਦਾ ਸਾਹ ਲੈਂਦੇ ਹਨ ਅਤੇ ਅਕਾਲ ਪੁਰਖ ਦੀ ਉੱਮਤ ਸਿੱਖ ਕ੍ਰਿਪਾਨਾਂ ਮਿਆਨਾਂ ਵਿੱਚ ਪਾ ਕੇ ਵਾਪਸ ਮੁੜ ਜਾਂਦੇ ਹਨ।
   ਜਿਹੜੇ ਬਰੇਕ ਉਨ੍ਹਾਂ ਦੀ ਲਹੂ ਪੀਣੀ ਨਾਪਾਕ ਖਾਹਿਸ਼ ਨੂੰ ਲੱਗੇ ਉਹਨਾਂ ਦੀ ਨਿਸ਼ਾਨਦੇਹੀ ਕਰਨ ਲਈ ਸਾਨੂੰ 1704 ਦੀ ਤ੍ਵਾਰੀਖ ਦਾ ਇੱਕ ਸਫ਼ਾ ਪੜ੍ਹਨਾ ਪਵੇਗਾ। ਸਰਹੰਦ ਦੇ ਮੂਜੀ ਸੂਬੇਦਾਰ ਦੀ ਕਚਹਿਰੀ ਵਿੱਚ 7 ਅਤੇ 9 ਸਾਲਾਂ ਦੇ ਬਾਲਾਂ ਨੂੰ ਕਤਲ ਕਰਨ ਦੇ ਮਨਸੂਬੇ ਹੋ ਰਹੇ ਸਨ। ਇੱਕ ਅੱਲਾਹ ਪਾਕ ਦੇ ਸ਼ੇਰ ਮਰਦ (ਸ਼ੇਰ ਮੁਹੰਮਦ) ਨੇ ਉੱਠ ਕੇ ਆਖਿਆ ਸੀ, ''ਇਸਲਾਮ ਦੀ ਤਰਬੀਅਤ, ਨਬੀ ਪਾਕ ਦੇ ਮੁਬਾਰਕ ਸੁਖਨ ਅਤੇ ਮਦੀਨੇ ਵਿੱਚ ਜਾਰੀ ਕੀਤੇ ਖੁਤਬਾ-ਏ-ਹਿਜਾਤੁਲ ਵਿਦਾਅ ਦੇ ਫੁਰਮਾਨ ਦੱਸਦੇ ਹਨ ਕਿ ਬੱਚੇ ਮਾਸੂਮ ਹਨ; ਹਰ ਮੁਸਲਮਾਨ ਦੀ ਹਮਦਰਦੀ ਦੇ ਹੱਕਦਾਰ ਹਨ। ਇਹਨਾਂ ਨਾਲ ਹਮਦਰਦੀ ਦਾ ਵਰਤਾਰਾ ਹੋਵੇ। ਪਿਤਾ ਦਾ ਬਦਲਾ ਬੱਚਿਆਂ ਤੋਂ ਲੈਣਾ ਹਰਾਮ ਹੈ।”
  ਜਨਾਬ ਨਵਾਬ ਸਾਹਿਬ ਦੁਨਿਆਵੀ ਰੁਤਬੇ ਅਨੁਸਾਰ ਤੁਹਾਡੇ ਤੋਂ ਬਹੁਤ ਛੋਟੇ ਇਨਸਾਨ ਸਨ। ਉਹ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਹਾਂ ਵਿੱਚ ਚਿਣੇ ਜਾਣ ਤੋਂ ਬਚਾਅ ਵੀ ਨਹੀਂ ਸਕੇ। ਪਰ ਉਹਨਾਂ ਦਾ ਹਾਅ ਦਾ ਨਾਅਰਾ ਸਮੂਹਿਕ ਸਿੱਖ ਯਾਦਾਸ਼ਤ ਵਿੱਚ ਸਦਾ ਲਈ ਉੱਤਰ ਗਿਆ। ਅੱਜ ਦੇ ਅਸੀਂ ਸਿੱਖ ਜਿਹੋ-ਜਿਹੇ ਵੀ ਹਾਂ, ਜਿਹੋ-ਜਿਹੇ ਸਾਨੂੰ ਸਦੀਆਂ ਦੀ ਗ਼ੁਲਾਮੀ ਨੇ ਘਸਾ-ਘਸਾ ਕੇ ਕਰ ਦਿੱਤਾ ਹੈ, ਅਜੇ ਵੀ ਆਪਣੇ ਬਜ਼ੁਰਗਾਂ ਵਾਂਗ ਇਹ ਮਾਦਾ ਰੱਖਦੇ ਹਾਂ। ਸ਼ੁਕਰਾਨੇ ਦਾ ਓਹੀ ਜ਼ਜ਼ਬਾ ਗੁਰੂ ਮਿਹਰ ਨਾਲ ਸਾਡੇ ਵਿੱਚ ਕਦੇ ਵੀ ਠੰਡਾ ਨਹੀਂ ਪਵੇਗਾ।
    ਜਨਾਬ ਪ੍ਰਧਾਨ ਮੰਤਰੀ ਜੀ, ਤੁਸੀਂ ਐਸੀ ਸ਼ੁਕਰਗੁਜ਼ਾਰ ਕੌਮ ਉੱਤੇ ਅਹਿਸਾਨ ਕੀਤਾ ਹੈ। ਤੁਸੀਂ ਆਪਣੇ ਨਾਂਅ ਨੂੰ ਸਿੱਖ ਤਾਰੀਖ਼ ਦੇ ਇੱਕ ਰੌਸ਼ਨ ਸਫ਼ੇ ਉੱਤੇ ਉਕਰ ਲਿਆ ਹੈ। ਇਹ ਗੱਲ ਅੱਜ ਪੂਰੇ ਯਕੀਨ ਨਾਲ ਆਖੀ ਜਾ ਸਕਦੀ ਹੈ ਕਿ ਸਿੱਖ ਕੌਮ ਨੇ ਤੁਹਾਡਾ ਅਤੇ ਤੁਹਾਡੀ ਕੌਮ ਦਾ ਇਹ ਅਹਿਸਾਨ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਾ ਹੈ। ਬਾਕੀ ਤ੍ਵਾਰੀਖ਼ ਤੁਹਾਡੇ ਬਾਰੇ ਕੀ ਨਬੇੜਾ ਕਰੇਗੀ, ਇਹ ਅਜੇ ਕੋਈ ਨਹੀਂ ਜਾਣਦਾ, ਪਰ ਮੈਂ ਇਹ ਜਾਣਦਾ ਹਾਂ ਕਿ ਤੁਹਾਡੇ ਕੀਤੇ ਏਸ ਅਹਿਸਾਨ ਦਾ ਰੰਗ ਕਦੇ ਵੀ ਤ੍ਵਾਰੀਖ-ਏ-ਸਿੱਖਾਂ ਵਿੱਚ ਫਿੱਕਾ ਨਹੀਂ ਪਵੇਗਾ।
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.