ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
ਜਾਤ-ਪਾਤ ਅਤੇ ਜਾਤ-ਪਾਤੀ ਪ੍ਰਬੰਧ, ਗੁਰਤੇਜ ਸਿੰਘ
ਜਾਤ-ਪਾਤ ਅਤੇ ਜਾਤ-ਪਾਤੀ ਪ੍ਰਬੰਧ, ਗੁਰਤੇਜ ਸਿੰਘ
Page Visitors: 2649

ਜਾਤ-ਪਾਤ ਅਤੇ ਜਾਤ-ਪਾਤੀ ਪ੍ਰਬੰਧ, ਗੁਰਤੇਜ ਸਿੰਘ
Wednesday , March 4, 2015
ਸਿੱਖ ਪੰਥ ਦੀਆਂ ਅਨੇਕਾਂ ਮਾਇਆਨਾਜ਼ ਹਸਤੀਆਂ ਦੀ ਨੇੜਤਾ ਮੈਨੂੰ ਹਾਸਲ ਹੋਈ ਹੈ। ਇਹ ਮੇਰੀ ਜ਼ਿੰਦਗੀ ਦਾ ਵੱਡਾ ਸਰਮਾਇਆ ਹੈ। ਮੈਨੂੰ ਗੁਰੂ ਮਿਹਰ ਦੁਆਰਾ ਅਜਿਹੇ ਸੂਰਮਿਆਂ, ਮਹਾਤਮਾਵਾਂ, ਆਪਾ-ਵਾਰੂ ਜੁਝਾਰੂਆਂ, ਮਹਾਂ-ਕਵੀਆਂ, ਦਾਰਸ਼ਨਿਕਾਂ, ਸਾਧੂਆਂ ਅਤੇ ਮਹਾਂ-ਮਾਨਵਾਂ ਦੇ ਦਰਸ਼ਨ ਹੋਏ ਹਨ ਜਿਨ੍ਹਾਂ ਦੇ ਅਸਲ ਆਤਮਕ ਸਰੂਪ (ਵਿਰਾਟ ਰੂਪ) ਨੂੰ ਵੇਖਣਾ ਹੋਵੇ ਤਾਂ ਪੱਗ ਉੱਤੇ ਹੱਥ ਰੱਖ ਕੇ ਅਸਮਾਨੀਂ ਲੱਗੇ ਸਿਰਾਂ ਤੱਕ ਨਜ਼ਰ ਪਹੁੰਚਾਉਣੀ ਪੈਂਦੀ ਹੈ। ਇਤਫ਼ਾਕ ਨਾਲ ਸਾਰੇ ਦੇ ਸਾਰੇ ਜ਼ੱਰਾ-ਨਿਵਾਜ, ਆਪਣੇ ਗੁਰੂ ਵਾਂਙੂੰ ਹੀ ਮਿਹਰਬਾਨ ਸਨ। ਏਸ ਲਈ ਮੇਰੀ ਉਹਨਾਂ ਨਾਲ ਚੰਗੀ ਬਣੀ। ਇੱਕਾ-ਦੁੱਕਾ ਹਾਣੀਆਂ ਨੂੰ ਛੱਡ ਕੇ ਬਾਕੀ ਸਾਰੇ ਬਜ਼ੁਰਗ ਸਨ। ਇਹਨਾਂ ਵਿੱਚੋਂ ਇੱਕ ਸੀ ਲਾਸਾਨੀ ਸਮਾਜ-ਵਿਗਿਆਨੀ ਅਤੇ ਲਾਸਾਨੀ ਇਤਿਹਾਸਕਾਰ ਸਿੱਖ ਇਨਕਲਾਬ ਵਾਲਾ ਜਗਜੀਤ ਸਿੰਘ।
ਹਿੰਦੂ ਸਮਾਜ ਵਿੱਚ ਪ੍ਰਚੱਲਤ ਜਾਤ-ਪਾਤੀ ਪ੍ਰਬੰਧ ਦੀ ਜਗਜੀਤ ਸਿੰਘ ਨੇ ਡੂੰਘੀ ਘੋਖ-ਪਰਖ ਕੀਤੀ ਸੀ। ਅਨੇਕਾਂ ਮੁਲਕਾਂ ਵਿੱਚ ਪ੍ਰਚੱਲਤ ਊਚ-ਨੀਚ, ਸੁੱਚ-ਭਿੱਟ ਦੇ ਵਿਚਾਰਾਂ ਨੂੰ ਵਾਚਣ ਤੋਂ ਬਾਅਦ ਉਹ ਦੱਸਦਾ ਹੈ ਕਿ ਹਿੰਦੂ ਸਮਾਜ ਦੇ ਜਾਤ-ਪਾਤੀ ਪ੍ਰਬੰਧ ਵਰਗਾ ਮਾਰੂ ਪ੍ਰਬੰਧ ਸੰਸਾਰ ਦੇ ਤਖ਼ਤੇ ਉੱਤੇ ਦੂਜਾ ਨਹੀਂ ਹੋਇਆ। ਏਹੋ ਵਿਚਾਰ ਵੱਡੇ ਪਰ-ਉਪਕਾਰੀ ਸਵਾਮੀ ਧਰਮ ਤੀਰਥ ਦਾ ਸੀ। ਇਹ ਏਸ ਲਈ ਕਿ ਬਾਕੀਆਂ ਦੇ ਜਾਤ-ਪਾਤੀ ਵਿਚਾਰ ਸਾਧਾਰਨ ਮਨੁੱਖੀ ਪ੍ਰਵਿਰਤੀਆਂ, ਰਾਜ-ਸ਼ਕਤੀ, ਹਉਮੈ, ਹੈਂਕੜ ਆਦਿ ਦਾ ਪ੍ਰਗਟਾਵਾ ਹੋਣ ਸਦਕਾ ਚਿਰ-ਰਹਿਣੇ ਅਤੇ ਇੱਕਸਾਰ ਪਸਰਨ ਵਾਲੇ ਨਹੀਂ ਸਨ। ਇਹਨਾਂ ਵਿੱਚੋਂ ਕਈ ਸਮਾਂ ਪਾ ਕੇ ਦਮ ਤੋੜ ਗਏ।
ਏਸ ਲਈ ਜਗਜੀਤ ਸਿੰਘ ਪ੍ਰਬੰਧ (system) ਸ਼ਬਦ ਦੀ ਵਿਆਖਿਆ ਉੱਤੇ ਸਾਰਾ ਜ਼ੋਰ ਲਾਉਂਦਾ ਹੈ। ਹਿੰਦੂ ਜਾਤ-ਪਾਤੀ ਪ੍ਰਬੰਧ ਕਈ ਦਹਸਦੀਆਂ ਤੋਂ ਇੱਕੋ ਵੇਗ ਨਾਲ ਵਹਿ ਰਿਹਾ ਬੇਚੈਨ, ਢਾਊ ਦਰਿਆ ਹੈ ਜਿਸ ਦਾ ਸੋਮਾ ਦੈਵੀ ਹੈ; ਜਿਸ ਦੀ ਬੇਹੱਦ ਜ਼ਾਲਮ ਅਤੇ ਨਿਰਦਈ ਪਕੜ ਕਦੇ ਵੀ ਮੱਠੀ ਨਹੀਂ ਪਈ। ਏਸ ਨੂੰ ਆਪਣੇ ਕਸਾਈ ਸੁਭਾਅ (ਛੁਰੀ ਵਗਾਇਨਿ ਤਿਨ ਗਲਿ ਤਾਗ), ਵਿਤਕਰਿਆਂ, ਨਫ਼ਰਤਾਂ ਅਤੇ ਅੰਧ-ਵਿਸ਼ਵਾਸਾਂ ਉੱਤੇ ਅਮੁੱਕ, ਦ੍ਰਿਢ ਯਕੀਨ ਹੈ। ਇਹ ਪ੍ਰਬੰਧ ਆਖ ਸਕਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਵਾਂਗ ਹਜ਼ਾਰਾਂ ਸਾਲ ਬਾਅਦ ਵੀ ਬ੍ਰਾਹਮਣ ਦਾ ਬੇਟਾ ਬ੍ਰਾਹਮਣ ਅਤੇ ਅਛੂਤ ਦਾ ਬੇਟਾ ਅਛੂਤ, ਚੰਡਾਲ ਆਦਿ ਹੀ ਹੋਵੇਗਾ। ਏਸ ਪ੍ਰਬੰਧ ਨੇ ਸਮਾਜ ਦੀ ਰਚਨਾ ਐਸੀ ਰਚੀ ਹੈ ਕਿ ਏਸ ਦੇ ਮਰਿਯਾਦਾ ਪੁਰਸ਼ੋਤਮ ਸਦਾ ਹੀ ਦੈਵੀ ਵਰਦਾਨ ਜਾਣ ਕੇ ਏਸ ਨੂੰ ਕਾਇਮ ਰੱਖਣ ਲਈ ਜੂਝਦੇ ਰਹਿਣਗੇ। ਏਸ ਦਾ ਅਸਲ ਪੈਂਤੜਾ ਮਖੱਟੂਆਂ ਲਈ ਗ਼ੁਲਾਮ ਕਾਮੇ ਪੈਦਾ ਕਰਨਾ ਅਤੇ ਉਹਨਾਂ ਉੱਤੇ ਕੁੰਡਾ ਕਾਇਮ ਰੱਖਣਾ ਹੈ।
ਇਹਨਾਂ ਸਾਰੀਆਂ ਅਲਾਮਤਾਂ ਵਿੱਚੋਂ ਇੱਕ ਵੀ ਗੁਰਮਤ ਵਿੱਚ ਗੁਰੂ ਗ੍ਰੰਥ ਉਪਦੇਸ਼ ਦੀ ਮਿਹਰ ਨਾਲ ਪੈਰ ਨਹੀਂ ਟਿਕਾ ਸਕੀ, ਨਾ ਟਿਕਾ ਸਕੇਗੀ। ਫੇਰ ਵੀ ਸਿੱਖੀ ਨੂੰ ਭੰਡ ਕੇ ਖ਼ਤਮ ਕਰਨ ਦੇ ਸੁਪਨੇ ਲੈ ਰਹੇ ਕਈ ਖਰੜ ਗਿਆਨੀ ਖੁਰਦਬੀਨਾਂ, ਦੂਰਬੀਨਾਂ ਲਾ-ਲਾ ਕੇ ਜਾਤ-ਪਾਤ ਦੇ ਕਿਰਮ ਲੱਭਦੇ ਰਹਿੰਦੇ ਹਨ। ਕਈ ਆਤਮ-ਗਿਲਾਨੀ ਵਿੱਚ ਖੁਭੇ ਬਹਿਰੂਪੀਏ ਸਿੱਖ ਵੀ ਰਾਈ ਦੇ ਪਹਾੜ ਬਣਾ-ਬਣਾ ਕੇ ਸਿੱਖੀ ਨੂੰ ਊਂਜਾਂ ਲਾਉਂਦੇ ਹਨ। ਉਹ ਬੋਲਚਾਲ ਵਿੱਚ ਜਾਤੀ ਸੂਚਕ ਲਫਜ਼ ਵਰਤਣ, ਭਗਤਾਂ ਨੂੰ ਗੁਰੂ ਨਾ ਜਾਣਨ, ਅੰਤਰ-ਜਾਤੀ ਵਿਆਹਾਂ ਦੀ ਕਮੀ, ਅਗਿਆਨੀ ਲੋਕਾਂ ਦੇ ਖਰ੍ਹਵੇ ਬੋਲਾਂ ਨੂੰ ਹੀ ਜਾਤ-ਪਾਤ ਸਮਝ ਕੇ ਖੂਬ ਨਿਸ਼ਾਨੇ ਸਾਧਦੇ ਹਨ। ਇਉਂ ਇਹ ਜਾਤ-ਪਾਤੀ ਸਮਾਜ ਤੋਂ ਧਿਆਨ ਲਾਂਭੇ ਕਰਨ ਵਾਲਿਆਂ ਦੇ ਕਰਿੰਦੇ ਬਣ-ਬਣ ਨਿਰਾਰਥਕ ਝਈਆਂ ਲੈਦੇ ਹਨ।
ਸਿੱਖਾਂ ਨੂੰ ਹਿੰਦੂ ਅਤੇ ਜਾਤ-ਪਾਤੀ ਸਮਾਜ ਦਾ ਹਿੱਸਾ ਦਰਸਾ ਕੇ ਉਹਨਾਂ ਉਦਾਲੇ ਸਦੀਵੀ ਗ਼ੁਲਾਮੀ ਦੀ ਪਕੜ ਮਜ਼ਬੂਤ ਕਰਨ ਲਈ ਘੜੀਆਂ ਦਲੀਲਾਂ ਨੂੰ ਕਈ ਬੇਵਜ੍ਹਾ ਤੂਲ ਦੇ ਕੇ ਦੁਹਰਾਉਂਦੇ ਰਹਿੰਦੇ ਹਨ। ਮਕਸਦ ਸਿਰਫ਼ ਸਿੱਖਾਂ ਨੂੰ ਹੀਣ-ਭਾਵ-ਗ੍ਰਸਤ ਕਰ ਕੇ ਹਿੰਦੂ ਸਮਾਜ ਦੀ ਗ਼ੁਲਾਮੀ ਕਬੂਲ ਲੈਣ ਲਈ ਤਿਆਰ ਕਰਨਾ ਹੈ। ਵਰਨਾ ਜਾਤ-ਪਾਤ ਪ੍ਰਬੰਧ ਕੀ ਹੈ ਅਤੇ ਏਸ ਦਾ ਸਮਾਜਕ ਪ੍ਰਗਟਾਵਾ ਕਿਵੇਂ ਹੁੰਦਾ ਹੈ, ਇਹ ਹੇਠਾਂ ਦਿੱਤੀਆਂ ਨਜ਼ੀਰਾਂ ਤੋਂ ਸਾਫ਼ ਹੋ ਜਾਵੇਗਾ :
1. ਬਿਹਾਰ ਦੇ ਮੋਹਨਪੁਰ (ਰੋਹ ਤਾਸ) ਵਿੱਚ ਪੰਦਰਾਂ ਸਾਲ ਦੇ ਮਹਾਂਦਲਿਤ ਬੱਚੇ ਨੂੰ ਜਿਊਂਦਾ ਸਾੜ ਦਿੱਤਾ ਗਿਆ ਕਿਉਂਕਿ ਉਸ ਦੀਆਂ ਬੱਕਰੀਆਂ ਉੱਚੀ ਜਾਤੀ ਵਾਲੇ ਦੇ ਖੇਤ ਵਿੱਚੋਂ ਧਾਨ ਦੇ ਬੂਟੇ ਚਰ ਗਈਆਂ ਸਨ। (The Indian Express, ਅਕਤੂਬਰ 17, 2014, ਸਫ਼ਾ 6)
2. ਯੂ. ਪੀ ਦੇ ਚਰਾਰਾ ਪਿੰਡ (ਸੀਤਾਪੁਰ) ਵਿੱਚ ਜਾਤ ਦੇ ਅਧਾਰ ਉੱਤੇ ਵੋਟਾਂ ਪੈਂਦੀਆਂ ਹਨ। (The Hindu, Feb. 8, 2002, ਸਫ਼ਾ 1)
3. ਕਰਨਾਟਕਾ ਦੇ ਬੇਂਦੀਗਿਰੀ ਪਿੰਡ ਦੇ ਪੰਜ ਹਰੀਜਨਾਂ ਨੂੰ 3 ਅਗਸਤ ਨੂੰ ਮਨੁੱਖੀ ਗੰਦਗੀ ਖਾਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਸੇ ਦੇ ਖੇਤ ਵਿੱਚੋਂ ਜਵਾਰ ਦੀ ਭਰੀ ਚੋਰੀ ਕਰ ਲਈ ਸੀ। 5000 ਪਿੰਡ ਵਾਸੀਆਂ ਨੇ ਇਹ ਨਜ਼ਾਰਾ ਹੱਸਦਿਆਂ ਵੇਖਿਆ। (The Tribune, Sept. 16, 1987, ਸਫ਼ਾ 4)
4. ਝੱਜਰ (ਹਰਿਆਣਾ) ਵਿੱਚ ਪੰਜ ਹਰੀਜਨ ਕਤਲ। ਵਿਸ਼ਵ ਹਿੰਦੂ ਪਰੀਸ਼ਦ ਦਾ ਆਗੂ ਗਿਰਜਾ ਕਿਸ਼ੋਰ ਆਖਦਾ ਹੈ ਕਿ ਇਹ ਗਊਆਂ ਮਾਰ ਰਹੇ ਸਨ। ਪਰੀਸ਼ਦ ਆਖਦਾ ਹੈ ਕਿ ਗਾਂ, ਸ਼ਾਸਤਰਾਂ ਅਨੁਸਾਰ, ਵੱਡਾ ਅਹਿਮ ਜਾਨਵਰ ਹੈ। (The Hindu, October 21, 2002, ਸਫ਼ਾ 10)
5. ਆਂਧਰਾ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਪਿਛਲੇ ਸਾਲ ਪੈਡਾ ਰੈਡੀਪੇਟ (ਮੇਦਕ) ਅਤੇ ਹੋਰ ਮੰਦਰਾਂ ਵਿੱਚ ਦਲਿਤਾਂ ਨੂੰ ਦਾਖ਼ਲਾ ਦਿਵਾਇਆ ਸੀ। ਅੱਜ ਉਹਨਾਂ ਸਾਰੇ ਮੰਦਰਾਂ ਦੀ ਸ਼ੁੱਧੀ ਕਰ ਕੇ ਦੁਬਾਰਾ ਕਲੀ ਕੀਤੀ ਜਾ ਚੁੱਕੀ ਹੈ ਅਤੇ ਦਲਿਤਾਂ ਨੂੰ ਉਹਨਾਂ ਦੇ ਨੇੜੇ ਫੜਕਨ ਦੀ ਵੀ ਇਜਾਜ਼ਤ ਨਹੀਂ।
226 ਪਿੰਡਾਂ ਵਿੱਚ ਦਲਿਤਾਂ ਦੇ ਬੱਸ ਅੱਡੇ ਵੱਖਰੇ ਹਨ। 76 ਪਿੰਡਾਂ ਵਿੱਚ ਦਲਿਤਾਂ ਦੇ ਵਾਲ ਨਾਈ ਨਹੀਂ ਕੱਟਦੇ। 74 ਪਿੰਡਾਂ ਵਿੱਚ ਦਲਿਤਾਂ ਦਾ ਦਾਹ ਸੰਸਕਾਰ ਸਾਂਝੀ ਸ਼ਾਮਲਾਤ ਜ਼ਮੀਨ ਵਿੱਚ ਨਹੀਂ ਹੋ ਸਕਦਾ। 34 ਪਿੰਡਾਂ ਵਿੱਚ ਉਹਨਾਂ ਨੂੰ ਪੀਣ ਦਾ ਪਾਣੀ ਨਹੀਂ ਦਿੱਤਾ ਜਾਂਦਾ। (Hindustan Times, October 1, 2002, ਸਫ਼ਾ 11)
6. ਜੈਸਲਮੇਰ ਵਿੱਚ ਜਾਤਾਂ ਅਨੁਸਾਰ ਮੁਰਦੇ ਸਾੜਨ ਲਈ ਬਿਜਲੀ ਭੱਠੀਆਂ ਬਣਾਈਆਂ ਜਾਣਗੀਆਂ। (The Times of India Sept. 12, 2013, ਸਫ਼ਾ 1)
7. ਹਿਸਾਰ ਵਿੱਚ ਉੱਚ-ਜਾਤੀ ਮੁੰਡਿਆਂ ਨੇ ਸਭ ਤੋਂ ਹੁਸ਼ਿਆਰ ਖਾਤੀ (ਰਾਮਗੜ੍ਹੀਆ) ਪਰਦੀਪ ਨੂੰ ਮਾਰ ਦਿੱਤਾ ਕਿਉਂਕਿ ਉਹ ਜਮਾਤ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪਾਸ ਹੋਇਆ ਸੀ। (The Indian Express , Feb. 28, 2012, ਸਫ਼ਾ 1)
8. ਸਿਵਕਾਸ਼ੀ (ਮਦੁਰਾਈ, ਚੇਨੱਈ) ਵਿੱਚ ਇੱਕ ਦਲਿਤ ਵਿਦਿਆਰਥੀ ਦਾ ਹੱਥ ਗੁੱਟ ਤੋਂ ਵੱਢ ਦਿੱਤਾ ਗਿਆ ਕਿਉਂਕਿ ਓਸ ਨੇ ਗੁੱਟ ਉੱਤੇ ਘੜੀ ਬੰਨ੍ਹੀ ਹੋਈ ਸੀ। 15 ਆਦਮੀਆਂ ਨੇ ਇਹ ਕਾਰਾ ਕੀਤਾ। (The Indian Express, Sept. 5, 2014, ਸਫ਼ਾ 5 )
ਇਹ ਹਨ ਜਾਤ-ਪਾਤ-ਗ੍ਰਸਤ ਸਮਾਜ ਦੇ ਕਾਰਨਾਮੇ ਜਿਨ੍ਹਾਂ ਦੀਆਂ ਹਜ਼ਾਰਾਂ ਹੋਰ ਨਜ਼ੀਰਾਂ ਮਿਲਦੀਆਂ ਹਨ। 'ਨੀਵੀਆਂ ਜਾਤਾਂ' ਉੱਤੇ ਹੁੰਦੇ ਜ਼ੁਲਮਾਂ ਨੂੰ ਸੁਪਰੀਮ ਕੋਰਟ ਵੀ ਨਹੀਂ ਰੋਕ ਸਕਦਾ। 'ਅਸੀਂ ਮਿਰਚੀਪੁਰ (ਹਰਿਆਣਾ) ਦੇ ਦਲਿਤਾਂ ਦਾ ਬੰਦ ਕੀਤਾ ਹੁੱਕਾ ਪਾਣੀ ਬਹਾਲ ਨਹੀਂ ਕਰਵਾ ਸਕਦੇ'। (“The Times of India, Feb. 21, 2015, ਸਫ਼ਾ 8 ) ਸਿੱਖਾਂ ਨੂੰ ਜਾਤ-ਅਭਿਮਾਨੀ ਹੋਣ ਦੇ ਤਾਅਨੇ ਮਾਰਨ ਵਾਲੇ ਉਹਨਾਂ ਸਮਾਜਾਂ ਦੇ ਵਰਤਾਰਿਆਂ ਨੂੰ ਘੋਖਣ ਜਿਨ੍ਹਾਂ ਉੱਤੇ ਅੰਮ੍ਰਿਤ ਦੇ ਦਾਤੇ ਦੀ 'ਸੁਜਾਨ ਦ੍ਰਿਸ਼ਟੀ' ਨਹੀਂ ਪਈ ਅਤੇ ਸਮਝਣ ਜਾਤ-ਪਾਤੀ ਪ੍ਰਬੰਧ ਕੀ ਹੁੰਦਾ ਹੈ। ਕਿਵੇਂ ਸਭ ਨੂੰ ਗ਼ੁਲਾਮ ਬਣਾ ਕੇ ਰੱਖਦਾ ਹੈ। ਅੱਜ-ਕੱਲ੍ਹ ਦੁਨੀਆਂ ਦੇ ਗੁਲਾਮਾਂ ਦੇ 37% ਗੁਲਾਮ ਹਿੰਦੋਸਤਾਨ ਵਿੱਚ ਵੱਸਦੇ ਹਨ। ' ਹਿੰਦੋਸਤਾਨ ਦੁਨੀਆਂ ਦੀ ਗ਼ੁਲਾਮ-ਰਾਜਧਾਨੀ ਹੈ'। (The Times of India, November 2014)
ਗੁਰਤੇਜ ਸਿੰਘ
4 ਮਾਰਚ 2015
Posted by
Parmjit Singh Sekhon (Dakha)          
Chief Editor, Khalistan News
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.