ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਅਰਦਾਸ ਵਿਚਲੇ “ਅੰਮ੍ਰਿਤਸਰ ਦੇ ‘ਦਰਸ਼ਨ’ ਇਸ਼ਨਾਨ” ਦਾ ਕੀ ਭਾਵ ਹੈ; ਤੇ, ਇਹ ਕਦੋਂ ਸ਼ੁਰੂ ਹੋਇਆ ?
ਅਰਦਾਸ ਵਿਚਲੇ “ਅੰਮ੍ਰਿਤਸਰ ਦੇ ‘ਦਰਸ਼ਨ’ ਇਸ਼ਨਾਨ” ਦਾ ਕੀ ਭਾਵ ਹੈ; ਤੇ, ਇਹ ਕਦੋਂ ਸ਼ੁਰੂ ਹੋਇਆ ?
Page Visitors: 2487

ਅਰਦਾਸ ਵਿਚਲੇ “ਅੰਮ੍ਰਿਤਸਰ ਦੇ ‘ਦਰਸ਼ਨ’ ਇਸ਼ਨਾਨ” ਦਾ ਕੀ ਭਾਵ ਹੈ; ਤੇ, ਇਹ ਕਦੋਂ ਸ਼ੁਰੂ ਹੋਇਆ ?
ਡਾ. ਹਰਜਿੰਦਰ ਸਿੰਘ ਦਿਲਗੀਰ
ਗੁਰਬਾਣੀ ਪੜ੍ਹਨਾ ਹੀ ਸਿੱਖ ਦੀ ਅਰਦਾਸਿ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਤ ਮਰਿਆਦਾ, ਜਿਸ ਨੂੰ ਉਹ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਕਹਿ ਦੇਂਦੇ ਹਨ, {ਅਤੇ ਜਿਸ ਨੂੰ ਕਈ ਜਣੇ (ਯਾਨਿ ਕਿ ਸਾਧਾਂ ਅਤੇ ਡੇਰੇਦਾਰਾਂ ਦਾ ਮਨਮਤੀਆ ਟੋਲਾ) ਮੰਨਦੇ ਨਹੀਂ}, ਵਿਚਲੀ ਅਰਦਾਸ ਵਿਚ “ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ” ਲਫ਼ਜ਼ ਆਉਂਦਾ ਹੈ। ਲੋਕ ਇਸ ਦੇ ਦੋ ਅਰਥ ਕਰਦੇ ਹਨ:
1. ਦਰਬਾਰ ਸਾਹਿਬ ਵਿਚਲੇ ਸਰੋਵਰ (ਜਿਸ ਦਾ ਨਾਂ ਅੰਮ੍ਰਿਤਸਰ) ਹੈ, ਦੇ ਦਰਸ਼ਨ ਅਤੇ ਇਸ਼ਨਾਨ
2. ਗੁਰਬਾਣੀ, ਜੋ ‘ਅੰਮ੍ਰਿਤ ਦਾ ਸਰ’ ਹੈ, ਦੇ ਦਰਸ਼ਨ ਕਰਨਾ ਅਤੇ ਇਸ ਵਿਚ ਚੁੱਭੀ ਮਾਰਨਾ (ਇਸ ਨੂੰ ਮਨ ਵਿਚ ਵਸਾ ਕੇ ਅਨੰਦ ਲੈਣਾ)। ਇਹ ਦੋਵੇਂ ਅਰਥ ਸਿਧਾਂਤਕ ਤੌਰ ’ਤੇ ਗ਼ਲਤ ਹਨ।
1. ਅੰਮ੍ਰਿਤਸਰ (ਦਰਬਾਰ ਸਾਹਿਬ ਦੇ ਸਰੋਵਰ) ਵਿਚ “ਨਹਾਉਣ” ਦਾ ਤਾਂ ਕੁਝ ਤੁਕ ਬਣਦਾ ਹੈ; ਪਰ, ਇਸ ਸਰੋਵਰ ਦੇ ਦਰਸ਼ਨ ਕਰਨਾ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ; ਸਿੱਖ ਸਰੋਵਰ ਦੇ ਦਰਸ਼ਨ ਨਹੀਂ ਕਰਦਾ। ਜੇ ਇਸ ਤੁਕ ਦਾ ਭਾਵ “ਅੰਮ੍ਰਿਤਸਰ ਸ਼ਹਿਰ ਦੇ ਦਰਸ਼ਨ ਇਸ਼ਨਾਨ” ਮੰਨਿਆ ਜਾਵੇ ਤਾਂ ਵੀ ਅਰਥ ਗ਼ਲਤ ਬਣਦੇ ਹਨ {ਇਸ਼ਨਾਨ ਸਰੋਵਰ ਵਿਚ ਹੁੰਦਾ ਹੈ ਸ਼ਹਿਰ ਵਿਚ ਨਹੀਂ; ਤੇ ਅੰਮ੍ਰਿਤਸਰ ਸ਼ਹਿਰ ਦੇ ਦਰਸ਼ਨ ਦਾ ਕੋਈ ਅਰਥ ਬਣਦਾ ਹੀ ਨਹੀਂ}।
ਇਹ ਵੀ ਸਮਝਣ ਦੀ ਲੋੜ ਹੈ ਕਿ ਅੰਮ੍ਰਿਤਸਰ ਨਗਰ ਦਾ ਅਸਲ ਨਾਂ ‘ਚੱਕ ਗੁਰੂ’ ਸੀ; ਉਂਜ ਮਗਰੋਂ ਇਹ ‘ਚੱਕ ਰਾਮਦਾਸ’ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਉਨੀਵੀਂ ਸਦੀ ਵਿਚ ਇਸ ਦਾ ਨਾਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਰੋਵਰ ਕਰ ਕੇ ਜਾਣਿਆ ਜਾਣ ਲਗ ਪਿਆ ਸੀ।
ਦੂਜਾ ਅਰਥ: “ਗੁਰਬਾਣੀ, ਜੋ ਅੰਮ੍ਰਿਤ ਦਾ ਸਰ ਹੈ, ਦੇ ਦਰਸ਼ਨ ਕਰਨਾ ਅਤੇ ਇਸ ਵਿਚ ਚੁੱਭੀ ਮਾਰਨਾ (ਇਸ ਨੂੰ ਮਨ ਵਿਚ ਵਸਾ ਕੇ ਅਨੰਦ ਲੈਣਾ) ਵੀ ਪੂਰੀ ਤਰ੍ਹਾਂ ਸਹੀ ਨਹੀਂ ਹੈ (ਗੁਰੂ ਵੀ ਅੰਮ੍ਰਿਤਸਰ, ਯਾਨਿ ਅੰਮ੍ਰਿਤ ਦਾ ਸਰ ਹੈ)। ਸਿੱਖੀ ਵਿਚ ‘ਗੁਰਬਾਣੀ (ਦੇ ਅੰਮ੍ਰਿਤ) ਦਾ ਇਸ਼ਨਾਨ’ ਤਾਂ ਬਣਦਾ ਹੈ ਪਰ, ਗੁਰਬਾਣੀ ਦੇ ‘ਦਰਸ਼ਨ ਕਰਨ’ ਦਾ ਕੋਈ ਸਿਧਾਂਤ ਨਹੀਂ ਹੈ।
2. ਪੁਰਾਣੀ ਅਰਦਾਸ ਵਿਚ ਇੱਥੇ ਸਿਰਫ਼ “ਅੰਮ੍ਰਿਤਸਰ ਦੇ ਇਸ਼ਨਾਨ” ਲਫ਼ਜ਼ ਸੀ। ਇਸ਼ਨਾਨ ਦੇ ਨਾਲ ਦਰਸ਼ਨ ਦਾ ਵਾਧਾ ਬੁਰਛਾਗਰਦੀ ਦੇ ਜ਼ਮਾਨੇ (1986 ਤੋਂ 1992 ਦੌਰਾਨ) ਹੋਇਆ ਸੀ। ਪੁਰਾਣੇ ਲਫ਼ਜ਼ਾਂ ਮੁਤਾਬਿਕ ਜੇ ਸਿਰਫ਼ “ਅੰਮ੍ਰਿਤਸਰ ਦੇ ਇਸ਼ਨਾਨ” ਦੀ ਗੱਲ ਹੋਵੇ ਤਾਂ ਸਮਝ ਆ ਸਕਦੀ ਹੈ ਕਿ “ਗੁਰਬਾਣੀ, ਜੋ ਅੰਮ੍ਰਿਤ ਦਾ ਸਰ ਹੈ, ਦਾ ਇਸ਼ਨਾਨ ਕਰਨਾ (ਯਾਨਿ ਇਸ ਵਿਚ ਚੁੱਭੀ ਮਾਰਨਾ; ਇਸ ਨੂੰ ਮਨ ਵਿਚ ਵਸਾ ਕੇ ਅਨੰਦ ਲੈਣਾ)। ਨਿਰਮਲਿਆਂ ਦੇ ਅਰਥਾਂ ਵਿਚ “ਅੰਮ੍ਰਿਤਸਰ ਦੇ ਸਰੋਵਰ ਵਿਚ ਨਹਾਉਣ” ਦਾ ਵੀ ਅਰਥ ਬਣ ਸਕਦਾ ਸੀ; ਪਰ ‘ਦਰਸ਼ਨ ਇਸ਼ਨਾਨ’ ਦਾ ਤਾਂ ਕੋਈ ਤੁਕ ਬਣਦਾ ਹੀ ਨਹੀਂ।
3. ਇਕ ਨੁਕਤਾ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਅਰਦਾਸ ਕਿਸੇ ‘ਰਹਿਤ ਮਰਿਆਦਾ ਕਮੇਟੀ’ ਨੇ ਨਹੀਂ ਬਣਾਈ ਸੀ। ਇਹ ਤਾਂ ਨਿਰਮਲਿਆਂ ਦੇ ਅਹਿਦ (1780 ਤੋਂ 1920 ਤਕ) ਦੌਰਾਨ ਸ਼ੁਰੂ ਹੋਈ ਸੀ। ਨਿਰਮਲਿਆਂ ਦਾ ਦਰਬਾਰ ਸਾਹਿਬ ’ਤੇ ਕਬਜ਼ਾ ਸੀ ਤੇ ਉਨ੍ਹਾਂ ਨੇ ਆਪਣੇ ਚੜ੍ਹਾਵੇ ਵਿਚ ਵਾਧੇ ਵਾਸਤੇ ਕਈ ਹਰਬੇ ਘੜੇ ਸਨ; ਜਿਵੇਂ ਕਿ:
1. ਅਕਾਲ ਤਖ਼ਤ ਦੀ ਅਹਿਮੀਅਤ ਬਣਾਉਣਾ (ਜਿਸ ਨੂੰ ਗ੍ਰੰਥੀ ਗਿਆਨੀ ਸੰਤ ਸਿੰਘ ਦੇ ਪੁੱਤਰ ਗੁਰਮੁਖ ਸਿੰਘ ਨੇ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਲਿਖ ਕੇ ਬਣਾਈ ਸੀ। {ਨਿਰਮਲਿਆਂ ਤੋਂ ਪਹਿਲਾਂ ਅਕਾਲ ਤਖ਼ਤ ਨਾਂ ਦੀ ਇਮਾਰਤ (ਜੋ ਪਹਿਲਾਂ ਇਕ ਥੜ੍ਹਾ ਹੀ ਸੀ) ਵਾਲੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਹੁੰਦਾ; ਨਿਰਮਲਿਆਂ ਨੇ ਇੱਥੇ ਇਮਾਰਤ ਬਣਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਤਾਂ ਜੋ ਉਹ ਲੋਕਾਂ ਕੋਲੋਂ ਦੋ ਥਾਂਵਾਂ ’ਤੇ ਚੜ੍ਹਾਵਾ ਹਾਸਿਲ ਕਰ ਸਕਣ}
2. ਅੰਮ੍ਰਿਤਸਰ ਵਿਚ ਬਣੇ ਹੋਏ ਦਰਬਾਰ ਸਾਹਿਬ ਦੀਆਂ ਸਰੋਵਰ ਦੇ ਪਾਸੇ ਵੱਲ ਰੱਖੀਆਂ ਪੌੜੀਆਂ ਨੂੰ ‘ਹਰ ਕੀ ਪਉੜੀ’ ਨਾਂ ਦੇਣਾ (ਤੇ ਉਥੇ ਗੋਲਕ ਰੱਖ ਦੇਣਾ)
3. ਦਰਬਾਰ ਸਾਹਿਬ ਵਿਚ ਵੱਖ-ਵੱਖ ਥਾਂਵਾਂ ’ਤੇ ਪਹਿਲਾਂ ਗੋਲਕਾਂ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਕੇ ਤੇ ਮਗਰੋਂ 'ਅਖੰਡ ਪਾਠ ਸੈਂਟਰ' ਬਣਾ ਕੇ ਚੜ੍ਹਾਵਾ ਵਧਾਉਣ ਕਰਨ ਦੀਆਂ ਤਰਕੀਬਾਂ ਬਣਾਉਣਾ
4. ਦੇਵੀ ਦੇਵਤਿਆਂ ਦੀਆਂ ਮੂਰਤਾਂ ਰਖਵਾ ਕੇ ਪਾਂਡਿਆਂ ਤੋਂ ਹਿੱਸੇ ਲੈਣਾ
5. ਦਰਬਾਰ ਸਾਹਿਬ ‘ਤੇ ਸੋਨਾ ਚੜ੍ਹਾਉਣ ਵਾਸਤੇ ਲੋਕਾਂ ਨੂੰ ਕਹਿ ਕੇ ਇਸ ਵਾਸਤੇ ਫ਼ੰਡ ਹਾਸਿਲ ਕਰਨਾ (ਤੇ ਗ਼ਬਨ ਕਰਨਾ)
6. ਮਹਿੰਗੇ ਰੁਮਾਲੇ ਅਤੇ ਚੰਦੋਏ ਚੜ੍ਹਾਉਣਾ (ਤੇ ਇਸ ਵਾਸਤੇ ਵਪਾਰੀਆਂ ਨਾਲ ਗੰਢ ਤੁਪ ਕਰਨਾ, ਤੇ ਉਨ੍ਹਾਂ ਤੋਂ ਹਿੱਸਾ ਲੈਣਾ)
7. ਇਕ ਸੌ ਰੁਪੈ ਭੇਟ ਕਰਨ ਵਾਲੇ ਨੂੰ ਦੋ ਗਜ਼ ਕਪੜਾ (ਅਖੌਤੀ ਸਿਰੋਪਾ) ਅਤੇ ਇਕ ਪਤਾਸਾ ਦੇਣ (ਅਤੇ ਅਮੀਰਾਂ ਨੂੰ ਖ਼ੁਸ਼ ਕਰਨਾ)…. ਅਤੇ ਹੋਰ ਅਜਹੀਆਂ ਕਈ ਦਰਜਨ ਮਨਮਤੀ ਹਰਕਤਾਂ।
12 ਅਕਤੂਬਰ 1920 ਦੇ ਦਿਨ ਸੰਗਤਾਂ ਨੇ ਨਿਰਮਲਿਆਂ ਤੋਂ ਦਰਬਾਰ ਸਾਹਿਬ ਦਾ ਕਬਜ਼ਾ ਤਾਂ ਲੈ ਲਿਆ ਪਰ ਉਹ ਇਨ੍ਹਾਂ ਮਨਮਤੀ ਹਰਕਤਾਂ ਅਤੇ ਸਾਜ਼ਿਸ਼ੀ ਰਸਮਾਂ ਅਤੇ ਕਰਮ ਕਾਂਡ ਦੀਆਂ ਕਾਰਵਾਈਆਂ ਤੋਂ ਛੁਟਕਾਰਾ ਹਾਸਿਲ ਨਾ ਕਰ ਸਕੇ। ਉਹ ਤਾਂ ਏਨਾ ਵੀ ਨਾ ਕਰ ਸਕੇ ਕਿ ਅਕਾਲ ਤਖ਼ਤ ਦੀ ਇਮਾਰਤ ਦੇ ਨਾਲ ਉਦਾਸੀਆਂ ਦੇ ਝੰਡੇ ਬੁੰਗੇ ਦੇ ਬਾਹਰ ਲੱਗੇ ਉਦਾਸੀਆਂ ਦੇ ਬਸੰਤੀ ਰੰਗ ਨੂੰ ਹਟਾ ਕੇ ਗੁਰੂ ਦਾ ਨੀਲਾ ਨਿਸ਼ਾਨ ਸਾਹਿਬ ਲਾ ਸਕਣ (ਸਗੋਂ ਉਨ੍ਹਾਂ ਨੇ ਇਸ ਬਸੰਤੀ ਨੂੰ ਪਹਿਲਾਂ ਪੀਲਾ, ਤੇ ਫਿਰ ਕੇਸਰੀ ਕਰ ਕੇ ਸਿੱਖਾਂ ਦਾ ਝੰਡਾ ਬਣਾ ਦਿੱਤਾ)।
4. ਖ਼ੈਰ, ਗੱਲ ਕਰ ਰਿਹਾ ਸਾਂ ਕਿ ਅਠਾਰਵੀਂ ਸਦੀ ਵਿਚ ਸਿੱਖ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਕਰਦੇ ਸੀ ਤਾਂ ਥੱਕੇ ਹੋਏ ਹੋਣ ਕਰ ਕੇ ਸਰੋਵਰ ਵਿਚ ਇਸ਼ਨਾਨ ਵੀ ਕਰ ਲੈਂਦੇ ਹਨ। (ਇਹ ਸਰੋਵਰ ਬਣਾਇਆ ਹੀ ਨਹਾਉਣ ਵਾਸਤੇ ਸੀ; ਇਸ ਦਾ ਕੋਈ ਧਾਰਮਿਕ ਮਕਸਦ ਹਰਗਿਜ਼ ਨਹੀਂ ਸੀ)। ਇਸ ਨੁਕਤੇ ਕਰ ਕੇ ਨਿਰਮਲਿਆਂ ਨੇ ਇਹ ਪਰਚਾਰ ਸ਼ੁਰੂ ਕਰ ਦਿੱਤਾ ਸੀ ਕਿ ਸਿੱਖ ਵਾਸਤੇ “ਅੰਮ੍ਰਿਤਸਰ (ਸਰੋਵਰ) ਦਾ ਇਸ਼ਨਾਨ ਜ਼ਰੂਰੀ ਹੈ”। ਉਨ੍ਹਾਂ ਦੇ ਇਸ ਪਰਚਾਰ ਕਰ ਕੇ ਲੋਕ ਅੰਮ੍ਰਿਤਸਰ ਆਇਆ ਕਰਦੇ ਸੀ ਤੇ ਉਨ੍ਹਾਂ ਪੁਜਾਰੀਆਂ ਦਾ ਦਾਣਾ ਪਾਣੀ ਚਲਦਾ ਰਹਿੰਦਾ ਸੀ। ਹੌਲੀ-ਹੌਲੀ ਨਿਰਮਲੇ ਪੁਜਾਰੀਆਂ ਨੇ ਇਸ ਨੂੰ ਅਰਦਾਸ ਵਿਚ ਸ਼ਾਮਿਲ ਕਰ ਲਿਆ ਤੇ ਉਸ ਅਰਦਾਸ ਨੂੰ, ਜ਼ਰਾ-ਮਾਸਾ ਤਬਦੀਲੀ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹਿਤ ਮਰਿਆਦਾ ਦਾ ਹਿੱਸਾ ਮੰਨ ਲਿਆ।
ਇਸ ਅਰਦਾਸ ਵਿਚ ਹੋਰ ਬਹੁਤ ਕੁਝ ਹੈ ਜੋ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ ਬਲਕਿ ਕਈ ਨੁਕਤੇ ਤਾਂ ਗੁਰਮਤਿ ਦੇ ਬਿਲਕੁਲ ਉਲਟ ਹਨ; ਪਰ, ਉਹ ਬੁਜ਼ਦਿਲ ਲੀਡਰਸ਼ਿਪ ਜਿਹੜੀ ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢ ਨਹੀਂ ਸਕੀ, ਉਹ ਇਸ ਅਰਦਾਸਿ ਦਾ ਮਨਮਤੀ ਹਿੱਸਾ ਕਿੱਥੋਂ ਕੱਢ ਸਕੇਗੀ।
Source: https://www.facebook.com/notes/harjinder-singh-dilgeer/

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.