ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਜਨਮ ਸਾਖੀਆਂ ਦੇ ਆਧਾਰ ਤੇ ਬਾਬਰੀ ਮਸਜਿਦ ਦਾ ਫੈਸਲਾ
ਜਨਮ ਸਾਖੀਆਂ ਦੇ ਆਧਾਰ ਤੇ ਬਾਬਰੀ ਮਸਜਿਦ ਦਾ ਫੈਸਲਾ
Page Visitors: 2451

ਜਨਮ ਸਾਖੀਆਂ ਦੇ ਆਧਾਰ ਤੇ ਬਾਬਰੀ ਮਸਜਿਦ ਦਾ ਫੈਸਲਾ
ਮੈਂ ਬਾਬਰੀ ਮਸਜਿਦ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਸਬੰਧੀ ਕੁਝ ਨਹੀਂ ਕਹਿਣਾ।
 ਪਰ ਇਹ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਤੱਥਾਂ ਦੇ ਅਧਾਰ ‘ਤੇ ਫ਼ੈਸਲਾ ਕੀਤਾ ਹੈ ਉਨ੍ਹਾਂ ਵਿੱਚੋਂ ਘਟੋ-ਘਟ ਗੁਰੂ ਨਾਨਕ ਸਬੰਧੀ ਜੋ ਕੁਝ ਕਿਹਾ ਗਿਆ ਹੈ ਉਹ ਨਿਰੀ ਗ਼ਲਤ ਬਿਆਨੀ ਹੈ। ਮੈਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਪੜ੍ਹ ਕੇ ਬਹੁਤ ਵੱਡਾ ਸਦਮਾ ਲੱਗਾ ਹੈ। ਗੁਰੂ ਨਾਨਕ ਸਾਹਿਬ ਨੂੰ ਰਾਮ ਭਗਤ ਕਹਿ ਕੇ ਸੁਪਰੀਮ ਕੋਰਟ ਦੇ ਜੱਜਾਂ ਨੇ ਸਾਬਿਤ ਕੀਤਾ ਹੈ ਕਿ ਉਹ ਸਿੱਖ ਧਰਮ ਬਾਰੇ ਕੱਖ ਵੀ ਨਹੀਂ ਜਾਣਦੇ।
 ਗੁਰੂ ਨਾਨਕ ਸਾਹਿਬ ਦੇ ਅਯੁਧਿਆ ਵਿੱਚ ਰਾਮ ਮੰਦਰ ਦੇ ਦਰਸ਼ਨ ਕਰਨ ਜਾਣਾ ਜਾਂ ਰਾਮ ਦੇ ਭਗਤ ਹੋਣਾ ਨਿਰੀ ਗੱਪ ਹੈ। ਸੁਪਰੀਮ ਕੋਰਟ ਨੇ ਇਸ ਗੱਲ ਨੂੰ ਸਾਬਿਤ ਕਰਨ ਵਾਸਤੇ ਜਨਮਸਾਖੀਆਂ ਅਤੇ ਜਿਨ੍ਹਾਂ ਹੋਰ ਕਿਤਾਬਾਂ ਦਾ ਹਵਾਲਾ ਦਿੱਤਾ ਹੈ ਉਹ ਨਿਰਾ ਝੂਠ ਹੈ।
  ਮੁੱਖ ਚਾਰ ਜਨਮਸਾਖੀਆਂ ਹਨ: ਭਾਈ ਬਾਲੇ ਵਾਲੀ, ਵਿਲਾਇਤ ਵਾਲੀ (ਜਾਂ ਪੁਰਾਤਨਾ ਜਨਮਸਾਖੀ), ਮਿਹਰਬਾਨ ਵਾਲੀ ਤੇ ਸੂਰਤ ਸਿੰਘ ਵਾਲੀ (ਜਿਸ ਨੂੰ ਉਸ ਨੇ ਭਾਈ ਮਨੀ ਸਿੰਘ ਲਿਖਤ ਕਹਿ ਕੇ ਪਰਚਾਰਿਆ ਸੀ)। ਮੇਰੇ ਸਾਹਮਣੇ ਇਹ ਚਾਰੇ ਜਨਮਸਾਖੀਆਂ ਪਈਆਂ ਹੋਈਆਂ ਹਨ।
  ਇਨ੍ਹਾਂ ਵਿੱਚੋਂ ਭਾਈ ਬਾਲਾ ਵਾਲੀ ਜਨਮਸਾਖੀ ਅਤੇ ਵਲਾਇਤ ਵਾਲੀ (ਪੁਰਾਤਨ ਜਨਮਸਾਖੀ) ਵਿੱਚ ਗੁਰੂ ਨਾਨਕ ਸਾਹਿਬ ਦਾ ਅਯੁਧਿਆ ਜਾਣ ਦਾ ਜ਼ਰਾ ਮਾਸਾ ਵੀ ਜ਼ਿਕਰ ਨਹੀਂ ਹੈ।
   ਮਿਹਰਬਾਨ ਵਾਲੀ ਜਨਮਸਾਖੀ ਵਿੱਚ ਗੁਰੂ ਨਾਨਕ ਜੀ ਦੇ ਅਯੁਧਿਆ ਜਾਣ ਦਾ ਜ਼ਿਕਰ ਹੈ। ਇਸ ਸਾਰੀ ਸਾਖੀ ਵਿੱਚ ਰਾਮ ਚੰਦਰ ਦਾ ਸਿੱਧਾ ਤਾਂ ਕੀ ਅਸਿੱਧਾ ਨਾਂ ਤਕ ਨਹੀਂ ਹੈ। ਇਸ ਵਿੱਚ ਦੱਸਿਆ ਹੈ ਕਿ ਜਦ ਗੁਰੂ ਜੀ ਅਯੁਧਿਆ ਨਗਰੀ ਗਏ… ਤਦ ਪਾਰਬ੍ਰਹਮ ਕੀ ਆਗਿਆ ਹੋਈ ਕਿ ਨਾਨਕ ਮੇਰਾ ਵੱਡਾ ਭਗਤ ਹੈ ਜਾਇ ਕਰ ਨਾਨਕ ਭਗਤ ਕਾ ਦਰਸਨ ਕਰੋ… ਤੇ ਸਾਰੇ ਭਗਤਾਂ ਨੇ ਨਾਨਕ ਨੂੰ ਨਮਸਕਾਰ ਕੀਤਾ। ਨਮਸਕਾਰ ਕਰਨ ਵਾਲਿਆਂ ਵਿੱਚ ਨਾਮਾ, ਜੈ ਦੇਉ, ਕਬੀਰ, ਤਿਰਲੋਚਨ, ਰਵਿਦਾਸ, ਸੈਨ, ਸਦਨਾ, ਧੰਨਾ, ਬੇਣੀ ਸਨ।
  ਭਾਈ ਮਨੀ ਸਿੰਘ ਦੇ ਨਾਂ ਤੇ ਲਿਖੀ ਸੂਰਤ ਸਿੰਘ ਦੀ ਜਨਮਸਾਖੀ ਵਿੱਚ ਇਹ ਲਿਖਿਆ ਹੈ ਕਿ ਜਦ ਗੁਰੂ ਜੀ (ਸਰਯੂ) ਨਦੀ ਤੇ ਜਾਇ ਉਤਰੇ ਤਾਂ ਪੰਡਤਾਂ ਨੇ ਲੋਕਾਂ ਨੂੰ ਕਹਿਆ ਤੁਸੀਂ ਭੀ ਗੁਰਾਂ ਨੂੰ ਮਿਲ ਕੇ ਪਰਮੇਸਰ ਕਾ ਨਾਮ ਜਪੋ ਅਰ ਧਿਆਨ ਧਰੋਗੇ ਤਾਂ ਤੁਸੀਂ ਭੀ ਬੈਕੁੰਠ ਨੂੰ ਪ੍ਰਾਪਤ ਹੋਵਹੁਗੇ। … ਤਾਂ ਇਤਨੀ ਬਾਤ ਸੁਣ ਕਰ ਸਭਲੋਕ ਬਾਬਾ ਜੀ ਦੀ ਚਰਨੀ ਗਿਰ ਪੜੇ ਅਰ ਕਹਿਆ ਸਾਡਾ ਉਧਾਰ ਕਰੀਏ। ਇਸ ਸਾਰੀ ਸਾਖੀ ਵਿੱਚ ਰਾਮ ਚੰਦਰ ਦੀ ਭਗਤੀ ਦਾ ਜ਼ਰਾ ਮਾਸਾ ਵੀ ਜ਼ਿਕਰ ਨਹੀਂ ਹੈ। ਗਿਆਨ ਰਤਨਾਵਲੀ ਵੀ ਇਸੇ ਜਨਮਸਾਖੀ ਦੇ ਸ਼ਧਾਰ ‘ਤੇ ਲਿਖੀ ਹੋਈ ਹੈ। ਸੁਖਬਾਸੀ ਰਾਮ ਬੇਦੀ ਵੀ ਗੁਰੂ ਜੀ ਦੇ ਅਗ਼ੁਧਿਆ ਜਾ ਕੇ ਕਿਸੇ ਮੰਦਰ ਦੇ ਦਰਸ਼ਨ ਕਰਨ ਦਾ ਜ਼ਿਕਰ ਤਕ ਨਹੀਂ ਕਰਦਾ।
  ਸੁਪਰੀਮ ਕੋਰਟ ਨੇ ਗਿਆਨੀ ਗਿਆਨ ਸਿੰਘ ਤੇ ਤਾਰਾ ਸਿੰਘ ਨਰੋਤਮ (ਜਿਸ ਦੇ ਅਧਾਰ 'ਤੇ ਗਿਆਨ ਸਿੰਘ ਨੇ ਤੀਰਥਾਂ ਦੀ ਯਾਤਰਾ ਸ਼ੁਰੂ ਕੀਤੀ ਸੀ) ਦੀਆਂ ਲਿਖਤਾਂ ਦਾ ਜ਼ਿਕਰ ਕੀਤਾ ਹੈ। ਮੇਰੇ ਸਾਹਮਣੇ ਗਿਆਨੀ ਗਿਆਨ ਸਿੰਘ ਦੀ ਕਿਤਾਬ ਪਈ ਹੈ। ਉਸ ਦੀ ਗੁਰਧਾਮ ਸੰਗ੍ਰਹਿ ਜਾਂ ਤਵਾਰੀਖ਼ ਗੁਰੂ ਖਾਲਸਾ ਵਿੱਚ ਗੁਰੂ ਨਾਨਕ ਸਾਹਿਬ ਦੇ ਅਯੁਧਿਆ ਜਾਣਾ ਤਾਂ ਕੀ ਅਯੁਧਿਆ ਸ਼ਬਦ ਤਕ ਦਾ ਜ਼ਿਕਰ ਨਹੀਂ ਹੈ।
  ਫਿਰ ਕਿਸੇ ਇਕ ਵੀ ਸੋਮੇ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਯੁਧਿਆ ਜਾਣ ਦਾ ਜ਼ਿਕਰ ਤਕ ਨਹੀਂ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸੁਪਰੀਮ ਕੋਰਟ ਸਿੱਖਾਂ ਨੂੰ ਇਕ ‘ਕਲਟ’ ਲਿਖ ਰਿਹਾ ਹੈ, ਧਰਮ ਨਹੀਂ। ਕਲਟ ਦਾ ਅਰਥ ਹੈ ‘ਪੂਜਾ ਵਿਧੀ’।
  ਸੁਪਰੀਮ ਕੋਰਟ ਵਲੋਂ ਅਜਿਹੀ ਗ਼ੈਰ-ਜ਼ਿੰਮੇਦਾਰਾਨਾ ਗੱਲ ਕਰਨਾ, ਝੂਠ ਦਾ ਪਰਚਾਰ ਕਰਨਾ ਹੈਰਾਨਕੁੰਨ ਹੈ। ਕੀ ਸੁਪਰੀਮ ਕੋਰਟ ਨੇ ਬਾਕੀ ਨੁਕਤੇ ਵੀ ਇਸੇ ਤਰੀਕੇ ਨਾਲ ਝੂਠੇ ਸਬੂਤਾਂ ਦੇ ਅਧਾਰ 'ਤੇ ਪਰਵਾਨ ਕੀਤੇ ਹਨ? ਇਸ ਗੱਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ। ਮੈਂ ਤਾਂ ਇਸ ਨੂੰ ਪੜ੍ਹ ਕੇ ਕੰਬ ਗਿਆ ਹਾਂ।
   ਇਹ ਪਤਾ ਕਰਨ ਦੀ ਲੋੜ ਹੈ ਕਿ ਗੁਰੂ ਨਾਨਕ ਸਾਹਿਬ ਬਾਰੇ ਗ਼ਲਤ ਗੱਲਾਂ ਕਿਸੇ ਜੱਜ ਨੇ ਆਪ ਲਿਖੀਆਂ ਹਨ ਜਾਂ ਉਹ ਕਿਸੇ ਵਕੀਲ ਵੱਲੋਂ ਪੇਸ਼ ਕੀਤੀ ਸਮੱਗਰੀ ਜਾਂ ਬਹਿਸ ਵਿੱਚੋਂ ਹਵਾਲਾ ਦੇ ਰਿਹਾ ਹੈ।

ਹਰਜਿੰਦਰ ਸਿੰਘ ਦਿਲਗੀਰ

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.