ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 1)
ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 1)
Page Visitors: 2410

ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 1)
 ਡਾ. ਹਰਜਿੰਦਰ ਸਿੰਘ ਦਿਲਗੀਰ
(ਕਿਤਾਬ ‘ਸਿੱਖ ਤਵਾਰੀਖ਼’ ਵਿਚੋਂ)
ਹੋਰ ਤਵਾਰੀਖ਼ੀ ਗੁਰਦੁਆਰਿਆਂ ਵਾਂਗ 1920 ਵਿਚ ਗੁਰਦੁਆਰਾ ਜਨਮ ਅਸਥਾਨ ਨਾਨਕਾਣਾ ਸਾਹਿਬ ਦੀ ਹਾਲਤ ਵੀ ਬੜੀ ਮਾੜੀ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਦਾ ਇੰਤਜ਼ਾਮ ਉਦਾਸੀ ਸਾਧੂਆਂ ਦੇ ਹੱਥ ਸੀ। ਉੱਨੀਵੀਂ ਸਦੀ ਦੇ ਸ਼ੁਰੂ ਤਕ ਇਹ ਇੰਤਜ਼ਾਮ ਠੀਕ ਚਲਦਾ ਰਿਹਾ ਸੀ ਪਰ ਮਹੰਤ ਸਾਧੂ ਰਾਮ ਦੇ ਵੇਲੇ ਤੋਂ ਇਸ ਵਿਚ ਬਹੁਤ ਖ਼ਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ। ਮਹੰਤ ਨੇ ਸ਼ਰਾਬ ਪੀਣੀ ਤੇ ਵਿਭਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ‘ਗੁਪਤ ਰੋਗ’ ਦੀ ਬੀਮਾਰੀ ਹੋ ਗਈ। ਉਸ ਤੋਂ ਬਾਅਦ ਮਹੰਤ ਕਿਸ਼ਨ ਦਾਸ ਆਇਆ। ਉਸ ਦੇ ਇਕ ਵਿਧਵਾ ਔਰਤ ਨਾਲ ਨਜਾਇਜ਼ ਸਬੰਧ ਸਨ ਤੇ ਉਸ ਤੋਂ ਇਕ ਲੜਕਾ ਵੀ ਸੀ। ਉਸ ਨੇ ਆਪਣੇ ਭਤੀਜੇ ਦੇ ਵਿਆਹ ’ਤੇ ਗੁਰਦੁਆਰੇ ਦੀ ਹਦੂਦ ਵਿਚ ਕੰਜਰੀਆਂ ਵੀ ਨਚਾਈਆਂ ਸਨ। ਮੁੰਡਾ ਵਿਆਹੁਣ ਗਈ ਬਰਾਤ, ਸਣੇ ਮਹੰਤ ਦੇ, ਕੁੜੀ ਵਾਲਿਆਂ ਦੇ ਪਿੰਡ ਵਿਚ ਸ਼ਰਾਬੀ ਹੋ ਕੇ, ਪਿੰਡ ਦੀਆਂ ਔਰਤਾਂ ਨਾਲ ਮਖ਼ੌਲ ਕਰਨ ਕਰ ਕੇ, ਜੁੱਤੀਆਂ ਖਾ ਕੇ ਆਈ ਸੀ। ਜਿਸ ਗੁਪਤ ਰੋਗ ਨਾਲ ਸਾਧੂ ਰਾਮ ਮਰਿਆ ਸੀ, ਉਹੀ ਰੋਗ ਕਿਸ਼ਨ ਦਾਸ ਨੂੰ ਵੀ ਹੋ ਗਿਆ। ਕਿਸ਼ਨ ਦਾਸ ਲਾਹੌਰ ਵਿਚ ਰਹਿਣ ਲੱਗ ਪਿਆ। ਇਕ ਦਿਨ ਉਸ ਦਾ ਚੇਲਾ ਨਰੈਣ ਦਾਸ (ਨਰੈਣੂ) ਲਾਹੌਰ ਗਿਆ ਅਤੇ ਮੌਤ ਦੇ ਬਿਸਤਰ ’ਤੇ ਪਏ ਕਿਸ਼ਨ ਦਾਸ ਦੀ ਜੇਬ੍ਹ ’ਚੋਂ ਗੁਰਦੁਆਰੇ ਦੀਆਂ ਚਾਬੀਆਂ ਕੱਢ ਲਿਆਇਆ। ਉਸ ਨੇ ਆਪਣੇ ਆਪ ਨੂੰ ਮਹੰਤ ਐਲਾਨ ਕਰ ਦਿੱਤਾ ਅਤੇ ਗੁਰਦੁਆਰੇ ਦੇ ਪੈਸੇ ਦੇ ਜ਼ੋਰ ਨਾਲ ਪੁਲੀਸ ਤੇ ਗੁੰਡਿਆਂ ਨੂੰ ਆਪਣੇ ਨਾਲ ਗੰਢ ਲਿਆ। ਕੁਝ ਚਿਰ ਮਗਰੋਂ ਮਹੰਤ ਕਿਸ਼ਨ ਦਾਸ ਮਰ ਗਿਆ। ਉਸ ਦੇ ਸਸਕਾਰ ’ਤੇ ਨਰੈਣ ਦਾਸ ਨੇ ਲਿਖਤੀ ਤੌਰ ’ਤੇ ਐਲਾਨ ਕੀਤਾ ਕਿ ਮੈˆ ਕਿਸ਼ਨ ਦਾਸ ਵਰਗੀਆਂ ਹਰਕਤਾਂ ਨਹੀਂ ਕਰਾਂਗਾ ਤੇ ਸੰਗਤ ਦੀ ਮਰਜ਼ੀ ਲਾਲ ਚਲਾਂਗਾ।
  ਨਰੈਣ ਦਾਸ ਕੁਝ ਚਿਰ ਤਾਂ ਠੀਕ ਚਲਦਾ ਰਿਹਾ ਸੀ ਪਰ ਛੇਤੀ ਹੀ ਉਸ ਨੇ ਵੀ ਕਿਸ਼ਨ ਦਾਸ ਵਾਲੇ ਚਾਲੇ ਫੜ ਲਏ। ਉਸ ਨੇ ਇਕ ਮੁਸਲਮਾਨ ਮਿਰਾਸਨ ਘਰ ਰੱਖ ਲਈ। ਇਸ ਤੋਂ ਦੋ ਮੁੰਡੇ ਤੇ ਦੋ ਕੁੜੀਆਂ ਜੰਮੀਆਂ। ਉਸ ਨੇ ਇਨ੍ਹਾਂ ਵਾਸਤੇ ਦੋ ਘਰ (ਇਕ ਨਾਨਕਾਣੇ ਤੇ ਦੂਜਾ ਰਾਮ ਗਲੀ ਲਾਹੌਰ) ਵਿਚ ਬਣਾ ਕੇ ਦਿੱਤੇ। ਅਗਸਤ 1917 ਵਿਚ ਨਰੈਣ ਦਾਸ ਨੇ ਵੀ ਕੰਜਰੀਆਂ ਮੰਗਵਾ ਕੇ ਗੁਰਦੁਆਰੇ ਦੀ ਹਦੂਦ ਵਿਚ ਉਨ੍ਹਾਂ ਦਾ ਨਾਚ-ਗਾਣਾ ਕਰਵਾਇਆ। ਸਾਰੇ ਪਾਸੇ ਸਿੰਘ ਸਭਾਵਾਂ ਨੇ ਇਸ ਦੀ ਨਿੰਦਾ ਕੀਤੀ। 1918 ਵਿਚ ਇਕ ਸਿੰਧੀ ਪਰਿਵਾਰ ਨਾਨਕਾਣਾ ਸਾਹਿਬ ਆਇਆ। ਸ਼ਾਮ ਨੂੰ ਜਿਸ ਵੇਲੇ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ ਤਾਂ ਇਕ ਪੁਜਾਰੀ ਨੇ ਉਸ ਦੀ 13 ਸਾਲ ਦੀ ਧੀ ਦਾ ਰੇਪ ਕੀਤਾ ਪਰ ਮਹੰਤ ਨੇ ਇਸ ’ਤੇ ਕੋਈ ਐਕਸ਼ਨ ਨਾ ਲਿਆ। ਇਸੇ ਸਾਲ ਦੇ ਅਖ਼ੀਰ ’ਚ ਜੜ੍ਹਾਂਵਾਲਾ ਦੀਆਂ ਛੇ ਔਰਤਾਂ ਗੁਰਦੁਆਰੇ ਦੇ ਦਰਸ਼ਨਾਂ ਵਾਸਤੇ ਆਈਆਂ। ਮਹੰਤ ਤੇ ਪੁਜਾਰੀਆਂ ਨੇ ਇਨ੍ਹਾਂ ਛੇਆਂ ਨਾਲ ਜਬਰ-ਜ਼ਨਾਹ ਕੀਤਾ। ਅਜਿਹੀਆਂ ਹਰਕਤਾਂ ਹੋਰ ਵੀ ਕਈ ਵਾਰ ਹੋਈਆਂ ਸਨ ਪਰ ਲੋਕ ਬੇਇਜ਼ਤੀ ਤੋਂ ਡਰਦੇ ਦੱਸਦੇ ਨਹੀਂ ਸਨ। (ਰੋਜ਼ਾਨਾ ਅਕਾਲੀ, 1 ਅਕਤੂਬਰ 1920)
 ਇਸ ਮਾਹੌਲ ਵਿਚ 1, 2, 3 ਅਕਤੂਬਰ 1920 ਨੂੰ ਪਿੰਡ ਧਾਰੋਵਾਲੀ ਵਿਚ ਇਕ ਵੱਡਾ ਇਕੱਠ ਹੋਇਆ ਸੀ। ਇਸ ਦੀਵਾਨ ਵਿਚ ਡਾ: ਕਿਚਲੂ, ਆਗ਼ਾ ਸਫ਼ਦਰ ਤੇ ਹੋਰ ਗੈਰ-ਸਿੱਖ ਆਗੂ ਵੀ ਸ਼ਾਮਿਲ ਹੋਏ। ਦੀਵਾਨ ਵਿਚ ਮਾ: ਮੋਤਾ ਸਿੰਘ, ਮਾ: ਸੁੰਦਰ ਸਿੰਘ ਲਾਇਲਪੁਰੀ, ਦਾਨ ਸਿੰਘ ਵਛੋਆ, ਜਸਵੰਤ ਸਿੰਘ ਝਬਾਲ ਤੇ ਹੋਰਨਾਂ ਨੇ ਲੈਕਚਰ ਕੀਤੇ ਅਤੇ ਨਾਨਕਾਣਾ ਸਾਹਿਬ ਦੀ ਹਾਲਤ ਬਾਰੇ ਫ਼ਿਕਰ ਜ਼ਾਹਿਰ ਕੀਤਾ। ਦੀਵਾਨ ਨੇ ਨਾਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਸੁਧਾਰ ਬਾਰੇ ਮਤਾ ਪਾਸ ਕੀਤਾ। ਇਸੇ ਦੀਵਾਨ ਵਿਚ ਲਛਮਣ ਸਿੰਘ ਧਾਰੋਵਾਲੀ ਨੇ ਨਾਨਕਾਣਾ ਸਾਹਿਬ ਦੇ ਸੁਧਾਰ ਵਾਸਤੇ ਸ਼ਹੀਦੀ ਜਥਾ ਬਣਾਉਣ ਦਾ ਐਲਾਨ ਕੀਤਾ ਸੀ। (ਰੋਜ਼ਾਨਾ ਅਕਾਲੀ, 7 ਅਕਤੂਬਰ 1920)
  ਇਸ ਦੀਵਾਨ ਦੀ ਕਾਰਵਾਈ ਦੀ ਖ਼ਬਰ ਮਹੰਤ ਨਰੈਣ ਦਾਸ ਨੂੰ ਵੀ ਪੁੱਜੀ। ਉਸ ਨੇ ਆਪਣੇ ਆਪ ਨੂੰ ਸੁਧਾਰਨ ਦੀ ਬਜਾਇ, ਨਵੰਬਰ 1920 ਵਿਚ, 400 ਗੁੰਡੇ ਇਕੱਠੇ ਕਰ ਲਏ ਤੇ ਉਨ੍ਹਾਂ ਨੂੰ ਤਨਖ਼ਾਹ ’ਤੇ ਰੱਖ ਲਿਆ। ਇਨ੍ਹਾਂ ਗੁੰਡਿਆਂ ਵਿਚ ਰਾਂਝਾ ਤੇ ਰਿਹਾਨਾ ਵਰਗੇ ਖੂੰਖਾਰ ਬਦਮਾਸ਼ ਤੇ ਕਾਤਿਲ ਵੀ ਸਨ। ਨਰੈਣ ਦਾਸ ਨੇ ਕਰਤਾਰ ਸਿੰਘ ਬੇਦੀ (ਭਤੀਜਾ ਖੇਮ ਸਿੰਘ ਬੇਦੀ) ਦੀ ਮਦਦ ਨਾਲ ਮਹੰਤਾਂ, ਸਾਧੂਆਂ, ਬੇਦੀਆਂ ਦਾ ਇਕ ਇਕੱਠ 12 ਨਵੰਬਰ 1920 ਦੇ ਦਿਨ ਅਖਾੜਾ ਸੰਗਲ ਵਾਲਾ (ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ) ਵਿਚ ਕੀਤਾ। ਮਹੰਤ ਗੋਬਿੰਦ ਦਾਸ (ਜਮਸ਼ੇਰ) ਦੀ ਸਦਾਰਤ ਹੇਠ 53 ਮਹੰਤ ਇਸ ਇਕੱਠ ਵਿਚ ਸ਼ਾਮਿਲ ਹੋਏ। ਇਸ ਵਿਚ ਫ਼ੈਸਲਾ ਕੀਤਾ ਗਿਆ ਕਿ ਅਕਾਲੀਆਂ ਦਾ ਟਾਕਰਾ ਜ਼ੋਰ-ਸ਼ੋਰ ਨਾਲ ਕੀਤਾ ਜਾਵੇ। ਮਹੰਤ ਨਰੈਣ ਦਾਸ ਨੇ ਬੇਦੀ ਕਰਤਾਰ ਸਿੰਘ ਨਾਲ ਰਲ ਕੇ 60 ਹਜ਼ਾਰ ਰੁਪੈ ਇਕੱਠੇ ਕੀਤੇ ਅਤੇ ਲਾਹੌਰ ਤੋਂ ਹਫ਼ਤਾਵਾਰੀ ‘ਸੰਤ ਸੇਵਕ’ ਅਖ਼ਬਾਰ ਸ਼ੁਰੂ ਕੀਤਾ। ਇਹ ਅਖ਼ਬਾਰ ਮੁਫ਼ਤ ਵੰਡਿਆ ਜਾਂਦਾ ਸੀ। (ਹਫ਼ਤਾਵਾਰੀ ਸੰਤ ਸੇਵਕ ਲਾਹੌਰ, 20 ਦਸੰਬਰ 1920)। ਇਸ ਦੇ ਨਾਲ ਹੀ ਮਹੰਤਾਂ ਨੇ ਆਪਣੀ ਵੱਖਰੀ ‘ਗੁਰਦੁਆਰਾ ਕਮੇਟੀ’ ਵੀ ਬਣਾ ਲਈ। ਇਹ ਕਮੇਟੀ ਸਿਰਫ਼ ਦਿਖਾਵੇ ਵਾਸਤੇ ਹੀ ਸੀ ਤੇ ਇਸ ਦਾ ਕੋਈ ਰੋਲ ਨਹੀਂ ਸੀ। ਇਸ ਕਮੇਟੀ ਦਾ ਪ੍ਰਧਾਨ ਮਹੰਤ ਨਰੈਣ ਦਾਸ ਅਤੇ ਸਕੱਤਰ ਬਸੰਤ ਦਾਸ ਮਾਣਕ ਬਣਿਆ।
  ਮਹੰਤ ਨੇ ਨਵੰਬਰ 1920 ਵਿਚ ਅਕਾਲੀਆਂ ਵੱਲੋਂ ਗੁਰਦੁਆਰੇ ’ਤੇ ਕਬਜ਼ਾ ਕੀਤੇ ਜਾਣ ਦੇ ਖ਼ਦਸ਼ੇ ਨੂੰ ਸਾਹਵੇਂ ਰੱਖਦਿਆਂ ਜਿਹੜੇ 400 ਬੰਦੇ ਇਕੱਠੇ ਕਰ ਲਏ ਸਨ ਉਨ੍ਹਾਂ ਨੂੰ 25-26 ਨਵੰਬਰ 1920 ਦੇ ਦਿਨ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਮੌਕੇ ’ਤੇ ਗੁਰਦੁਆਰੇ ਦੇ ਅੰਦਰ ਅਤੇ ਆਲੇ-ਦੁਆਲੇ ਤਾਈਨਾਤ ਕੀਤਾ ਹੋਇਆ ਸੀ। ਪਰ ਉਸ ਦਿਨ ਅਕਾਲੀਆਂ ਦਾ ਗੁਰਦੁਆਰੇ ’ਤੇ ਕਬਜ਼ਾ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਸ ਦੇ ਬਾਵਜੂਦ ਮਹੰਤ ਨੇ ਉਸ ਦਿਨ ਕਿਸੇ ਵੀ ਸਿੱਖ ਨੂੰ ਕਿਰਪਾਨ ਲੈ ਕੇ ਗੁਰਦੁਆਰੇ ਦੇ ਅੰਦਰ ਨਾ ਜਾਣ ਦਿੱਤਾ। ਇਸ ਦਿਨ ਭਾਈ ਲਛਮਣ ਸਿੰਘ ਧਾਰੋਵਾਲੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਗੁਰਦੁਆਰੇ ਆਏ। ਅਜੇ ਉਹ ਅੰਦਰ ਵੜੇ ਹੀ ਸਨ ਕਿ ਮਹੰਤ ਦੇ ਗੁੰਡਿਆਂ ਨੇ ਛਵ੍ਹੀਆਂ ਤੇ ਟਕੂਏ ਹੱਥਾਂ ਵਿਚ ਫੜੀ ਉਨ੍ਹਾਂ ਨੂੰ ਘੇਰ ਲਿਆ। ਉਸ ਵੇਲੇ ਡਿਪਟੀ ਕਮਿਸ਼ਨਰ ਅਤੇ ਸੁਪਰਡੈਂਟ ਸੀ.ਆਈ.ਡੀ. ਉੱਥੇ ਹਾਜ਼ਿਰ ਸਨ। ਇਸ ਕਰ ਕੇ ਇਕ ਵਾਰ ਤਾਂ ਸਾਕਾ ਹੋਣੋਂ ਰੁਕ ਗਿਆ ਵਰਨਾ 20 ਫਰਵਰੀ 1921 ਦਾ ਸਾਕਾ 26 ਨਵੰਬਰ 1920 ਦੇ ਦਿਨ ਹੀ ਵਾਪਰ ਜਾਣਾ ਸੀ। ਗੁਰਪੁਰਬ ਤੋਂ ਮਗਰੋਂ ਮਹੰਤ ਨੇ ਬਹੁਤੇ ਬੰਦੇ ਵਾਪਿਸ ਭੇਜ ਦਿੱਤੇ ਪਰ ਰਾਂਝਾ, ਸਾਖੂ ਤੇ ਕਾਨ੍ਹਾ ਵਰਗੇ ਖ਼ੂੰਖਾਰ ਬੰਦੇ ਆਪਣੇ ਕੋਲ ਰੱਖ ਲਏ। ਇਸ ਮਗਰੋਂ ਮਹੰਤ ਨੇ ਨਾਨਕਾਣਾ ਸਾਹਿਬ ਵਿਚ ਕਿਲ੍ਹਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁਰਦੁਆਰੇ ਨੂੰ ਹਰ ਪਾਸਿਓਂ ਜੰਗੀ ਹਮਲੇ ਵਾਲੀ ਹਿਫ਼ਾਜ਼ਤ ਦੇ ਹਿਸਾਬ ਨਾਲ ਮਜ਼ਬੂਤ ਕਰ ਲਿਆ ਤੇ ਅੰਦਰ ਅਸਲੇ ਦਾ ਖ਼ਜ਼ਾਨਾ ਵੀ ਇਕੱਠਾ ਕਰ ਲਿਆ। ਇਸ ਸਾਰੇ ਦੀ ਖ਼ਬਰ ਕਮਿਸ਼ਨਰ ਕਿੰਗ, ਹੋਰਨਾਂ ਪੁਲੀਸ ਤੇ ਸੀ.ਆਈ.ਡੀ. ਅਫ਼ਸਰਾਂ, ਡਿਪਟੀ ਕਮਿਸ਼ਨਰ ਅਤੇ ਗਵਰਨਰ ਨੂੰ ਵੀ ਸੀ ਪਰ ਉਨ੍ਹਾਂ ਨੇ ਚੁੱਪ ਵੱਟੀ ਹੋਈ ਸੀ। (ਸੋਹਨ ਸਿੰਘ ਜੋਸ਼, ਅਕਾਲੀ ਮੋਰਚਿਆਂ ਦਾ ਇਤਿਹਾਸ, ਸਫ਼ੇ 93-95)। ਮਹੰਤ ਦੀ ਇਸ ਸਾਰੀ ਕਾਰਵਾਈ ਤੇ ਪਲਾਨਿੰਗ ਬਾਰੇ ਸਿੱਖ ਆਗੂ ਵੀ ਜਾਣਦੇ ਸਨ ਅਤੇ ਉਨ੍ਹਾਂ ਨੇ ਇਸ ਬਾਰੇ ਦੀਵਾਨਾਂ ਵਿਚ ਅਤੇ ਪ੍ਰੈਸ ਵਿਚ ਵੀ ਵਾਰਨਿੰਗ ਦਿੱਤੀ ਹੋਈ ਸੀ।
  ਕਰਤਾਰ ਸਿੰਘ ਝੱਬਰ ਨੇ ਜਨਵਰੀ 1921 ਦੇ ਅੱਧ ਵਿਚ ਇਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਲਿਖੀ ਜਿਸ ਵਿਚ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਨਾਨਕਾਣਾ ਸਾਹਿਬ ਦੀ ਹਾਲਤ ਦਾ ਫ਼ਿਕਰ ਕਰਨਾ ਚਾਹੀਦਾ ਹੈ ਤੇ ਮਹੰਤ ਦੀਆਂ ਕਾਰਵਾਈਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਵਰਨਾ ਕਿਤੇ ਅਜਿਹਾ ਨਾ ਹੋਵੇ ਕਿ ਸੰਗਤਾਂ ਆਪ ਹੀ ਨਾਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ (ਇਸ ਚਿੱਠੀ ਦੀ ਫ਼ੋਟੋਕਾਪੀ ਪੇਸ਼ ਹੈ ਕਿਤਾਬ ‘ਸਿੱਖ ਤਵਾਰੀਖ਼’ ਵਿਚ)। ਸਕੱਤਰ ਨੇ 21 ਜਨਵਰੀ ਨੂੰ ਇਹ ਚਿੱਠੀ ਸ਼੍ਰੋਮਣੀ ਕਮੇਟੀ ਦੀ 21 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਅਜੰਡੇ ਵਿਚ ਰੱਖ ਦਿੱਤੀ।
  21 ਜਨਵਰੀ 1921 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ਵਿਚ, ਝੱਬਰ ਦੀ ਚਿੱਠੀ ਦੇ ਅਧਾਰ ‘ਤੇ ਨਾਨਕਾਣਾ ਸਾਹਿਬ ਦੀ ਹਾਲਤ ’ਤੇ ਵਿਚਾਰਾਂ ਹੋਈਆਂ ਸਨ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਨਾਨਕਾਣਾ ਸਾਹਿਬ ਦੇ ਹਾਲਾਤ ਸਬੰਧੀ ਇਕ ਖੁਲ੍ਹਾ ਚਿੱਠਾ ਛਾਪ ਕੇ ਸੰਗਤਾਂ ਵਿਚ ਭੇਜਿਆ ਜਾਵੇ, ਅਤੇ 4-5-6 ਮਾਰਚ 1921 ਦੇ ਦਿਨ ਨਾਨਕਾਣਾ ਸਾਹਿਬ ਵਿਚ ਇਕ ਦੀਵਾਨ ਕੀਤਾ ਜਾਏ ਅਤੇ ਮਹੰਤ ਨੂੰ ਆਪਣਾ ਸੁਧਾਰ ਕਰਨ ਵਾਸਤੇ ਆਖਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿਚ ਇਕ ਚਿੱਠੀ ਵੀ ਜਾਰੀ ਕੀਤੀ ਸੀ ਜਿਸ ਵਿਚ ਸਰਕਰਦਾ ਸਿੱਖਾਂ ਨੂੰ ਅਪੀਲ ਕੀਤੀ ਗਈ ਸੀ ਉਹ ਮਹੰਤ ਨੂੰ ਸਮਝਾਉਣ ਕਿ ਉਹ ਗੁਰਦੁਆਰਾ ਪੰਥ ਦੇ ਹਵਾਲੇ ਕਰ ਦੇਵੇ। ਇਹ ਚਿੱਠੀ ਪੰਜਾਬ ਸਰਕਾਰ, ਸਿੱਖ ਰਾਜਿਆਂ, ਸਰਕਾਰੀ ਅਫ਼ਸਰਾਂ ਅਤੇ ਸਰਕਰਦਾ ਸ਼ਖ਼ਸੀਅਤਾਂ ਨੂੰ ਭੇਜੀ ਗਈ ਸੀ। 6 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਨੇ ਲਛਮਣ ਸਿੰਘ ਧਾਰੋਵਾਲੀ, ਦਲੀਪ ਸਿੰਘ ਸਾਂਗਲਾ, ਤੇਜਾ ਸਿੰਘ ਸਮੁੰਦਰੀ, ਕਰਤਾਰ ਸਿੰਘ ਝੱਬਰ ਤੇ ਬਖ਼ਸ਼ੀਸ਼ ਸਿੰਘ ਦੀ ਇਕ ਕਮੇਟੀ ਬਣਾ ਦਿੱਤੀ ਤਾਂ ਜੋ ਉਹ 4-5-6 ਮਾਰਚ ਦੇ ਦੀਵਾਨ ਵਿਚ ਸ਼ਾਮਿਲ ਹੋਣ ਵਾਲੀਆਂ ਲੱਖਾਂ ਸੰਗਤਾਂ ਵਾਸਤੇ ਲੰਗਰ ਦਾ ਇੰਤਜ਼ਾਮ ਕਰੇ।
  ਅਕਾਲੀ ਕਾਨਫ਼ਰੰਸ ਦੇ ਐਲਾਨ ਤੋਂ ਮਹੰਤ ਡਰ ਗਿਆ। ਉਸ ਨੇ ਜ: ਝੱਬਰ ਨਾਲ ਗੱਲਬਾਤ ਕਰਨ ਵਾਸਤੇ ਵਿਚੋਲੇ ਪਾਏ। ਮਹੰਤ ਨੇ ਆਪਣੀ ਤਰਫ਼ੋਂ ਪੇਸ਼ਕਸ਼ ਕੀਤੀ ਕਿ ਉਹ ਨਾਨਕਾਣਾ ਸਾਹਿਬ ਵਾਸਤੇ ਇਕ ਕਮੇਟੀ ਮੰਨਣ ਵਾਸਤੇ ਤਿਆਰ ਹੈ, ਬਸ਼ਰਤੇ ਕਿ (1) ਉਸ ਨੂੰ ਕੱਢਿਆ ਨਾ ਜਾਵੇ (2) ਉਹ ਵੀ ਕਮੇਟੀ ਦਾ ਮੈਂਬਰ ਹੋਵੇ ਅਤੇ (3) ਉਸ ਨੂੰ ਤਨਖ਼ਾਹ ਦੀ ਬਜਾਇ ਆਮਦਨ ਦਾ ਇਕ ਹਿੱਸਾ ਦਿੱਤਾ ਜਾਇਆ ਕਰੇ। ਜ: ਝੱਬਰ ਨੇ ਮਹੰਤ ਦੀ ਪਹਿਲੀ ਤੇ ਤੀਜੀ ਸ਼ਰਤ ਮੰਨ ਲਈ ਪਰ ਦੂਜੀ ਸ਼ਰਤ ਬਾਰੇ ਉਸ ਨੂੰ ਕਿਹਾ ਗਿਆ ਕਿ ਇਸ ਦਾ ਫੈਸਲਾ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ। ਜਦੋਂ ਇਸ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਤਾਂ ਕਮੇਟੀ ਨੇ ਮਹੰਤ ਨਾਲ ਗੱਲਬਾਤ ਕਰਨ ਵਾਸਤੇ ਇਕ ਸਬ-ਕਮੇਟੀ ਬਣਾ ਦਿੱਤੀ। ਇਸ ਕਮੇਟੀ ਵਿਚ ਕਰਤਾਰ ਸਿੰਘ ਝੱਬਰ, ਭਾਈ ਜੋਧ ਸਿੰਘ, ਤੇਜਾ ਸਿੰਘ ਸਮੁੰਦਰੀ, ਬੂਟਾ ਸਿਘ ਵਕੀਲ ਤੇ ਕਿਹਰ ਸਿੰਘ ਪੱਟੀ ਸ਼ਾਮਿਲ ਸਨ। ਇਸ ਕਮੇਟੀ ਨੇ ਮਹੰਤ ਨੂੰ ਗੱਲਬਾਤ ਕਰਨ ਵਾਸਤੇ 7-8-9 ਫ਼ਰਵਰੀ 1921 ਦੇ ਦਿਨ ਗੁਰਦੁਆਰਾ ਖਰਾ ਸੌਦਾ ਬੁਲਾ ਲਿਆ।



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.