ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 2)
ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 2)
Page Visitors: 2438

ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 2)
 ਡਾ. ਹਰਜਿੰਦਰ ਸਿੰਘ ਦਿਲਗੀਰ 
ਮਹੰਤ ਨੇ ਸਿੱਖਾਂ ਦਾ ਧਿਆਨ ਗੱਲਬਾਤ ਵਿਚ ਲਾ ਕੇ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ 28 ਪਠਾਣ ਪੱਕੇ ਤੌਰ ’ਤੇ ਤਨਖ਼ਾਹ ’ਤੇ ਰੱਖ ਲਏ। ਭਾਈ ਫੇਰੂ ਅਤੇ ਮਾਝੇ ਦੇ ਹੋਰ ਇਲਾਕਿਆਂ ਤੋਂ ਮਹੰਤ ਦਾ ਭਤੀਜਾ ਖੂੰਖਾਰ ਕਾਤਲ ਭਾੜੇ ’ਤੇ ਲੈ ਆਇਆ। ਹੁਣ ਉਸ ਨੇ ਨਾਨਕਾਣਾ ਸਾਹਿਬ ਦਾ ਬਾਹਰਲਾ ਲੱਕੜ ਦਾ ਦਰਵਾਜ਼ਾ ਹਟਾ ਕੇ ਇਕ ਲੋਹੇ ਦਾ ਗੇਟ ਲਾ ਲਿਆ। ਗੇਟ ਵਿਚੋਂ ਗੋਲੀਆਂ ਚਲਾਉਣ ਵਾਸਤੇ ਛੇਕ ਰੱਖ ਲਏ। ਗੁਰਦੁਆਰੇ ਦੇ ਆਲੇ ਦੁਆਲੇ ਦੇ ਕਮਰਿਆਂ ਦੀਆਂ ਦੀਵਾਰਾਂ ਵਿਚ ਵੀ ਗੋਲੀਆਂ ਚਲਾਉਣ ਵਾਸਤੇ ਛੇਕ ਅਤੇ ਝਰੋਖੇ ਬਣਾ ਲਏ। ਇਸ ਦੇ ਨਾਲ ਹੀ ਮਹੰਤ ਨੇ ਬਾਕੀ ਮਹੰਤਾਂ, ਬੇਦੀਆਂ ਤੇ ਕੂਕਿਆਂ ਨਾਲ ਵੀ ਰਾਬਤਾ ਬਣਾ ਲਿਆ।
  7 ਫਰਵਰੀ 1921 ਦੇ ਦਿਨ ਮਹੰਤ ਨੇ ਆਪਣੇ ਬੰਦਿਆਂ ਅਤੇ ਹਿਮਾਇਤੀਆਂ ਦਾ ਇਕ ਇਕੱਠ ਗੁਰਦੁਆਰਾ ਜਨਮ ਅਸਥਾਨ ਦੀ ਹਦੂਦ ਵਿਚ ਬੁਲਾਇਆ। ਇਸ ਵਿਚ ਉਸ ਦੇ ਲਿਆਂਦੇ ਸਾਰੇ ਗੁੰਡੇ ਤੇ ਕਾਤਲਾਂ ਤੋਂ ਇਲਾਵਾ ਨਾਨਕਾਣਾ ਸਾਹਿਬ ਦੇ ਭੱਟੀ ਮੁਸਲਮਾਨ, ਬੇਦੀ ਕਰਤਾਰ ਸਿੰਘ, ਕੂਕਾ ਮੰਗਲ ਸਿੰਘ (ਕੂਕਾ/ਨਾਮਧਾਰੀ) ਅਤੇ ਹੋਰ ਕਈ ਬੰਦੇ ਸ਼ਾਮਿਲ ਸਨ। ਇਨ੍ਹਾਂ ਸਾਰੀਆਂ ਨੇ ਕਸਮਾਂ ਖਾਧੀਆਂ ਕਿ ਅਕਾਲੀਆਂ ਨਾਲ ਲੜਾਈ ਦੀ ਸੂਰਤ ਵਿਚ ਉਹ ਸਾਰੇ ਮਹੰਤ ਦਾ ਸਾਥ ਦੇਣਗੇ।
7 ਫਰਵਰੀ ਨੂੰ ਮਹੰਤ ਨੇ ਇਕ ਪਾਸੇ ਆਪਣੀ ਇਹ ਖ਼ੁਫ਼ੀਆ ਮੀਟਿੰਗ ਬੁਲਾਈ ਹੋਈ ਸੀ ਤੇ ਦੂਜੇ ਪਾਸੇ ਉਸ ਨੇ ਅਕਾਲੀਆਂ ਨਾਲ ਹੋਈ ਮੀਟਿੰਗ ਵਿਚ ਆਪ ਜਾਣ ਦੀ ਬਜਾਇ ਆਪਣੇ ਬੰਦਿਆਂ ਸੁੰਦਰ ਦਾਸ ਤੇ ਹਰੀ ਦਾਸ ਨੂੰ ਖਰਾ ਸੌਦਾ ਭੇਜ ਦਿੱਤਾ ਤੇ ਅਕਾਲੀਆਂ ਨੂੰ ਆਖਿਆ ਕਿ ਉਹ ਉਨ੍ਹਾਂ ਨੂੰ 15 ਫ਼ਰਵਰੀ ਨੂੰ ਸ਼ੇਖੂਪੁਰਾ ਵਿਚ ਮਿਲੇਗਾ। ਝੱਬਰ ਜਦੋਂ 14 ਫਰਵਰੀ ਨੂੰ ਸ਼ੇਖੂਪੁਰਾ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਹੰਤ ਨਹੀਂ ਆ ਰਿਹਾ। ਮਹੰਤ ਦੇ ਸਾਥੀ ਜੀਵਨ ਦਾਸ ਨੇ ਝੱਬਰ ਨੂੰ ਦੱਸਿਆ ਕਿ ਮਹੰਤ ਉਨ੍ਹਾਂ ਨੂੰ ਅਤੇ ਬੂਟਾ ਸਿੰਘ ਨੂੰ ਲਾਹੌਰ ਮਿਲੇਗਾ। ਇਹ ਮੀਟਿੰਗ 15 ਫਰਵਰੀ ਸਵੇਰੇ 10 ਵਜੇ ਅਮਰ ਸਿੰਘ ਲਾਇਲ ਗਜ਼ਟ ਦੇ ਘਰ ਮਿੱਥੀ ਗਈ ਸੀ। ਮਹੰਤ ਇਸ ਮੀਟਿੰਗ ’ਤੇ ਵੀ ਨਾ ਆਇਆ। ਦਰਅਸਲ ਮਹੰਤ ਅਕਾਲੀਆਂ ਨੂੰ ਟਰਕਾ ਕੇ ਉਨ੍ਹਾਂ ਦਾ ਧਿਆਨ ਆਪਣੀ ਪਲਾਨਿੰਗ ਵੱਲੋਂ ਹਟਾ ਰਿਹਾ ਸੀ।
 14 ਫਰਵਰੀ ਨੂੰ ਮਹੰਤ ਨੇ ਇਕ ਹੋਰ ਮੀਟਿੰਗ ਕੀਤੀ ਸੀ, ਜਿਸ ਵਿਚ 5 ਮਾਰਚ ਦੇ ਅਕਾਲੀ ਇਕੱਠ ਵਿਚ ਸਾਰੇ ਸਿੱਖ ਆਗੂਆਂ ਨੂੰ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ। ਜ: ਝੱਬਰ ਮੁਤਾਬਿਕ ਉਸ ਦਾ ਇਕ ਸੂਹੀਆ ਮਹੰਤ ਕੋਲ ਰਿਹਾ ਕਰਦਾ ਸੀ। ਉਸ ਨੇ ਮਹੰਤ ਦੀ ਸਾਜ਼ਿਸ਼ ਦੀ ਖ਼ਬਰ ਝੱਬਰ ਨੂੰ ਆ ਦੱਸੀ। ਜ: ਝੱਬਰ ਉਸੇ ਵੇਲੇ ਖਰਾ ਸੌਦਾ ਗਿਆ ਅਤੇ ਆਪਣੇ ਸਾਥੀਆਂ ਨਾਲ ਵਿਚਾਰ ਕੀਤੀ। ਉਨ੍ਹਾਂ ਨੇ ਲਛਮਣ ਸਿੰਘ ਧਾਰੋਵਾਲੀ ਤੇ ਬੂਟਾ ਸਿੰਘ ਨੂੰ ਸੱਦ ਭੇਜਿਆ। ਇਹ ਸਾਰੇ ਜਣੇ 17 ਫ਼ਰਵਰੀ ਨੂੰ ਮਿਲੇ ਤੇ ਫੈਸਲਾ ਹੋਇਆ ਕਿ ਮਹੰਤ ਦੀ ਨਾਪਾਕ ਸਾਜ਼ਿਸ਼ ਨੂੰ ਫੇਲ੍ਹ ਕਰਨ ਵਾਸਤੇ 19-20 ਤਾਰੀਖ਼ ਦੀ ਰਾਤ ਨੂੰ ਨਾਨਕਾਣਾ ਸਾਹਿਬ ਪਹੁੰਚ ਕੇ 20 ਫ਼ਰਵਰੀ ਨੂੰ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ ਜਾਵੇ। ਉਨ੍ਹਾਂ ਨੂੰ ਪਤਾ ਸੀ ਕਿ ਮਹੰਤ ਸਿੱਖ-ਮੁਖ਼ਾਲਫ਼ਾਂ ਵਲੋਂ 19-20 ਫਰਵਰੀ ਨੂੰ ਲਾਹੌਰ ਵਿਚ ਹੋਣ ਵਾਲੀ ‘ਸਨਾਤਨੀ ਸਿੱਖ ਕਾਨਫ਼ਰੰਸ’ ਵਿਚ ਹਿੱਸਾ ਲੈਣ ਜਾ ਰਿਹਾ ਹੈ। ਇਸ ਮੀਟਿੰਗ ਵਿਚ ਸਾਰੇ ਬੇਦੀ, ਸੋਢੀ, ਭੱਲੇ, ਉਦਾਸੀ, ਨਿਰਮਲੇ, ਨਾਮਧਾਰੀ, ਨਿਹੰਗ, ਅੱਡਣ ਸ਼ਾਹੀਏ, ਸੁਥਰਾ ਸ਼ਾਹੀਏ, ਗਹਿਰ ਗੰਭੀਰੀਏ, ਨਿਰੰਕਾਰੀ, ਚਰਨਦਾਸੀਏ, ਸਨਾਤਨੀ, ਮਹੰਤ, ਪੁਜਾਰੀ ਤੇ ਸਾਧ ਬੁਲਾਏ ਗਏ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਕਰਤਾਰ ਸਿੰਘ ਬੇਦੀ ਨੇ ਕਰਨੀ ਸੀ। ਇਸ ਵਿਚ ਅਕਾਲੀਆਂ ਦਾ ਟਾਕਰਾ ਕਰਨ ਵਾਸਤੇ ਸਾਂਝੀ ਐਕਸ਼ਨ ਪਲਾਨ ਤਿਆਰ ਕੀਤੀ ਜਾਣੀ ਸੀ।
  17 ਫਰਵਰੀ ਦੀ ਮੀਟਿੰਗ ਵਿਚ ਝੱਬਰ, ਲਛਮਣ ਸਿੰਘ ਤੇ ਬੂਟਾ ਸਿੰਘ ਸ਼ੇਖੂਪੁਰਾ ਨੇ ਪਲਾਨ ਬਣਾਈ ਕਿ ਬੂਟਾ ਸਿੰਘ 19 ਫਰਵਰੀ ਨੂੰ ਨਾਨਕਾਣਾ ਸਾਹਿਬ ਪੁਜ ਜਾਵੇ। ਉਸੇ ਰਾਤ ਲਛਮਣ ਸਿੰਘ ਦਾ ਜਥਾ ਚੰਦਰਕੋਟ ਪਹੁੰਚ ਜਾਵੇਗਾ। (ਚੰਦਰਕੋਟ ਨਾਨਕਾਣਾ ਸਾਹਿਬ ਤੋਂ ਕੁਝ ਕੁ ਕਿਲੋਮੀਟਰ ਹੈ)। ਦੂਜੇ ਪਾਸਿਓਂ ਝੱਬਰ ਦਾ ਜਥਾ ਆ ਜਾਵੇਗਾ ਤੇ ਦੋਵੇਂ ਜਥੇ 20 ਫਰਵਰੀ ਦੀ ਸਵੇਰ ਨੂੰ ਨਾਨਕਾਣਾ ਸਾਹਿਬ ਗੁਰਦੁਆਰੇ ਦਾ ਕਬਜ਼ਾ ਲੈ ਲੈਣਗੇ। ਮੀਟਿੰਗ ਮਗਰੋਂ ਭਾਈ ਬੂਟਾ ਸਿੰਘ ਲਾਇਲਪੁਰ ਗਏ, ਕੁਝ ਸਾਥੀਆਂ ਨਾਲ ਸਲਾਹ ਕੀਤੀ ਅਤੇ ਫੇਰ ਨਾਨਕਾਣੇ ਆ ਗਏ। ਉਧਰ ਕੁਝ ਅਕਾਲੀਆਂ ਨੂੰ ਵੀ ਇਸ ਦੀ ਖ਼ਬਰ ਮਿਲ ਗਈ। ਹਰਚੰਦ ਸਿੰਘ, ਤੇਜਾ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਆਪਸ ਵਿਚ ਮਸ਼ਵਰਾ ਕਰ ਕੇ ਫੈਸਲਾ ਕੀਤਾ ਕਿ ਨਾਨਕਾਣਾ ਸਾਹਿਬ ਤੇ ਇੰਞ ਕਬਜ਼ਾ ਨਾ ਕੀਤਾ ਜਾਏ। ਉਨ੍ਹਾਂ ਨੇ ਹੋਰ ਆਗੂਆਂ ਨਾਲ ਗੱਲਬਾਤ ਕਰਨ ਵਾਸਤੇ 19 ਫਰਵਰੀ ਨੂੰ ਲਾਹੌਰ ਵਿਚ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿਚ ਸਰਦੂਲ ਸਿੰਘ ਕਵੀਸ਼ਰ, ਸੁੰਦਰ ਸਿੰਘ ਲਾਇਲਪੁਰੀ, ਜਸਵੰਤ ਸਿੰਘ ਝਬਾਲ ਤੇ ਦਲੀਪ ਸਿੰਘ ਸਾਂਗਲਾ ਵੀ ਹਾਜ਼ਿਰ ਸਨ। ਇਸ ਮੀਟਿੰਗ ਨੇ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਦੀਵਾਨ ਤੋਂ ਪਹਿਲਾਂ ਕੋਈ ਜਥਾ ਨਾਨਕਾਣਾ ਸਾਹਿਬ ’ਤੇ ਕਬਜ਼ਾ ਨਾ ਕਰੇ। ਮੀਟਿੰਗ ਨੇ ਭਾਈ ਦਲੀਪ ਸਿੰਘ ਤੇ ਜਸਵੰਤ ਸਿੰਘ ਦੀ ਡਿਊਟੀ ਲਾਈ ਕਿ ਉਹ ਝੱਬਰ ਨੂੰ ਰੋਕਣ ਵਾਸਤੇ ਖਰਾ ਸੌਦਾ ਜਾਣ। ਜਦੋਂ ਭਾਈ ਦਲੀਪ ਸਿੰਘ ਖਰਾ ਸੌਦਾ ਪੁੱਜੇ ਤਾਂ ਝੱਬਰ ਜਾ ਚੁੱਕਾ ਸੀ। ਇੱਥੋਂ ਉਹ ਚੰਦਰਕੋਟ ਗਏ ਤੇ ਝੱਬਰ ਨੂੰ ਰੋਕ ਲਿਆ। ਮਗਰੋਂ ਉਨ੍ਹਾਂ ਨੇ ਦਲੀਪ ਸਿੰਘ ਤੇ ਵਰਿਆਮ ਸਿੰਘ ਦੀ ਡਿਊਟੀ ਲਾਈ ਕਿ ਉਹ ਝੱਬਰ ਦੀ ਚਿੱਠੀ ਲਿਜਾ ਕੇ ਲਛਮਣ ਸਿੰਘ ਨੂੰ ਦੇ ਕੇ ਜਥੇ ਨੂੰ ਕਬਜ਼ਾ ਕਰਨ ਜਾਣ ਤੋਂ ਰੋਕ ਲੈਣ। ਦਲੀਪ ਸਿੰਘ ਨਾਨਕਾਣਾ ਸਾਹਿਬ ਪੁੱਜ ਕੇ ਉੱਤਮ ਸਿੰਘ ਕਾਰਖਾਨੇਦਾਰ ਦੇ ਘਰ ਚਲੇ ਗਏ ਤੇ ਵਰਿਆਮ ਸਿੰਘ ਦੀ ਡਿਊਟੀ ਲਾ ਗਏ ਕਿ ਉਹ ਨਾਨਕਾਣਾ ਸਾਹਿਬ ਦੇ ਬਾਹਰ ਫਾਟਕ ’ਤੇ ਲਛਮਣ ਸਿੰਘ ਨੂੰ ਰੋਕਣ। ਉਧਰ ਮਾਸਟਰ ਤਾਰਾ ਸਿੰਘ ਨੇ ਵੀ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਜਾਣਾ ਸੀ। ਇਤਫ਼ਾਕ ਨਾਲ ਮਾਸਟਰ ਜੀ ਰਾਤ ਦੀ ਗੱਡੀ ਨਹੀਂ ਸਨ ਚੜ੍ਹ ਸਕੇ। ਮਾਸਟਰ ਜੀ ਮੁਤਬਿਕ ਉਨ੍ਹਾਂ ਨੇ ਝੱਬਰ ਨਾਲ ਰਾਬਤਾ ਬਣਾ ਲਿਆ ਸੀ ਤੇ ਲਛਮਣ ਸਿੰਘ ਨੂੰ ਰੋਕਣਾ ਰਹਿੰਦਾ ਸੀ। (ਮਾਸਟਰ ਜੀ ਦਾ ਲੇਖ “ਨਾਨਕਾਣੇ ਸਾਹਿਬ ਦੇ ਸਾਕੇ ਸਬੰਧੀ ਹਾਲ ਜਿਨ੍ਹਾਂ ਦਾ ਮੈਨੂੰ ਪਤਾ ਹੈ”, ਅਕਾਲੀ ਤੇ ਪਰਦੇਸੀ, 21 ਫ਼ਰਵਰੀ, 1923, ਸਫ਼ੇ 2 ਤੇ 3; ਉਸ ਦੀ ਫ਼ੋਟੋ ਵੇਖੋ ਕਿਤਾਬ ‘ਸਿੱਖ ਤਵਾਰੀਖ਼’ ਵਿਚ)।
ਉਧਰ ਲਛਮਣ ਸਿੰਘ ਆਪਣੇ ਨਾਲ 150 ਸਿੰਘ ਲੈ ਕੇ ਨਾਨਕਾਣਾ ਸਾਹਿਬ ਸ਼ਹਿਰ ਦੇ ਬਾਹਰ ਭੱਠੇ ਕੋਲ ਪੁੱਜ ਗਏ। ਇੱਥੇ ਆਪ ਨੂੰ ਭਾਈ ਵਰਿਆਮ ਸਿੰਘ ਨੇ ਦਲੀਪ ਸਿੰਘ ਦਾ ਸੁਨੇਹਾ ਦਿੱਤਾ ਜਿਸ ਵਿਚ ਆਪ ਨੂੰ ਨਾਨਕਾਣਾ ਸਾਹਿਬ ਕਬਜ਼ਾ ਕਰਨ ਤੋਂ ਰੋਕਿਆ ਹੋਇਆ ਸੀ। ਲਛਮਣ ਸਿੰਘ ਨੇ ਚਿੱਠੀ ਪੜ੍ਹੀ ਅਤੇ ਵਾਪਿਸ ਮੁੜਨ ਦਾ ਫ਼ੈਸਲਾ ਕਰ ਲਿਆ ਪਰ ਇਸ ਜਥੇ ਦੇ ਇਕ ਸਿੰਘ ਟਹਿਲ ਸਿੰਘ ਨੇ ਕਿਹਾ ਕਿ ਭਾਵੇਂ ਅਸੀਂ ਗੁਰਦੁਆਰਿਆਂ ’ਤੇ ਕਬਜ਼ਾ ਨਾ ਕਰੀਏ ਪਰ ਸਾਨੂੰ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਉਸ ਨੇ ਕਿਹਾ ਕਿ ਅੱਜ ਗੁਰੂ ਹਰਰਾਇ ਸਾਹਿਬ ਦਾ ਜਨਮ ਦਿਨ ਹੈ ਤੇ ਇਸ ਮੁਬਾਰਕ ਮੌਕੇ ’ਤੇ ਗੁਰਦੁਆਰੇ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ। ਮਹੰਤ ਵੱਧ ਤੋਂ ਵੱਧ ਸਾਨੂੰ ਕਤਲ ਹੀ ਕਰ ਦੇਵੇਗਾ। ਟਹਿਲ ਸਿੰਘ ਦੇ ਇਹ ਕਹਿਣ ’ਤੇ ਜਥੇ ਨੇ ਗੁਰਦੁਆਰੇ ’ਤੇ ਕਬਜ਼ੇ ਦਾ ਇਰਾਦਾ ਤਾਂ ਛੱਡ ਦਿੱਤਾ ਪਰ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਚਲ ਪਏ। ਉਹ ਸਵੇਰੇ 6 ਵਜੇ ਗੁਰਦੁਆਰੇ ਪਹੁੰਚ ਗਏ। (ਅਕਾਲੀ ਮੋਰਚੇ ਤੇ ਝੱਬਰ, ਸਫ਼ੇ, 75-76, 95, ਖਾਲਸਾ ਐਡਵੋਕੇਟ, 22 ਫ਼ਰਵਰੀ, 1921, ਅਕਾਲੀ ਤੇ ਪ੍ਰਦੇਸੀ 21 ਫ਼ਰਵਰੀ 1923)
   ਉਧਰ 19 ਫਰਵਰੀ 1921 ਨੂੰ ਬਾਅਦ ਦੁਪਹਿਰ ਮਹੰਤ ਨਾਨਕਾਣਾ ਸਾਹਿਬ ਸਟੇਸ਼ਨ ’ਤੇ ਪੌਣੇ ਚਾਰ ਵਜੇ ਲਾਹੌਰ ਜਾਣ ਵਾਲੀ ਗੱਡੀ ਫੜਨ ਵਾਸਤੇ ਪਹੁੰਚ ਚੁੱਕਾ ਸੀ। ਇਸ ਮੌਕੇ ’ਤੇ ਇਕ ਮੁਸਲਮਾਨ ਔਰਤ ਉਸ ਕੋਲ ਆਈ ਤੇ ਉਸ ਨੂੰ ਦੱਸਿਆ ਕਿ ਸਿੱਖਾਂ ਦਾ ਇਕ ਜਥਾ ਬੁੱਚੇਆਣਾ ਪਹੁੰਚ ਚੁੱਕਿਆ ਹੈ। ਮਹੰਤ ਨੇ ਲਾਹੌਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਅਤੇ ਵਾਪਿਸ ਆ ਕੇ ਸਾਰੇ ਗੁੰਡਿਆਂ ਨੂੰ ਟਕੂਏ ਤੇ ਹੋਰ ਹਥਿਆਰ ਵੰਡ ਦਿੱਤੇ। ਉਸ ਨੇ ਮਿੱਟੀ ਦਾ ਤੇਲ ਤੇ ਬਹੁਤ ਸਾਰੀ ਲੱਕੜ ਵੀ ਇਕੱਠੀ ਕਰ ਲਈ। ਉਸ ਕੋਲ ਚਾਰ ਬੰਦੂਕਾਂ ਵੀ ਸਨ। ਮਹੰਤ ਕੋਲ ਗੋਲੀਆਂ ਤੇ ਬਾਰੂਦ ਦਾ ਵੀ ਬੜਾ ਸਟਾਕ ਇਕੱਠਾ ਹੋਇਆ ਪਿਆ ਸੀ। ਉਸ ਨੇ ਕਈ ਦਿਨ ਪਹਿਲਾਂ ਗੁਰਦੁਆਰਾ ਤੇ ਇਸ ਦੇ ਆਲੇ-ਦੁਆਲੇ ਦੇ ਮਕਾਨਾਂ ਦੀਆਂ ਛੱਤਾਂ ’ਤੇ ਪੱਥਰਾਂ ਤੇ ਇੱਟਾਂ ਦੇ ਢੇਰ ਲਾ ਕੇ ਰੱਖੇ ਹੋਏ ਸਨ। ਮਹੰਤ ਨੂੰ ਇਹ ਹਰਕਤਾਂ ਕਰਦਿਆਂ ਉੱਤਮ ਸਿੰਘ ਕਾਰਖਾਨੇਦਾਰ ਨੇ ਵੇਖ ਲਿਆ ਸੀ ਤੇ ਉਸ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਿਆ ਵੀ ਸੀ ਪਰ ਉਸ ਦੀ ਚਿੱਠੀ ਉਨ੍ਹਾਂ ਨੂੰ ਸਾਕਾ ਵਾਪਰਨ ਤੋਂ ਮਗਰੋਂ ਪੁੱਜੀ ਸੀ।
ਨਾਨਕਾਣਾ ਸਾਹਿਬ ਦਾ ਕਤਲੇਆਮ
ਲਛਮਣ ਸਿੰਘ ਧਾਰੋਵਾਲੀ ਦਾ ਜਥਾ ਸਵੇਰੇ 6 ਵਜੇ ਗੁਰਦੁਆਰਾ ਜਨਮ ਅਸਥਾਨ ਵਿਚ ਪਹੁੰਚਿਆ ਸੀ। ਉਨ੍ਹਾਂ ਅੰਦਰ ਪਹੁੰਚ ਕੇ, ਮੱਥਾ ਟੇਕ ਕੇ, ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਚਿਰ ਕੀਰਤਨ ਜਾਰੀ ਰਿਹਾ। ਏਨੇ ਚਿਰ ਵਿਚ ਮਹੰਤ ਨੇ ਗੁੰਡਿਆਂ ਨੂੰ ਅਸਲਾ ਦੇ ਕੇ ਪੁਜ਼ੀਸ਼ਨਾਂ ਸੰਭਾਲ ਦਿੱਤੀਆਂ। ਮਹੰਤ ਨੇ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ। ਥੋੜ੍ਹੇ ਚਿਰ ਵਿਚ ਹੀ ਮਹੰਤ ਨੇ ਉਨ੍ਹਾਂ ਨੂੰ ਕਤਲੇਆਮ ਦਾ ਹੁਕਮ ਜਾਰੀ ਕਰ ਦਿੱਤਾ। ਹੁਕਮ ਮਿਲਦਿਆਂ ਹੀ ਰਾਂਝਾ, ਰਿਹਾਨਾ ਅਤੇ ਦੋ ਹੋਰ ਕਾਤਿਲਾਂ ਨੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣਾ ਸ਼ੁਰੂ ਕਰ ਦਿੱਤਾ। ਕੁਝ ਪਲਾਂ ਵਿਚ ਹੀ 25-26 ਸਿੰਘ ਸ਼ਹੀਦ ਹੋ ਗਏ। ਇਸ ਦੌਰਾਨ ਮਹੰਤ ਦੇ ਬਾਕੀ ਗੁੰਡੇ ਅਤੇ ਉਸ ਦੇ ਇਕੱਠੇ ਕੀਤੇ ਸਾਧੂ ਸਿੱਖਾਂ ਉੱਤੇ ਪੱਥਰਾਂ ਤੇ ਇੱਟਾਂ ਦਾ ਮੀਂਹ ਵਰ੍ਹਾਉਂਦੇ ਰਹੇ। ਇਨ੍ਹਾਂ ਗੁੰਡਿਆਂ ਦੀਆਂ ਚਲਾਈਆਂ ਗੋਲੀਆਂ ਵਿਚੋਂ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਵੀ ਲੱਗੀਆਂ। ਇਸ ਵੇਲੇ 60 ਦੇ ਕਰੀਬ ਸਿੱਖ ਚੌਖੰਡੀ ਵਾਲੇ ਹਿੱਸੇ ਵਿਚ ਸਨ। ਉਨ੍ਹਾਂ ਨੇ ਅੰਦਰੋਂ ਕੁੰਡੇ ਮਾਰ ਲਏ। ਹੁਣ ਮਹੰਤ ਦੇ ਗੁੰਡੇ ਦਰਸ਼ਨੀ ਡਿਉੜੀ ਦੀ ਛੱਤ ’ਤੇ ਆ ਗਏ ਅਤੇ ਹੇਠਾਂ ਨਜ਼ਰ ਆਉਣ ਵਾਲੇ ਹਰ ਇਕ ਸਿੱਖ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਦੇਖਿਆ ਕਿ ਸਾਰੇ ਸਿੱਖ ਬੁਰੀ ਤਰ੍ਹਾਂ ਜ਼ਖ਼ਮੀ ਜਾਂ ਕਤਲ ਹੋ ਚੁੱਕੇ ਹਨ ਤਾਂ ਉਹ ਛੱਤ ਤੋਂ ਉਤਰ ਕੇ ਹੇਠਾਂ ਆ ਗਏ। ਹੁਣ ਉਨ੍ਹਾਂ ਬਾਹਰਲੇ ਗੇਟ ਖੋਲ੍ਹ ਦਿੱਤੇ। ਪੰਜ ਛੇ ਸਿੱਖ ਦਰਸ਼ਨੀ ਡਿਉੜੀ ਦੇ ਵਰਾਂਡੇ ਵਿਚ ਨਜ਼ਰ ਆਏ। ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ। ਜੋ ਮਰਨੋਂ ਬਚ ਗਏ ਸਨ ਉਨ੍ਹਾਂ ਨੂੰ ਛਵ੍ਹੀਆਂ ਅਤੇ ਟੋਕਿਆਂ ਨਾਲ ਵੱਢ ਦਿੱਤਾ ਗਿਆ। ਇਕ ਹੋਰ ਕਮਰੇ ਵਿਚ 25 ਕੁ ਸਿੱਖ ਸਨ। ਉਹ ਵੀ ਕਤਲ ਕਰ ਦਿੱਤੇ ਗਏ। ਏਨੇ ਵਿਚ ਕੁਝ ਹੋਰ ਸਿੱਖ ਬਾਹਰ ਆ ਪਹੁੰਚੇ। ਮਹੰਤ ਦੇ ਬੰਦੇ ਕੋਠਿਆਂ ’ਤੇ ਚੜ੍ਹ ਗਏ ਤੇ ਉਨ੍ਹਾਂ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ’ਤੇ ਕੁਝ ਜ਼ਖ਼ਮੀ ਸਿੱਖ ਬਾਹਰ ਭੱਜਣ ਵਿਚ ਕਾਮਯਾਬ ਹੋ ਗਏ। ਦੋ ਸਿੱਖਾਂ ਨੂੰ ਪੌੜੀਆਂ ਚੜ੍ਹਦਿਆਂ ਜ਼ਖ਼ਮੀ ਕਰ ਕੇ ਕੋਠੇ ਤੋਂ ਸੁੱਟ ਕੇ ਮਾਰ ਦਿੱਤਾ ਗਿਆ। ਮਹੰਤ ਨਰੈਣ ਦਾਸ ਮੂੰਹ ਤੇ ਚਾਦਰ ਲਪੇਟੀ ਘੋੜੇ ’ਤੇ ਚੜ੍ਹਿਆ ਹੁਕਮ ਜਾਰੀ ਕਰ ਰਿਹਾ ਸੀ ਅਤੇ ਹਦਾਇਤਾਂ ਦੇ ਰਿਹਾ ਸੀ। ਉਹ ਆਖ ਰਿਹਾ ਸੀ ਕਿ ਇੱਕ ਵੀ ਸਿੱਖ ਜਿਊਂਦਾ ਨਾ ਰਹਿਣ ਦਿੱਤਾ ਜਾਵੇ। ਏਨੇ ਵਿਚ ਕੁਝ ਹੋਰ ਸਿੱਖ ਬਾਹਰੋਂ ਆਏ। ਮਹੰਤ ਨੇ ਉਨ੍ਹਾਂ ਨੂੰ ਵੀ ਕਤਲ ਕਰਨ ਦਾ ਹੁਕਮ ਦਿੱਤਾ। ਮਹੰਤ ਨੇ ਆਪ ਗੋਲੀ ਚਲਾ ਕੇ ਇਕ ਸਿੱਖ ਮਾਰ ਦਿੱਤਾ। ਉਸ ਦੇ ਬੰਦਿਆਂ ਨੇ 5 ਹੋਰ ਸਿੱਖ ਮਾਰੇ। ਇਸ ਮਗਰੋਂ ਰਾਂਝੇ ਤੇ ਕੁਝ ਸਾਧੂਆਂ ਨੇ ਬਾਹਰੋਂ ਆਏ ਨਵੇਂ ਸਿੱਖਾਂ ਵਿਚੋਂ ਬਚ ਕੇ ਭੱਜੇ ਬੰਦਿਆਂ ਦਾ ਪਿੱਛਾ ਕੀਤਾ ਤੇ ਰੇਲਵੇ ਲਾਈਨ ਕੋਲ ਤਿੰਨ ਬੰਦੇ ਕਤਲ ਕਰ ਦਿੱਤੇ, ਇਕ ਜਾਂ ਦੋ ਸਿੱਖ ਖੇਤਾਂ ਵਿਚ ਵੀ ਕਤਲ ਕੀਤੇ ਗਏ। ਇਸ ਮਗਰੋਂ ਚੌਖੰਡੀ ਦਾ ਦਰਵਾਜ਼ਾ ਤੋੜ ਕੇ ਮਹੰਤ ਨੇ ਅੰਦਰਲੇ ਸਾਰੇ ਸਿੱਖ ਕਤਲ ਕਰ ਦਿੱਤੇ, ਸਿਰਫ਼ ਇਕ 12 ਸਾਲ ਦਾ ਬੱਚਾ ਗੁਰੂ ਗ੍ਰੰਥ ਸਾਹਿਬ ਦੇ ਪੀੜ੍ਹੇ ਹੇਠਾਂ ਲੁਕਿਆ ਹੋਣ ਕਰ ਕੇ ਬਚ ਗਿਆ।
 ਗੋਲੀਆਂ ਚਲਣ ਦੀ ਆਵਾਜ਼ ਸੁਣ ਕੇ ਦਲੀਪ ਸਿੰਘ ਸਾਹੋਵਾਲ, ਜੋ ਪੌਣਾ ਕਿਲੋਮੀਟਰ ਦੂਰ, ਉੱਤਮ ਸਿੰਘ ਕਾਰਖਾਨੇਦਾਰ ਦੇ ਘਰ ਬੈਠੇ ਸਨ, ਜਨਮ ਅਸਥਾਨ ਵੱਲ ਭੱਜੇ। ਉਹ ਅਤੇ ਭਾਈ ਵਰਿਆਮ ਸਿੰਘ ਗੁਰਦੁਆਰੇ ਪੁੱਜੇ ਤਾਂ ਉਸ ਵੇਲੇ ਮਹੰਤ ਬਾਹਰੋਂ ਆਏ ਨਵੇਂ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਦੇ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਕਤਲੇਆਮ ਕਰਨੋਂ ਰੋਕਿਆ ਪਰ ਭਾਈ ਦਲੀਪ ਸਿੰਘ ਦੀ ਗੱਲ ਸੁਣਨ ਦੀ ਬਜਾਇ ਮਹੰਤ ਨੇ ਪਿਸਤੌਲ ਕੱਢ ਕੇ ਭਾਈ ਦਲੀਪ ਸਿੰਘ ਨੂੰ ਵੀ ਕਤਲ ਕਰ ਦਿੱਤਾ। ਉਸ ਦੇ ਇਕ ਬੰਦੇ ਨੇ ਭਾਈ ਵਰਿਆਮ ਸਿੰਘ ਨੂੰ ਵੀ ਕਤਲ ਕਰ ਦਿੱਤਾ।
ਜਦੋਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਤਾਂ ਮਹੰਤ ਨੇ ਸਾਰੀਆਂ ਲਾਸ਼ਾਂ ਇਕੱਠੀਆਂ ਕਰਨ ਦਾ ਹੁਕਮ ਦਿੱਤਾ। ਮਹੰਤ ਨੇ ਚਾਰ ਲਾਸ਼ਾਂ ਨੂੰ ਛੱਡ ਕੇ ਬਾਕੀ ਸਾਰੀਆਂ ਫੂਕ ਦੇਣ ਵਾਸਤੇ ਆਖਿਆ। ਲੱਕੜਾਂ ਇਕੱਠੀਆਂ ਕਰ ਕੇ ਚੌਖੰਡੀ ਦੇ ਉੱਤਰ-ਪੱਛਮੀ ਪਾਸੇ ਢੇਰ ਲਾ ਦਿੱਤਾ ਗਿਆ। ਅੱਗ ਵਿਚ ਸੁੱਟਣ ਤੋਂ ਪਹਿਲਾਂ ਮਹੰਤ ਵੱਲੋਂ ਭਾੜੇ ’ਤੇ ਲਿਆਂਦੇ ਪਠਾਣਾਂ ਨੇ ਲਾਸ਼ਾਂ ਦੀ ਤਲਾਸ਼ੀ ਲਈ ਤੇ ਜੋ ਕੁਝ ਲੱਭਿਆ, ਆਪਣੀਆਂ ਜੇਬ੍ਹਾਂ ਵਿਚ ਪਾ ਲਿਆ। ਇਸ ਮਗਰੋਂ ਲਾਸ਼ਾਂ ਬਲਦੀ ਚਿਖਾ ਵਿਚ ਸੁੱਟ ਦਿੱਤੀਆਂ ਗਈਆ। ਇਨ੍ਹਾਂ ਵਿੱਚੋਂ ਕੁਝ ਅਜੇ ਜਿਊਂਦੇ ਵੀ ਸਨ। ਉਨ੍ਹਾਂ ਵਿੱਚੋਂ ਜਿਸ ਨੇ ਵੀ ਉੱਠਣ ਦੀ ਕੋਸ਼ਿਸ਼ ਕੀਤੀ ਉਸ ਨੂੰ ਛਵ੍ਹੀਆਂ ਤੇ ਲਾਠੀਆਂ ਮਾਰ ਕੇ ਫੇਰ ਅੱਗ ਵਿੱਚ ਸੁੱਟ ਦਿੱਤਾ ਗਿਆ। ਜੋ ਸਿੱਖ ਗੁਰਦੁਆਰੇ ਦੇ ਬਾਹਰ ਕਤਲ ਕੀਤੇ ਗਏ ਸਨ ਉਨ੍ਹਾਂ ਨੂੰ ਮਾਰ ਕੇ ਨੇੜੇ ਇਕ ਘੁਮਿਆਰ ਦੀ ਭੱਠੀ ਵਿਚ ਸੁੱਟ ਕੇ ਸਾੜ ਦਿੱਤਾ ਗਿਆ।
 ਸਿੱਖਾਂ ਦੀਆਂ ਲਾਸ਼ਾਂ ਜਲਾਉਣ ਵਾਸਤੇ ਹੁਕਮ ਜਾਰੀ ਕਰਨ ਮਗਰੋਂ ਮਹੰਤ ਨੇ ਆਪ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਗੁੰਡਿਆਂ ਨੂੰ ਵੀ ਵੀ ਸ਼ਰਾਬ ਪਹੁੰਚਾਈ। ਗੁੰਡੇ ਸ਼ਰਾਬਾਂ ਪੀਂਦੇ ਰਹੇ ਅਤੇ ਲਾਸ਼ਾਂ ਇਕੱਠੀਆਂ ਕਰ ਅੱਗ ਦੇ ਢੇਰ ’ਤੇ ਸੁੱਟਦੇ ਰਹੇ।
 ਦੂਜੇ ਪਾਸੇ ਗੋਲੀਆਂ ਦੀ ਆਵਾਜ਼ ਤੇ ਕਤਲੇਆਮ ਦੀ ਖ਼ਬਰ ਸੁਣ ਕੇ ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪੁਲੀਸ ਨੂੰ ਇਤਲਾਹ ਦੇਣ ਦੀ ਕਾਰਵਾਈ ਸ਼ੁਰੂ ਕੀਤੀ। ਸਵੇਰੇ ਸਵਾ ਅੱਠ ਵਜੇ ਐਨ.ਐਸ.ਸੰਧੂ, ਜੋ ਜ਼ਿਲ੍ਹਾ ਇੰਜੀਨੀਅਰ ਸੀ, ਨੇ ਇਕ ਬੰਦੇ ਨੂੰ ਘੋੜੇ ’ਤੇ ਡਿਪਟੀ ਕਮਿਸ਼ਨਰ ਵੱਲ ਭੇਜਿਆ। ਡੀ.ਸੀ. ਉਸ ਵਕਤ ਨਾਨਕਾਣਾ ਸਾਹਿਬ ਤੋਂ 19 ਕਿਲੋਮੀਟਰ ਦੂਰ ਪਿੰਡ ਮਾਂਗਟਵਾਲਾ ਵਿਚ ਬੈਠਾ ਸੀ। ਉੱਤਮ ਸਿੰਘ ਕਾਰਖ਼ਾਨੇਦਾਰ ਨੇ 9 ਵਜ ਕੇ 12 ਮਿੰਟ ’ਤੇ ਗਵਰਨਰ, ਕਮਿਸ਼ਨਰ, ਡਿਪਟੀ ਕਮਿਸ਼ਨਰ (ਡੀ.ਸੀ.), ਐਸ.ਪੀ. ਅਤੇ ਕਈ ਮਸ਼ਹੂਰ ਸਿੱਖ ਆਗੂਆਂ ਨੂੰ ਸਾਕੇ ਬਾਰੇ ਤਾਰਾਂ ਭੇਜ ਕੇ ਖ਼ਬਰ ਦਿੱਤੀ। ਮੁਕਾਮੀ ਪਟਵਾਰੀ ਤੇ ਰੇਲਵੇ ਦੇ ਸਟੇਸ਼ਨ ਮਾਸਟਰ ਨੇ ਵੀ ਵੱਖ-ਵੱਖ ਪਾਸੇ ਤਾਰਾਂ ਭੇਜ ਕੇ ਇਤਲਾਹ ਦਿੱਤੀ। ਇਨ੍ਹਾਂ ਇਤਲਾਹਾਂ ਦੇ ਬਾਵਜੂਦ ਡੀ.ਸੀ. ਚਾਰ ਘੰਟੇ ਮਗਰੋਂ ਸਾਢੇ ਬਾਰ੍ਹਾਂ ਵਜੇ ਨਾਨਕਾਣਾ ਸਾਹਿਬ ਪਹੁੰਚਿਆ। ਉੱਥੇ ਆ ਕੇ ਉਹ ਡੇਢ-ਦੋ ਸੌ ਦੇ ਕਰੀਬ ਸਿੱਖਾਂ ਦੇ ਕਾਤਲ ਮਹੰਤ ਨਰੈਣ ਦਾਸ ਨੂੰ ਨਾਲ ਲੈ ਕੇ ਗੁਰਦੁਆਰੇ ਦੇ ਅੰਦਰ ਗਿਆ। ਇਸ ਵੇਲੇ ਲਾਸ਼ਾਂ ਜਲ ਰਹੀਆਂ ਸਨ ਪਰ ਡੀ.ਸੀ. ਨੇ ਉਨ੍ਹਾਂ ਨੂੰ ਸਾੜਨ ਤੋਂ ਵੀ ਨਾ ਰੋਕਿਆ। ਪੰਜ ਛੇ ਘੰਟੇ ਮਗਰੋਂ ਤਕਰੀਬਨ 2 ਵਜੇ ਦੁਪਹਿਰੇ ਇਕ ਸਬ ਇੰਸਪੈਕਟਰ ਨੇ ਅੱਗ ਬੁਝਾਈ।
ਨਾਨਕਾਣਾ ਸਾਹਿਬ ਵਿਚ ਸ਼ਹੀਦ ਹੋਣ ਵਾਲਿਆਂ ਦੇ ਨਾਂ
ਨਾਨਕਾਣਾ ਸਾਹਿਬ ਵਿਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸਹੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਪੜਤਾਲ ਕਰਨ ਵਾਲੇ ਚਰਨ ਸਿੰਘ ਇੰਸਪੈਕਟਰ ਨੇ ਸ਼ਹੀਦਾਂ ਦੀ ਗਿਣਤੀ 156 ਦੱਸੀ ਸੀ। ਇਨ੍ਹਾਂ ਵਿਚੋਂ ਵੀ ਸਿਰਫ਼ 86 ਨਾਂਵਾਂ ਦੀ ਤਸਦੀਕ ਹੋ ਸਕੀ ਸੀ:
ਧਾਰੋਵਾਲੀ ਪਿੰਡ, ਸ਼ੇਖ਼ੂਪੁਰਾ: ਲਛਮਣ ਸਿੰਘ, ਈਸ਼ਰ ਸਿੰਘ, ਮੰਗਲ ਸਿੰਘ ਕਿਰਪਾਨ ਬਹਾਦਰ, ਆਤਮਾ ਸਿੰਘ, ਸੁੰਦਰ ਸਿੰਘ, ਈਸ਼ਰ ਸਿੰਘ ਦੂਜਾ।
ਕੋਟਲਾ ਸੰਤ ਸਿੰਘ: ਚਰਨ ਸਿੰਘ।
ਬੁਰਜ ਚੱਕ ਨੰਬਰ 55, ਲਾਇਲਪੁਰ: ਨਰਾਇਣ ਸਿੰਘ, ਦਿਆਲ ਸਿੰਘ, ਕਿਸ਼ਨ ਸਿੰਘ।
ਬੰਡਾਲਾ ਚੱਕ ਨੰਬਰ 64, ਲਾਇਲਪੁਰ: ਹਜ਼ਾਰਾ ਸਿੰਘ, ਵਰਿਆਮ ਸਿੰਘ, ਚੇਤ ਸਿੰਘ, ਉਜਾਗਰ ਸਿੰਘ।
ਬੰਡਾਲਾ ਚੱਕ ਨੰਬਰ 17, ਲਾਇਲਪੁਰ: ਸੰਮਾ ਸਿੰਘ, ਬਾਰਾ ਸਿੰਘ, ਇੱਛਰ ਸਿੰਘ, ਧਰਮ ਸਿੰਘ।
ਨਜ਼ਾਮਪੁਰ ਦੇਵਾ ਸਿੰਘ, ਸ਼ੇਖ਼ੂਪੁਰਾ: ਟਹਿਲ ਸਿੰਘ, ਸੁਰੈਣ ਸਿੰਘ, ਬੱਗਾ ਸਿੰਘ, ਹਰਨਾਮ ਸਿੰਘ, ਦਲ ਸਿੰਘ, ਕੇਸਰ ਸਿੰਘ, ਭਗਵਾਨ ਸਿੰਘ, ਜਵਾਲਾ ਸਿੰਘ, ਖ਼ੁਸ਼ਹਾਲ ਸਿੰਘ, ਜਵੰਦ ਸਿੰਘ, ਪੰਜਾਬ ਸਿੰਘ, ਨਰੈਣ ਸਿੰਘ, ਰਾਮ ਸਿੰਘ, ਸੁੰਦਰ ਸਿੰਘ, ਤਾਰਾ ਸਿੰਘ।
ਨਜ਼ਾਮਪੁਰ ਮੂਲਾ ਸਿੰਘ, ਸ਼ੇਖ਼ੂਪੁਰਾ: ਸੇਵਾ ਸਿੰਘ, ਬੂੜ ਸਿੰਘ, ਸੁਰੈਣ ਸਿੰਘ।
ਨਜ਼ਾਮਪੁਰ ਚੇਲੇ ਵਾਲੇ, ਸ਼ੇਖ਼ੂਪੁਰਾ: ਗੁੱਜਰ ਸਿੰਘ, ਚੰਦਾ ਸਿੰਘ, ਗੰਗਾ ਸਿੰਘ, ਵਰਿਆਮ ਸਿੰਘ।
ਬਹੜ ਚੱਕ ਨੰਬਰ 18, ਸ਼ੇਖ਼ੂਪੁਰਾ: ਈਸ਼ਰ ਸਿੰਘ, ਗੁਪਾਲ ਸਿੰਘ, ਮੋਤਾ ਸਿੰਘ।
ਚੱਕ ਨੰਬਰ 10 ਥੋਥੀਆਂ, ਸ਼ੇਖ਼ੂਪੁਰਾ: ਨੰਦ ਸਿੰਘ, ਹਰੀ ਸਿੰਘ, ਅਰੂੜ ਸਿੰਘ, ਤੇਜਾ ਸਿੰਘ।
ਫ਼ਤਹਿਗੜ੍ਹ ਸੁਕਰਚੱਕੀਆਂ, ਅੰਮ੍ਰਿਤਸਰ: ਸੰਤਾ ਸਿੰਘ।
ਬਹੜ ਚੱਕ ਨੰਬਰ 18 ਸ਼ੇਖ਼ੂਪੁਰਾ: ਈਸ਼ਰ ਸਿੰਘ, ਗੁਪਾਲ ਸਿੰਘ, ਮੋਤਾ ਸਿੰਘ।
ਚੱਕ ਨੰਬਰ 10 ਥੋਥੀਆਂ, ਸ਼ੇਖ਼ੂਪੁਰਾ: ਨੰਦ ਸਿੰਘ, ਹਰੀ ਸਿੰਘ, ਅਰੂੜ ਸਿੰਘ, ਤੇਜਾ ਸਿੰਘ।
ਕਰਤਾਰਪੁਰ, ਜਲੰਧਰ: ਬੇਲਾ ਸਿੰਘ।
ਵੱਲਾ, ਅੰਮ੍ਰਿਤਸਰ: ਮੂਲਾ ਸਿੰਘ।
ਡੱਲਾ ਨੰਗਲ 83, ਸ਼ੇਖ਼ੂਪੁਰਾ: ਲਛਮਣ ਸਿੰਘ।
ਸ਼ਾਹਕੋਟ, ਸ਼ੇਖ਼ੂਪੁਰਾ: ਸੰਤਾ ਸਿੰਘ, ਹਰਨਾਮ ਸਿੰਘ, ਗੁਰਬਖ਼ਸ਼ ਸਿੰਘ, ਇੰਦਰ ਸਿੰਘ, ਗੁਲਾਬ ਸਿੰਘ।
ਜਰਗ ਪਿੰਡ, ਪਟਿਆਲਾ: ਕੇਹਰ ਸਿੰਘ, ਦਰਬਾਰਾ ਸਿੰਘ।
ਭਸੀਣ, ਲਾਹੌਰ: ਗੰਡਾ ਸਿੰਘ।
ਡੱਲਾ ਚੰਦ ਸਿੰਘ, ਸ਼ੇਖ਼ੂਪੁਰਾ: ਬਚਿੰਤ ਸਿੰਘ।
ਵਾਨੋਟਿਆਂ ਵਾਲੀ ਚੱਕ ਨੰਬਰ 3, ਸ਼ੇਖ਼ੂਪੁਰਾ: ਕੇਸਰ ਸਿੰਘ, ਸੋਹਣ ਸਿੰਘ, ਵਰਿਆਮ ਸਿੰਘ, ਹੱਰਾ ਸਿੰਘ।
ਧਨੂਆਣਾ ਚੱਕ ਨੰਬਰ 91, ਲਾਇਲਪੁਰ: ਸੁੰਦਰ ਸਿੰਘ, ਸੋਹਣ ਸਿੰਘ, ਹੁਕਮ ਸਿੰਘ, ਵਰਿਆਮ ਸਿੰਘ, ਦੀਵਾਨ ਸਿੰਘ, ਇੰਦਰ ਸਿੰਘ, ਦਸੌਂਧਾ ਸਿੰਘ, ਹਰੀ ਸਿੰਘ, ਢੇਰਾ ਸਿੰਘ।
ਮਾਣਕ ਘੁੰਮਣ, ਜਲੰਧਰ, ਠਾਕੁਰ ਸਿੰਘ।
ਫਰਾਲਾ ਚੱਕ ਨੰਬਰ 258, ਲਾਇਲਪੁਰ: ਬਚਿੰਤ ਸਿੰਘ, ਕਨ੍ਹਈਆ ਸਿੰਘ।
ਸਿਹਾੜ, ਹੁਸ਼ਿਆਰਪੁਰ: ਬੰਤਾ ਸਿੰਘ।
ਕਰਤਾਰਪੁਰ, ਸਿਆਲਕੋਟ: ਬੁੱਧ ਸਿੰਘ।
ਸਾਹੋਵਾਲ ਚੱਕ ਨੰਬਰ 1, ਲਾਇਲਪੁਰ: ਦਲੀਪ ਸਿੰਘ।
ਟਿੱਬੀ ਜੈ ਸਿੰਘ, ਮਿੰਟਗੁਮਰੀ: ਵਰਿਆਮ ਸਿੰਘ।
ਲਹੁਕੇ ਚੱਕ ਨੰਬਰ 75, ਲਾਇਲਪੁਰ: ਨਾਰਾਇਣ ਸਿੰਘ, ਕਰਮ ਸਿੰਘ, ਮਹਿੰਗਾ ਸਿੰਘ।
ਲਾਇਲਪੁਰ ਸ਼ਹਿਰ: ਜੀਵਨ ਸਿੰਘ ਪਰਉਪਕਾਰੀ।
ਡਿੰਗਾ, ਗੁਜਰਾਤ: ਚਰਨ ਸਿੰਘ।
ਸ਼ਾਹਬਾਜ਼ਪੁਰ, ਅੰਮ੍ਰਿਤਸਰ: ਜਗਤ ਸਿੰਘ।
  20 ਫ਼ਰਵਰੀ ਸਵੇਰੇ ਕਰਤਾਰ ਸਿੰਘ ਝੱਬਰ ਜਥੇ ਸਮੇਤ ਚੰਦਰਕੋਟ ਤੋਂ ਵਾਪਿਸ ਖਰਾ ਸੌਦਾ ਜਾ ਚੁੱਕਾ ਸੀ। ਸਾਕੇ ਵਾਲੇ ਦਿਨ 11 ਵਜੇ ਉਹ ਗੁਰਦੁਆਰੇ ਖਰਾ ਸੌਦਾ ਵਿਚ ਬੈਠਾ ਹੋਇਆ ਸੀ ਤਾਂ ਉਨ੍ਹਾਂ ਨੂੰ ਉੱਤਮ ਸਿੰਘ ਨਾਨਕਾਣਾ ਸਾਹਿਬ ਵਾਲਿਆਂ ਦੀ ਤਾਰ ਮਿਲੀ। ਉਨ੍ਹਾਂ ਨੇ ਉਸੇ ਵੇਲੇ ਹਾਜ਼ਰ ਸਿੰਘਾਂ ਵਿਚੋਂ 40 ਸਿੰਘ ਪਿੰਡਾਂ ਵੱਲ ਟੋਰ ਦਿੱਤੇ ਤੇ ਬਾਕੀ 50 ਸਿੰਘ ਲੈ ਕੇ ਚੰਦਰਕੋਟ ਵੱਲ ਚਲ ਪਏ। ਸ਼ਾਮ ਤਕ ਉੱਥੇ ਇਕ ਹਜ਼ਾਰ ਤੋਂ ਵੱਧ ਸਿੱਖ ਪਹੁੰਚ ਚੁੱਕੇ ਸਨ। ਚੰਦਰਕੋਟ ਦੇ ਪੁਲ ਕੋਲ ਉਨ੍ਹਾਂ ਨੂੰ ਮਹੰਤ ਦਾ ਚੇਲਾ ਦੇਵਾ ਦਾਸ ਤਿੰਨ ਬੰਦਿਆਂ ਸਮੇਤ ਮੋਟਰ ’ਚ ਭੱਜਾ ਜਾਂਦਾ ਦਿੱਸਿਆ। ਉਨ੍ਹਾਂ ਨੇ ਉਸ ਨੂੰ ਉੱਥੇ ਰੋਕ ਕੇ ਕਾਬੂ ਕਰ ਲਿਆ। ਅੱਗੇ ਜਾ ਕੇ ਉਨ੍ਹਾਂ ਨੇ ਮਹੰਤ ਦਾ ਇਕ ਹੋਰ ਬੰਦਾ ਸੰਤਾ ਸਿੰਹ ਵੀ ਨੱਸਣ ਦੀ ਕੋਸ਼ਿਸ਼ ਕਰਦਾ ਫੜ ਲਿਆ। ਖਿਮਵਾਲਾ ਪਿੰਡ ਵਿਚ ਇਕ ਮੁਸਲਮਾਨ ਕਾਤਿਲ ਨੂੰ 72 ਕਾਰਤੂਸਾਂ ਸਣੇ ਕਾਬੂ ਕੀਤਾ ਗਿਆ। ਇੱਥੇ ਝੱਬਰ ਨੂੰ ਡੀ.ਸੀ. ਦੀ ਲਿਖਤੀ ਚਿੱਠੀ ਮਿਲੀ ਜਿਸ ਵਿਚ ਉਨ੍ਹਾਂ ਨੂੰ ਨਾਨਕਾਣੇ ਵੱਲ ਨਾ ਜਾਣ ਦਾ ਹੁਕਮ ਜਾਰੀ ਕੀਤਾ ਹੋਇਆ ਸੀ ਪਰ ਸਿੱਖਾਂ ਨੂੰ ਇਸ ਹੁਕਮ ਦੀ ਪ੍ਰਵਾਹ ਕੀਤੇ ਬਿਨਾਂ ਚਲਣਾ ਜਾਰੀ ਰੱਖਿਆ। ਨਾਨਕਾਣਾ ਸਾਹਿਬ ਦੇ ਬਾਹਰ ਉਨ੍ਹਾਂ ਨੂੰ ਸ:ਬ: ਮਹਿਤਾਬ ਸਿੰਘ ਘੋੜੇ ’ਤੇ ਆ ਕੇ ਮਿਲੇ ਤੇ ਦਸਿਆ ਕਿ ਫ਼ੌਜ ਨੇ ਗੁਰਦੁਆਰੇ ਨੂੰ ਘੇਰੇ ਵਿਚ ਲਿਆ ਹੋਇਆ ਹੈ ਤੇ ਉੱਥੇ ਨਹੀਂ ਜਾਣਾ ਚਾਹੀਦਾ। ਝੱਬਰ ਨੇ ਕਿਹਾ ਕਿ ਅਸੀਂ ਗੁਰਦੁਆਰੇ ਜ਼ਰੂਰ ਜਾਵਾਂਗੇ।
  ਉਨ੍ਹਾਂ ਕਿਹਾ ਕਿ ਤੁਸੀਂ ਕਮਿਸ਼ਨਰ ਨਾਲ ਗੱਲ ਕਰ ਲਓ, ਅਸੀਂ ਓਨਾ ਚਿਰ ਰੁੱਕ ਜਾਂਦੇ ਹਾਂ। ਇਸ ’ਤੇ ਸ:ਬ: ਮਹਿਤਾਬ ਸਿੰਘ ਵਾਪਿਸ ਚਲੇ ਗਏ ਤੇ ਕਮਿਸ਼ਨਰ ਨੂੰ ਸਮਝਾਇਆ ਕਿ ਸਿੱਖਾਂ ਦਾ ਹੜ੍ਹ ਆ ਜਾਣ ਮਗਰੋਂ ਹਾਲਾਤ ਕੰਟਰੋਲ ਹੇਠ ਨਹੀਂ ਆ ਸਕਣਗੇ, ਇਸ ਕਰ ਕੇ ਗੁਰਦੁਆਰੇ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਨੂੰ ਦੇਣਾ ਠੀਕ ਰਹੇਗਾ। ਕੁਝ ਹੀ ਚਿਰ ਵਿਚ ਝੱਬਰ ਦਾ ਜਥਾ ਨਾਨਕਾਣਾ ਪਹੁੰਚ ਗਿਆ। ਫ਼ੌਜ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਏਨੀਆਂ ਸ਼ਹੀਦੀਆਂ ਮਗਰੋਂ ਮੌਤ ਦਾ ਡਰ ਕਿਸੇ ਸਿੱਖ ਨੂੰ ਰੋਕ ਨਹੀਂ ਸਕਦਾ ਸੀ। ਫ਼ੌਜ ਵੀ ਹਰਗਿਜ਼ ਗੋਲੀ ਚਲਾਉਣ ਜਾਂ ਕਿਸੇ ਹੋਰ ਐਕਸ਼ਨ ਲੈਣ ਦਾ ਖ਼ਤਰਾ ਮੁੱਲ ਲੈਣ ਵਾਸਤੇ ਤਿਆਰ ਨਹੀਂ ਸੀ (ਅਕਾਲੀ ਮੋਰਚੇ ਤੇ ਝੱਬਰ, ਸਫ਼ੇ 101,109,111,112)



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.