ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 3)
ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 3)
Page Visitors: 2415

ਨਾਨਕਾਣਾ ਸਾਹਿਬ ਦੇ ਕਤਲੇਆਮ ਦੀ ਤਵਾਰੀਖ਼ (ਭਾਗ 3)
 ਡਾ. ਹਰਜਿੰਦਰ ਸਿੰਘ ਦਿਲਗੀਰ
ਕਤਲੇਆਮ ਤੋਂ ਮਗਰੋਂ ਦੇ ਹਾਲਾਤ
ਸਿੱਖਾਂ ਦੇ ਰੋਹ ਤੋਂ ਡਰਦਿਆਂ ਸਰਕਾਰ ਨੇ ਨਾਨਕਾਣਾ ਸਾਹਿਬ ਦੇ 35 ਕਿਲੋਮੀਟਰ ਦੇ ਏਰੀਏ ਤਕ ਬੱਸਾਂ ਤੇ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਤਾਂ ਜੋ ਕੋਈ ਵੀ ਬੰਦਾ ਨਾਨਕਾਣਾ ਸਾਹਿਬ ਨਾ ਪਹੁੰਚ ਸਕੇ। ਉਧਰੋਂ ਕਮਿਸ਼ਨਰ ਤੇ ਡੀ.ਆਈ.ਜੀ. ਸਪੈਸ਼ਲ ਗੱਡੀ ਲੈ ਕੇ ਰਾਤ ਸਵਾ ਨੌਂ ਵਜੇ ਨਾਨਕਾਣਾ ਸਾਹਿਬ ਪਹੁੰਚੇ। ਉਨ੍ਹਾਂ ਨਾਲ 100 ਅੰਗਰੇਜ਼ ਤੇ 100 ਭਾਰਤੀ ਫ਼ੌਜੀ ਵੀ ਸਨ। ਉਸ ਨੇ ਆ ਕੇ ਮਹੰਤ, ਉਸ ਦੇ ਦੋ ਸਾਥੀ ਤੇ 26 ਪਠਾਣ ਗ੍ਰਿਫ਼ਤਾਰ ਕਰ ਕੇ ਲਾਹੌਰ ਭੇਜ ਦਿੱਤੇ। ਇਸ ਵੇਲੇ ਤਕ ਸਾਰੇ ਪਾਸੇ ਸਿੱਖਾਂ ਨੂੰ ਇਤਲਾਹ ਪਹੁੰਚ ਚੁੱਕੀ ਸੀ। ਹਜ਼ਾਰਾਂ ਸਿੱਖਾਂ ਨੇ ਨਾਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ।
  ਸਰਕਾਰ ਨੇ ਸਾਕੇ ਬਾਰੇ ਬੇਹੱਦ ਝੂਠ ਬੋਲਿਆ। ਸਰਕਾਰ ਨੇ ਪਹਿਲਾਂ 20 ਸਿੱਖਾਂ ਦੇ ਮਰਨ ਦੀ ਖ਼ਬਰ ਦਿੱਤੀ (ਵੇਖੋ: 22 ਫ਼ਰਵਰੀ 1921 ਦੀ ਅਖ਼ਬਾਰ ਖਾਲਸਾ ਐਡਵੋਕੇਟ ਦੇ ਪਹਿਲੇ ਸਫ਼ੇ ਦੀ ਫ਼ੋਟੋ)। ਫਿਰ ਸਰਕਾਰ ਨੇ 67 ਤੇ ਅਖ਼ੀਰ 130 ਸਿੱਖਾਂ ਦਾ ਕਤਲ ਮੰਨ ਲਿਆ। ਇੰਸਪੈਕਟਰ ਚਰਨ ਸਿੰਘ ਨੇ 156 ਸਿੱਖਾਂ ਦੇ ਕਤਲ ਹੋਣ ਦੀ ਰਿਪੋਰਟ ਜਾਰੀ ਕੀਤੀ ਸੀ। ਇਕ ਰਿਪੋਰਟ ਮੁਤਾਬਿਕ 168 ਸਿੱਖ ਸ਼ਹੀਦ ਹੋਏ। ਹਿੰਦੂ ਪ੍ਰੈਸ ਦਾ ਵਤੀਰਾ ਬੜਾ ਘਟੀਆ ਸੀ। ਉਨ੍ਹਾਂ ਨੇ ਇਸ ਕਤਲੇਆਮ ਨੂੰ ਸਿੱਖਾਂ ਦਾ ‘‘ਆਪਸੀ ਫਸਾਦ’’ ਤੇ ਆਪਣੀ ‘‘ਝਗੜਾ’’, ਦਾ ਨਾਂ ਦਿੱਤਾ। ਹੋਰ ਤਾਂ ਹੋਰ ਗਾਂਧੀ ਦਾ ਪਹਿਲਾ ਬਿਆਨ ਵੀ ਇਹੋ ਜਿਹਾ ਹੀ ਸੀ।
  ਸਿੱਖ ਆਗੂਆਂ ਵਿਚੋਂ 6 ਆਗੂ 20 ਤਾਰੀਖ਼ ਰਾਤ ਨੂੰ ਹੀ ਕਮਿਸ਼ਨਰ ਦੇ ਨਾਲ ਹੀ ਨਾਨਕਾਣਾ ਸਾਹਿਬ ਪਹੁੰਚੇ ਸਨ। 9 ਹੋਰ ਸਿੱਖ ਆਗੂ ਮੋਟਰ ਰਾਹੀਂ 21 ਤਾਰੀਖ਼ ਦੀ ਸਵੇਰ ਨੂੰ ਨਾਨਕਾਣਾ ਸਾਹਿਬ ਪਹੁੰਚੇ। ਇਨ੍ਹਾਂ ਵਿਚ ਹਰਬੰਸ ਸਿੰਘ ਅਟਾਰੀ, ਸੁੰਦਰ ਸਿੰਘ ਰਾਮਗੜ੍ਹੀਆ, ਮਾਸਟਰ ਤਾਰਾ ਸਿੰਘ, ਤੇਜਾ ਸਿੰਘ ਸਮੁੰਦਰੀ, ਕੇਹਰ ਸਿੰਘ ਪੱਟੀ ਤੇ ਪ੍ਰੋ: ਜੋਧ ਸਿੰਘ ਸ਼ਾਮਿਲ ਸਨ।
  21 ਫ਼ਰਵਰੀ ਨੂੰ ਸਵੇਰੇ 8 ਵਜੇ ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ। ਅੰਦਰ ਗੋਲੀਆਂ ਦੇ ਕਾਰਤੂਸ, ਪੱਥਰ, ਖ਼ੂਨ, ਲਾਸ਼ਾਂ ਦੇ ਟੁਕੜੇ ਤੇ ਅੱਧ ਸੜੀਆਂ ਲਾਸ਼ਾਂ ਦੀ ਬੋਅ ਆ ਰਹੀ ਸੀ। ਪੁਲੀਸ ਨੇ ਪੌਣੇ ਤਿੰਨ ਸੌ ਤੋਂ ਵੱਧ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ। ਛੱਤਾਂ ਉਤੇ ਰੋੜਿਆਂ ਦੇ ਪੱਥਰਾਂ ਦੇ 24 ਵੱਡੇ ਢੇਰ ਅਜੇ ਵੀ ਪਏ ਹੋਏ ਸਨ।
  21 ਫ਼ਰਵਰੀ ਦੁਪਹਿਰ ਤਕ ਬਹੁਤ ਸਾਰੇ ਸਿੱਖ ਖੇਤਾਂ ਰਾਹੀਂ ਨਾਨਕਾਣਾ ਸਾਹਿਬ ’ਚ ਪਹੁੰਚ ਚੁੱਕੇ ਸਨ। ਸ਼ਾਮ ਤਕ ਹਜ਼ਾਰਾਂ ਸਿੰਘ ਨਾਨਕਾਣਾ ਸਾਹਿਬ ’ਚ ਇਕੱਠੇ ਹੋ ਚੁੱਕੇ ਸਨ। ਸਿੱਖ ਗੁਰਦੁਆਰੇ ’ਚ ਦਾਖ਼ਲ ਹੋਣਾ ਚਾਹੁੰਦੇ ਸਨ ਪਰ ਫ਼ੌਜ ਨੇ ਰਾਹ ਡੱਕਿਆ ਹੋਇਆ ਸੀ। ਅਜਿਹਾ ਜਾਪਦਾ ਸੀ ਕਿ ਸੀ ਕਿ ਸਿੱਖਾਂ ਨੂੰ ਬਹੁਤੀ ਦੇਰ ਰੋਕਿਆ ਨਹੀਂ ਜਾ ਸਕਦਾ ਸੀ। ਅਖ਼ੀਰ ਮੌਕੇ ਦੀ ਨਜ਼ਾਕਤ ਨੂੰ ਮਹਿਸੂਸ ਕਰਦਿਆਂ ਸਰਕਾਰ ਨੇ ਇਕ ਸੱਤ-ਮੈਂਬਰੀ ਸਿੱਖ ਕਮੇਟੀ ਨੂੰ ਗੁਰਦੁਆਰੇ ਦੀਆਂ ਚਾਬੀਆਂ ਸੌਂਪ ਦਿੱਤੀਆਂ। ਇਨ੍ਹਾਂ ਨੂੰ ਹੋਰ ਮੈਂਬਰ ਕੋਆਪਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਮਗਰੋਂ ਸਿੱਖ ਗੁਰਦੁਆਰੇ ਵਿਚ ਦਾਖ਼ਲ ਹੋਏ ਤੇ ਅਕਾਲੀ ਆਗੂਆਂ ਦੀ ਅਰਜ਼ ਮੰਨਦਿਆਂ ਸ਼ਹੀਦਾਂ ਦੇ ਦਰਸ਼ਨ ਕਰਨ ਅਤੇ ਮੱਥਾ ਟੇਕਣ ਮਗਰੋਂ ਛੇਤੀ-ਛੇਤੀ ਬਾਹਰ ਨਿਕਲਦੇ ਗਏ। ਅਗਲੇ ਦਿਨ ਹਜ਼ਾਰਾਂ ਸਿੱਖਾਂ ਨੇ ਨਾਨਕਾਣੇ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ।
  ਮਹੰਤ ਦੇ ਕਤਲੇਆਮ ਨੇ ਏਨੀ ਦਹਿਸ਼ਤ ਫੈਲਾ ਦਿੱਤੀ ਸੀ ਕਿ ਨਗਰ ਵਾਸੀ ਘਰ ਛੱਡ ਕੇ ਦੌੜ ਗਏ ਸਨ। ਉਨ੍ਹਾਂ ਪਿੱਛੋਂ ਕਈ ਡੰਗਰ ਭੁੱਖ ਤੇ ਪਿਆਸ ਨਾਲ ਮਰ ਗਏ। ਸਿੱਖਾਂ ਨੇ ਮਰੇ ਡੰਗਰਾਂ ਨੂੰ ਛੱਪੜ ਕੰਢੇ ਇਕੱਠਾ ਕੀਤਾ ਅਤੇ ਘਰ ਛੱਡ ਕੇ ਭੱਜ ਗਏ ਸ਼ਹਿਰੀਆਂ ਦੇ ਘਰਾਂ ਦੀ ਰਾਖੀ ਦਾ ਇੰਤਜ਼ਾਮ ਕੀਤਾ। ਸਿੱਖਾਂ ਨੇ ਸਾਰੇ ਪਾਸੇ ਢੰਡੋਰਾ ਪਿਟਵਾਇਆ ਤੇ ਲੋਕਾਂ ਨੂੰ ਆਪਣੇ ਘਰਾਂ ਨੂੰ ਵਾਪਿਸ ਮੁੜਨ ਵਾਸਤੇ ਪੈਗ਼ਾਮ ਭੇਜੇ।
   22 ਫ਼ਰਵਰੀ ਨੂੰ ਗਵਰਨਰ ਮੈਕਲੇਗਨ, ਵਜ਼ੀਰਾਂ ਤੇ ਐਗ਼ਜ਼ੈਕਟਿਵ ਕੌਂਸਲ ਦੇ ਮੈਂਬਰਾਂ ਨੂੰ ਲੈ ਕੇ ਨਾਨਕਾਣੇ ਪੁੱਜਾ। ਉਸ ਨੇ ਸਾਕਾ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਵਾਅਦਾ ਕੀਤਾ ਕਿ ਮੁਜਰਿਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 23 ਫ਼ਰਵਰੀ ਦੀ ਸ਼ਾਮ ਨੂੰ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਸਸਕਾਰ ਵੇਲੇ ਹਜ਼ਾਰਾਂ ਸਿੱਖ ਸੰਗਤਾਂ ਹਾਜ਼ਿਰ ਸਨ। ਸਾਰੇ ਸ਼ਹੀਦ ਸਿੱਖਾਂ ਦਾ ਸਸਕਾਰ ਇਕੋ ਜਗਹ ਇਕੱਠਾ ਹੀ ਕੀਤਾ ਗਿਆ।
  ਨਾਨਕਾਣਾ ਸਾਹਿਬ ’ਚ ਪਾਪੀ ਮਹੰਤਾਂ ਨੇ ਬੇਹੱਦ ਗੁਨਾਹ ਕੀਤੇ ਸਨ। ਲੋਕ ਕਹਿ ਰਹੇ ਸਨ ਕਿ ਸ਼ਹੀਦਾਂ ਨੇ ਆਪਣੇ ਖ਼ੂਨ ਨਾਲ ਨਾਨਕਾਣਾ ਸਾਹਿਬ ’ਚ ਕੀਤੇ ਪਾਪ ਧੋਅ ਦਿੱਤੇ ਹਨ। ਨਾਨਕਾਣਾ ਸਾਹਿਬ ’ਚ ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਦਰਜਨਾਂ ਸਿੱਖ ਆਗੂਆਂ ਦੀਆਂ ਜਾਨਾਂ ਬਚਾਈਆਂ। ਜੇ ਕਰ ਇਹ ਜਥਾ 20 ਫ਼ਰਵਰੀ ਦੀ ਸਵੇਰ ਨੂੰ ਸ਼ਹੀਦ ਨਾ ਹੁੰਦਾ ਅਤੇ 4 ਮਾਰਚ ਨੂੰ ਅਕਾਲੀ ਉੱਥੇ ਪੁੱਜਦੇ ਤਾਂ ਯਕੀਨਨ ਉਸ ਦਿਨ ਵੀ ਮਹੰਤ ਨੇ ਇਹੀ ਕਾਰਵਾਈ ਕਰਨੀ ਸੀ ਅਤੇ ਤਕਰੀਬਨ ਸਾਰੇ ਸਿੱਖ ਆਗੂ ਸ਼ਹੀਦ ਹੋ ਜਾਣ ਦਾ ਖ਼ਦਸ਼ਾ ਸੀ। ਜੇ ਕਰ ਇੰਞ ਹੋ ਜਾਂਦਾ ਤਾਂ ਅਕਾਲੀ ਲਹਿਰ ਦੀ ਸ਼ਕਲ ਕੀ ਹੋਣੀ ਸੀ, ਇਸ ਬਾਰੇ ਕਿਹਾ ਨਹੀਂ ਜਾ ਸਕਦਾ।
ਫ਼ਿਰਕੂ ਮਹਾਸ਼ਿਆਂ ਵੱਲੋਂ ਮਹੰਤ ਦੀ ਅਸਿੱਧੀ ਹਿਮਾਇਤ
ਨਾਨਕਾਣਾ ਸਾਹਿਬ ਦੇ ਸਾਕੇ ਮਗਰੋਂ ਮੁਸਲਮਾਨ ਆਗੂਆਂ ਨੇ ਸਿੱਖਾਂ ਨਾਲ ਭਰਪੂਰ ਹਮਦਰਦੀ ਕੀਤੀ ਤੇ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਕੁਝ ਹਿੰਦੂ ਆਗੂਆਂ ਨੇ ਵੀ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਪਰ ਬਹੁਤ ਸਾਰੇ ਹਿੰਦੂ ਆਗੂ ਤੇ ਹਿੰਦੂ ਪ੍ਰੈਸ (ਖ਼ਾਸ ਕਰ ਕੇ ਮਹਾਸ਼ਾ ਪ੍ਰੈਸ ਅਤੇ ਆਰੀਆ ਸਮਾਜੀਆਂ) ਨੇ ਸਿੱਖਾਂ ਦੇ ਖ਼ਿਲਾਫ਼ ਜ਼ਹਿਰ ਵੀ ਉਗਲਿਆ ਅਤੇ ਨਾਲ ਹੀ ਝੂਠੀਆਂ ਖ਼ਬਰਾਂ ਵੀ ਛਾਪੀਆਂ। ਹਿੰਦੂ ਅਖ਼ਬਾਰਾਂ ‘ਪ੍ਰਤਾਪ’ ਤੇ ‘ਕੇਸਰੀ’ ਨੇ ਤਾਂ ਇਹ ਵੀ ਲਿਖਿਆ ਕਿ ਨਾਨਕਾਣਾ ਸਾਹਿਬ ਵਿਚ ਸ਼ਿਵਲਿੰਗ ਬਣਿਆ ਹੋਇਆ ਹੈ ਅਤੇ ਇਸ ਦਾ ਇੰਤਜ਼ਾਮ ਹਿੰਦੂਆਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਲਾਲਾ ਲਾਜਪਤ ਰਾਏ ਨੇ ਆਪਣੀ ਅਖ਼ਬਾਰ ‘ਬੰਦੇ ਮਾਤਰਮ’ ਵਿਚ ਵੀ ਸਿੱਖਾਂ ਦੇ ਖ਼ਿਲਾਫ਼ ਪ੍ਰਚਾਰ ਕੀਤਾ। (ਇਹ ਚਰਚਾ ਆਮ ਸੀ ਕਿ ਲਾਲਾ ਲਾਜਪਤ ਰਾਏ ਨੇ ਮਹੰਤ ਨਰੈਣ ਦਾਸ ਤੋਂ 3000 ਰੁਪੈ ਲੈ ਕੇ ਸਿੱਖਾਂ ਦੇ ਖ਼ਿਲਾਫ਼ ਬਹੁਤ ਪਰਚਾਰ ਕੀਤਾ ਸੀ।) 23 ਮਾਰਚ 1921 ਨੂੰ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ (ਲਾਹੌਰ) ਨੇ ਵੀ ਨਾਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੂੰ ਗੁਰਦੁਆਰੇ ਵਿਚ ਹਿੰਦੂ ਤਸਵੀਰਾਂ ਅਤੇ ਬੁਤਾਂ ਬਾਰੇ ਖ਼ਤ ਲਿਖ ਕੇ ਅਜਿਹਾ ਕੁਝ ਹੀ ਆਖਿਆ। (ਵੇਖੋ ਇਸ ਚਿੱਠੀ ਦੀ ਫ਼ੋਟੋ ਕਿਤਾਬ ‘ਸਿੱਖ ਤਵਾਰੀਖ਼’ ਵਿਚ)।
 ਇਸ ਤੋਂ ਇਲਾਵਾ ਹੋਰ ਹਿੰਦੂ ਜਮਾਤਾਂ ਨੇ ਵੀ ਸਿੱਖਾਂ ਦੇ ਖ਼ਿਲਾਫ਼ ਹਰਕਤਾਂ ਕੀਤੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਬਹੁਤ ਸਾਰੇ ਹਿੰਦੂ ਅੰਦਰੋਂ-ਅੰਦਰੀ ਸਿੱਖਾਂ ਦੇ ਖ਼ਿਲਾਫ਼ ਸਨ ਅਤੇ ਕੁਰਪਟ ਮਹੰਤਾਂ ਨਾਲ ਹਮਦਰਦੀ ਰੱਖਦੇ ਸਨ। 16 ਨਵੰਬਰ 1921 ਦੇ ‘‘ਬੰਦੇ ਮਾਤਰਮ’’ ਵਿਚ ਲਾਲਾ ਲਾਜਪਤ ਰਾਏ ਨੇ ਲਿਖਿਆ, ‘‘ਜਿਸ ਸ਼ਖ਼ਸ ਨੇ ਆਪਣੇ ਪਿਤਾ ਕੇ ਸਰਮਾਇਆ ਕੋ ਸਾਧੂਓਂ ਕੋ ਖਿਲਾ ਦੀਆਂ ਅਬ ਉਸ ਕੇ ਨਾਮ ਕੇ ਮੰਦਰ (ਗੁਰਦੁਆਰਾ ਨਹੀਂ) ਮੇਂ ਜਾਇਦਾਦ ਵ ਆਮਦਨਾਓਂ ਕੇ ਅਖ਼ਤਿਆਰ ਕਾ ਝਗੜਾ ਹੋ ਰਹਾ ਹੈ।’’ (ਪੰਜਾਬ ਦਰਪਣ, 23 ਨਵੰਬਰ 1921)। ਹੋਰ ਤਾਂ ਹੋਰ ਗਾਂਧੀ ਨੇ ਵੀ ਅਜਿਹਾ ਬਿਆਨ ਦਿੱਤਾ, ਜਿਸ ਵਿੱਚੋਂ ਸਾਫ਼ ਲਗਦਾ ਸੀ ਕਿ ਗਾਂਧੀ ਇਹ ਨਹੀਂ ਸੀ ਮੰਨਦਾ ਕਿ ਮਹੰਤ ਨੇ ਸਿੱਖਾਂ ਦਾ ਬੇਵਜਹ ਕਤਲੇਆਮ ਕੀਤਾ ਸੀ (ਪੰਜਾਬ ਦਰਪਣ, 9 ਮਾਰਚ 1921)। ਗਾਂਧੀ ਮੁਤਾਬਿਕ ਸਿੱਖ ਬਿਨਾਂ ਮੁਕਾਬਲਾ ਨਹੀਂ ਮਾਰੇ ਗਏ ਹੋਣੇ:
  “ਅਜਿਹੇ ਟੋਲੇ ਦੇ 50 ਜਾਂ 100 ਬੰਦੇ ਗੁਰਦੁਆਰੇ ਦਾ ਕਬਜ਼ਾ ਲੈਣ ਜਾਂਦੇ ਹਨ, ਉਹ ਤਸ਼ੱਦਦ ਸਹਾਰਦੇ ਹਨ ਪਰ ਆਪ (ਤਸ਼ੱਦਦ) ਨਹੀਂ ਕਰਦੇ। ਫਿਰ ਵੀ ਜੇ ਪੰਜਾਹ ਜਾਂ ਸੌ ਬੰਦਿਆਂ ਦੀ ਭੀੜ ਇਕ ਥਾਂ ਜਾਂਦੀ ਹੈ ਤਾਂ ਗੁਰਦੁਆਰੇ ਦਾ ਰਖਵਾਲਾ ਇਸ ਤੋਂ ਡਰਿਆ ਤਾਂ ਮਹਿਸੂਸ ਕਰਦਾ ਹੋਵੇਗਾ।” ਉਸ ਨੇ ਇਹ ਵੀ ਕਿਹਾ ਕਿ ਗੁਰਦੁਆਰਿਆਂ ’ਤੇ ਕਬਜ਼ੇ ਕਰਨ ਵਾਸਤੇ ਜਥੇ ਲਿਜਾਣ ਦੀ ਥਾਂ ’ਤੇ ਸਾਲਸੀ ਬੋਰਡ ਨਾਲ ਹੱਲ ਕਰੋ ਜਾਂ ਸਵਰਾਜ ਤਕ ਇਸ ਮਸਲਾ ਮੁਲਤਵੀ ਕਰ ਦਿਓ। (ਗਾਂਧੀ, ਕੁਲੈਕਟਡ ਵਰਕਸ, ਜਿਲਦ 19, ਸਫ਼ਾ 401)। ਗਾਂਧੀ ਨੇ ਤਾਂ ਵਾਪਿਸ ਜਾ ਕੇ ਆਪਣੇ ਪਰਚੇ ਨਵਜੀਵਨ ਦੇ 13 ਮਾਰਚ 1921 ਦੇ ਪਰਚੇ ਵਿਚ ਇਹ ਵੀ ਲਿਖਿਆ “ਮੈਂ ਅਜ ਤਕ ਉਨ੍ਹਾਂ (ਸਿੱਖਾਂ) ਨੂੰ ਹਿੰਦੂਆਂ ਦਾ ਫ਼ਿਰਕਾ ਸਮਝਦਾ ਰਿਹਾ ਸੀ। ਪਰ ਉਨ੍ਹਾਂ ਦੇ ਆਗੂ ਸਮਝਦੇ ਹਨ ਕਿ ਉਹ ਇਕ ਅਲਗ ਧਰਮ ਹਨ।”
  ਧਰਮ ਪ੍ਰਤੀਨਿਧੀ ਸਭਾ ਪੰਜਾਬ (ਲਾਹੌਰ) ਨੇ ਵੀ ਨਾਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਨੂੰ ਗੁਰਦੁਆਰੇ ਵਿਚ ਹਿੰਦੂ ਤਸਵੀਰਾਂ ਅਤੇ ਬੁਤਾਂ ਬਾਰੇ ਖ਼ਤ ਲਿਖ ਕੇ ਅਜਿਹਾ ਕੁਝ ਹੀ ਆਖਿਆ। (ਵੇਖੋ ਇਸ ਚਿੱਠੀ ਦੀ ਫ਼ੋਟੋ ਕਿਤਾਬ ‘ਸਿੱਖ ਤਵਾਰੀਖ਼’ ਵਿਚ)।
ਗਾਂਧੀ ਵੱਲੋਂ ਸਿੱਖਾਂ ਨੂੰ ਨਾਮਿਲਵਰਤਣ ਵੱਲ ਟੋਰਨਾ
ਗਾਂਧੀ ਨੇ ਨਾਨਕਾਣਾ ਸਾਹਿਬ ਦੇ ਮਾਮਲੇ ਵਿਚ ਵੀ ਸਿੱਖਾਂ ਨੂੰ ਗਲਤ ਪਾਸੇ ਵੱਲ ਟੋਰਿਆ। ਉਸ ਨੇ ਨਾਨਕਾਣਾ ਸਾਹਿਬ ਸਾਕੇ ਸਬੰਧੀ ਪੜਤਾਲ ਕਰਨ ਵਾਲੀ ਕਮੇਟੀ ਵਿਚ ਸ਼ਾਮਿਲ ਹੋਣ ਵਾਸਤੇ ਸ਼ਰਤ ਰੱਖੀ ਕਿ ਅਕਾਲੀ ਦਲ ਸਰਕਾਰ ਨਾਲ ਨਾਮਿਲਵਰਤਣ ਕਰੇ (ਵੇਖੋ: ਗਾਂਧੀ ਦੀ ਚਿੱਠੀ ਦੀ ਫ਼ੋਟੋ, ਕਿਤਾਬ ‘ਸਿੱਖ ਤਵਾਰੀਖ਼’ ਵਿਚ)। (ਹੋਰ ਵੇਖੋ: ਪੰਜਾਬ ਦਰਪਣ, 16 ਮਾਰਚ 1921)। ਇਸ ’ਤੇ ਅਕਾਲੀਆਂ ਨੇ 6 ਮਾਰਚ 1921 ਦੇ ਦਿਨ ਸਰਕਾਰ ਨਾਲ ਸ਼ਹੀਦਾਂ ਦੇ ਮੁਕੱਦਮੇ ਬਾਰੇ ਨਾ-ਮਿਲਵਰਤਣ ਕਰਨ ਦਾ ਐਲਾਨ ਕਰ ਦਿੱਤਾ। ਇਸ ਦੀ ਮੁਖ਼ਾਲਫ਼ਤ ਕਰਤਾਰ ਸਿੰਘ ਝੱਬਰ, ਹਰਬੰਸ ਸਿੰਘ ਅਟਾਰੀ ਤੇ ਪ੍ਰੋ: ਜੋਧ ਸਿੰਘ ਨੇ ਕੀਤੀ। ਨਾਮਿਲਵਰਤਣ ਦਾ ਮਤਾ ਪਾਸ ਹੋਣ ਮਗਰੋਂ ਇਹ ਆਗੂ ਅਸਤੀਫ਼ਾ ਦੇ ਗਏ। (ਅਕਾਲੀ ਮੋਰਚੇ ਤੇ ਝੱਬਰ, ਸਫ਼ਾ 133)। ਦੂਜੇ ਲਫ਼ਜ਼ਾਂ ਵਿਚ ਸਿੱਖ ਆਗੂਆਂ ਵਿਚ ਪਹਿਲੀ ਫ਼ੁੱਟ ਗਾਂਧੀ ਦੀ ਹੀ ਦੇਣ ਸੀ।
   ਅਕਾਲੀਆਂ ਵੱਲੋਂ ਨਾਮਿਲਵਰਤਣ ਕਰਨ ਦਾ ਮਤਾ 8 ਮਾਰਚ 1921 ਦੀ ਸ਼ਾਮ ਨੂੰ ਗਾਂਧੀ ਨੂੰ ਲੁਧਿਆਣਾ ਵਿਚ ਮਿਲ ਗਿਆ ਤੇ ਅਗਲੀ ਸਵੇਰ ਨੂੰ ਉਸ ਦੇ ਸਕੱਤਰ ਨੇ ਇਸ ਦਾ ਜਵਾਬ ਵੀ ਦੇ ਦਿੱਤਾ (ਵੇਖੋ: ਚਿੱਠੀ ਦੀ ਫ਼ੋਟੋ ਕਿਤਾਬ ‘ਸਿੱਖ ਤਵਾਰੀਖ਼’ ਵਿਚ)। ਉਂਞ ਗਾਂਧੀ ਜਾਂ ਕਾਂਗਰਸ ਨੇ ਨਾਨਕਾਣਾ ਸਾਹਿਬ ਦੇ ਸਾਕੇ ਬਾਰੇ ਜ਼ਰਾ ਵੀ ਰੋਲ ਅਦਾ ਨਹੀਂ ਕੀਤਾ।
  ਬਹੁਤ ਸਾਰੇ ਸਿੱਖ ਆਗੂਆਂ ਨੇ ਨਾਮਿਲਵਰਤਣ ਦੇ ਮਤੇ ਦੀ ਮੁਖ਼ਾਲਫ਼ਤ ਕੀਤੀ। 'ਨਾਯਕ' ਅਖ਼ਬਾਰ ਨੇ 15 ਮਾਰਚ ਨੂੰ ਇਸ ਦੇ ਨਤੀਜਿਆਂ ਬਾਰੇ ਖ਼ਬਰਦਾਰ ਵੀ ਕੀਤਾ ਸੀ- (ਵੇਖੋ: ਉਸ ਅਖ਼ਬਾਰ ਦੀ ਰਿਪੋਰਟਿੰਗ, ਕਿਤਾਬ ‘ਸਿੱਖ ਤਵਾਰੀਖ਼’ ਵਿਚ)। ਪਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਧੜੇ ਨੇ ਉਨ੍ਹਾਂ ਦੀ ਪਰਵਾਹ ਨਾ ਕੀਤੀ (ਜਿਸ ਦਾ ਖ਼ਮਿਆਜ਼ਾ ਬਾਅਦ ਵਿਚ ਭੁਗਤਣਾ ਪਿਆ)।
  8 ਮਾਰਚ 1921 ਦੇ ਵਿਚ ਗਵਰਨਰ ਪੰਜਾਬ ਨੇ ਸਿੱਖ ਆਗੂਆਂ ਦੀ ਇਕ ਮੀਟਿੰਗ ਲਾਹੌਰ ਵਿਚ ਸੱਦੀ ਅਤੇ ਨਾਮਿਲਵਰਤਣ ਦਾ ਮਤਾ ਵਾਪਿਸ ਲੈਣ ਵਾਸਤੇ ਆਖਿਆ। ਪਰ ਜਦੋਂ ਅਕਾਲੀ ਆਗੂਆਂ ਨੇ ਨਾਂਹ ਕਰ ਦਿਤੀ ਤਾਂ ਸਰਕਾਰ ਨੇ ਇਕ ਐਲਾਨ ਜਾਰੀ ਕਰ ਦਿਤਾ ਕਿ ‘‘ਕੋਈ ਜੱਥਾ ਕਿਸੇ ਗੁਰਦੁਆਰੇ ’ਤੇ ਕਬਜ਼ਾ ਨਾ ਕਰੇ। ਕੋਈ ਵੀ ਸ਼ਖ਼ਸ 8 ਇੰਚ ਤੋਂ ਵੱਡੀ ਕਿਰਪਾਨ ਜਾਂ ਟਕੂਆ ਨਹੀਂ ਰਖ ਸਕਦਾ।’’ ਹਾਲਾਂ ਕਿ ਜ: ਝੱਬਰ ਨਾ-ਮਿਲਵਰਤਣ ਦੇ ਮਤੇ ਦੇ ਖ਼ਿਲਾਫ਼ ਸੀ ਪਰ ਉਹ ਵੀ ਇਨ੍ਹਾਂ ਪਾਬੰਦੀਆਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀ। ਝੱਬਰ, ਭੁੱਚਰ, ਤਾਰਾ ਸਿੰਘ ਠੇਠਰ, ਲੱਖਾ ਸਿੰਘ ਅਤੇ ਹੋਰ ਖਾੜਕੂ ਸਿੰਘਾਂ ਨੇ ਸਰਕਾਰ ਦੇ ਇਸ ਐਲਾਨ ਦੀ ਪਰਵਾਹ ਨਾ ਕੀਤੀ।
ਨਾਨਕਾਣਾ ਵਿਚ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਤੇ ਭਾਰੀ ਸਜ਼ਾਵਾਂ
11 ਮਾਰਚ ਨੂੰ ਪੁਲੀਸ ਦੀ ਇਕ ਵੱਡੀ ਧਾੜ ਨੇ ਨਾਨਕਾਣਾ ਸਾਹਿਬ ਦੇ ਗੁਰਦੁਆਰਿਆਂ ਨੂੰ ਘੇਰਾ ਪਾ ਲਿਆ। ਉੱਥੇ ਝੱਬਰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ (ਅਤੇ ਉਸ ’ਤੇ ਚੋਰੀ-ਡਾਕੇ ਦੇ ਝੂਠੇ ਕੇਸ ਪਾ ਕੇ ਉਸ ਨੂੰ 7 ਸਾਲ, ਇਕ ਹੋਰ ਕੇਸ ਵਿਚ 8 ਸਾਲ, ਕੁਲ 18 ਸਾਲ, ਵਾਸਤੇ ਕੈਦ ਕਰ ਦਿੱਤਾ ਗਿਆ)। 12 ਮਾਰਚ ਨੂੰ ਮੂਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ (ਤੇ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ)। ਇੰਞ ਹੀ ਲੱਖਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ’ਤੇ ਝੂਠੇ ਕੇਸ ਪਾ ਕੇ ਕੈਦ ਦੀ ਸਜ਼ਾ ਦਿੱਤੀ ਗਈ। ਹੋਰ ਕੇਸਾਂ ਵਿਚ ਤਾਰਾ ਸਿੰਘ ਠੇਠਰ ਤੇ ਤੇਜਾ ਸਿੰਘ ਭੁੱਚਰ ਨੂੰ ਵੀ ਕੈਦ ਕੀਤਾ ਗਿਆ ਤੇ ਤਰਤੀਬਵਾਰ 11 ਸਾਲ ਤੇ 9 ਸਾਲ ਕੈਦ ਦੀ ਸਜ਼ਾ ਦਿੱਤੀ ਗਈ)। (ਅਕਾਲੀ ਮੋਰਚੇ ਤੇ ਝੱਬਰ, ਸਫ਼ਾ 138)
  15 ਮਾਰਚ ਦੇ ਦਿਨ ਲਾਹੌਰ ਦਾ ਕਮਿਸ਼ਨਰ ਇਕ ਵੱਡੀ ਫ਼ੌਜ ਨਾਲ ਨਾਨਕਾਣਾ ਸਾਹਿਬ ਪੁੱਜ ਗਿਆ ਅਤੇ ਬਹੁਤ ਸਾਰੇ ਅਕਾਲੀ ਗ੍ਰਿਫ਼ਤਾਰ ਕਰ ਲਏ। ਉਨ੍ਹਾਂ ’ਤੇ ਵੱਖ-ਵੱਖ ਤਰ੍ਹਾਂ ਦੇ ਕੇਸ ਪਾ ਕੇ ਕੈਦ ਕਰ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਹੋਰ ਸਿੱਖ ਇਹ ਸਨ: ਉੱਤਮ ਸਿੰਘ ਨਾਨਕਾਣਾ, ਰਲਾ ਸਿੰਘ ਜੰਡਾਲੀ, ਹੀਰਾ ਸਿੰਘ ਝਰੜ, ਨਿਰਮਲ ਸਿੰਘ ਰੂਪਾਲੋਂ, ਰਾਮ ਸਿੰਘ ਸੁੱਚਲ, ਨਿਧਾਨ ਸਿੰਘ ਠੀਕਰੀਵਾਲਾ, ਨਰੈਣ ਸਿੰਘ, ਕਿਹਰ ਸਿੰਘ, ਕਾਹਨ ਸਿੰਘ ਠੀਕਰੀਵਾਲਾ, ਸੰਤੋਖ ਸਿੰਘ ਲਸ਼ਕਰੀ, ਚੰਚਲ ਸਿੰਘ ਉਦੋਕੇ, ਲਾਲ ਸਿੰਘ ਘੁਕਵਾਲੀ, ਮੋਤਾ ਸਿੰਘ ਪੰਡੋਰੀ, ਪੂਰਨ ਸਿੰਘ ਪੰਡੋਰੀ, ਕਿਸ਼ਨ ਸਿੰਘ ਜਗਦੇਓ, ਅੱਛਰਾ ਸਿੰਘ ਬੁਟਰ, ਵਰਿਆਮ ਸਿੰਘ ਮਾਕੋਵਾਲ, ਕਰਤਾਰ ਸਿੰਘ ਮਾਨ, ਊਧਮ ਸਿੰਘ ਮੱਤੇ ਨੰਗਲ, ਸੁਰੈਣ ਸਿੰਘ ਪ੍ਰੇਮਗੜ੍ਹ (ਨਾਯਕ ਅੰਮ੍ਰਿਤਸਰ 22 ਮਾਰਚ 1921)
  (ਮਗਰੋਂ ਸਤੰਬਰ ਵਿਚ ਸਰਕਾਰ ਨੇ ਮਾਹੌਲ ਸੁਖਾਵਾਂ ਹੋਣ ਅਤੇ ਪਹਿਲਾ ਗੁਰਦੁਆਰਾ ਬਿਲ ਦੇ ਤਿਆਰ ਹੋਣ ਦੇ ਬਹਾਨੇ ’ਤੇ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਅਤੇ ਬਹੁਤ ਸਾਰੇ ਹੋਰ ਸਿੱਖ ਆਗੂ ਤੇ ਵਰਕਰ ਰਿਹਾ ਕਰ ਦਿੱਤੇ)।
  ਸਰਕਾਰ ਨਾਲ ਨਾਮਿਲਵਰਤਣ ਕਰਨ ਦਾ ਮਤਾ ਪਾਸ ਕਰਵਾਉਣ ਵਾਸਤੇ ਸਿੱਖਾਂ ਨੂੰ ਉਕਸਾਉਣ ਵਿਚ ਗਾਂਧੀ ਸਭ ਤੋਂ ਵਧ ਅੱਗੇ ਸੀ। ਪਰ ਇਸ ਗ਼ਲਤ ਕਦਮ ਦਾ ਖ਼ਾਮਿਆਜ਼ਾ ਸਿੱਖਾਂ ਨੂੰ ਬੜਾ ਭੁਗਤਣਾ ਪਿਆ। ਇਸ ਦਿਨ ਤੋਂ 1947 ਤਕ ਅੰਗਰੇਜ਼ਾਂ ਨੇ ਸਿੱਖਾਂ ਨਾਲ ਹਮੇਸ਼ਾ ਜ਼ਿਆਦਤੀ ਕੀਤੀ। ਦੂਜੇ ਪਾਸੇ ਮੁਸਲਮਾਨਾਂ ਨੇ ਅੰਗਰੇਜ਼ੀ ਸਰਕਾਰ ਨਾਲ ਮਿਲਵਰਤਣ ਕਰੀ ਰਖਿਆ ਅਤੇ ਹਰ ਮੌਕੇ 'ਤੇ ਮਦਦ ਹਾਸਿਲ ਕੀਤੀ।
                  (ਸਮਾਪਤ)


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.