ਕੈਟੇਗਰੀ

ਤੁਹਾਡੀ ਰਾਇ



ਅਨਭੋਲ ਸਿੰਘ
ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਨਾਮੇ
ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਨਾਮੇ
Page Visitors: 2883

                                                  ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਨਾਮੇ
ਅਨਭੋਲ ਸਿੰਘ ਮੁੱਖ ਸੰਪਾਦਕ    ਸੱਚ ਕੀ ਬੇਲਾ ਮੋਬ: 9876204624
ਜਿਥੇ ਸ੍ਰੀ ਦਰਬਾਰ ਸਾਹਿਬ ਪੂਰੀ ਮਨੁੱਖਤਾ ਦਾ ਸਰਬ ਸਾਂਝਾ ਧਾਰਮਿਕ ਸਥਾਨ ਹੈ ਉਥੇ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਮੀਰੀ ਪੀਰੀ ਦਾ ਪ੍ਰਤੀਕ ਕੇਂਦਰੀ ਸਥਾਨ ਹੈ। ਜਿਥੇ ਪੂਰੀ ਦੀ ਪੂਰੀ ਸਿੱਖ ਸੰਗਤ ਮਿਲ ਬੈਠ ਕੇ ਅਪਣੇ ਧਾਰਮਿਕ ਅਤੇ ਰਾਜਸੀ ਮਸਲੇ ਹੱਲ ਕਰਦੀ ਹੈ। ਕੌਮ ਦੇ ਹਿਤਾਂ ਨੂੰ ਮੁੱਖ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਕੀਤਾ ਜਾਂਦਾ ਹੈ, ਹਰ ਇਕ ਸਿੱਖ ਉਸ ਫੈਸਲੇ ਨੂੰ ਸਿਰ ਮੱਥੇ ਮੰਨਦਾ ਹੈ ਤੇ ਮੰਨਣਾ ਵੀ ਚਾਹੀਦਾ ਹੈ। ਹਰ ਇਕ ਸਿੱਖ ਦੀ  ਵਫਾਦਾਰੀ ਅਤੇ ਸਮਰਪਣ ਸ੍ਰੀ ਅਕਾਲ ਤਖਤ ਸਹਿਬ ਨੂੰ ਹੈ। ਪਰ ਜੇਕਰ ਉਥੇ ਦੇ ਪ੍ਰਬੰਧਕ ਇਹ ਸੋਚਣ ਕਿ ਇਹ ਵਫਾਦਾਰੀ ਜਾਂ ਸਮਰਪਣ ਉਹਨਾਂ ਪ੍ਰਤੀ ਹੈ ਤਾਂ ਇਹ ਉਥੇ ਦੇ ਪ੍ਰਬਧੰਕਾਂ ਦਾ ਸੋਚਣਾ ਗਲਤ ਹੋਵੇਗਾ। 
ਕਿਉਂਕਿ ਅਸਲ ਵਿਚ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧਕ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦਾ ਪ੍ਰਚਾਰਕ ਹੈ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਘਾੜਾ ਜਾਂ ਉਹਨਾਂ ਨੂੰ ਆਪਣੀ ਮਰਜੀ ਮੁਤਾਬਕ ਚਲਾਉਣ ਵਾਲਾ। ਜੇਕਰ ਕੋਈ ਵਿਅਕਤੀ ਪਾਵਰ ਵਿਚ ਹੁੰਦਿਆਂ ਅਜਿਹੀ ਗਲਤੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜਿਥੇ ਅਜਿਹੇ ਵਿਆਕਤੀ ਦੇ ਖਿਲਾਫ ਸੰਗਤ ਵੱਲੋਂ ਬੇ-ਵਿਸ਼ਵਾਸ਼ੀ ਦੀਆਂ ਅਵਾਜਾਂ ਉਠਣਗੀਆਂ ਉਥੇ ਇਤਹਾਸ ਅਜਿਹੇ ਆਗੂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨਾਲ ਖਿਲਵਾੜ ਕਰਨ ਵਾਲਾ ਲਿਖਣ ਤੋ ਹਿਚਖਿਚਾਵੇਗਾ ਨਹੀਂ।
ਅੱਜ ਸਿੱਖ ਸੰਗਤ ਵਿਚ ਇਕ ਆਮ ਇਹ ਖਿਆਲ ਘਰ ਕਰਦਾ ਜਾ ਰਿਹਾ ਹੈ ਕਿ ਕੌਮ ਵਿਚਲੇ ਕਈ ਬੰਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਰਹੇ ਹਨ। ਸਾਡਾ ਮੰਨਣਾ ਹੈ ਕਿ ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਤੋਂ ਮੁਨਕਰ ਅਤੇ ਸਿਧਾਂਤ ਤੋ ਬੇ-ਮੁੱਖ ਨਹੀਂ ਹੋ ਸਕਦਾ। ਜੇਕਰ ਕੋਈ ਸਵਾਰਥ ਵੱਸ ਅਜਿਹਾ ਕਰਨ ਦੀ ਜੁਅਰਤ ਕਰਦਾ ਹੈ ਤਾਂ ਉਸ ਨੂੰ ਸਿੱਖ ਕਹਿਣਾ ਅਪਣੇ ਆਪ ਵਿਚ ਸਿੱਖ ਸ਼ਬਦ ਦੀ ਤੌਹੀਣ ਹੋਵੇਗੀ। ਇਸ ਲਈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇਕਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕੰਮ-ਕਾਜ ਕਰਨ ਦੇ ਤਰੀਕੇ ਸਬੰਧੀ ਅਵਾਜਾਂ ਉਠ ਰਹੀਆਂ ਹਨ ਜੋ ਕੇ ਲਗਾਤਾਰ ਉਚੀਆਂ ਵੀ ਹੋ ਰਹੀਆਂ ਨੇ ਤਾਂ ਇਹਨਾਂ ਅਵਾਜਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧਕਾਂ ਦੀਆਂ ਪ੍ਰਬੰਧਕੀ ਤਰੁਟੀਆਂ ਦੇ ਸਬੰਧੀ ਵਿਦਰੋਹ ਦੇ ਰੂਪ ਵਿਚ ਹੀ ਲੈਣਾ ਚਾਹੀਦਾ ਹੈ ਨਾ ਕਿ  ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਭਗੌੜੇ ਹੋਣ ਦੇ ਸਧੰਰਬ ਵਿਚ।
ਅਜਿਹੀ ਸਿੱਧੀ ਤੇ ਸਪਸ਼ਟ ਉਦਾਹਰਣ ਸਾਨੂੰ ਉਸ ਸਮੇਂ ਦੇਖਣ ਨੂੰ ਮਿਲੀ ਸੀ ਜਦੋ ਰਾਧਾ ਸੁਆਮੀ ਡੇਰਾ ਬਿਆਸ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲੈਕੇ ਸ਼ੁਰੂ ਹੋਏ ਵੀਵਾਦ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋ ਲਏ ਗਏ ਫੈਸਲੇ ਸਬੰਧੀ ਪੰਥਕ ਜਥੇਬੰਦੀਆਂ ਨੇ ਸ੍ਰੀ ਆਕਾਲ ਤਖਤ ਸਾਹਿਬ ਵਿਚ ਪੂਰਨ ਵਿਸਵਾਸ ਜਿਤਾਉਂਦਿਆਂ ਸ੍ਰੀ ਆਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ।
ਜਦੋਂ ਹੁਣ ਬਹੁਤ ਸਾਰੇ ਵੀਰ ਇਹ ਕਹਿ ਰਹੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਸਿਆਸੀ ਪ੍ਰਭਾਵ ਵਿਚ ਕੰਮ ਕਰ ਰਿਹਾ ਹੈ ਤਾਂ ਇਸ ਵੱਲ ਧਿਆਨ ਦੇਣ ਦੀ ਜਰੂਰਤ ਹੈ। ਇਸ ਤਰ੍ਹਾਂ ਦਾ ਪ੍ਰਭਾਵ ਪਿਛਲੇ ਦਿਨੀ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਚੋਣ ਜਿੱਤਣ ਲਈ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਨਾ ਕਰਨ ਵਾਲੇ ਸਰਨਾ ਗਰੁੱਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਭਗੌੜਾ ਕਰਾਰ ਦਿੱਤਾ ਜਾ ਰਿਹਾ ਸੀ ਤਾਂ ਉਸੇ ਹੀ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਦੁਹਾਈ ਦੇਣ ਵਾਲੀ ਇਸੇ ਕਮੇਟੀ ਵੱਲੋਂ ਇਸੇ ਹੀ ਨਾਨਕਸ਼ਾਹੀ ਕੈਲੰਡਰ ਦਾ ਇਸ਼ਤਿਹਾਰ ਦੇਣ ਦੇ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਨਾਮੇ ਦੀਆਂ ਧੱਜੀਆਂ ਉਡਾਕੇ ਜੋ ਗੁਲ ਖਲਾਰੇ ਗਏ ਉਸ ਨੂੰ ਦੇਖ ਕੇ ਇਕ ਵਾਰ ਤਾਂ ਸਭ ਹੈਰਾਨ ਹੀ ਰਹਿ ਗਏ।
ਉਸ ਸਮੇ ਹੋਰ ਵੀ ਹੈਰਾਨੀ ਬਣ ਗਈ ਜਦੋ ਇਕ ਪਾਸੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲ਼ਿਆ ਖਿਲਾਫ ਕਾਰਵਾਈ ਕਰਨ ਲਈ ਮੁੱਖ ਸੇਵਾਦਾਰ ਦੇ ਮੂੰਹ ਵੱਲ ਸੰਗਤ ਦੇਖ ਰਹੀ ਸੀ ਤੇ ਦੂਜੇ ਪਾਸੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੀ ਕਮੇਟੀ ਦੇ ਖਿਲਾਫ ਕੁੱਝ ਵੀ ਕਹਿਣ ਤੋਂ ਜਥੇਦਾਰ ਬੇ-ਵੱਸ ਅਸਮਰੱਥ ਦਿਖਾਈ ਦਿੰਦਾ ਸੀ ਤੇ ਹੁਣ ਜਦੋਂ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਲਿਖਤੀ ਸ਼ਿਕਾਇਤ ਪਹੁੰਚ ਚੁੱਕੀ ਹੈ ਤਾਂ ਜਾਂਚ ਕਮੇਟੀ ਬਣਾਉਣ ਦੇ ਪੁਰਾਣੇ ਬੋਲ ਹੈਰਾਨ ਕਰਨ ਵਾਲੇ ਹਨ ਕਿਉਂਕਿ ਸਭ ਨੂੰ ਹੀ ਇਸ ਗੱਲ ਦਾ ਪਤਾ ਹੈ ਕਿ ਇਸ ਕਮੇਟੀ ਰੂਪੀ ਬੰਦ ਗੋਭੀ ਦੇ ਫੁੱਲ ਵਿਚੋਂ ਨਾ ਅੱਜ ਤੱਕ ਕੁੱਝ ਨਿਕਲਿਆ ਹੈ ਤੇ ਨਾਹੀ ਅੱਗੇ ਕੁੱਝ ਨਿਕਲੇਗਾ।
   ਇਸੇ ਤਰ੍ਹਾਂ ਹੁਣ ਕਾਨ੍ਹਪੁਰ ਵਿਚ ਹੁਕਮਨਾਮਾ ਲਾਗੂ ਕਰਵਾਉਣ ਲਈ ਪੱਬਾਂ ਭਾਰ ਹੋਣ ਦੀ ਗੱਲ ਨੂੰ ਅਸੀਂ ਹੁਕਮਨਾਮਿਆਂ ਸਬੰਧੀ ਸੁਹਿਰਦਤਾ ਕਹੀਏ ਜਾਂ ਪਹਿਲਾਂ ਪੈਦਾ ਹੋ ਚੁੱਕੀ ਸਥਿਤੀ ਵਿਚੋਂ ਬਚ ਨਿਕਲਣ ਦਾ ਸ਼ੋਸ਼ਾ ਇਹ ਇਕ ਨਵੇਂ ਲੇਖ ਦੀ ਮੰਗ ਕਰਦਾ ਹੈ। ਜਾਂ ਅਖੀਰ ’ਤੇ ਹੁਣ ਅਸੀਂ ਇਹ ਕਹਿ ਲਈਏ ਕੇ ਪਿਛਲੇ ਕੁਝ ਸਮੇਂ ਵਿਚ ਧੜਾ ਧੜ ਜਾਰੀ ਹੋਏ ਹੁਕਮਨਾਮਿਆਂ ਨੇ ਜਥੇਦਾਰ ਦੀ ਸਥਿਤੀ ‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ’ ਵਾਲੀ ਬਣਾ ਦਿੱਤੀ ਹੈ, ਤਾਂ ਅਸੀਂ ਇਸ ਨਾਲ ਸਹਿਮਤ ਨਹੀਂ ਕਿਉਂਕਿ ਅਸੀਂ ਅੱਜ ਵੀ ਆਸ ਰੱਖਦੇ ਹਾਂ ਕਿ ਜੇਕਰ ਗੁਰੂ ਤੋਂ ਸੇਧ ਲੈਕੇ ਆਪਣੇ ਨਿਜੀ ਸਵਾਰਥਾਂ ਦੀ ਥਾਂ ਕੌਮੀ ਹਿਤਾਂ ਨੂੰ ਮੁੱਖ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਪ੍ਰਚਾਰਿਆਂ ਜਾਵੇ ਤਾਂ ਕੌਮ ਇਸ ਸਥਿਤੀ ਵਿਚੋਂ ਉਭਰ ਸਕਦੀ ਹੈ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.