ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
ਗੁਰਮਤਿ ਵਿਆਖਿਆ-ਭਾਗ-ਪੰਜਵਾਂ
ਗੁਰਮਤਿ ਵਿਆਖਿਆ-ਭਾਗ-ਪੰਜਵਾਂ
Page Visitors: 3175

                                     ੴਸਤਿ ਗੁਰ ਪ੍ਰਸਾਦਿ ॥
                                        ਗੁਰਬਾਣੀ ਦਰਸ਼ਨ
                                     (ਗੁਰਬਾਣੀ ਦਾ ਫਲਸਫਾ)
                                 ਗੁਰਮਤਿ ਵਿਆਖਿਆ-ਭਾਗ-ਪੰਜਵਾਂ

                             ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥

                             ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥

                             ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥8॥    (2)


                             ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥

                             ਸੁਣਿਐ ਦੀਪ ਲੋਅ ਪਾਤਾਲ ॥

     ਜਿਹੜਾ ਬੰਦਾ ਸ਼ਬਦ ਗੁਰੂ ਦੇ ਗਿਆਨ ਦੀ ਰੌਸ਼ਨੀ ਦੇ ਆਧਾਰ ਤੇ (ਸਤਸੰਗਤ ਵਿਚ ਜੁੜ ਕੇ) ਪਰਮਾਤਮਾ ਦੇ ਗੁਣਾਂ ਨੂੰ ਸੁਣਦਾ ਹੈ , ਉਨ੍ਹਾਂ ਦੀ ਵਿਚਾਰ ਕਰਦਾ ਹੈ , ਉਨ੍ਹਾਂ ਬਾਰੇ ਸੋਝੀ ਹਾਸਲ ਕਰਦਾ ਹੈ , ਉਹ ਸਮਝ ਜਾਂਦਾ ਹੈ ਕਿ ਦੁਨਿਆਵੀ ਖੇਡ ਵਿਚ ਸਿੱਧਾਂ , ਪੀਰਾਂ , ਦੇਵਤਿਆਂ ਅਤੇ ਨਾਥਾਂ ਦੀ ਕੀ ਥਾਂ ਹੈ ? ਉਹ ਜਾਣ ਜਾਂਦਾ ਹੈ ਕਿ ਧਰਤੀ ਨੂੰ ਸਿੰਗਾਂ ਤੇ ਚੁੱਕੀ ਖੜੇ ਧੌਲੇ (ਚਿੱਟੇ) ਬਲਦ ਦੀ ਅਤੇ ਆਕਾਸ਼ ਦੀ ਅਸਲੀਅਤ ਕੀ ਹੈ ?
    ਉਸ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਦੀਪਾਂ (ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੋਏ ਧਰਤੀ ਦੇ ਖੰਡਾਂ) ਲੋਆਂ (ਬ੍ਰਹਮੰਡ ਦੇ ਹਿਸਿਆਂ) ਅਤੇ ਪਾਤਾਲਾਂ ਨੂੰ ਆਸਰਾ ਦੇਣ ਵਾਲਾ , ਅਸਲ ਵਿਚ ਕੌਣ ਹੈ ?
    ਹੇ ਨਾਨਕ , ਗੁਰੂ ਦੇ ਉਪਦੇਸ਼ ਅਨੁਸਾਰ ਚਲ ਕੇ , ਪਰਮਾਤਮਾ ਦੀ ਭਗਤੀ ਕਰਨ ਵਾਲੇ , ਪਰਮਾਤਮਾ ਦੀ ਰਜ਼ਾ ਵਿਚ ਚੱਲਣ ਵਾਲੇ ਲੋਕਾਂ ਦੇ ਮਨ ਹਮੇਸ਼ਾ ਵਿਗਾਸ , ਖੇੜੇ ਵਿਚ ਰਹਿੰਦੇ ਹਨ । ਉਨ੍ਹਾਂ ਦੇ ਦੁੱਖ ਅਤੇ ਪਾਪ , ਸਭ ਖਤਮ ਹੋ ਜਾਂਦੇ ਹਨ ।
(ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ , ਪਰਮਾਤਮਾ ਦੀ ਭਗਤੀ ਵੀ ਕਰੀ ਜਾਵੋ ਅਤੇ ਪਾਪ ਵੀ ਕਰੀ ਜਾਵੋ , ਤੁਹਾਡੇ ਪਾਪ ਖਤਮ ਹੋ ਜਾਣਗੇ । ਪਾਪ ਤਦ ਹੀ ਖਤਮ ਹੁੰਦੇ ਹਨ , ਜਦ ਬੰਦਾ ਪਾਪਾਂ ਤੋਂ ਤੋਬਾ ਕਰ ਲੈਂਦਾ ਹੈ , ਮੁੜ ਪਾਪ ਨਹੀਂ ਕਰਦਾ)
      ਜਦ ਪਰਮਾਤਮਾ ਸਮਝ ਲੈਂਦਾ ਹੈ ਕਿ , ਇਹ ਠੀਕ ਰਾਹ ਤੇ ਚਲ ਪਿਆ ਹੈ , ਤਾਂ ਉਹ ਆਪਣੀ ਬਖਸ਼ਿਸ਼ ਕਰ ਕੇ , ਉਸ ਬੰਦੇ ਨੂੰ ਆਪਣੇ ਨਾਲ ਇਕ-ਮਿਕ ਕਰ ਕੇ , ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ , ਪਰਮਾਤਮਾ ਤੋਂ ਵਿਛੋੜਾ ਹੀ ਦੁੱਖਾਂ ਦਾ ਮੂਲ ਕਾਰਨ ਹੈ ,

                       ਦੁਖੁ ਤਦੇ ਜਾ ਵਿਸਰਿ ਜਾਵੈ । ਭੁਖ ਵਿਅਪੈ ਬਹੁ ਬਿਧਿ ਧਾਵੈ ॥

                       ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀਉ ॥1॥      (98)

     ਮਨੁੱਖ ਤੇ ਦੁੱਖ ਤਦ ਹੀ ਹਾਵੀ ਹੁੰਦਾ ਹੈ , ਜਦ ਉਸ ਨੂੰ ਪਰਮਾਤਮਾ ਦੀ ਰਜ਼ਾ ਭੁੱਲ ਜਾਂਦੀ ਹੈ , ਉਹ ਕਰਤਾਰ ਦੇ ਹੁਕਮ ਵਿਚ ਚੱਲਣ ਦੀ ਥਾਂ , ਆਪ-ਹੁਦਰਾ ਹੋ ਕੇ ਮਾਇਆ ਦੀ ਘੁੰਮਣ-ਘੇਰੀ ਵਿਚ ਫਸ ਜਾਂਦਾ ਹੈ । ਮਾਇਆ ਉਸ ਤੇ ਜ਼ੋਰ ਪਾ ਲੈਂਦੀ ਹੈ , ਉਹ ਮਾਇਆ ਦੀ ਪਰਾਪਤੀ ਲਈ , ਸਭ ਗਲਤ-ਸਹੀ ਢੰਗ ਵਰਤਣ ਲਗ ਪੈਂਦਾ ਹੈ , ਉਸ ਦਾ ਮਨ ਹਰ ਵੇਲੇ ਮਾਇਆ ਦੀ ਚਾਹ ਵਿਚ ਮਗਨ ਰਹਿੰਦਾ ਹੈ । (ਏਥੇ ਥੋੜ੍ਹਾ ਵਿਚਾਰ , ਮਾਇਆ ਬਾਰੇ ਵੀ ਕਰ ਲੈਣਾ ਬਣਦਾ ਹੈ । ਮਾਇਆ ਸਿਰਫ ਧਨ-ਦੌਲਤ ਹੀ ਨਹੀਂ ਹੈ , ਜੇ ਬੰਦਾ ਪ੍ਰਭੂ ਦੀ ਰਜ਼ਾ ਵਿਚ ਚਲਦਾ ਹੈ ਤਾਂ , ਸੰਸਾਰ ਦੇ ਸਾਰੇ ਕੰਮ-ਕਾਰ ਕਰਦਿਆਂ ,  ਧਨ-ਦੌਲਤ ਕਮਾਉਂਦਿਆਂ , ਉਸ ਆਸਰੇ ਸੁਖ ਮਾਣਦਿਆਂ ਵੀ ਉਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ । ਜਦ ਬੰਦਾ , ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਨਾ ਭੁੱਲ ਜਾਂਦਾ ਹੈ , ਉਹ ਸੰਸਾਰਕ ਚੀਜ਼ਾਂ ਦੀ ਲੋੜ ਦੀ ਹੱਦ ਭੁੱਲ ਜਾਂਦਾ ਹੈ , ਉਨ੍ਹਾਂ ਲੋੜਾਂ ਦੀ ਹੱਦੋਂ ਵੱਧ ਚਾਹ ਹੀ ਮਾਇਆ ਦਾ ਮੋਹ ਹੈ , ਭਾਵੇਂ ਉਹ , ਕਾਮ-ਕ੍ਰੋਧ-ਲੋਭ-ਮੋਹ-ਹੰਕਾਰ ਦੇ ਕਿਸੇ ਵੀ ਰੂਪ ਵਿਚ ਹੋਵੇ ।
     ਦੁਨੀਆ ਵਿਚ ਉਹੀ ਬੰਦਾ ਸਦਾ ਸੁਖੀ ਰਹਿੰਦਾ ਹੈ , ਜੋ ਪਰਮਾਤਮਾ ਦਾ ਨਾਮ ਸਿਮਰਦਾ ਹੈ । ਅਸੀਂ ਗੁਰਬਾਣੀ ਨਾਲੋਂ ਟੁੱਟਿਆਂ ਨੇ ਗੁਰਬਾਣੀ ਦੇ ਹਰ ਉਪਦੇਸ਼ ਨੂੰ ਸਮਝੇ ਬਗੈਰ , ਉਸ ਨੂੰ ਪਖੰਡ ਹੀ ਬਣਾ ਧਰਿਆ ਹੈ । ਸਿਮਰਨ ਲਫਜ਼ , ਸਮਰਣ ਤੋਂ ਬਣਿਆ ਹੈ , ਸਮਰਣ ਦਾ ਅਰਥ ਹੈ , ਯਾਦ ਕਰਨਾ , ਯਾਦ ਰੱਖਣਾ । ਜੇ ਅਸੀਂ ਪਰਮਾਤਮਾ ਨੂੰ ਆਪਣੇ ਮਨ ਵਿਚ ਯਾਦ ਰੱਖਾਂਗੇ , ਤਾਂ ਕੀ ਅਸੀਂ ਇਹੀ ਯਾਦ ਰੱਖਾਂਗੇ ਕਿ ਪਰਮਾਤਮਾ ਹੈ ? ਉਸ ਨਾਲ ਤਾਂ ਸਾਡਾ ਤਦ ਹੀ ਭਲਾ ਹੋਵੇਗਾ , ਜੇ ਅਸੀਂ ਗੁਰਬਾਣੀ ਦੀ ਸਿਖਿਆ ਅਨੁਸਾਰ , ਸਮਝਾਂ ਗੇ ਕਿ ਕਰਤਾਰ ਦਾ ਸਾਡੇ ਨਾਲ ਕੀ ਰਿਸ਼ਤਾ ਹੈ ? ਉਹ ਸਾਡੇ ਲਈ ਕੀ ਕਰਦਾ ਹੈ ? ਸਾਡੇ ਉਸ ਪ੍ਰਤੀ ਕੀ ਫਰਜ਼ ਹਨ ?  ਜਦੋਂ ਸਾਨੂੰ ਉਸ ਦੀਆਂ ਦਾਤਾਂ ਅਤੇ ਆਪਣੇ ਫਰਜ਼ਾਂ ਬਾਰੇ ਜਾਣਕਾਰੀ ਹੋ ਜਾਵੇਗੀ ਤਾਂ , ਸਾਨੂੰ ਇਹ ਵੀ ਸੋਝੀ ਹੋ ਜਾਵੇਗੀ ਕਿ , ਸਾਡਾ ਅਸਲ ਫਰਜ਼ , ਉਸ ਦੀ ਰਜ਼ਾ , ਉਸ ਦੇ ਹੁਕਮ ਵਿਚ ਚਲਣਾ ਹੀ ਹੈ ।
                             ਗੁਰੂ ਸਾਹਿਬ , ਸਿਮਰਣ ਬਾਰੇ ਸੇਧ ਦਿੰਦਿਆਂ ਸਮਝਾਉਂਦੇ ਹਨ ,

                          ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥

                          ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥1॥    (1078-79)

     ਉਸ ਗੁਣਾਂ ਦੇ ਭੰਡਾਰ , ਅਕਾਲ ਪੁਰਖ ਨੂੰ ਧਰਤੀ-ਆਕਾਸ਼ , ਚੰਦ-ਸੂਰਜ , ਹਵਾ-ਪਾਣੀ-ਅੱਗ ਅਤੇ ਉਸ ਦੀ ਪੈਦਾ ਕੀਤੀ  ਸ੍ਰਿਸ਼ਟੀ ਦੇ ਸਾਰ ਜੀਵ ਸਿਮਰ ਰਹੇ ਹਨ , ਉਸ ਦਾ ਸਿਮਰਨ ਕਰ ਰਹੇ ਹਨ । ਗੱਲ ਬੜੀ ਸਾਫ ਜਿਹੀ ਹੈ ਕਿ ਇਹ ਸਾਰੇ ਹੀ ਉਸ ਦੇ ਹੁਕਮ ਵਿਚ ਚੱਲ ਰਹੇ ਹਨ । ਅਸੀਂ ਇਸ ਸਰਲ ਜਿਹੇ ਸਿਮਰਨ ਨੂੰ ਏਨਾ ਉਲਝਾ ਦਿੱਤਾ ਹੈ ਕਿ , ਹਰ ਸੰਤ-ਮਹਾਂਪੁਰਸ਼-ਬ੍ਰਹਮਗਿਆਨੀ ਅਖਵਾਉਂਦਾ ਬੰਦਾ , ਸਿੱਖਾਂ ਨੂੰ , ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲੋਂ ਤੋੜ ਕੇ , ਆਪਣੇ ਚੇਲੇ ਬਣਾਉਨ ਲਈ , ਆਪਣੇ-ਆਪਣੇ ਢੰਗ ਨਾਲ ਸਿਮਰਨ ਕਰਾਉਂਦਾ ਨਜ਼ਰ ਆ ਰਿਹਾ ਹੈ । ਕੋਈ ਢੋਲਕੀਆਂ-ਚਿਮਟਿਆਂ ਨਾਲ ਅਪਣੇ ਚੇਲਿਆਂ ਨੂੰ ਵਾਹਿਗੁਰੂ-ਵਾਹਿਗੁਰੂ ਅਖਵਾਉਂਦਾ , ਵਾਹੋ-ਦਾਹੀ ਹਫਲਿਆ ਫਿਰਦਾ ਹੈ ।
ਕੋਈ ਕਮਰੇ ਵਿਚ ਹਨੇਰਾ ਕਰ ਕੇ , ਪੂਰੇ ਸਰੀਰ ਨੂੰ ਵੀ ਪੂਰੀ ਤਰ੍ਹਾਂ , ਲੋਈ ਆਦਿ ਨਾਲ ਢਕ ਕੇ (ਤਾਂ ਜੋ ਗੁਰਮਤਿ-ਗਿਆਨ ਦੀ ਰੌਸ਼ਨੀ , ਸਿੱਖ ਤਕ ਕਿਸੇ ਹਾਲਤ ਵਿਚ ਵੀ ਨਾ ਪਹੁੰਚ ਸਕੇ) ਆਪਣੀ ਰਿਕਾਰਡ ਕੀਤੀ ਕੈਸਿਟ ਦੇ ਨਾਲ-ਨਾਲ ਵਾਹਿਗੁਰੂ-ਵਾਹਿਗੁਰੂ ਅਖਵਾਉਂਦਾ ਪਿਆ ਹੈ । ਕੋਈ ਇਹੀ ਸਮਝਾਉਂਦਿਆਂ ਕਿ , ਸਾਹ ਅੰਦਰ ਲੈਂਦਿਆਂ , ਵਾਹ ਕਹਿਣਾ ਹੈ ਅਤੇ ਸਾਹ ਬਾਹਰ ਕੱਢਦਿਆਂ , ਗੁਰੂ ਕਹਿਣਾ ਹੈ , ਸਿਮਰਨ ਕਰਵਾ ਰਿਹਾ ਹੈ । ਇਸ ਕਿਰਿਆ ਵਿਚ ਤੇਜ਼ੀ-ਤੇਜ਼ੀ ਨਾਲ ਕਹਿੰਦਿਆਂ , ਸਿਰੇ ਤੇ ਪੁਜਦਿਆਂ , ਬੇਹਾਲ ਹੋਏ ਚੇਲਿਆਂ ਦੀਆਂ ਪੱਗਾਂ ਲਥਦੀਆਂ , ਵੀ. ਡੀ. ਉ. ਕੈਸਿਟ ਵਿਚ ਵੇਖੀਆਂ ਜਾ ਸਕਦੀਆਂ ਹਨ । ਜਦ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ , ਇਕ ਵਾਰੀ ਵੀ ਅਜਿਹੇ ਸਿਮਰਨ ਬਾਰੇ ਕੋਈ ਸੇਧ ਨਹੀਂ ਦਿੱਤੀ ਗਈ ।
    ਸੋਚਣ ਵਾਲੀ ਗੱਲ ਹੈ ਕਿ ਧਰਤੀ-ਆਕਾਸ਼ , ਚੰਦ-ਸੂਰਜ , ਹਵਾ-ਪਾਣੀ-ਅੱਗ ਅਤੇ ਹੋਰ ਸਾਰੀ ਸ੍ਰਿਸ਼ਟੀ ਦੇ ਜੀਵ , ਕਿਹੜੇ ਢੋਲਕੀਆਂ-ਚਿਮਟੇ ਖੜਕਾਉਂਦਿਆਂ , ਵਾਹਿਗੁਰੂ-ਵਾਹਿਗੁਰੂ ਰਟ ਰਹੇ ਹਨ  ??
    ਪਰ ਇਹ ਨਾਮ-ਸਿਮਰਨ ਦਾ ਅਸਲੀ ਢੰਗ ਵੀ ਉਸ ਨੂੰ ਹੀ ਆਉਂਦਾ ਹੈ , ਜਿਸ ਤੇ ਕਿਰਪਾ ਕਰ ਕੇ , ਦੀਨ-ਦਇਆਲ (ਰੱਬ) ਆਪ ਹੀ , ਉਸ ਨੂੰ ਸੋਝੀ ਦੀ ਬਖਸ਼ਿਸ਼ ਕਰ ਦੇਵੇ।

                                       ਸੁਣਿਐ ਪੋਹਿ ਨ ਸਕੈ ਕਾਲੁ ॥
     ਇਵੇਂ ਰੱਬ ਦੇ ਗੁਣਾਂ ਨੂੰ , ਗੁਰ ਸ਼ਬਦ ਦੇ ਗਿਆਨ ਦੀ ਰੌਸ਼ਨੀ ਵਿਚ ਸੁਣਨ , ਸਮਝਣ ਵਾਲੇ ਭਗਤਾਂ ਨੂੰ ਕਾਲ (ਸਮਾ) ਵਿਆਪ ਨਹੀਂ ਸਕਦਾ , ਉਨ੍ਹਾਂ ਤੇ ਅਸਰ ਨਹੀਂ ਪਾ ਸਕਦਾ । ਸਮਝਣ ਵਾਲੀ ਗੱਲ ਹੈ ਕਿ ਸਰੀਰ ਤੇ ਤਾਂ ਕਾਲ ਨੇ ਹਰ ਹਾਲਤ ਵਿਚ ਅਸਰ ਪਾਉਣਾ ਹੀ ਹੈ , ਭਾਵੇਂ ਉਹ ਸਰੀਰ ਕਿਸੇ ਚੋਰ-ਠੱਗ  ਜਾਂ ਨੀਚ ਬੰਦੇ ਦਾ ਹੋਵੇ । ਭਾਵੇਂ ਉਹ ਸਰੀਰ ਕਿਸੇ ਭਗਤ ਗੁਰਮੁਖਿ-ਗੁਰਸਿੱਖ ਦਾ ਹੋਵੇ ਜਾਂ ਕਿਸੇ ਆਖੇ ਜਾਂਦੇ ਸੰਤ-ਮਹਾਂਪੁਰਸ਼ , ਬ੍ਰਹਮਗਿਆਨੀ ਜਾਂ ਕਿਸੇ ਦੇਵੀ ਦੇਵਤੇ ਦਾ ਹੋਵੇ । ਫਿਰ ਇਹ ਕੇਹੜਾ ਕਾਲ ਹੈ , ਜਿਸ ਨੇ ਭਗਤਾਂ ਤੇ ਅਸਰ ਨਹੀਂ ਕਰਨਾ ?
     ਇਹ ਸਰੀਰ ਦੀ ਨਹੀਂ , ਆਤਮਾ ਦੀ ਗੱਲ ਹੋ ਰਹੀ ਹੈ , ਜੋਤ-ਸਰੂਪ ਮਨ ਦੀ ਗੱਲ ਹੋ ਰਹੀ ਹੈ । ਇਹ ਵੀ ਕਿਹਾ ਜਾ ਸਕਦਾ ਹੈ ਕਿ ਆਤਮਾ , ਜੋਤ ਸਰੂਪ ਮਨ ਤਾਂ ਅਮਰ ਹਨ ਹੀ , ਇਨ੍ਹਾਂ ਤੇ ਕਾਲ ਕਿਵੇਂ ਅਸਰ ਕਰ ਸਕਦਾ ਹੈ ? ਗੁਰੂ ਸਾਹਿਬ ਨੇ ਸਭ ਥਾਂ ਸਮੇ ਲਈ “ ਕਾਲ ”  ਲਫਜ਼ ਦੀ ਵਰਤੋਂ ਕੀਤੀ ਹੈ । ਗੁਰਮਤਿ ਅਨੁਸਾਰ ਕਿਸੇ ਵੀ ਸਮੇ ਨੂੰ ਚੰਗਾ ਜਾਂ ਬੁਰਾ ਨਹੀਂ ਕਿਹਾ ਜਾ ਸਕਦਾ । (ਸਮੇ ਦਾ ਚੰਗਾ ਅਤੇ ਮਾੜਾ ਹੋਣਾ , ਮਨ ਦੇ ਪਰਮਾਤਮਾ ਨਾਲ ਜੁੜੇ ਹੋਣ ਅਤੇ ਪਰਮਾਤਮਾ ਨਾਲੋਂ ਟੁੱਟੇ ਹੋਣ ਤੇ ਨਿਰਭਰ ਕਰਦਾ ਹੈ ) ਗੁਰੂ ਗ੍ਰੰਥ ਸਾਹਿਬ ਵਿਚ , ਜ਼ਿੰਦਗੀ ਦੇ ਉਸ ਸਮੇ ਨੂੰ ਚੰਗਾ  “ ਅੰਮ੍ਰਿਤ-ਵੇਲਾ ”  ਕਿਹਾ ਹੈ , ਜਦ ਬੰਦਾ ਸੰਸਾਰ ਦੇ ਇਕੋ ਇਕ ਅੰਮ੍ਰਿਤ , ਪਰਮਾਤਮਾ ਨਾਲ ਜੁੜਿਆ ਹੋਵੇ ।   (ਇਸ ਬਾਰੇ ਆਪਾਂ ਪਹਿਲਾਂ ਵਿਚਾਰ ਆਏ ਹਾਂ )     ਅਤੇ ਉਸ ਵੇਲੇ ਨੂੰ , ਜਿਸ ਵੇਲੇ ਬੰਦਾ , ਪਰਮਾਤਮਾ ਦੀ ਰਜ਼ਾ ਨਾਲੋਂ ਟੁਟ ਕੇ , ਮਾਇਆ ਨਾਲ ਜੁੜਿਆ , ਆਤਮਿਕ ਮੌਤ ਸਹੇੜ ਲੈਂਦਾ ਹੈ , ਉਸ ਸਮੇ ਨੂੰ ਮਹਾਂ ਕਾਲੁ (ਭਿਆਨਕ ਸਮਾ) ਕਿਹਾ ਹੈ ।

                 ਜਪਿ ਗੋਬਿੰਦੁ ਗੋਪਾਲ ਲਾਲੁ ॥
                 ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥1॥ਰਹਾਉ॥     (885-6)
 ਹੇ ਭਾਈ , ਗੋਬਿੰਦ ਦਾ ਨਾਮ ਜਪਿਆ ਕਰ , ਸੋਹਣੇ ਗੋਪਾਲ ਦਾ ਨਾਮ ਜਪਿਆ ਕਰ । ਹੇ ਭਾਈ , ਰਾਮ ਦਾ ਨਾਮ ਸਿਮਰਿਆ ਕਰ , ਤੈਨੂੰ ਉੱਚਾ ਆਤਮਕ ਜੀਵਨ ਮਿਲੇਗਾ । ਫਿਰ ਉਸ ਜੀਵਨ ਆਸਰੇ , ਤੇਰੀ ਜ਼ਿੰਦਗੀ ਵਿਚ , ਤੈਨੂੰ ਆਤਮਿਕ ਮੌਤ ਦੇਣ ਵਾਲਾ ਸਮਾ (ਮਹਾਕਾਲੁ) ਕਦੇ ਨਹੀਂ ਆਵਗਾ ।ਇਹ ਸਮਾ ਭਗਤਾਂ ਤੇ ਕਦੇ ਅਸਰ ਨਹੀਂ ਕਰਦਾ ।

                             ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥8॥
     ਹੇ ਨਾਨਕ , ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਜੁੜਨ ਵਾਲੇ ਭਗਤਾਂ ਦੇ ਮਨ ਹਮੇਸ਼ਾ ਵਿਗਾਸ ਵਿਚ , ਖਿੜਾਉ ਵਿਚ ਰਹਿੰਦੇ ਹਨ । ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੇ ਦੁੱਖਾਂ ਅਤੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ , ਅਤੇ ਉਨ੍ਹਾਂ ਦਾ ਪਰਮਾਤਮਾ ਨਾਲੋਂ ਵਿਛੋੜੇ ਦੇ ਸਮੇ ਨਾਲ (ਮਹਾ ਕਾਲੁ) ਨਾਲ ਕਦੇ ਵੀ ਵਾਹ ਨਹੀਂ ਪੈਂਦਾ ।

                             ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥

                             ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥

                             ਨਾਨਕ ਭਗਤਾ ਸਦਾ ਵਿਗਾਸੁ ॥ ਸਣਿਐ ਦੂਖ ਪਾਪ ਕਾ ਨਾਸੁ ॥9॥

     ਪਰਮਾਤਮਾ ਦੀ ਵਡਿਆਈ ਸੁਣਨ ਨਾਲ , ਉਸ ਦੀ ਰਜ਼ਾ ਵਿਚ ਚੱਲਣ ਨਾਲ , ਆਮ ਬੰਦਾ ਵੀ ਸ਼ਿਵ , ਬ੍ਰਹਮਾ ਅਤੇ ਇੰਦਰ ਸਮਾਨ ਹੀ ਸਮਰੱਥ ਹੋ ਜਾਂਦਾ ਹੈ । ਸੰਗਤ ਵਿਚ ਜੁੜ ਕੇ , ਪ੍ਰਭੂ ਦੀ ਸਿਫਤ-ਸਾਲਾਹ ਸੁਣਨ ਵਾਲਾ , ਮੰਦ ਕਰਮੀ ਮਨੁੱਖ ਵੀ ਆਪਣੇ ਮੂੰਹੋਂ ਵਾਹਿਗੁਰੂ ਦੀ ਸਿਫਤ-ਸਾਲਾਹ ਕਰਨ ਲਗ ਜਾਂਦਾ ਹੈ ।
 ਕਰਤਾਰ ਦੀ ਵਡਿਆਈ ਦੀ ਸਮਝ ਆਉਣ ਨਾਲ , ਆਮ ਬੰਦੇ ਨੂੰ ਵੀ ਸਰੀਰ ਵਿਚਲੇ , ਪਰਮਾਤਮਾ ਨਾਲ ਜੁੜਨ ਦੇ ਢੰਗਾਂ ਦੇ ਭੇਦ ਸਮਝ ਆ ਜਾਂਦੇ ਹਨ । ਸਮਝ ਆ ਜਾਂਦੀ ਹੈ ਕਿ ਪਰਮਾਤਮਾ ਨਾਲ ਜੁੜਨ ਵਿਚ , ਕਿਸ ਇੰਦਰੀ ਦਾ ਕੀ ਸਹਿਯੋਗ ਹੈ ?
 (ਜਿਵੇਂ ਗੁਰਬਾਣੀ ਵਿਚ ਵਰਤੇ ਲਫਜ਼  “ ਰਸਨਾ ” ਨੂੰ ਪਰਚਾਰਕ , ਆਮ ਹੀ ਜੀਭ ਦੀ ਵਿਆਖਿਆ ਦਿੰਦੇ ਹਨ , ਜਦ ਕਿ ਜੀਭ ਸਿਰਫ , ਖਾਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ ਹੈ । ਇਵੇਂ ਹੀ ਕੰਨ , ਰਾਗ-ਨਾਦ ਆਦਿ , ਸੁਣਨ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ ਹੈ । ਨੱਕ , ਸੁੰਘਣ ਵਾਲੀਆਂ ਚੀਜ਼ਾਂ , ਖੁਸ਼ਬੂ-ਬਦਬੂ ਆਦਿ ਦਾ ਰਸ ਲੈਣ ਵਾਲੀ ਰਸਨਾ ਹੈ । ਅੱਖਾਂ , ਸੁੰਦਰਤਾ-ਬਦਸੂਰਤੀ ਆਦਿ ਵੇਖਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ ਹੈ । ਤਵਚਾ (ਖੱਲ), ਸਪੱਰਸ਼ ਨਾਲ ਸਬੰਧਤ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ ਹੈ। ਏਸੇ ਤਰ੍ਹਾਂ ਆਤਮਕ ਰਸ , ਪਰਮਾਤਮਾ ਦੀ ਸਿਫਤ-ਸਾਲਾਹ ਆਦਿ ਦਾ ਰਸ ਮਾਨਣ ਵਾਲੀ ਰਸਨਾ ਜੀਭ ਨਹੀਂ  “ ਮਨ ” ਹੈ ।)
     ਜੇ ਸਹੀ ਢੰਗ ਨਾਲ ਮਨ ਲਗਾ ਕੇ ਸੁਣਿਆ ਜਾਵੇ , (ਦੂਸਰੇ ਦਾ ਕਿਹਾ ਵੀ ਸੁਣਿਆ ਜਾਂਦਾ ਹੈ , ਆਪਣਾ ਪੜ੍ਹਿਆ ਵੀ ਸੁਣਿਆ ਜਾਂਦਾ ਹੈ) ਤਾਂ ਹੀ ਧਾਰਮਿਕ ਪੁਸਤਕਾਂ ਵਿਚ ਦਿੱਤੀ ਸਿਖਿਆ ਦੀ ਸਮਝ ਆਉਂਦੀ ਹੈ , ਨਹੀਂ ਤਾਂ ਇਹ ਪੜ੍ਹਾਈ , ਤੋਤਾ ਰਟਣੀ ਤੋਂ ਵੱਧ ਕੁਝ ਵੀ ਨਹੀਂ ।
     ਹੇ ਨਾਨਕ , ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਜੁੜਨ ਵਾਲੇ ਭਗਤਾਂ ਦੇ ਮਨ ਹਮੇਸ਼ਾ ਵਿਗਾਸ ਵਿਚ , ਖਿੜਾਉ ਵਿਚ ਰਹਿੰਦੇ ਹਨ , ਕਿਉਂਕਿ ਇਸ ਢੰਗ ਨਾਲ , ਉਨ੍ਹਾਂ ਦੇ ਦੁੱਖਾਂ ਅਤੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ ।

                             ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥

                             ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨ ॥

                             ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥10॥
     ਕਰਤਾ-ਪੁਰਖ ਦੇ ਗੁਣਾਂ ਦੀ ਸੋਝੀ ਹੋਣ ਨਾਲ ਹੀ , ਉਸ ਵਲੋਂ , ਦੁਨੀਆਂ ਭਰ ਦੇ ਜੀਵਾਂ ਨੂੰ , ਬਿਨਾ ਮੰਗੇ ਹੀ ਸਭ ਕੁਝ ਦੇਣ ਦੇ ਗੁਣ ਤੇ ਆਧਾਰਿਤ , ਸੰਤੋਖ ਦਾ ਗਿਆਨ ਮਨ ਵਿਚ ਪ੍ਰਗਟ ਹੋ ਜਾਂਦਾ ਹੈ । ਇਸ ਤਰ੍ਹਾਂ ਹੀ ਪਰਮਾਤਮਾ ਦੇ ਗੁਣਾਂ ਬਾਰੇ ਵਿਚਾਰ ਕਰਨਾ ਹੀ , ਮਾਨੋ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲੈਣਾ ਹੈ ।      ਪਰਮਾਤਮਾ ਦੇ ਗੁਣਾਂ ਦੀ ਸੋਝੀ ਹੋ ਜਾਣ ਸਦਕਾ ਹੀ , ਬੰਦੇ ਨੂੰ ਪੜ੍ਹੀ ਵਿਦਿਆ ਦੀ ਸਮਝ ਆ ਜਾਂਦੀ ਹੈ , ਉਸ ਪੜ੍ਹੀ ਵਿਦਿਆ ਆਸਰੇ ਹੀ ਉਸ ਨੂੰ ਇਜ਼ਤ-ਮਾਣ ਮਿਲਦਾ ਹੈ । (ਉਸ ਵਿਦਿਆ ਨੂੰ ਗਿਣਤੀਆਂ-ਮਿਣਤੀਆਂ ਵਿਚ ਪੜ੍ਹਨ ਆਸਰੇ ਇਹ ਮਾਣ ਨਹੀਂ ਮਿਲਦਾ) ਇਸ ਤਰ੍ਹਾਂ ਬੰਦੇ ਨੂੰ ਪ੍ਰਭੂ ਦੇ ਗੁਣਾਂ ਦੀ ਸੋਝੀ ਹੋਣ ਸਦਕਾ , ਉਹ ਸਹਿਜ-ਸੁਭਾਅ ਹੀ ਪਰਮਾਤਮਾ ਦੇ ਧਿਆਨ ਵਿਚ ਜੁੜਿਆ ਰਹਿੰਦਾ ਹੈ ।
       ਹੇ ਨਾਨਕ , ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਜੁੜਨ ਵਾਲੇ ਭਗਤਾਂ ਦੇ ਮਨ ਹਮੇਸ਼ਾ ਵਿਗਾਸ ਵਿਚ , ਖਿੜਾਉ ਵਿਚ ਰਹਿੰਦੇ ਹਨ , ਕਿਉਂਕਿ ਇਸ ਢੰਗ ਨਾਲ , ਉਨ੍ਹਾਂ ਦੇ ਦੁੱਖਾਂ ਅਤੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ ।

                             ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਸਾਹ ॥

                             ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥

                             ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥11॥
     ਅਕਾਲ-ਪੁਰਖ ਦੇ ਗੁਣ ਸੁਣਨ ਨਾਲ , ਉਸ ਦੇ ਨਾਮ , ਉਸ ਦੇ ਹੁਕਮ ਦੀ ਸੋਝੀ ਹੋਣ ਨਾਲ , ਉਨ੍ਹਾਂ ਅਨੁਸਾਰ ਜੀਵਨ ਢਾਲਣ ਨਾਲ , ਮਨੁੱਖ ਬੇ-ਅੰਤ ਗੁਣਾਂ ਵਾਲੇ ਹੋ ਜਾਂਦੇ ਹਨ । ਪਰਮਾਤਮਾ ਦੇ ਗੁਣਾਂ ਦੀ ਸੋਝੀ ਹੋ ਜਾਣ ਸਦਕਾ ਹੀ ਮਨੁੱਖ ਸੇਖ (ਵਿਦਵਾਨ) ਹੋ ਜਾਂਦੇ ਹਨ । ਪੀਰ (ਧਾਰਮਿਕ ਰਹਬਰ) ਹੋ ਜਾਂਦੇ ਹਨ । ਪਾਤਸਾਹ , ਰਾਜ ਦੇ ਅਧਿਕਾਰੀ ਹੋ ਜਾਂਦੇ ਹਨ ।  ਏਸੇ ਤਰ੍ਹਾਂ , ਕਰਤਾਰ ਦਾ ਨਾਮ ਸੁਣਨ ਵਾਲੇ , ਉਸ ਦੀ ਰਜ਼ਾ ਨੂੰ ਜਾਨਣ ਵਾਲੇ , ਗਿਆਨ ਹੀਣ (ਅੰਨੇ) ਬੰਦੇ ਵੀ ਸਹੀ ਰਸਤਾ ਜਾਣ ਕੇ , ਗਿਆਨ-ਵਾਨ ਹੋ ਜਾਂਦੇ ਹਨ ।
ਅਕਾਲ-ਪਰਖ ਦੇ ਹੁਕਮ ਦੀ ਸੋਝੀ ਹੋਣ ਨਾਲ , ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ , ਦੁਨਿਆਵੀ ਖੇਡ ਦੀ ਸਮਝ ਆ ਜਾਂਦੀ ਹੈ ।
       ਹੇ ਨਾਨਕ , ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਜੁੜਨ ਵਾਲੇ ਭਗਤਾਂ ਦੇ ਮਨ ਹਮੇਸ਼ਾ ਵਿਗਾਸ ਵਿਚ , ਖਿੜਾਉ ਵਿਚ ਰਹਿੰਦੇ ਹਨ , ਕਿਉਂਕਿ ਇਸ ਢੰਗ ਨਾਲ , ਉਨ੍ਹਾਂ ਦੇ ਦੁੱਖਾਂ ਅਤੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ ।

                                             ਅਮਰ ਜੀਤ ਸਿੰਘ ਚੰਦੀ
                                           ਫੋਨ:- 91 95685 41414

                      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.