ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਅਕਾਲੀ ਦਲ ਦਾ ਅਕਾਲ ਚਲਾਣਾ
ਅਕਾਲੀ ਦਲ ਦਾ ਅਕਾਲ ਚਲਾਣਾ
Page Visitors: 2655

ਅਕਾਲੀ ਦਲ ਦਾ ਅਕਾਲ ਚਲਾਣਾ
 ਜਸਪਾਲ ਸਿੰਘ ਹੇਰਾਂ
ਸ਼੍ਰੋਮਣੀ ਅਕਾਲੀ ਦੇ ਸਥਾਪਨਾ ਦਿਵਸ ਮੌਕੇ ਅਸੀਂ "ਗੁੰਮ ਹੋ ਚੁੱਕੇ ਅਕਾਲੀ ਦਲ" ਨੂੰ ਲੱਭਿਆ, ਪ੍ਰੰਤੂ ਅਫ਼ਸੋਸ ਸਾਨੂੰ ਉਹ ਅਕਾਲੀ ਦਲ ਕਿਧਰੇ ਵੀ ਲੱਭਿਆ ਨਹੀਂ, ਇਸ ਲਈ ਸਾਨੂੰ ਅਕਾਲੀ ਦਲ ਦੇ ਅਕਾਲ ਚਲਾਣੇ ਦਾ ਅਹਿਸਾਸ ਵੀ ਹੋਇਆ, ਜਿਸ ਨਾਲ ਸਾਨੂੰ ਬੇਹੱਦ ਦੁੱਖ ਤੇ ਪੀੜ੍ਹਾ ਹੋਈ, ਉਸ ਦਾ ਬਿਆਨ ਸੰਭਵ ਨਹੀਂ। ਅਕਾਲੀ ਦਲ ਦੇ ਅਕਾਲ ਚਲਾਣੇ ਦਾ ਅਹਿਸਾਸ, ਸਾਨੂੰ ਉਸ ਸਿਦਕੀ, ਸਿਰੜੀ ਸਿੱਖ ਭਾਈ ਗੁਰਬਖ਼ਸ ਸਿੰਘ ਖਾਲਸਾ ਜਿਹੜਾ ਜੇਲ੍ਹਾਂ ‘ਚ ਬੰਦ ਸਿੱਖ ਨਜ਼ਰਬੰਦਾਂ ਦੀ ਰਿਹਾਈ ਨੂੰ ਲੈ ਕੇ, ਸਿਰ ਧੜ੍ਹ ਦੀ ਬਾਜ਼ੀ ਲਾ ਕੇ ਬੈਠਾ ਹੈ ਅਤੇ 25 ਦਿਨ ਦੀ ਭੁੱਖ ਤੋਂ ਬਾਅਦ, ਆਪਣੀ ਸਰੀਰਕ ਕੰਮਜ਼ੋਰੀ ਨੂੰ ਰੂਹਾਨੀ ਸ਼ਕਤੀ ਨਾਲ ਦੂਰ ਕਰਨ ਲਈ ਅੰਮ੍ਰਿਤ ਦੇ ਦਾਤੇ ਅੱਗੇ, ਖਾਲਸੇ ਦੀ ਜਨਮ ਭੂਮੀ ਤੇ ਨਤਮਸਤਕ ਹੋਣ ਆਉਂਦਾ ਹੈ।
ਜਦੋਂ ਕਿ ਦੂਜੇ ਪਾਸੇ ਜਿਸ ਅਕਾਲੀ ਦਲ ਨੂੰ ਅਸੀਂ ਲੱਭਦੇ ਸੀ, ਉਹ ਇਸ ਗੰਭੀਰ ਮੁੱਦੇ ਨੂੰ ਜਿਹੜਾ ਸਿੱਖ ਭਾਵਨਾਵਾਂ ਨਾਲ ਅਤੇ ਸਿੱਖੀ ਸਵੈਮਾਣ ਨਾਲ ਜੁੜਿਆ ਹੈ, ਸਾਡੇ ਅਧਿਕਾਰ ਖੇਤਰ ‘ਚ ਨਹੀਂ ਆਖ਼ ਕੇ, ਕਬੱਡੀ ‘ਚ ਮਸਤ ਹੈ ਅਤੇ ‘ਥੋੜੀ ਸੀ ਜੋ ਪੀ ਲੀ’ ਗਾਣੇ ਦੀ ਤਿਆਰੀ ਦੇਖ ਰਹੇ ਹਨ। ਇਸ ਲਈ ਹੀ ਸਾਨੂੰ ਅਹਿਸਾਸ ਹੋਇਆ ਕਿ ਅਸਲ ਅਕਾਲੀ ਦਲ ਦਾ ਤਾਂ ਅਕਾਲ ਚਲਾਣਾ ਹੋ ਗਿਆ ਹੈ, ਕਿਉਂਕਿ ਅਕਾਲੀ ਦਲ ਦੀ ਸਥਾਪਨਾ ਹੀ ਸਿੱਖੀ ਦੀ ਚੜ੍ਹਦੀ ਕਲਾ ਅਤੇ ਸਿੱਖ ਸਿਧਾਂਤਾਂ ਦੀ ਸੱਚੀ-ਸੁੱਚੀ ਪਹਿਰੇਦਾਰੀ ਲਈ ਹੋਈ ਸੀ। ਜਿਹੜਾ ਅਕਾਲੀ ਦਲ ਆਪਣੇ ‘ਲਾਡਲੇ ਪੁੱਤਰਾਂ’ ਦੀ ਸਾਰ ਲੈਣ ਲਈ ਤਿਆਰ ਨਹੀਂ, ਜਿਸ ਅਕਾਲੀ ਦਲ ਨੂੰ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਮਰਿਆਦਾ, ਸਿੱਖੀ ਸਵੈਮਾਣ, ਸਿੱਖ ਜਜ਼ਬਾਤਾਂ ਨਾਲ ਕਈ ਸਰੋਕਾਰ ਨਹੀਂ ਉਹ ਸੱਤਾ, ਦੌਲਤ ਤੇ ਮਨ ਪ੍ਰਚਾਵੇ ‘ਚ ਮਸਤ ਹੈ, ਉਹ ਅਕਾਲੀ ਦਲ ਕਦਾਚਿਤ ਨਹੀਂ ਹੋ ਸਕਦਾ।
ਅਕਾਲੀ ਦਲ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜੰਗ ਲੜੀ ਹੈ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ, ਜਿਹੜਾ ਇਸ ਦੇਸ਼ ਦੀਆਂ ਧੀਆਂ-ਭੈਣਾਂ ਨੂੰ ਜਬਰੀ ਚੁੱਕ ਕੇ ਲੈ ਜਾਂਦਾ ਸੀ, ਫ਼ਿਰ ਗਜ਼ਨੀ ‘ਚ ਟਕੇ-ਟਕੇ ‘ਚ ਵੇਚਦਾ ਸੀ, ਉਸ ਵਿਰੁੱਧ ਹੋਵੇ, ਚਾਹੇ ਅੰਗਰੇਜ਼ਾਂ ਵੱਲੋਂ ਹਿੰਦੁਸਤਾਨੀਆਂ ਨੂੰ ਗੁਲਾਮ ਬਣਾ ਕੇ ਇਸ ਦੇਸ਼ ਦੀ ਗੁਲਾਮੀ ਤੇ ਲੁੱਟ ਵਿਰੁੱਧ ਹੋਵੇ, ਚਾਹੇ ਇੰਦਰਾ ਗਾਂਧੀ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲਈ ਲਾਈ ਐਮਰਜੈਂਸੀ ਵਿਰੁੱਧ ਹੋਵੇ, ਅਕਾਲੀਆਂ ਨੇ ਉਸ ਵਿਰੁੱਧ ਡੱਟ ਕੇ, ਬੇਖ਼ੌਫ ਹੋ ਕੇ ਹਿੱਕਾਂ ਡਾਹ ਕੇ ਲੜ੍ਹਾਈਆਂ ਲੜ੍ਹੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ। ਪ੍ਰੰਤੂ ਅੱਜ ਜਦੋਂ ਅਜ਼ਾਦ ਦੇਸ਼ ‘ਚ ਸਿੱਖਾਂ ਦੇ ਅਧਿਕਾਰਾਂ ਤੇ ਨੰਗਾ-ਚਿੱਟਾ ਡਾਕਾ ਵੱਜ ਰਿਹਾ ਹੈ, ਸਿੱਖਾਂ ਲਈ ਇਸ ਦੇਸ਼ ਦਾ ਕਾਨੂੰਨ ਹੋਰ ਤੇ ਦੂਜਿਆਂ ਲਈ ਹੋਰ ਹੈ, ਉਸ ਸਮੇਂ ਜੇ ਅਕਾਲੀ ਦਲ ਕਿਧਰੇ ਰੜ੍ਹਕਦਾ ਨਹੀਂ ਤਾਂ ਇਸਦਾ ਸਿੱਧਾ-ਸਿੱਧਾ ਅਰਥ ਉਸਦਾ ਅਕਾਲ ਚਲਾਣਾ ਹੀ ਹੈ।
ਗਰੀਬ ਸਿੱਖਾਂ ਦੀ ਸਾਰ ਲੈਣ ਵਾਲੇ, ਉਨ੍ਹਾਂ ਨੂੰ ਸਿਰਦਾਰੀਆਂ ਤੇ ਨਵਾਬੀਆਂ ਬਖ਼ਸ਼ਣ ਵਾਲੇ ਅਕਾਲੀ ਦਲ ‘ਚ ਆਮ ਸਾਧਾਰਣ ਸਿੱਖ ਦੀ ਕੋਈ ਥਾਂ ਨਾ ਰਹੀ ਹੋਵੇ, ਸਿਰਫ਼ ਤੇ ਸਿਰਫ਼ ਧਨ ਕੁਬੇਰ ਹੀ ”ਜਥੇਦਾਰ” ਮੰਨੇ ਜਾਣ, ਸ਼ਰਾਬ ਦੇ ਵੱਡੇ ਵਪਾਰੀਆਂ, ਮੋਟੇ ਸੱਨਅਤਕਾਰਾਂ ਨੂੰ ਹੀ ਪਾਰਟੀ ਟਿਕਟਾਂ ਤੇ ਅਹੁਦੇਦਾਰੀਆਂ ਦਿੱਤੀਆਂ ਜਾਣ, ਫ਼ਿਰ ਇਸ ਪਾਰਟੀ ਨੂੰ ਅਕਾਲੀ ਦਲ ਭਲਾ ਕਿਵੇਂ ਆਖਿਆ, ਮੰਨਿਆ ਜਾ ਸਕਦਾ ਹੈ? ਸਿੱਖ ਮੁੱਦਿਆਂ ਨੂੰ, ਸਿੱਖ ਦੁਸ਼ਮਣ ਤਾਕਤਾਂ ਕੋਲ ਗਹਿਣੇ ਰੱਖਣ ਵਾਲੀ ਧਿਰ ਵੀ ਅਕਾਲੀ ਨਹੀਂ ਹੋ ਸਕਦੀ? ਉਹ ਤਾਕਤਾਂ ਜਿਹੜੀਆਂ ਸਿੱਖੀ ਨੂੰ ਹੜੱਪਣ ਲਈ ਕਾਹਲੀਆ ਹਨ, ਉਨ੍ਹਾਂ ਦਾ ਭਾਈਵਾਲ ਅਤੇ ਉਨ੍ਹਾਂ ਦੀ ”ਫ਼ਤਿਹ” ਲਈ ਕਾਹਲੀ ਧਿਰ ਨੂੰ ਭਲਾ ਕੌਣ ਅਕਾਲੀ ਦਲ ਮੰਨੇਗਾ? ਨਸ਼ਿਆਂ ਰਾਂਹੀ ਹੁੰਦੀ ਸਿੱਖ ਜੁਆਨੀ ਦੀ ਨਸਲਕੁਸ਼ੀ, ਪੰਜਾਬ ‘ਚੋਂ ਪੰਜਾਬੀ ਬੋਲੀ ਦਾ ਹੋ ਰਿਹਾ ਕਤਲੇਆਮ, ਸਿੱਖ ਸੱਭਿਅਤਾ ਦੀ ਮੁਕੰਮਲ ਤਬਾਹੀ, ਭਲਾ ਕਿਸੇ ਅਕਾਲੀ ਸਰਕਾਰ ਸਮੇਂ ਹੋ ਸਕਦੀ ਹੈ?
‘ਅਕਾਲੀ’ ਤਾਂ ਸਿਰਫ਼ ਇਕ ਅਕਾਲ ਦੇ ਪੁਜਾਰੀ ਨੂੰ ਆਖਿਆ ਜਾਂਦਾ ਹੈ, ਫਿਰ ਹਰ ਡੇਰੇਦਾਰ ਸਾਧ ਦੇ ਅੱਗੇ ਜਾ ਕੇ ਹੱਥ ਜੋੜ੍ਹਨ ਵਾਲੇ, ਲੰਮੇ ਪੈਣ ਵਾਲੇ ਅਤੇ ਡੇਰੇਦਾਰ ਪਾਖੰਡੀ ਸਾਧਾਂ ਨੂੰ ਸਿੱਖੀ ਦੇ ਖ਼ਾਤਮੇ ਲਈ ਥਾਪੜਾ ਦੇ ਕੇ, ਸਿੱਖਾਂ ਨੂੰ ਕੁੱਟਣ ਲਈ ਉਤਸ਼ਾਹਿਤ ਕਰਨ ਵਾਲੇ ਵੀ ‘ਅਕਾਲੀ’ ਨਹੀਂ ਹੋ ਸਕਦੇ ‘ਨਾਮ ਜਪੋ, ਕਿਰਤ ਕਰੋ, ਵੰਡ ਛੱਕੋ’ ਸਿੱਖੀ ਦੇ ਬੁਨਿਆਦੀ ਸਿਧਾਂਤ ਹਨ ਅਤੇ ਹਰ ਸਿੱਖ ਲਈ ਇਨ੍ਹਾਂ ਦੀ ਪਾਲਣਾ ਜ਼ਰੂਰੀ ਹੈ ਅਤੇ ਜਿਹੜਾ ਸਿੱਖ ਇਨ੍ਹਾਂ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ, ਉਹ ਸਿੱਖ ਨਹੀਂ ਹੋ ਸਕਦਾ।
ਪਰ ਅੱਜ ਦੇ ਅਕਾਲੀ ਨਾਮ ਜਪਣ ਦੀ ਥਾਂ, ਫ਼ਿਲਮੀ ਹੈਰੋਇਨਾਂ ਦੇ ਠੁਮਕਿਆਂ ‘ਚ ਮਸਤ, ਕਿਰਤ ਕਰਨ ਦੀ ਥਾਂ, ਆਪਣਾ ਪੰਜਾਬ ਹੈ, ਫ਼ਿਰ ਇਸਨੂੰ ਅਸੀਂ ਹੀ ਲੁਟਾਂਗੇ ਅਤੇ ਵੰਡ ਛੱਕਣ ਦੀ ਥਾਂ, ”ਸਾਰਾ ਕੁਝ ਆਪਣਾ” ਦੀ ਸੋਚ ਵਾਲਿਆਂ ਨੂੰ ਅਕਾਲੀ ਕਹਿਣਾ, ਅਕਲੋਂ ਖ਼ਾਲੀ ਹੋਣ ਦੀ ਨਿਸ਼ਾਨੀ ਹੀ ਹੋ ਸਕਦੀ ਹੈ।   ਸਿੱਖ ਦੀ ਦਸਤਾਰ ਰੁਲ੍ਹ ਰਹੀ ਹੈ, ਗੁਰੂ ਤੇ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਹੈ, ਸਿੱਖੀ ਸਿਧਾਂਤਾਂ ਦਾ ਮਾਖੌਲ ਉਡਾਇਆ ਜਾ ਰਿਹਾ ਹੈ, ਸਿੱਖਾਂ ਨੂੰ ਧਾਰਮਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਰੂਪ ‘ਚ ਖ਼ਤਮ ਕਰਨ ਦੇ ਯਤਨ ਸਿਰੇ ਚਾੜ੍ਹੇ ਜਾ ਰਹੇ ਹਨ, ਪੰਜਾਬ ਦੀ ਮੁਕੰਮਲ ਤਬਾਹੀ ਦੀ ਕਹਾਣੀ ਮੁਕੰਮਲ ਕੀਤੀ ਜਾ ਰਹੀ ਹੈ, ਉਸ ਸਮੇਂ ਜੇ ਕੋਈ ‘ਬੰਸਰੀ’ ਵਜਾ ਰਿਹਾ ਹੈ ਤਾਂ ਉਹ ‘ਨੀਰੂ’ ਹੀ ਹੋ ਸਕਦਾ, ਅਕਾਲੀ ਫੂਲਾ ਸਿੰਘ ਦਾ ਵਾਰਿਸ ਨਹੀਂ। ਹੁਣ ਅਕਾਲੀ ਦਲ ਦੇ ਅਕਾਲ ਚਲਾਣੇ ਤੇ ਅਸੀਂ ਸਿਰਫ਼ ਮਾਤਮ ਹੀ ਮਨਾਉਣਾ ਹੈ, ਜਾਂ ਫਿਰ ਉਸ ਪੁਰਾਤਨ ਅਕਾਲੀ ਦਲ ਦਾ ਜਿਹੜਾ ਸੱਚੀ-ਮੁੱਚੀ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ, ਦੀ ਪੁਨਰ ਸੁਰਜੀਤੀ ਵੱਲ ਤੁਰਨਾ ਹੈ, ਇਹ ਕੌਮ ਦੀ ਮਰਜ਼ੀ, ਜੋ ਸੱਚ ਹੈ ਅਸੀਂ ਉਸਨੂੰ ਬਿਆਨ ਕਰ ਦਿੱਤਾ, ਬਾਕੀ ਫੈਸਲਾ ਕੌਮ ਦੇ ਹੱਥ!

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.