ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਸਿੱਖੀ ਸਿਧਾਂਤ ਦੀ ਪਹਿਰੇਦਾਰੀ ਜ਼ਰੂਰੀ…?
ਸਿੱਖੀ ਸਿਧਾਂਤ ਦੀ ਪਹਿਰੇਦਾਰੀ ਜ਼ਰੂਰੀ…?
Page Visitors: 2627

ਸਿੱਖੀ ਸਿਧਾਂਤ ਦੀ ਪਹਿਰੇਦਾਰੀ ਜ਼ਰੂਰੀ…?
ਧਰਮ, ਸਮਾਜਿਕ ਪਸ਼ੂ, ਮਨੁੱਖ ਨੂੰ ਇਨਸਾਨ ਬਣਾਉਣ ਅਤੇ ਉਸ ’ਚ ਇਨਸਾਨੀਅਤ ਦੇ ਅਜਿਹੇ ਗੁਣ ਭਰਨ ਦਾ ਮਾਰਗ ਹੈ, ਜਿਸ ਨਾਲ ਮਨੁੱਖ ਤੇ ਪ੍ਰਮਾਤਮਾ ਦੋਵੇਂ ਇੱਕ-ਦੂਜੇ ’ਚ ਅਭੇਦ ਹੋ ਜਾਂਦੇ ਹਨ। ਧਰਤੀ ਤੇ ਹੁੰਦੇ ਜ਼ੁਲਮ, ਜਬਰ, ਸ਼ੋਸ਼ਣ, ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਅਤੇ ਹਰ ਮਨੁੱਖ ਨੂੰ ਬਰਾਬਰੀ ਦਿਵਾਉਣ ਅਤੇ ਮਨੁੱਖ ਨੂੰ ਸੱਚੀ-ਮੁੱਚੀ ਇਸ ਬ੍ਰਹਿਮੰਡ ਦਾ ‘ਸਿਰਦਾਰ’ ਬਣਾਉਣ ਲਈ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਨਵੀਨਤਮ, ਇਨਕਲਾਬੀ ਅਤੇ ਪ੍ਰਮਾਤਮਾ ਦੀ ਮੌਜ ਅਨੁਸਾਰ ਸੇਵਾ-ਸਿਮਰਨ ਦੇ ਮਾਰਗ ਤੇ ਚੱਲਣ ਵਾਲੇ, ਸਿੱਖ ਪੰਥ ਦੀ ਨੀਂਹ ਰੱਖੀ। ਇਸ ਮਹਾਨ ਧਰਮ ਦਾ ਵਿਸ਼ਵ ਨੂੰ ਅਗਵਾਈ ਦੇਣ ਲਈ ‘ਸਰਬੱਤ ਦੇ ਭਲੇ’ ਦਾ ਨਿਆਰਾ ਨਾਅਰਾ
ਅਤੇ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ (1427)
ਸਿੱਖ ਪੰਥ ਨੇ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਆਪਣੀ ਸਮਰੱਥਾ ਨੂੰ ਹਕੀਕੀ ਰੂਪ ’ਚ ਰੂਪਨਾਮ ਕਰਕੇ ਵਿਖਾਇਆ ਹੈ, ਭਾਵੇਂ ਕਿ ਸਿੱਖੀ ਦੇ ਨਿਆਰੇਪਣ ਤੋਂ ਡਰੀਆਂ ਸ਼ਕਤੀਆਂ ਵੱਲੋਂ ਵਿਸ਼ਵਧਰਮ ਦੀ ਪੱਦਵੀਂ ਪ੍ਰਾਪਤ ਕਰਨ ਦੇ ਸਮਰੱਥ ਸਿੱਖ ਪੰਥ ਨੂੰ ਹਮੇਸ਼ਾ ਅੰਦਰੋ-ਬਾਹਰੋਂ ਖੋਰਾ ਲਾਉਣ ਦੇ ਲਗਾਤਾਰ ਯਤਨ ਹੀ ਨਹੀਂ ਸਗੋਂ ਵਿਆਪਕ ਹਮਲੇ ਹੋਏ ਹਨ, ਪ੍ਰੰਤੂ ਸਿੱਖੀ ਦਾ ਇਹ ਬੂਟਾ, ਜਿਸ ਰੂਹਾਨੀਅਤ ਜਲ ਤੇ ਵਾਯੂ ਨਾਲ ਵਧਿਆ ਫੁੱਲਿਆ ਹੈ, ਉਸਨੇ ਇਸ ਨੂੰ ਸਦੀਵੀ ਅਮਰ ਰਹਿਣ ਦਾ ਜਿਹੜਾ ਵਰਦਾਨ ਬਖ਼ਸਿਆ ਹੈ, ਉਸ ਅੱਗੇ ਇਹ ਪੰਥ ਦੋਖੀ ਸ਼ਕਤੀਆਂ ਬੇਵੱਸ ਹਨ। ਸਿੱਖ ਪੰਥ ਨੇ ਇਸ ਦੇਸ਼ ਅਤੇ ਇਸ ਦੇਸ਼ ਦੀ ਪੱਤ ਨੂੰ ਜ਼ਾਲਮ-ਜਾਬਰ ਵਿਦੇਸ਼ੀ ਧਾੜਵੀਆ ਤੋਂ ਆਪਣੀਆਂ ਜਿੰਦਾਂ ਵਾਰ ਕੇ, ਸਿਰਾਂ ਦੇ ਮੁੱਲ ਪੁਆ ਕੇ, ਆਪਣੇ ਜਾਨ ਤੋਂ ਪਿਆਰੇ ਦਰਬਾਰ ਸਾਹਿਬ ਤੇ ਪਵਿੱਤਰ ਸਰੋਵਰ ਨੂੰ ਕਈ ਵਾਰ ਦਾਅ ਤੇ ਲਾ ਕੇ, ਬਚਾਇਆ ਹੈ ਅਤੇ ਬਦਲੇ ’ਚ ‘‘ਸਿੱਖਾਂ ਦੇ ਬਾਰਾਂ ਵੱਜ ਗਏ ਦਾ ਖਿਤਾਬ’’ ਪਾਇਆ, ਪ੍ਰੰਤੂ ਫ਼ਿਰ ਵੀ ਇਸ ਦੇਸ਼ ਨੂੰ ਅਣਖ਼ ਨਾਲ ਜਿੳੂਣ ਦੀ ਜੀਵਨ ਜਾਂਚ ਸਿਖਾਈ ਹੈ।
ਸਿੱਖ ਪੰਥ ਦੀ ਆਰੰਭਤਾ ਲੋਕਾਂ ’ਚ ਬਰਾਬਰੀ ਦਾ ਅਹਿਸਾਸ ਜਗਾਉਣ ਅਤੇ ਉਸਦੀ ਪ੍ਰਾਪਤੀ ਕਰਨ ਦੇ ਨਾਲ ਹੋਈ, ਜਿਸਦਾ ਅਗਾਜ਼ ਬਾਬਾ ਨਾਨਕ ਨੇ ਘਰ-ਘਰ ਧਰਮਸ਼ਾਲਾ ਸਿਰਜ ਕੇ, ਸੰਗਤਾਂ ਨੂੰ ਸੰਗਤ ਕਰਨ ਦੇ ਉਪਦੇਸ਼ ਨਾਲ ਇਕੱਠੇ ਬੈਠਣ ਦੀ ਜੀਵਨ ਜਾਂਚ ਸਿਖਾਈ। ਉੱਚੀਆਂ ਜਾਤਾਂ ਦੇ ਉੱਚੇ ਹੋਣ ਦਾ ਗੁਮਾਨ ਤੋੜਿਆ, ਨੀਵੀਆਂ ਜਾਤਾਂ ’ਚ ਨੀਵੇੇ ਹੋਣ ਦੀ ਹੀਣ ਭਾਵਨਾ ਖ਼ਤਮ ਕੀਤੀ।ਮੰਨੂ ਸਿਮਰਤੀ ਦੀ ਜਕੜ ਵਾਲੇ ਇਸ ਦੇਸ਼ ’ਚ ਜਾਤ-ਪਾਤ, ੳੂਚ-ਨੀਚ, ਛੂਆ-ਛਾਤ ਨੂੰ ਖ਼ਤਮ ਕਰਨ ਦਾ ਹੋਕਾ ਦੇਣਾ, ਦੁਨੀਆਂ ਦਾ ਸਭ ਤੋਂ ਪਹਿਲਾਂ ਇਨਕਲਾਬੀ ਨਾਅਰਾ ਸੀ, ਜਿਹੜਾ ਗੁਰੂ ਸਾਹਿਬਾਨ ਨੇ ਲਾਇਆ ਤੇ ਸਿਰੇ ਚੜਾਇਆ। ਸਿੱਖੀ ਨੇ ਇਸ ਦੇਸ਼ ’ਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਤੇ ਉਸਨੂੰ ਪੱਕਿਆ ਕੀਤਾ। ਪੰਚ ਪ੍ਰਧਾਨੀ ਦੇ ਮਹਾਨ ਸੰਕਲਪ ਨੇ ਅਤੇ ਸੰਗਤ ‘ਵੀਹ ਬਿਸ਼ਵੇ’ ਦੀ ਧਾਰਨਾ ਨੇ ਹੀ ਪੰਚਾਇਤੀ ਰਾਜ ਦਾ ਮੁੱਢ ਬੰਨਿਆ, ਇਹੋ ਕਾਰਣ ਸੀ  ਕਿ ਪੰਜਾਬ ਹਰ ਖੇਤਰ ’ਚ ਦੇਸ਼ ਨੂੰ ਅਗਵਾਈ ਦੇਣ ਦੇ ਸਮਰੱਥ ਹੋਇਆ ਸੀ। ਸਿੱਖੀ ਨੇ ਗਿਆਨ ਤੇ ਬੋਲੀ ਦੀ ਕਦਰ ਪਾਉਣ ਦੀ ਜਾਂਚ ਸਿਖਾਈ।
ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਨਾਲ ਨਾਲ ਦੇਸ਼ ਦੇ ਕੋਣੇ-ਕੋਣੇ ’ਚ ਹੋਏ ਹਮ ਖ਼ਿਆਲੀ ਭਗਤਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਦਿੱਤਾ। ਮਹਾਨ ਵਿਚਾਰਾਂ ਤੇ ਬੋਲੀਆਂ ਦਾ, ਮਨੁੱਖਤਾ ਨੂੰ ਸਦੀਵੀ ਸੁਗੰਧੀ ਦੇਣ ਵਾਲਾ ਗੁਲਦਸਤਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਸਾਕਾਰ ਕੀਤਾ ਬਾਣੀ ਤੋਂ ਬਾਅਦ ਬਾਣਾ ਸਿੱਖੀ ਦੀ ਉਹ ਦੇਣ ਹੈ, ਜਿਸਨੇ ਇਸ ਦੇਸ਼ ਅਤੇ ਹਿੰਦੂ ਧਰਮ ਨੂੰ ਬਚਾਇਆ ਨਹੀਂ ਤਾਂ, ‘ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ’, ਨੂੰ ਕੋਈ ਟਾਲ ਨਹੀਂ ਸਕਦਾ ਸੀ। ਸਿੱਖੀ ਨੇ ਮਨੁੱਖਤਾ ਨੂੰ ਸਿਖਾਇਆ ਹੈ ਕਿ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਦੋਵੇਂ ਵੱਡੇ ਗੁਨਾਹ ਹਨ। ਜ਼ੁਲਮ ਦਾ ਟਾਕਰਾ ਕਰਦਿਆਂ, ਸਿੱਖਾਂ ਨੇ ਆਪਣੇ ਸਿਰਾਂ ਦੇ ਮੁੱਲ ਪੁਆਏ, ਪ੍ਰੰਤੂ ਜਦੋਂ ਲਾਹੌਰ ’ਚ ਖਾਲਸਾਈ ਝੰਡਾ ਝੂਲਿਆ ਤਾਂ ਕਿਸੇ ਮੁਸਲਮਾਨ ਦਾ ਵਾਲ ਵੀ ਬਾਂਕਾ ਨਾ ਹੋਇਆ।
ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦੇਸ਼ ਨੂੰ ਰਾਜ ਪ੍ਰਬੰਧ ਚਲਾਉਣ ਦੀ ਮਹਾਨ ਪ੍ਰਣਾਲੀ ਸਿਖਾਈ। ਸਿੱਖੀ ਨੇ ਜਿੱਥੇ ਜੰਗਜ਼ੂ ਤੇ ਬਹਾਦਰ ਯੋਧਿਆਂ ਨੂੰ ਆਪਣੇ ਅੰਗ ਮੰਨਿਆ, ਉਥੇ ਸੰਤ-ਸਿਪਾਹੀ ਤੇ ਮੀਰੀ-ਪੀਰੀ ਦਾ ਸਿਧਾਂਤ ਪ੍ਰਪੱਕ ਕੀਤਾ ਉੱਥੇ ਸੰਗੀਤ ਕਲਾਂ, ਚਿੱਤਰਕਾਰੀ, ਇਮਾਰਤਸ਼ਾਜੀ ਆਦਿ ਮਨੁੱਖੀ ਸਿਰਜਾਣਾਤਮਕ ਕਲਾਵਾਂ ਨੂੰ ਪ੍ਰਫੁੱਲਤ ਕਰਨ ਦਾ ਮਾਹੌਲ ਸਿਰਜਣ ਲਈ ਭਾਈ ਮਰਦਾਨੇ ਦੀ ਵੱਜਦੀ ਰਬਾਬ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ’ਚ ਹੋਈ ਬਾਰੀਕ ਮੀਨਾ-ਕਾਰੀ, ਸਿੱਖੀ ਵੱਲੋਂ ਹਰ ਮਨੁੱਖ ’ਚ ਸੂਖਮ ਕਲਾ ਨੂੰ ਜਾਗਿ੍ਰਤ ਕਰਨ ਦੇ ਨਮੂਨੇ ਹਨ। ਨਿਆਰੇ ਪੰਥ ਦੀ ਮਹਾਨ ਦੇਣ ਨੂੰ ਸੰਸਾਰ ਦਾ ਇਤਿਹਾਸ ਤਾਂ ਕਦੇ ਭੁੱਲ ਨਹੀਂ ਸਕੇਗਾ। ਪ੍ਰੰਤੂ ਸਿੱਖ ਕੌਮ ਜ਼ਰੂਰ ਖੁਦਗਰਜ਼ੀਆਂ ਦੇ ਵਹਿਣ ’ਚ ਵਹਿ ਕੇ, ਆਪਣੇ ਵਿਰਸੇ ਤੋਂ ਟੁੱਟਣ ਲੱਗੀ ਹੋਈ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਮਹਾਨ ਵਿਰਸੇ ਦੇ ਵਾਰਿਸ ਬਣਕੇ ਇਸਨੂੰ ਵਿਸ਼ਵ ਧਰਮ ਬਣਾਉਣ ਦੇ ਮਾਰਗ ਤੇ ਚੱਲੀਏ, ਪ੍ਰੰਤੂ ਇਹ ਤਦ ਹੀ ਸੰਭਵ ਹੋਵੇਗਾ, ਜੇ ਕੌਮ ਉਨਾਂ ਗੁਣਾਂ, ਸਿਧਾਂਤਾਂ ਨੂੰ ਅਮਲੀ ਰੂਪ ’ਚ ਮੁੜ ਤੋਂ ਅਪਨਾ ਲਵੇਗੀ, ਜਿਹੜੇ ਗੁਰੂ ਸਾਹਿਬ ਨੇ ਗੁਰਬਾਣੀ ’ਚ ਹਰ ਸਿੱਖ ਲਈ ਘੜੇ ਹਨ।
ਜਸਪਾਲ ਸਿੰਘ ਹੇਰਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.