ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਟੁੱਟੀ ਗੰਢਾਉਣ ਦਾ ਅਸਲੀ ਦਿਹਾੜਾ !
ਟੁੱਟੀ ਗੰਢਾਉਣ ਦਾ ਅਸਲੀ ਦਿਹਾੜਾ !
Page Visitors: 2767

ਟੁੱਟੀ ਗੰਢਾਉਣ ਦਾ ਅਸਲੀ ਦਿਹਾੜਾ !
ਅੱਜ ਦਾ ਦਿਹਾੜਾ ਟੁੱਟੀ ਗੰਢਾਉਣ ਦਾ ਦਿਹਾੜਾ ਹੈ, ਭਾਵੇਂ ਕਿ ਇਸ ਦਿਨ ਨੂੰ ਮਾਘੀ ਨਾਲ ਜੋੜ੍ਹ ਦਿੱਤਾ ਗਿਆ ਹੋਣ ਕਾਰਨ ਆਮ ਸਿੱਖਾਂ ਨੂੰ ਇਹ ਜਾਣਕਾਰੀ ਘੱਟ ਹੈ ਕਿ ਖਿਦਰਾਣੇ ਦੀ ਢਾਬ ਤੇ ਦਸਮੇਸ਼ ਪਿਤਾ ਤੇ ਮੁਗਲ ਫੌਜਾਂ ’ਚ ਜੱਗ 4 ਮਈ 1707 ਨੂੰ ਹੋਈ ਸੀ, ਜਿਸ ਜੰਗ ’ਚ ਉਹ 40 ਸਿੰਘ, ਜਿਹੜੇ ਆਨੰਦਪੁਰ ਦੇ ਕਿਲ੍ਹੇ ’ਚ ਗੁਰੂ ਨੂੰ ‘ਬੇਦਾਵਾ’ ਦੇ ਆਏ ਸਨ, ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ, ਗੁਰੂ ਨਾਲ ਟੁੱਟੀ ਗੰਢੀ ਸੀ। ਇਹ ਦਿਹਾੜਾ ਜਿਥੇ ਅੱਜ ਸਾਡੀ ਕੌਮ ਲਈ ਸਬਕ ਹੈ ਕਿ ਗੁਰੂ ਤੋਂ ਬੇਮੁੱਖ ਹੋ ਕੇ ਸਿਰਫ਼ ਖੱਜਲ-ਖੁਆਰ ਹੋਇਆ ਜਾ ਸਕਦਾ ਹੈ, ਮੁਕਤੀ ਸਿਰਫ਼ ਤੇ ਸਿਰਫ਼ ਗੁਰੂ ਦੀ ਗੋਂਦ ’ਚ ਹੀ ਮਿਲਦੀ ਹੈ, ਉਥੇ ਕੌਮੀ ਮਸਲਿਆਂ ਤੇ ਕੌਮ ਵੱਲੋਂ ਮਿਲ ਬੈਠ ਕੇ ਸਰਬ ਪ੍ਰਵਾਨਿਤ ਫੈਸਲੇ ਦੀ ਮਹਾਨਤਾ ਨੂੰ ਵੀ ਦਰਸਾਉਂਦਾ ਹੈ।
ਕੌਮ ’ਚ ਜਿਸ ਤਰ੍ਹਾਂ ਅੱਜ ਸਿੱਖੀ ਸਿਧਾਂਤਾਂ, ਬਾਣੀ ਤੇ ਬਾਣੇ ਤੋਂ ਬੇਮੁੱਖ ਹੋ ਕੇ, ਗੁਰੂ ਨੂੰ ‘ਬੇਦਾਵਾ’ ਦੇਣ ਦਾ ਰੁਝਾਨ ਚੱਲ ਰਿਹਾ ਹੈ, ਉਸਨੂੰ ਠੱਲ੍ਹਣ ਲਈ ਤੇ ਗੁਰੂ ਨਾਲ ਟੁੱਟੀ ਗੰਢਣ ਲਈ, ਅੱਜ ਦੇ ਦਿਨ ਦੀ ਮਹਾਨਤਾ, ਕੌਮ ਨੂੰ ਸੁਮੱਤ, ਸਮਰੱਥਾ ਤੇ ਸ਼ਕਤੀ ਬਖ਼ਸ ਸਕਦੀ ਹੈ, ਬਾਸ਼ਰਤ ਕਿ ਸਾਨੂੰ ਆਪਣੀ ਗ਼ਲਤੀ ਤੋਂ ਅਹਿਸਾਸ ਤੇ ਮਨੋਂ ਪਛਤਾਵਾ ਹੋਵੇ। ਇਸ ਅਹਿਸਾਸ ਨੂੰ ਪੈਦਾ ਕਰਨ ਲਈ ਮਾਈ ਭਾਗੋ ਦੀ ਲਲਕਾਰ ਤੇ ਲਾਹਨਤ ਦੋਵਾਂ ਦੀ ਲੋੜ ਹੈ। ਕੌਮ ਜਿਸ ਗਫ਼ਲਤੇ ਦੀ ਨੀਂਦ ਸੌਣ ਜਾ ਰਹੀ ਹੈ, ਉਸ ਤੋਂ ਜਗਾਉਣ ਲਈ ਲਲਕਾਰ ਦੀ ਅਤੇ ਮਹਾਨ ਗੁਰੂ ਨਾਲ ਅਕ੍ਰਿਤਘਣਤਾ ਕਰਨ ਲਈ ਲਾਹਨਤ ਹੀ, ਸਾਡੀ ਮਰ ਚੁੱਕੀ ਜ਼ਮੀਰ  ਨੂੰ ਜਗਾ ਸਕਦੀ ਹੈ। ਸਾਨੂੰ ਯਾਦ ਕਰਨਾ ਹੋਵੇਗਾ ਕਿ ਜਦੋਂ 40 ਸਿੱਖਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਤੋਂ ਵੀ ਸੰਕੋਚ ਨਾਂਹ ਕੀਤਾ ਸੀ ਤਾਂ ਉਨ੍ਹਾਂ ਦੀ ਅਕ੍ਰਿਤਘਣਤਾ ਨੂੰ ਮਾਈ ਭਾਗੋ ਦੀ ਪਾਈ ਲਾਹਨਤ ਨੇ ਹੀ ਉਨ੍ਹਾਂ ਦੀ ਜ਼ਮੀਰ ਨੂੰ ਝੰਜੋੜਿਆ ਸੀ, ਜਿਸ ਨਾਲ ਉਨ੍ਹਾਂ ਦੀ ਅਣਖ ਤੇ ਸਵੈਮਾਣ ਜਾਗਿਆ ਸੀ ਤੇ ਉਨ੍ਹਾਂ ਨੂੰ ਆਪਣੀ ਬੱਜਰ ਗ਼ਲਤੀ ਦਾ ਅਹਿਸਾਸ ਹੋਇਆ ਸੀ ਅਤੇ ਉਨ੍ਹਾਂ ਆਪਣੀ ਉਸ ਗ਼ਲਤੀ ਨੂੰ ਬਖ਼ਸਾਉਣ ਲਈ ਆਪਣੀਆਂ ਜਾਨਾਂ-ਕੁਰਬਾਨ ਕਰ ਦਿੱਤੀਆਂ ਸਨ। ਅੱਜ ਦੇ ਦਿਹਾੜੇ ਦਾ ਹੋਕਾ, ਕੌਮ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਦੀ ਸਮਰੱਥਾ ਰੱਖਦਾ ਹੈ, ਪ੍ਰੰਤੂ ਲੋੜ ਹੈ ਕਿ ਇਹ ਹੋਕਾ, ‘ਮਾਈ ਭਾਗੋ’ ਵਰਗਾ ਸਮਰੱਥਾ ਪਹਿਰੇਦਾਰ ਦੇਵੇ।
ਸਿੱਖੀ ਦੇ ਮਹਾਨ ਸਿਧਾਂਤਾ, ਗੁਰਮਤਿ ਵਿਚਾਰਧਾਰਾ ਜਿਸ ਤੋਂ ਅਸੀਂ ਮੂੰਹ ਮੋੜੀ ਜਾ ਰਹੇ ਹਾਂ, ਉਸਨੂੰ ਅਪਨਾਉਣ ਦੀ ਅਤੇ ਮੁੜ ਤੋਂ ਗੁਰਬਾਣੀ ਦੇ ਲੜ ਲੱਗਣ ਦੀ ਡਾਢੀ ਲੋੜ ਹੈ। ਦੂਸਰਾ ਜਿਸ ਤਰ੍ਹਾਂ ਅਸੀਂ ਉੱਪਰ ਲਿਖਿਆ ਹੈ ਕਿ ਚਾਲੀ ਮੁਕਤਿਆਂ ਦਾ ਸ਼ਹੀਦੀ ਦਿਹਾੜਾ, 14 ਮਈ ਹੈ, ਪ੍ਰੰਤੂ ਕੌਮ ਦੇ ਦਾਨਿਸ਼ਵਰਾਂ ਨੇ ਜਿਸ ਤਰ੍ਹਾਂ ਗਰਮੀ ਤੇ ਪਾਣੀ ਦੀ ਕਿੱਲਤ ਕਾਰਨ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਅਪ੍ਰੈਲ ਮਹੀਨੇ ਦੀ ਥਾਂ, ਕੱਤਕ ਦੀ ਪੁੰਨਿਆ ਨੂੰ ਅਤੇ ‘ਟੁੱਟੀ ਗੰਢੀ’ ਦਿਹਾੜਾ ਮਾਘੀ ਦੀ ਸੰਗਰਾਂਦ ਨੂੰ ਮਨਾਉਣ ਦਾ ਫੈਸਲਾ ਇੱਕ ਮੱਤ ਹੋ ਕੇ ਕੀਤਾ ਜਾ ਸਕਦਾ ਹੈ। ਕੌਮੀ ਮੁੱਦਿਆਂ ਤੇ ਕੌਮ ’ਚ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ। ਇਸ ਲਈ ਅੱਜ ਦੇ ਦਿਹਾੜੇ ਤੋਂ ਸਰਬ ਪ੍ਰਵਾਨਿਤ ਕੌਮੀ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਪ੍ਰੇਰਨਾ ਵੀ ਕੌਮ ਨੂੰ ਲੈਣੀ ਚਾਹੀਦੀ ਹੈ। ਨਿੱਜੀ ਹੳੂਮੈ, ਸੁਆਰਥ ਤੇ ਧੜੇਬੰਦੀਆਂ ਨੂੰ ਛੱਡ ਕੇ ਪੁਰਾਤਨ ਪ੍ਰੰਪਰਾ ਅਨੁਸਾਰ ਇੱਕ ਮੱਤ ਹੋ ਕੇ ਫੈਸਲਾ ਲੈਣ ਦੀ ਪਿਰਤ ਨੂੰ ਆਰੰਭਣ ਦੀ ਵੀ ਇਸ ਦਿਹਾੜੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਅਜਿਹੇ ਫੈਸਲੇ ਲੈਣ ਦੀ ਸਮਰੱਥਾ ਗੁਰੂ ਦੀ ਮੱਤ ਅਨੁਸਾਰ ਚੱਲਣ ਤੇ ਹੀ ਆਵੇਗੀ, ਇਸ ਲਈ ਸਭ ਤੋਂ ਪਹਿਲਾਂ ਤਾਂ ਗੁਰੂ ਨਾਲ ਟੁੱਟੀ ਗੰਢਣ ਦੀ ਲੋੜ ਹੈ, ਉਸ ਲਈ ਮਨਮੱਤ ਦਾ ਤਿਆਗ ਜ਼ਰੂਰੀ ਹੈ।

ਜਸਪਾਲ ਸਿੰਘ ਹੇਰਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.