ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਸਿੱਖ ਪਛਾਣ ਦਾ ਗੰਭੀਰ ਮੁੱਦਾ - ਤੁਸੀਂ ਸੁਰੱਖਿਅਤ ਨਹੀਂ ਹੋ
ਸਿੱਖ ਪਛਾਣ ਦਾ ਗੰਭੀਰ ਮੁੱਦਾ - ਤੁਸੀਂ ਸੁਰੱਖਿਅਤ ਨਹੀਂ ਹੋ
Page Visitors: 2599

ਸਿੱਖ ਪਛਾਣ ਦਾ ਗੰਭੀਰ ਮੁੱਦਾ - ਤੁਸੀਂ ਸੁਰੱਖਿਅਤ ਨਹੀਂ ਹੋ
16 ਜੁਲਾਈ 2016 ਨੂੰ ਕਿਸੇ ਸਿਰ ਫਿਰੇ ਅੱਤਵਾਦੀ ਵਲੋਂ ਫਰਾਂਸ ਦੇ ਸ਼ਹਿਰ ਨੀਸ ਵਿਚ ਅਜ਼ਾਦੀ ਦਿਵਸ ਮਨਾ ਰਹੇ ਲੋਕਾਂ ਤੇ ਇੱਕ ਟਰੱਕ ਚਾੜ੍ਹ ਕੇ 80 ਲੋਕਾਂ ਦੀ ਜਾਣ ਲੈਣ ਅਤੇ ਸੈਂਕੜਿਆਂ ਨੂੰ ਜ਼ਖਮੀ ਕਰਨ ਸਮੇ ਅਚਾਨਕ ਹੀ ਇੱਕ ਸਿੱਖੀ ਸਰੂਪ ਵਾਲੇ ਵੀਰੇਂਦਰ ਜੱਬਲ ਨਾਮ ਦੇ ਕਨੇਡੀਅਨ ਸਿੱਖ ਦਾ ਨਾਮ ਵੀ ਸੁਰਖੀਆਂ ਵਿਚ ਸੀ ਜਿਸ ਨੂੰ ਕਿ ਮੁਸਲਮਾਨ ਸਮਝ ਕੇ ਲੋਕਾਂ ਨੇ ਉਸ ਦਾ ਜੀਣਾ ਹਰਾਮ ਕਰ ਦਿੱਤਾ ਸੀ। ਕਿਸੇ ਸ਼ਰਾਰਤੀ ਅਨਸਰ ਨੇ ਕੰਪਿਊਟਰ ਦੀ ਹੱਥ ਸਫਾਈ ਨਾਲ ਉਸ ਦੀ ਫੋਟੋ ਇੱਸ ਤਰਾਂ ਬਣਾ ਕੇ ਇੰਟਰਨੈਟ ਤੇ ਪਾ ਦਿੱਤੀ ਜਿਵੇਂ ਉਸ ਨੇ ਛਾਤੀ ਨਾਲ ਕੁਰਾਨ ਘੁੱਟੀ ਹੋਈ ਹੋਵੇ । ਨਵੰਬਰ ੨੦੧੫ ਨੂੰ ਫਰਾਂਸ ਸ਼ਹਿਰ ਪੈਰਿਸ ਦੇ ਅੱਤਵਾਦੀ ਸਮੇਂ ਇਸ ਲੜਕੇ ਦਾ ਜੀਣਾ ਹਰਾਮ ਕੀਤਾ ਗਿਆ ਸੀ।
  ਸਿੱਖ ਪਛਾਣ ਦੀ ਇੱਕ ਹੋਰ ਦੁਖਦਾਇਕ ਘਟਨਾ ਵੀਹ ਸਾਲਾ ਗੋਵਿੰਦਪਾਲ ਕੂਨਰ ਨਾਮ ਦੇ ਸਿੱਖੀ ਸਰੂਪ ਵਾਲੇ ਸਿੱਖ ਲੜਕੇ ਨਾਲ ਵੀ ਹੋਈ ਸੀ ਜਦੋਂ ਉਸ ਨੂੰ ਵਿੰਮਬਲਡੈਨ ਟੈਨਿਸ ਚੈਂਪਿਅਨਸ਼ਿਪ ਦੀ ਕਤਾਰ ਵਿਚੋਂ ਸਵੇਰੇ ਪੌਣੇ ਪੰਜ ਵਜੇ ਉਸ ਸਮੇਂ ਬਾਹਰ ਕੱਢ ਦਿੱਤਾ ਗਿਆ ਸੀ ਜਦੋਂ ਕਿ ਆਲੇ ਦੁਆਲੇ ਦੇ ਲੋਕਾਂ ਤੇ ਉਸ ਦਾ ਅਵੈੜਾ ਪ੍ਰਭਾਵ ਪਿਆ ਸੀ। ਇਹ ਸਿੰਘ ਆਪ ਵੀ ਖਿਡਾਰੀ ਸੀ ਜਿਸ ਦੇ ਇਤਰਾਜ਼ ਕਰਨ ਤੇ ਉਸ ਨੂੰ ਬਾਅਦ ਵਿਚ ਗਰਾਊਂਡ ਵਿਚ ਜਾਣ ਦਿੱਤਾ ਗਿਆ ਸੀ।
   ਇਸ ਤੋਂ ਮਗਰੋਂ ਜੁਲਾਈ 18 ਦੀ ਖਬਰ ਸੀ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ 20/25 ਮੁੰਡਿਆਂ ਨੇ ਹੈਦਰਾਬਾਦ ਦੇ ਇੱਕ ਅਮੋਲ ਸਿੰਘ ਨਾਮ ਦੇ 25 ਸਾਲਾ ਸਿੱਖ ਵਿਦਿਆਰਥੀ ਤੇ ਕਿਸੇ ਮੁਸਲਮਾਨ ਆਗੂ ਦੇ ਭੁਲੇਖੇ ਹਮਲਾ ਕਰ ਦਿੱਤਾ ਸੀ ਕਿਓਂਕਿ ਅਮੋਲ ਸਿੰਘ ਦੀ ਦਾਹੜੀ ਕੱਟੀ ਹੋਈ ਅਤੇ ਸਿਰ ਦੇ ਕੇਸ ਵਿ ਕੱਟੇ ਹੋਏ ਹੋਣ ਕਾਰਨ ਉਸ ਦੀ ਸ਼ਕਲ ਬਿਲਾਲ ਨਾਮ ਦੇ ਇੱਕ ਕਸ਼ਮੀਰੀ ਵਿਦਿਆਰਥੀ ਨਾਲ ਮਿਲਦੀ ਜੁਲਦੀ ਸੀ ਜੋ ਕਿ ਯੁਨੀਵਰਸਿਟੀ ਕੈਂਪਸ ਵਿਚ ਕਸ਼ਮੀਰ ਮੁੱਦੇ ਤੇ ਸਰਗਰਮ ਸੀ।
ਸਿੱਖ ਪਛਾਣ ਦਾ ਮੁੱਦਾ ਦੋਹਰੇ ਸੰਕਟ ਵਿਚ ਹੈ। ਇੱਕ ਪਾਸੇ ਤਾਂ ਪੱਛਮ ਦੇ ਲੋਕ ਸਿੱਖਾਂ ਦੀ ਦਾਹੜੀ ਪਗੜੀ ਕਾਰਨ ਉਹਨਾ ‘ਤੇ ਮੁਸਲਮਾਨਾਂ ਦੇ ਭੁਲੇਖੇ ਹਮਲੇ ਕਰਦੇ ਹਨ ਅਤੇ ਦੂਜੇ ਪਾਸੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਵਾਲੇ ਵੀ ਕਈ ਵੇਰਾਂ ਸਿੱਖ ਪਛਾਣ ਦੇ ਮੁੱਦੇ ‘ਤੇ ਸੰਕਟ ਵਿਚ ਫਸ ਜਾਂਦੇ ਹਨ। ਮੁਸਲਮਾਨਾਂ ਦੇ ਭੁਲੇਖੇ ਵਿਚ ਅਨੇਕਾਂ ਸਿੱਖਾਂ ਤੇ ਦੁਨੀਆਂ ਭਰ ਵਿਚ ਹਮਲੇ ਹੁੰਦੇ ਹਨ ਅਤੇ ਅਨੇਕਾਂ ਜਾਨਾਂ ਵੀ ਜਾ ਚੁੱਕੀਆਂ ਹਨ। ਸਿੱਖ ਪਛਾਣ ਦੇ ਮੁੱਦੇ `ਤੇ ਇਹ ਕਵਿਤਾ ਲਿਖ ਕੇ ਅਸੀਂ ਸਮੱਸਿਆ ਅਤੇ ਸਮੱਸਿਆ ਦੇ ਹੱਲ ਨੂੰ ਸਮਝਣ ਦੀ ਕੋਸ਼ਿਸ਼ ਵਿਚ ਹਾਂ ਅਤੇ ਸਾਨੂੰ ਤੁਹਾਡੇ ਪ੍ਰਤੀਕਰਮ ਦੀ ਉਡੀਕ ਰਹੇਗੀ ਜੀ।
 ਕੁਲਵੰਤ ਸਿੰਘ ਢੇਸੀ
07854 136 413

 ਦੱਸ ਤਾਂ ਸਹੀ ਕੌਣ ਏਂ ਤੂੰ ?

ਸਿੱਖਾ ਦੱਸ ਤਾਂ ਸਹੀ ਕੌਣ ਏਂ ਤੂੰ
ਸਭ ਨੂੰ ਆਪਣੀ ਪਈ ਕੌਣ ਏਂ ਤੂੰ
 
ਗੁਰਾਂ ਸੋਚਿਆ ਦਿੱਸੇਂ ਨਵੇਕਲਾ ਹੀ
ਕਿਥੇ ਗੁੰਮ ਗਿਆ ਬਈ, ਕੋਣ ਏਂ ਤੂੰ
 
ਹਿੰਸਾ ਕਿਤੇ ਵੀ ਕਰੇ ਕੋਈ ਮੁਸਲਮ
ਉਂਗਲ ਤੇਰੇ ਤੇ ਰਹੀ, ਕੌਣ ਏਂ ਤੂੰ
 
ਮੁਜ਼ਾਹਰੇ ਕਰੇਂ ਨਾਅਰੇ ਰੋਜ਼ ਲਾਏਂ
ਦੱਸ ਗਵਾਂਢੀ ਨੂੰ ਸਈਂ, ਕੌਣ ਏਂ ਤੂੰ
 
ਝੰਡਾ ਕੇਸਰੀ ਉੱਚੇ ਤੋਂ ਉੱਚਾ ਚੁੱਕੇਂ
ਕਦੀ ਜਾਗੀਂ ਲੈ ਝਈ, ਕੌਣ ਏਂ ਤੂੰ
 
ਦਲ ਦਲ ਹੀ ਹੋ ਗਿਐ ਦਲ ਤੇਰਾ
ਮੱਤ ਕਿੱਥੋਂ ਸੀ ਲਈ, ਕੌਣ ਏਂ ਤੂੰ
 
ਦੀਵਾਨਾਂ ਮੇਲਿਆਂ ਤੇ ਤੂੰ ਲਾਏਂ ਲੱਖਾਂ
ਗੁਰੂ ਘਰ ਪੱਗ ਲਹੀ, ਕੌਣ ਏਂ ਤੂੰ
 
ਗੋਲਕ ਭਰੀ ਹੈ ਮਾਲੋ ਮਾਲ ਤੇਰੀ
ਪਛਾਣ ਉੱਕਾ ਗੁੰਮ ਗਈ, ਕੌਣ ਏਂ ਤੂੰ
 
ਗ੍ਰੰਥ ਵਿਚ ਗਲਵਕੜੀ ਰਾਮ ਅੱਲਾ ਦੀ
ਦੁਨੀਆਂ ਜਾਣਦੀ ਪਰ ਨਹੀਂ ਕੋਣ ਏਂ ਤੂੰ
 
ਆਮ ਵਾਕਫੀ ਜੀਵਨ ਸਫਲ ਕਰ ਦਏ
ਕੀ ਗਲਤ ਕੀ ਹੈ ਸਹੀ, ਕੌਣ ਏਂ ਤੂੰ
 
ਚਲਾ ਬਾਬੇ ਦਾ ਸਿੱਕਾ ਬੰਦਾ ਸਿੰਘ ਵਾਂਗੂ
‘ਢੇਸੀ’ ਨੇ ਮੌਕੇ ਦੀ ਕਹੀ, ਕੌਣ ਏਂ ਤੂੰ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.