ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਪੰਜਾਬ ਦੀ ਫਿਰਕੂ ਅਤੇ ਜਾਤੀ ਭੰਨ ਤੋੜ
ਪੰਜਾਬ ਦੀ ਫਿਰਕੂ ਅਤੇ ਜਾਤੀ ਭੰਨ ਤੋੜ
Page Visitors: 2722

        ਪੰਜਾਬ ਦੀ ਫਿਰਕੂ ਅਤੇ ਜਾਤੀ ਭੰਨ ਤੋੜ
               ਏਹੁ ਹਮਾਰਾ ਜੀਵਣਾ!!
   ਜੀਵਨ ਜਿਊਣ ਲਈ ਕੋਈ ਸਾਥ ਤਾਂ ਅਕਸਰ ਪਊ ਲੈਣਾਂ, ਕਿਸੇ ਤੋਂ ਸਾਵਧਾਨੀ ਤੇ ਕਿਸੇ ਵਲ ਸਰਕਣਾਂ ਪੈਣਾਂ !
         ਸਿੱਖ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖਾਂ ਨੇ ਅੱਤ ਔਖੇ ਸਮਿਆਂ ਵਿਚ ਵੀ ਇਖਲਾਕੀ ਕਦਰਾਂ ਕੀਮਤਾਂ ਦਾ ਲੜ ਨਾਂ ਛਡਿਆ। ਸਿੱਖ ਇਖਲਾਕ ਦਾ ਸਿੱਖਰ ਅਹਿਮਦ ਸ਼ਾਹ ਅਬਦਾਲੀ ਦੇ ਰਾਜ ਕਵੀ ਕਾਜ਼ੀ ਨੂਰ ਮੁਹੰਮਦ ਦੀ ਕਵਿਤਾ ਵਿਚੋਂ ਦਸਤਾਵੇਜੀ ਰੂਪ ਵਿਚ ਵੀ ਮਿਲਦਾ ਹੈ ਅਤੇ ਫਿਰ ਭਾਈ ਕਨ੍ਹੀਆ ਜੀ ਦੀ ਸਾਖੀ ਤੋਂ ਵੀ ਮਿਲਦਾ ਹੈ। ਪੂਰੇ ਸਿੱਖ ਇਤਹਾਸ ਵਿਚ ਇੱਕ ਮਿਸਾਲ ਵੀ ਨਹੀਂ ਮਿਲਦੀ ਜਿਥੇ ਸਿੱਖਾਂ ਨੇ ਕਿਸੇ ਬੇਕਸੂਰ ਨੂੰ ਮਾਰਿਆ ਹੋਵੇ ਜਾਂ ਦੁਸ਼ਮਣ ਦੀ ਕਿਸੇ ਅਬਲਾ ਨਾਲ ਜ਼ਿਆਦਤੀ ਕੀਤੀ ਹੋਵੇ। ਗੁਲਾਮ ਭਾਰਤ ਵਿਚ ਗੁਰਦੁਆਰਾ ਸੁਧਾਰ ਲਹਿਰ ਸਮੇਂ ਅਤੇ ਅਜ਼ਾਦ ਭਾਰਤ ਵਿਚ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਜਿਸ ਸਬਰ ਅਤੇ ਅਨੁਸਾਸ਼ਨ ਦਾ ਸਿੱਖਾਂ ਨੇ ਸਬੂਤ ਦਿੱਤਾ ਉਹ ਆਪਣੀ ਮਿਸਾਲ ਆਪ ਹਨ। ਸਿੱਖ ਇਖਲਾਕ ਦਾ ਇਹ ਕਮਾਲ ਰਿਹਾ ਹੈ ਕਿ ਦੁਸ਼ਮਣ ਵੀ ਇਹਨਾਂ ਦੀ ਸਿਫਤ ਕਰਨ ਲਈ ਮਜ਼ਬੂਰ ਹੋ ਜਾਂਦਾ।    
        ਸੰਨ 78 ਅਤੇ 84 ਦੇ ਸਾਕਿਆਂ ਮਗਰੋਂ ਨਾਂ ਕੇਵਲ ਪੰਜਾਬ ਸਗੋਂ ਭਾਰਤ ਭਰ ਦੇ ਸਿੱਖਾਂ ਅਤੇ ਹਿੰਦੂਆਂ ਦੇ ਸਬੰਧਾਂ ਵਿਚ ਤਣਾਓ ਆਉਣਾਂ ਸੁਭਾਵਕ ਸੀ। ਸੰਨ 84 ਵਿਚ ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਇਸ ਤਣਾਓ ਨੂੰ ਭਾਂਬੜ ਦਾ ਰੂਪ ਦੇ ਕੇ, ਆਰ.      ਭਾਰਤ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੀ ਜਾਇਦਾਦ ਦੀ ਸਾੜ ਫੂਕ ਕਰਨ ਦੇ ਨਾਲ ਨਾਲ ਸਿੱਖ ਬੀਬੀਆਂ ਅਤੇ ਬੱਚੀਆਂ ਦੇ ਬਲਾਤਕਾਰ ਅਤੇ ਸਿੱਖਾਂ ਦੇ ਸਮੂਹਕ ਕਤਲ ਕਰਵਾਏ। ਚੁਰਾਸੀ ਦੇ ਇਸ ਮਨਹੂਸ ਸਾਕੇ ਤੋਂ ਬਾਅਦ ਭਾਰਤ ਭਰ ਵਿਚ ਜਿਥੇ ਸਿੱਖਾਂ ਦੇ ਸਤਕਾਰ ਅਤੇ ਵਕਾਰ ਨੂੰ ਵੱਡੀ ਸੱਟ ਵੱਜੀ ਉਥੇ ਹਿੰਦੂ ਸਿੱਖ ਸਬੰਧਾਂ ਤੇ ਵੱਡਾ ਸਵਾਲੀਆ ਚਿੰਨ ਲੱਗ ਗਿਆ। ਅਕਾਲੀ ਦਲ ਅਤੇ ਬਾਜਪਾ ਗੱਠਜੋੜ ਦੇ ਪੰਜਾਬ ਵਿਚ ਕਾਬਜ ਹੋਣ ਦੇ ਭਾਵੇਂ ਕਈ ਨੁਕਸਾਨ ਵੀ ਹੋਏ ਹੋਣਗੇ ਪਰ ਇਸ ਦਾ ਇੱਕ ਵੱਡਾ ਫਾਇਦਾ ਇਹ ਹੋਇਆ ਕਿ ਹਿੰਦੂ ਸਿੱਖ ਸਬੰਧ ਤਣਾਓ ਰਹਿਤ ਹੁੰਦੇ ਚਲੇ ਗਏ। ਇਹ ਗਠਜੋੜ ਲਗਾਤਾਰ ਸੰਨ 85 , 97, 2002 ਤੋਂ ਹੁਣ ਤਕ ਪੰਜਾਬ ਤੇ ਕਾਬਜ ਰਿਹਾ ਹੈ ਜਦ ਕਿ ਸੈਂਟਰ ਵਿਚ ਭਾਜਪਾ ਦੇ ਆਉਣ ਤੋਂ ਬਾਅਦ ਹੁਣ ਪੰਜਾਬ ਵਿਚ ਇਸ ਗੱਠਜੋੜ ਤੇ ਵੱਡੇ ਸਵਾਲੀਆ ਚਿੰਨ ਲੱਗ ਗਿਆ ਹੈ।
ਸਿੱਖ ਧਰਮ ਜਾਤ ਪਾਤ ਅਤੇ ਛੂਤ ਛਾਤ ਨੂੰ ਨਹੀਂ ਮੰਨਦਾ। ਬੇਸ਼ਕ ਬ੍ਰਾਹਮਣੀ ਸੰਸਕਾਰਾਂ, ਜਾਤੀ ਅਭਿਮਾਨ ਅਤੇ ਰਿਜ਼ਰਵੇਸ਼ਨ ਕਰਕੇ ਸਿਖਾਂ ਦੀਆਂ ਨੀਵੀਆਂ ਆਖੀਆਂ ਜਾਣ ਵਾਲੀਆਂ ਜਾਤੀਆਂ ਸਿੱਖ ਮੁਖ ਧਾਰਾ ਤੋਂ ਲਗਾਤਾਰ ਦੂਰ ਹੁੰਦੀਆਂ ਚਲੇ ਗਈਆਂ ਪਰ ਉਹਨਾਂ ਦੇ ਆਪਸੀ ਸਬੰਧ ਹਮੇਸ਼ਾਂ ਸੁਖਾਵੇਂ ਬਣੇ ਰਹੇ ਸਨ। ਆਸਟਰੀਆ (ਵਿਆਨਾ) ਵਿਚ ਵਾਪਰੀ ਦੁੱਖ ਭਰੀ ਘਟਨਾਂ ਤੋਂ  ਬਾਅਦ ਪੰਜਾਬ ਵਿਚ ਅਗਜ਼ਨੀ ਅਤੇ ਹਿੰਸਾ ਦੀਆਂ ਘਟਨਾਵਾਂ ਭਿਅੰਕਰ ਹੱਦ ਤਕ ਹੋਈਆਂ।  ਬਾਅਦ ਇਹ ਗੱਲ ਲਗਾਤਾਰ ਧੁਮਾਈ ਜਾਂਦੀ ਰਹੀ ਹੈ ਕਿ ਇਹ ਤਾਂ ਹਾਲੇ ਟਰੇਲਰ ਚਲਿਆ ਹੈ ਫਿਲਮ ਤਾਂ ਚਲਣੀ ਹੈ ਅਤੇ ਇਸ ਦੇ ਜਵਾਬ ਵਿਚ ਮੁਕਾਬਲੇ ਦੀ ਧਿਰ ਵਲੋਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਟਰੇਲਰ ਤਾਂ ਉਹਨਾ ਚਲਾ ਦਿੱਤਾ ਅਤੇ ਫਿਲਮ ਹੁਣ ਅਸੀਂ ਚਲਾਵਾਂਗੇ। ਸੋਚਣ ਵਾਲੀ ਗੱਲ ਇਹ ਹੈ ਕਿ ਆਪਣੇ ਪੈਰੀਂ ਕੁਹਾੜਾ ਮਾਰਨ ਵਾਲਾ ਟਰੇਲਰ ਜਾਂ ਫਿਲਮ ਕੋਈ ਧਿਰ ਵੀ ਚਲਾਵੇ ਉਸ ਦਾ ਸਭ ਤੋਂ ਵਧ ਖਮਿਆਜ਼ਾ ਤਾਂ ਗਰੀਬਾਂ ਨੂੰ ਭੁਗਤਣਾਂ ਪੈਂਦਾ ਹੈ। ਉਹ ਗਰੀਬ ਲੋਕ ਜੋ ਮੁਸ਼ਕਲ ਨਾਲ ਆਪਣੀ ਦਿਨ ਕਟੀ ਕਰਦੇ ਹਨ ਉਹ ਕਿਸੇ ਕਿਸਮ ਦੀ ਸਾੜ ਫੂਕ, ਭੰਨ ਤੋੜ ਅਤੇ ਭਾਈਚਾਰਕ ਤਰੇੜਾਂ ਸਹਾਰਨ ਦਾ ਦਮ ਨਹੀਂ ਰੱਖਦੇ ਹੁੰਦੇ। ਐਸੇ ਦੁਸ਼ਟ ਕਰਮਾਂ ਤੋਂ ਬਾਅਦ ਕਈ ਵੇਰਾਂ ਭਾਈਚਾਰੇ ਇੱਕ ਦੂਸਰੇ ਤੋਂ ਏਨੀ ਦੂਰ ਚਲੇ ਜਾਂਦੇ ਹਨ ਕਿ ਫਿਰ ਉਹਨਾਂ ਨੂੰ ਮੋੜਨਾ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੋ ਜਾਂਦਾ ਹੈ।
ਇਸੇ ਤਰਾਂ ਦੇ ਤੇਵਰ ਪੰਜਾਬ ਦੇ ਦੂਜੇ ਵੱਡੇ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਕੁਝ ਆਗੂਆਂ ਦੇ ਦੇਖਣ ਨੂੰ ਉਦੋਂ ਤੋਂ ਮਿਲ ਰਹੇ ਹਨ ਜਦੋਂ ਤੋਂ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਵਿਚ ਸੰਤ ਭਿੰਡਰਾਂਵਾਲੇ ਅਤੇ ਹੋਰ ਸ਼ਹੀਦਾਂ ਦਾ ਸ਼ਹੀਦੀ ਅਸਥਾਨ ਬਣਾਇਆ। ਸਿੱਖਾਂ ਖਿਲਾਫ ਬੜੀ ਹੀ ਹਿੰਸਕ, ਗੁਸੈਲੀ ਅਤੇ ਅਸਭਿਅਕ ਭਾਸ਼ਾ ਵਿਚ ਵੀਡੀਓ ਕਲਿਪਾਂ ਫੇਸ ਬੁੱਕ ਵਰਗੀਆਂ ਸੋਸ਼ਲ ਸਾਈਟਾਂ ‘ਤੇ ਪਾਉਣੀਆਂ ਸ਼ੁਰੂ ਕੀਤੀਆਂ ਗਈਆਂ ਜੋ ਕਿ ਅੱਜ ਵੀ ਚਰਚਾ ਦਾ ਵਿਸ਼ਾ ਹਨ। ਰੱਬ ਨਾਂ ਕਰੇ ਜੇਕਰ ਇਸ ਤਰਾਂ ਦੀਆਂ ਚੁਆਤੀਆਂ ਲਾਉਣ ਕਾਰਨ ਪੰਜਾਬ ਦੇ ਭਾਇਚਾਰੇ ਆਹਮੋ ਸਾਹਮਣੇ ਖੜ੍ਹ ਗਏ ਤਾਂ ਕਿਸ ਭਾਅ ਪਵੇਗੀ । ਦੁਨੀਆਂ ਵਿਚ ਇੱਕ ਦੂਜੇ ਦੇ ਹਮਸਾਏ ਭਾਈਚਾਰਿਆਂ ਵਿਚ ਹਿੰਦੂ ਸਿੱਖਾਂ ਦਾ ਨਾਮ  ਆਉਂਦਾ ਰਿਹਾ ਹੈ । ਮਦਨ ਮੋਹਨ ਮਾਲਵੀਆ ਵਰਗੇ ਆਗੂਆਂ ਨੇ ਕਦੀ ਇਥੋਂ ਤਕ ਕਿਹਾ ਸੀ ਕਿ ਹਰ ਹਿੰਦੂ ਪਰਿਵਾਰ ਵਿਚ ਘੱਟੋ ਘੱਟ ਇਕ ਬੱਚੇ ਨੂੰ ਸਿੱਖ ਜ਼ਰੂਰ ਬਣਾਇਆ ਜਾਵੇ। ਐਸੀਆਂ ਭਾਵਨਾਵਾਂ ਕਾਰਨ ਅਤੇ ਪੰਜਾਬ ਦੇ ਜਾਤੀ ਤਾਣੇ ਬਾਣੇ ਕਾਰਨ ਐਸੇ ਪਰਿਵਾਰ ਬਹੁਤ ਹੋਇਆ ਕਰਦੇ ਸਨ ਜਿਹਨਾਂ ਵਿਚ ਅੱਧੇ ਜੀਅ ਸਿੱਖ ਅਤੇ ਅੱਧੇ ਹਿੰਦੂ ਹੋਇਆ ਕਰਦੇ ਸਨ ਪਰ ਪੰਜਾਬੀਆਂ ਦੇ ਸਿਆਸੀ ਹਿੱਤਾਂ ਅਤੇ ਫਿਰਕੂ ਟਕਰਾਓ ਕਾਰਨ ਇਸ ਭਾਵਨਾਂ ਅਤੇ ਸਾਂਝ ਨੂੰ ਪਿਛਲ ਖੁਰੀ ਹੋ ਜਾਣਾ ਪਿਆ ਅਤੇ ਹੁਣ ਗੱਲਾਂ ਇੱਕ ਦੂਜੇ ‘ਤੇ ਭਾਜੀ ਚ੍ਹਾੜਨ ਅਤੇ ਮੋੜਨ ਦੀਆਂ ਹੋ ਰਹੀਆਂ ਹਨ।
ਪੰਜਾਬ ਦਾ ਦਲਿਤ ਸਿੱਖ ਅਨੇਕਾਂ ਔਕੜਾਂ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਨਮੁਖ ਰਿਹਾ ਅਤੇ ਉਸ ਦੀ ਸਿੱਖ ਮੁਖਧਾਰਾ ਨਾਲ ਸਾਂਝ ਵੀ ਬਣੀ ਰਹੀ ਪਰ ਪਿਛਲੇ ਕੁਝ ਸਾਲਾਂ ਤੋਂ ਵਾਪਰੀਆਂ ਧਾਰਮਕ ਅਤੇ ਰਾਜਨੀਤਕ ਘਟਨਾਵਾਂ ਕਾਰਨ ਇਹ ਭਾਵਨਾਂ ਵੀ ਦਿਨੋਂ ਦਿਨ ਖੁਰਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਮਤਲਬ ਹਿੱਤ ਕੁਝ ਲੋਕਾਂ ਦਾ ਸਾਰਾ ਜ਼ੋਰ ਲੱਗਿਆਂ ਹੈ ਕਿ ਐਸੀ ਜ਼ਹਿਰ ਫੈਲਾਈ ਜਾਵੇ ਕਿ ਭਵਿੱਖ ਵਿਚ ਇਹਨਾਂ ਭਾਈਚਾਰਿਆਂ ਦੇ ਇਕੱਠੇ ਹੋਣ ਦਾ ਮੂਲ ਆਧਾਰ ਹਿਲਾ ਦਿੱਤਾ ਜਾਵੇ। ਇਸ ਤਰਾਂ ਦੇ ਸਰੋਕਾਰਾਂ ਪ੍ਰਤੀ ਸਿੱਖਾਂ ਦੀ ਮੁਖਧਾਰਾ ਕਰੀਬ ਕਰੀਬ ਬੇਫਿਕਰ ਹੈ । ਇਸ ਮੁਖਧਾਰਾ ਵਿਚ ਕੁਝ ਆਗੂ ਸਿਰਫ ਆਪਣੀ ਚੌਧਰ ਲਈ ਉਹਨਾਂ ਮੁੱਦਿਆਂ ਤੇ ਹੀ ਸੀਮਤ ਹੋ ਕੇ ਰਹਿ ਗਏ ਹਨ ਜਿਹਨਾਂ ਤੇ ਕਿ ਉਹਨਾਂ ਨੂੰ ਕਦੀ ਵੀ ਕਾਮਯਾਬੀ ਨਹੀ ਮਿਲਣੀ ਪਰ ਉਹ ਸਿੱਖਾਂ ਦੇ ਕੁਝ ਹਿੱਸੇ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਨਿਹਾਲ ਹੋ ਜਾਂਦੇ ਹਨ। ਪੰਜਾਬੀਆਂ ਦੇ ਆਪਸੀ ਸਬੰਧ ਖਾਲਿਸਤਾਨ ਦੀ ਮੰਗ ਨਾਲ ਤਾਂ ਵਧੇਰੇ ਹੀ ਤਣਾਓ ਗ੍ਰਸਤ ਹੋ ਜਾਂਦੇ ਹਨ । ਸਿੱਖ ਭਾਈਚਾਰਾ ਉਕਤ ਮੰਗ ਸਬੰਧੀ ਖੁਦ ਅੱਡੋ ਫਾੜ ਵੀ ਹੈ ਅਤੇ ਅੱਜ ਤਕ ਸਿੱਖਾਂ ਵਿਚ ਸਰਬ ਸਾਂਝੇ ਤੌਰ ਤੇ ਇੱਕ ਵੀ ਇਕੱਠ ਐਸਾ ਨਹੀਂ ਹੋਇਆ ਜਿਥੇ ਇਸ ਮੰਗ ਦੇ ਸਭ ਪੱਖਾਂ ਤੇ ਵਿਚਾਰ ਕੀਤੀ ਜਾਂਦੀ।
ਇਸ ਗੰਭੀਰ ਮੁੱਦੇ ਤੇ ਸਿੱਖ ਮਾਨਸਿਕਤਾ ਕਦੀ ਹਾਂ ਵਿਚ ਅਤੇ ਕਦੀ ਨਾਂ ਵਿਚ ਲੁੜਕ ਰਹੀ ਹੈ। ਸਿੱਖਾਂ ਦਾ ਕੁਝ ਭਾਗ ਤਾਂ ਇਥੇ ਖੜ੍ਹਾ ਹੈ ਕਿ ਕਿਓਂਕਿ ਸੰਤਾਂ ਨੇ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਣਾਂ ਹੈ ਉਦੋਂ ਖਾਲਿਸਤਾਨ ਦੀ ਨੀਂਅ ਰੱਖੀ ਜਾਣੀ ਹੈ ਇਸ ਕਰਕੇ ਨੀਂਹ ਰੱਖੀ ਗਈ ਹੈ ਜਦੋਂ ਬਣੂ ਉਦੋਂ ਸਹੀ। ਕੁਝ ਹੋਰ ਇਹ ਕਹਿ ਦਿੰਦੇ ਹਨ ਕਿ ਜਦੋਂ ਸਾਰੇ ਸਿੱਖ ਖਾਲਸੇ ਬਣ ਗਏ ਉਦੋਂ ਖਾਲਿਸਤਾਨ ਬਣ ਜਾਣਾਂ ਹੈ ਅਤੇ ਕੁਝ ਸਕਾਟਲੈਂਡ ਦੀ ਮਿਸਾਲ ਦੇ ਕੇ ਕਹਿੰਦੇ ਹਨ ਕਿ ਪੰਜਾਬ ਵਿਚ ਰਾਇਸ਼ੁਮਾਰੀ ਕਰਵਾ ਕੇ ਜਮਹੂਰੀ ਤਰੀਕੇ ਨਾਲ ਖਾਲਿਸਤਾਨ ਬਣਾਇਆ ਜਾਵੇਗਾ ਜਦ ਕਿ ਇਸ ਗੱਲ ਦਾ ਉਹਨਾਂ ਨੂੰ ਉੱਕਾ ਅਹਿਸਾਸ ਨਹੀਂ ਸਕਾਟਲੈਂਡ ਦੀ ਰਾਇਸ਼ੁਮਾਰੀ ਸਮੂਹਕ (inclusive) ਸੀ ਅਤੇ ਜੇਕਰ ਉਸੇ ਤਰਜ ਦੀ ਰਾਇਸ਼ੁਮਾਰੀ ਪੰਜਾਬ ਵਿਚ ਕਰਾਈ ਜਾਂਦੀ ਹੈ ਤਾਂ ਉਸ ਦੇ ਨਤੀਜੇ ਅਸਾਨੀ ਨਾਲ ਸਮਝੇ ਜਾ ਸਕਦੇ ਹਨ। ਉਹ ਇਹ ਵੀ ਨਹੀਂ ਸਮਝਦੇ ਜੇਕਰ ਰਾਏਸ਼ੁਮਾਰੀ ਕੇਵਲ ਸਿੱਖਾਂ ਵਿਚ ਹੀ ਕਰਵਾਈ ਜਾਂਦੀ ਹੈ ਤਾਂ ਤੁਸੀਂ ਦੂਜੇ ਭਾਈਚਾਰਿਆਂ ਨੂੰ ਨਜ਼ਰ ਅੰਦਾਜ਼ ਕਰਕੇ ਸ਼੍ਰੀ ਗੂਰੂ ਗ੍ਰੰਥ ਸਾਹਿਬ ਅਤੇ ਕੌਮਾਂਤਰੀ ਲੋਕਰਾਜੀ ਸਰੋਕਾਰਾਂ ਨੂੰ ਪਿੱਠ ਦੇ ਕੇ ਸਿੱਖ ਕਿੱਥੇ ਖੜ੍ਹਨਗੇ ? ਜੇਕਰ ਪੰਜਾਬ ਵਿਚ ਜਾਤੀ ਅਤੇ ਫਿਰਕੂ ਸੱਦਭਾਵਨਾਂ ਨੂੰ ਮੁਖ ਰੱਖਿਆ ਜਾਂਦਾ ਹੈ ਤਾਂ ਪੰਜਾਬ ਦੀ ਅਜ਼ਾਦੀ ਅਤੇ ਚੜ੍ਹਦੀ ਕਲਾ ਲਈ ਬਹੁਮਤ ਪੰਜਾਬੀਆਂ ਦੀ ਸਹੀ ਪੈਣੀ ਜਰੂਰੀ ਹੈ ਜੋ ਕਿ ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ। ਪੰਜਾਬੀਆਂ ਦੀ ਤਿੜਕੀ ਹੋਈ ਸਾਂਝ ਵਿਚੋਂ ਕੋਈ ਖਾਲਿਸਤਾਨ ਤਾਂ ਨਹੀਂ ਅੰਗਾਰ ਅਤੇ ਨਫਰਤ ਜ਼ਰੂਰ ਨਿਕਲ ਸਕਦੇ ਹਨ।
ਜਦੋਂ ਕਿਸੇ ਵੀ ਕੌਮ ਜਾਂ ਖਿੱਤੇ ਦੇ ਰਾਜਨੀਤਕ, ਧਾਰਮਕ ਜਾਂ ਸਮਾਜਕ ਅਮਲ ਖੁਦਪ੍ਰਸਤੀ ਤਕ ਸੀਮਤ ਰਹਿ ਜਾਣ ਤਾਂ ਉਸ ਕੌਮ ਦੇ ਲੋਕ ਪਹਿਲਾਂ ਸਮੂਹ ਤੋਂ ਟੁੱਟਦੇ ਹਨ ਅਤੇ ਫਿਰ ਉਹਨਾ ਦੇ ਆਪਣੇ ਅੰਦਰ ਸੰਪਰਦਾਇਕ ਅਤੇ ਜਾਤੀ ਜਮਾਤੀ ਭੰਨ ਤੋੜ ਹੋਣ ਲੱਗਦੀ ਹੈ ਅਤੇ ਸਾਰਾ ਭਾਈਚਾਰਾ ਪਾਸ਼ ਪਾਸ਼ ਹੋ ਜਾਂਦਾ ਹੈ। ਸਿੱਖਾਂ ਵਿਚ ਵੀ ਇਹ ਕੁਝ ਹੀ ਹੋ ਰਿਹਾ ਹੈ । ਨਾਂ ਤਾਂ ਖਾਲਿਸਤਾਨੀਆਂ ਦਾ ਆਪਸ ਵਿਚ ਤਾਲਮੇਲ ਬੈਠ ਰਿਹਾ ਹੈ ਅਤੇ ਨਾਂ ਹੀ ਅਕਾਲੀਆਂ ਅਤੇ ਕਾਂਗਰਸੀਆਂ ਵਿਚ। ਹਰ ਪਾਸੇ ਟੁੱਟ ਭੱਜ ਅਤੇ ਤਿਲਕਣਬਾਜੀ ਚਲ ਰਹੀ ਹੈ। ਦਿਨੋ ਦਿਨ ਲੋਕ ਕਿਸੇ ਆਦਰਸ਼ ਨੂੰ ਸਨਮੁਖ ਨਾਂ ਰਹਿ ਕੇ ਆਪਣੀ ਖੁਦਗਰਜ਼ੀ ਤਕ ਸੀਮਤ ਹੁੰਦੇ ਜਾ ਰਹੇ ਹਨ ਅਤੇ ਇਸ ਤਰਾਂ ਦੇ ਰੁਝਾਨ ਪੰਜਾਬ ਅਤੇ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਵਧਾਈ ਜਾ ਰਹੇ ਹਨ।
ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਕੀ ਹੋਣ ਵਾਲਾ ਹੈ ਇਸ ਸਬੰਧੀ ਦਾਅਵੇ ਨਾਲ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਜੇਕਰ ਅਕਾਲੀ ਦਲ ਅਤੇ ਬੀ ਜੇ ਪੀ ਦਰਮਿਆਨ ਚਲ ਰਿਹਾ ਖਿਚਾਓ ਤਰੇੜ ਬਣ ਗਿਆ ਤਾਂ ਹੋ ਸਕਦਾ ਹੈ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੋ ਜਾਵੇ। ਰਾਜਨੀਤਕ ਟੁੱਟ ਭੱਜ ਨੇ ਮੋੜਵੇਂ ਰੂਪ ਵਿਚ ਪੰਜਾਬ ਦੇ ਫਿਰਕੂ ਅਤੇ ਜਾਤੀ ਸਬੰਧਾਂ ਨੂੰ ਪ੍ਰਭਾਵਤ ਕਰਨਾਂ ਹੈ। ਇਹਨਾਂ ਅਮਲਾਂ ਵਿਚ ਸਭ ਤੋਂ ਵਧ ਦੋਸ਼ੀ ਉਹ ਲੋਕ ਹਨ ਜਿਹੜੇ ਕਿ ਗੈਰਜ਼ਿੰਮੇਵਾਰੀ ਨਾਲ ਆਪਣੇ ਤੰਗ ਰਾਜਨੀਤਕ / ਫਿਰਕੂ ਹਿੱਤਾਂ ਵਾਸਤੇ ਲੋਕਾਂ ਦਾ ਜਜ਼ਬਾਤੀ ਸ਼ੋਸ਼ਣ ਕਰਦੇ ਹੋਏ ਮਹਿਜ਼ ਉਕਸਾਓੂ ਨਾਅਰੇਬਾਜੀ ਕਰਕੇ ਡੰਗ ਟਪਾਈ ਕਰਦੇ ਹਨ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਵੱਖ ਵੱਖ ਗੁੱਟਾਂ ਵਿਚ ਸ਼ਾਮਲ ਐਸੇ ਅਨਸਰਾਂ ਤੋਂ ਸਾਵਧਾਨ ਹੁੰਦੇ ਹੋਏ ਜ਼ਿੰਮੇਵਾਰੀ ਦਾ ਸਬੂਤ ਦੇਣ।
ਕੁਲਵੰਤ ਸਿੰਘ ਢੇਸੀ ਯੂ ਕੇ
kulwantsinghdhesi@hotmail.com

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.