ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
* - = ਰਲੇਵੇਂ ਦੇ ਵਿਆਹ = - *
* - = ਰਲੇਵੇਂ ਦੇ ਵਿਆਹ = - *
Page Visitors: 2783

 * - = ਰਲੇਵੇਂ  ਦੇ  ਵਿਆਹ = - *
ਰਲਵਾਂ ਵਿਆਹ ਅਸੀਂ ਅਕਸਰ ਉਸ ਨੂੰ ਕਹਿੰਦੇ ਹਾਂ ਜਿਸ ਵਿਚ ਇੱਕ ਵਿਅਕਤੀ ਸਿੱਖ ਧਰਮ ਨਾਲ ਸਬਬੰਧ ਰੱਖਦਾ ਹੈ ਜਦ ਕਿ ਦੂਸਰਾ ਗੈਰ ਸਿੱਖ ਜਾ ਆਨਮਤੀ ਹੁੰਦ ਹੈ। ਯੂ ਕੇ ਵਿਚ ਸੰਨ 2007 ਵਿਚ ਅਜੇਹੇ ਵਿਆਹਾਂ ਦੇ ਮੁੱਦੇ ਤੇ ਸਿੰਘ ਸਭਾ ਗੁਰਦਆਰਾ ਕਾਵੈਂਟਰੀ ਵਿਚ ਇੱਕ ਸਾਂਝੀ ਮੀਟਿੰਗ ਸੱਦ ਕੇ ਇਸ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਸਬੰਧੀ ਆਮ ਸਹਿਮਤੀ ਨਾ ਹੋ ਸਕੀ ਕਿਓਂਕਿ ਉਹ ਮੀਟਿੰਗ ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਸੱਦੀ ਗਈ ਸੀ ਜੋ ਕਿ ਸਾਰੇ ਯੂ ਕੇ ਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਸੀ ਕਰਦੀ। ਸਾਡੇ ਭਾਈਚਾਰੇ ਵਿਚ ਜਥੇਬੰਦਕ ਸ਼ਰੀਕਾ ਵੀ ਕੁਝ ਇਸ ਤਰਾਂ ਦਾ ਹੈ ਕਿ ਕਿਸੇ ਮੁੱਦੇ ਤੇ ਕੋਈ ਵੀ ਜਥੇਬੰਦੀ ਆਪਣੇ ਵਾਲੋਂ ਕਿੰਨੀ ਵੀ ਸੰਜੀਦਾ ਕੋਸ਼ਿਸ਼ ਕਰੇ ਉਸ ਦਾ ਵਿਰੋਧ ਹੋਣਾ ਨਿਸ਼ਚਿਤ ਹੁੰਦਾ ਹੈ। ਕਈ ਵੇਰਾ ਇਹ ਵਿਰੋਧ ਪ੍ਰਤੱਖ ਹੁੰਦਾ ਹੈ ਅਤੇ ਕਈ ਵੇਰਾਂ ਗੁੱਝਾ। ਉਸ ਵੇਲੇ ਕਈ ਗੁਰਦੁਆਰਾ ਕਮੇਟੀਆਂ ਨੂੰ ਇਸ ਤਰਾਂ ਦੇ ਵਿਆਹਾਂ ਦੇ ਮੁੱਦੇ ਤੇ ਧਮਕੀਆਂ ਵੀ ਆਉਣ ਲੱਗ ਪਈਆਂ ਸਨ ਜਿਹਨਾ ਵਿਚ ਇਹਨਾ ਸਤਰਾਂ ਦੇ ਲੇਖਕ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਆਈ। ਸਾਡੇ ਗੁਰਦੁਆਰੇ ਆਪਣੇ ਇੱਕ ਮੁੰਡੇ ਦਾ ਗੋਰੀ ਕੁੜੀ ਨਾਲ ਵਿਆਹ ਹੋ ਰਿਹਾ ਸੀ । ਅਸੀਂ ਭਾਵੇਂ ਸਾਂਝਾ ਫੈਸਲਾ ਕਰਕੇ ਪੇਪਰ ਵਰਕ ਪੂਰਾ ਕਰ ਲਿਆ ਸੀ ਪਰ ਮੈਨੂੰ ਧਮਕੀ ਦੇਣ ਵਾਲੇ ਫੇਰ ਵੀ ਆਏ ਅਤੇ ਸਤਾਰਾਂ ਅਠਾਰਾਂ ਵਰ੍ਹਿਆਂ ਦੀ ਉਮਰ ਦੇ ਮੁੰਡਿਆਂ ਨੂੰ ਜਦੋਂ ਗ੍ਰਿਫਤਾਰ ਕਰਵਾਇਆ ਤਾਂ ਉਹਨਾ ਦੀ ਕਾਰ ਵਿਚ ਹਥਿਆਰ ਸਨ । ਮਗਰੋਂ ਸੁਨੇਹੇ ਆਉਣ ਲੱਗ ਪਏ ਕਿ ਆਖਰ ਮੁੰਡੇ ਤਾਂ ਆਪਣੇ ਹੀ ਹਨ ਅਤੇ ਛੱਡੋ ਜੀ ਛੱਡੋ ਜੀ ਹੋ ਗਈ।
 ਉਸ ਵੇਲੇ ਸ੍ਰੀ ਅਕਾਲ ਤਖਤ ਦੇ ਉਸ ਵੇਲੇ ਦੇ ਜਥੇਦਾਰ ਗਿ: ਜੋਗਿੰਦਰ ਸਿੰਘ ਵੇਦਾਂਤੀ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਇਸ ਮਾਮਲੇ ਵਿਚ ਯੂ ਕੇ ਦੇ ਸਿੱਖਾਂ ਨੂੰ ਇੱਕ ਸਰਬ ਸਾਂਝਾ ਸੰਦੇਸ਼ ਜਾਰੀ ਕਰਕੇ ਇੱਕ ਸਾਂਝੇ ਮਤੇ ਲਈ ਸਾਡੀ ਅਗਵਾਈ ਕਰਨ। ਜਥੇਦਾਰ ਜੀ ਨੇ ਇਹ ਸੰਦੇਸ਼ ਜਾਰੀ ਕਰਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਗੁਰਦੁਆਰੇ ਵਿਚ ਕੇਵਲ ਤੇ ਕੇਵਲ ਸਿੱਖ ਬੱਚਿਆਂ ਦੇ ਹੀ ਅਨੰਦ ਕਾਰਜ ਹੋ ਸਕਦੇ ਹਨ ਅਤੇ ਜੇਕਰ ਕਿਸੇ ਗੈਰ ਸਿੱਖ ਨੇ ਸਿੱਖ ਧਰਮ ਅਪਨਾਉਣਾ ਹੈ ਤਾਂ ਉਸ ਨੂੰ ਇੱਕ ਇਕਰਾਰਨਾਮੇ ਤੇ ਦਸਤਖਤ ਕਰਨੇ ਹੋਣਗੇ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਕਿਸੇ ਆਨ ਮੱਤ ਨੂੰ ਨਹੀਂ ਮੰਨਦਾ । ਉਹਨਾ ਦਿਸ਼ਾ ਨਿਰਦੇਸ਼ਾਂ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਪ੍ਰਾਰਥਕ ਖੰਡੇ ਬਾਟੇ ਦੀ ਪਹੁਲ ਵਿਚ ਵਿਸ਼ਵਾਸ ਰੱਖਦਾ/ਰੱਖਦੀ ਹੈ। ਇਹ ਵੀ ਸਪੱਸ਼ਟ ਤੌਰ ਤੇ ਲਿਖਿਆ ਗਿਆ ਸੀ ਕਿ ਵਿਆਹ ਤੋਂ ਪਹਿਲਾਂ ਪ੍ਰਾਰਥਕ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਲਗਾਵੇਗਾ/ਲਗਾਵੇਗੀ।
  ਭਾਵੇਂ ਯੂ ਕੇ ਦੇ ਬਹੁਤ ਸਾਰੇ ਗੁਰਦੁਆਰਿਆਂ ਨੇ ਇਹਨਾ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਨਾਂ ਤਾਂ ਕੱਟੜ ਸੋਚ ਵਾਲੇ ਨੌਜਵਾਨ ਹੀ ਸਹਿਮਤ ਹੋਏ ਅਤੇ ਨਾਂ ਹੀ ਬਹੁਤੇ ਅਗਾਂਹ ਵਧੂ ਲੋਕ ਸਹਿਮਤ ਹੋਏ। ਕੱਟੜ ਸੋਚ ਵਾਲੇ ਮਹਿਸੂਸ ਕਰਦੇ ਸਨ ਕਿ ਇਹ ਮਹਿਜ਼ ਇੱਕ ਪੇਪਰ ਵਰਕ ਹੈ ਅਤੇ ਗੈਰ ਸਿੱਖ ਇਸ ਨੂੰ ਆਪਣਾ ਰਾਹ ਸਾਫ ਕਰਨ ਲਈ ਵਰਤਦੇ ਰਹਿਣਗੇ ਜਦ ਕਿ  ਅਗਾਂਹ ਵਧੂ ਲੋਕ ਕਹਿੰਦੇ ਸਨ ਕਿ ਗੈਰ ਸਿੱਖ ਦੇ ਨਾਮ ਦੇ ਨਾਲ ਸਿੰਘ ਜਾਂ ਕੌਰ ਲਾਉਣਾ ਬੇਲੋੜਾ ਹੈ ਕਿਓਂਕਿ ਇਹ ਤਾਂ ਬਹੁਤ ਸਾਰੇ ਆਪਣੇ ਬੱਚੇ ਵੀ ਨਹੀਂ ਲਾਉਂਦੇ। ਰੇਡੀਓ ਅਤੇ ਟੀ ਵੀ ਤੇ ਕੁਝ ਵਿਅਕਤੀਆਂ ਨੇ ਸ੍ਰੀ ਅਕਾਲ ਤਖਤ ਤੋਂ ਆਏ ਸੰਦੇਸ਼ ਨੂੰ ਹੀ ਜਾਅਲੀ ਦੱਸਣ ਦੀ ਕੋਸ਼ਿਸ਼ ਕੀਤੀ ਕਿਓਂਕਿ ਉਹ ਇਸ ਸੰਦੇਸ਼ ਨੂੰ ਰਲਵੇਂ ਵਿਆਹਾਂ ਵਿਚ ਵੱਡਾ ਅੜਿੱਕਾ ਸਮਝਦੇ ਸਨ।
  ਇਸ ਮੁੱਦੇ ਤੇ ਦਿਨੋ ਦਿਨ ਤਣਾਓ ਵਧਦਾ ਗਿਆ। ਇੱਕ ਪਾਸੇ ਨੌਜਵਾਨ ਬਹੁਤ ਗਰਮ ਹੋ ਰਹੇ ਸਨ ਅਤੇ ਦੂਜੇ ਪਾਸੇ ਗੁਰਦੁਆਰੇ ਵਾਲਿਆਂ ਨੇ ਵੀ ਕਰੜਾ ਰਵੱਈਆ ਧਾਰਨ ਕਰ ਲਿਆ ਸੀ ਅਤੇ ਉਹ ਰਲਵੇਂ ਵਿਆਹਾਂ ਲਈ ਨਿੱਜੀ ਸਕਿਓਰਿਟੀ ਦਾ ਇੰਤਜ਼ਾਮ ਕਰਨ  ਲੱਗ ਪਏ ਸਨ। ਸੋਸ਼ਲ ਸਾਈਟਾਂ ਤੇ ਆਏ ਦਿਨ ਕੁਝ ਨਾ ਕੁਝ ਐਸਾ ਦੇਖਣ ਨੂੰ ਮਿਲਦਾ ਜਿਸ ਨਾਲ ਪੰਥ ਦਰਦੀਆਂ ਦਾ ਦਿਲ ਤੜਫ ਕੇ ਰਹਿ ਜਾਂਦਾ। ਕਈ ਗੁਰਦਆਰਿਆਂ ਦੇ ਪ੍ਰਬੰਧਕ ਤਾਂ ਗੰਦੀਆਂ ਗਾਲਾਂ ਤਕ ਕੱਢਦੇ ਸੁਣੇ ਗਏ। ਏਸੇ ਸਬੰਧ ਵਿਚ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਚ ਜਦੋਂ ਟਕਰਾਓ ਹੋਇਆਂ ਤਾਂ ਉਹਨਾ ਨੇ ਸਿੱਖ ਕੌਂਸਲ ਯੂ ਕੇ ਨੂੰ ਪਹੁੰਚ ਕਰਕੇ ਇਸ ਮੁੱਦੇ ‘ਤੇ ਅਗਵਾਈ ਕਰਨ ਲਈ ਬੇਨਤੀ ਕੀਤੀ ਜੋ ਕਿ ਕੌਂਸਲ ਨੇ ਤਤਕਾਲ ਮੰਨ ਲਈ ਅਤੇ ਇਸ ਸਬੰਧ ਵਿਚ ਇੱਕ ਮੀਟਿੰਗ 23 ਅਗਸਤ 2015 ਨੂੰ  ਰੱਖੀ ਗਈ ਸੀ। ਇਸ ਮੀਟਿੰਗ ਵਿਚ ਕੌਂਸਲ ਸਰਬ ਸੰਮਤੀ ਨਾਲ ਜਿਹੜੇ ਫੈਸਲੇ ਲੈਣ ਵਿਚ ਕਾਮਯਾਬ ਹੋਈ ਉਹ ਸੰਖੇਪ ਵਿਚ ਇਹ ਹਨ-
1) ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰਦੁਆਰੇ ਵਿਚ ਅਨੰਦ ਕਾਰਜ ਕੇਵਲ ਸਿੱਖ ਜੋੜਿਆਂ ਦੇ ਹੀ ਹੋ ਸਕਦੇ ਹਨ ।
2) ਜੇਕਰ ਗੈਰ ਸਿੱਖ ਨੇ ਸਿੱਖ ਧਰਮ ਵਿਚ ਆਉਣਾ ਹੋਵੇ ਤਾਂ ਉਸ ਨੂੰ ਇੱਕ ਇਕਰਾਰਨਾਮੇ ਤੇ ਦਸਤਖਤ ਕਰਨ ਦੇ ਨਾਲ ਨਾਲ ਕਾਨੂੰਨੀ ਤੌਰ ਤੇ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਲਗਾਉਣਾ ਹੋਵੇਗਾ।
3) ਜਿਹੜੇ ਭਾਈਚਾਰੇ ਇਤਹਾਸਕ ਤੌਰ ਤੇ ਸਿੱਖੀ ਨਾਲ ਜੁੜੇ ਰਹੇ ਹਨ ਉਹਨਾ ਨੂੰ ਅਨੰਦ ਕਾਰਜ  ਦੀ ਕੋਈ ਵੀ ਮਨਾਹੀ ਨਹੀਂ ਹੈ।
4) ਅਨੰਦ ਕਾਰਜ ਕਰਨ ਵਾਲੇ ਸਿੱਖ ਜੋੜਿਆਂ ਲਈ ਇੱਕ ਐਸਾ ਵਿੱਦਿਅਕ ਪ੍ਰੋਗ੍ਰਾਮ ਬਣਾਇਆ ਜਾਵੇਗਾ ਜਿਸ ਵਿਚ ਉਹਨਾ ਨੂੰ ਸਿੱਖੀ, ਅਨੰਦ ਕਾਰਜ ਦੇ ਮਹੱਤਵ ਅਤੇ ਵਿਧੀ ਵਿਧਾਨ ਬਾਬਤ ਜਾਣਕਾਰੀ ਦਿੱਤੀ ਜਾਵੇਗੀ।
5) ਅਗਲੇ ਛੇ ਮਹੀਨੇ ਲਈ ਨੌਜਵਾਨ ਕੋਈ ਮੁਜ਼ਾਹਰਾ ਨਹੀਂ ਕਰਨਗੇ ਅਤੇ ਇਸ ਵਕਫੇ ਵਿਚ ਗੁਰਦੁਆਰੇ ਜਿਥੇ ਅਨੰਦ ਕਾਰਜਾਂ ਦੀ ਸੂਚੀ ਦੀ ਪੜਤਾਲ ਕਰਨਗੇ ਉਥੇ ਸਿੱਖ ਕੌਂਸਲ ਦੇ ਅਨੰਦ ਕਾਰਜ ਸਬੰਧੀ ਵਿੱਦਿਅਕ ਪ੍ਰੋਗ੍ਰਾਮ ਵਿਚ ਸਹਾਇਤਾ ਵੀ ਕਰਨਗੇ।
       ਇਸ ਮੀਟਿੰਗ ਤੋਂ ਬਾਅਦ ਯੂ ਕੇ ਵਿਚ ਸਮੂਹਕ ਤੌਰ ਤੇ ਸੁੱਖ ਦਾ ਸਾਹ ਅਇਆ ਸੀ ਅਤੇ ਬਹੁ ਸੰਮਤੀ ਲੋਕ ਕੌਂਸਲ ਦੇ ਇਸ ਫੈਸਲੇ ਨਾਲ ਸੰਤੁਸ਼ਟ ਸਨ। ਇਹ ਤਾਂ ਹੁਣ ਆਉਣ ਵਾਲੇ ਦਿਨਾ ਵਿਚ ਹੀ ਪਤਾ ਲੱਗੇਗਾ ਕਿ ਇਸ ਸਬੰਧ ਵਿਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਨੌਜਵਾਨਾਂ ਵਲੋਂ ਕੀ ਪ੍ਰਤੀਕਰਮ ਆਉਂਦੇ ਹਨ।
  ਅਸਲ ਸਮੱਸਿਆ ਇਹ ਹੈ ਕਿ ਇਸ ਦੇਸ਼ ਵਿਚ ਸਾਡੇ ਬਹੁਤੇ ਲੋਕ ਧੁੱਸ ਦੇ ਕੇ ਕੰਮ / ਕਾਰੋਬਾਰ ਕਰਨ ਵਿਚ ਰੁਝੇ ਰਹੇ ਹੋਣ ਕਾਰਨ ਉਹਨਾ ਦੇ ਬੱਚੇ ਢਿੱਡੋਂ ਅੰਗਰੇਜ਼ ਬਣ ਗਏ । ਸਾਰੇ ਯੂ ਕੇ ਵਿਚ ਸ਼ਾਇਦ ਹੀ ਕੋਈ ਐਸਾ ਪਰਿਵਾਰ ਹੋਵੇ ਜਿਹਨਾ ਦੇ ਏਥੇ ਜੰਮੇ ਬੱਚੇ ਆਪਸ ਵਿਚ ਪੰਜਾਬੀ ਵਿਚ ਗੱਲ ਕਰਦੇ ਹੋਣ। ਇਸੇ ਤਰਾਂ ਜਿਥੇ ਜੀਵਨ ਦੇ ਹੋਰ ਸਰੋਕਾਰਾਂ ਪ੍ਰਤੀ ਉਹਨਾ ਦੀ ਪਹੁੰਚ ਪੱਛਮੀ ਤਰਜ਼ ਦੀ ਹੈ ਉਥੇ ਵਿਆਹਾਂ ਸਬੰਧੀ ਉਹਨਾ ਦੀ ਹਾਲਤ ਪੱਛਮ ਨਾਲੋਂ ਵੀ ਮਾੜੀ ਹੈ। ਇਸ ਦਾ ਮੁਖ ਕਾਰਨ ਮੂੰਹਾਂ ਵਿਚ ਸੋਨੇ ਦੇ ਚਮਚੇ ਲੈ ਕੇ ਉਹਨਾ ਦੇ ਜੰਮੇ ਹੋਣਾਂ ਅਤੇ ਦੋ ਬੇੜੀਆਂ ਵਿਚ ਸਵਾਰ ਹੋਣਾ ਹੈ। ਸਾਡੇ ਪਾਠਕ ਇਹ ਜਾਣ ਕੇ ਸ਼ਾਇਦ ਬਹੁਤ ਹੈਰਾਨ ਹੋਣ ਕਿ ਤਲਾਕਾਂ ਅਤੇ ਛੱਡ ਛਡਾਈ ਦੇ ਮਾਮਲੇ ਵਿਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਬੇਅੰਮ੍ਰਿਤੀਆਂ ਨਾਲੋਂ ਘੱਟ ਨਹੀਂ ਹਨ ਅਤੇ ਐਸੇ ਐਸੇ ਨੌਜਵਾਨਾਂ ਦੇ ਵਿਆਹ ਤਿੜਕੇ ਹਨ ਜੋ ਕਿ ਨਾ ਕੇਵਲ ਸਿੱਖੀ ਦੀ ਸੂਝ ਬੂਝ ਹੀ ਰੱਖਦੇ ਹਨ ਸਗੋਂ ਉਹਨਾ ਵਿਚੋਂ ਕਈ ਆਪ ਵੀ ਅਤੇ ਉਹਨਾ ਦੇ ਮਾਪੇ ਵੀ ਆਗੂਆਂ, ਪ੍ਰਚਾਰਕਾਂ ਅਤੇ ਜਥੇਦਾਰਾਂ ਦਾ ਰੁਤਬਾ ਰੱਖਦੇ ਹਨ।
ਇਸ ਵੇਲੇ ਵਿਆਹਾਂ ਸਬੰਧੀ ਵਾਦ ਵਿਵਾਦ ਪੂਰੇ ਜ਼ੋਰਾਂ ਤੇ ਹੈ ਅਤੇ ਹੇਠ ਲਿਖੇ ਮੁੱਦਿਆਂ ਤੇ ਬਹਿੰਸਾਂ ਆਮ ਹੁੰਦੀਆਂ ਹਨ-
1) ਅੱਜਕਲ ਤਾਂ ਬੱਚੇ ਵਿਆਹ ਤੋਂ ਪਹਿਲਾਂ ਹੀ ਸ਼ਰੀਰਕ ਸਬੰਧ ਬਣਾ ਲੈਂਦੇ ਹਨ ਬਾਕੀ ਤਾਂ ਐਵੇਂ  ਵਿਖਾਵਾ ਹੀ ਹੁੰਦਾ ਹੈ, ਕੀ ਫਰਕ ਪੈਂਦਾ ਹੈ।
2) ਵਿਆਹ ਵਾਲੇ ਦਿਨ ਮੁੰਡਾ ਨਿੱਕੀ ਨਿੱਕੀ ਦਾਹੜੀ ਰੱਖਕੇ ਅਤੇ ਇੱਕ ਦਿਨ ਲਈ ਪੱਗ ਬੰਨ੍ਹ ਕੇ ਉਸੇ ਹੀ ਦਿਨ ਜਿਥੇ ਆਪਣੀ ਦਾਹੜੀ ਨੂੰ ਡਰੇਨ ਵਿਚ ਵਹਾ ਦਿੰਦਾ ਹੈ ਉਥੇ ਨਾਲ ਹੀ ਪੱਗ ਵੀ ਉਤਾਰ ਦਿੰਦਾ ਹੈ । ਇਹ ਸਿੱਖੀ ਨੂੰ ਮਜ਼ਾਕ ਨਹੀਂ ਤਾਂ ਹੋਰ ਕੀ ਹੈ? ਫਿਰ ਅਸੀਂ ਗੈਰ ਸਿੱਖਾਂ ਤੇ ਪਾਬੰਦੀਆਂ ਕਿਓਂ ਲਾਉਂਦੇ ਹਾਂ?
3) ਇਸ ਦੇਸ਼ ਵਿਚ ਵਿਚਕਾਰਲਾ ਨਾਮ ਤਾਂ ਵੈਸੇ ਹੀ ਉਤਾਰ ਦਿੱਤਾ ਜਾਂਦਾ ਹੈ ਜਦ ਕਿ ਬਹੁ ਗਿਣਤੀ ਵਿਚ ਸਾਡੇ ਬੱਚੇ ਸਿੰਘ ਕੌਰ ਨਹੀਂ ਲਾਉਂਦੇ ਤਾਂ ਫਿਰ ਗੈਰ ਸਿੱਖਾਂ ਲਈ ਇਹ ਲਾਜ਼ਮੀ ਕਰਕੇ ਅਸੀਂ ਪੱਖਪਾਤ (Discrimination) ਕਿਓਂ ਕਰਦੇ ਹਾਂ?
4) ਸਾਡੇ ਆਪਣੇ ਜੋੜਿਆਂ ਦੇ ਮਨਾ ਵਿਚ ਅਨੰਦ ਕਾਰਜ ਲਈ ਕੋਈ ਸ਼ਰਧਾ ਨਹੀਂ ਅਤੇ ਉਹ ਜਿਥੇ ਅਨੰਦ ਕਾਰਜ ਤੇ ਬੈਠੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਹਨ ਉਥੇ ਲਾਵਾਂ ਲੈਦਿਆਂ ਅਕਸਰ ਹੀ ਕੁੜੀ ਆਪਣੇ ਭਰਾਵਾਂ ਨਾਲ ਗੱਲਾਂ ਕਰਦੀ ਜਾਂਦੀ ਹੈ, ਕੀ ਇਹ ਅਨੰਦ ਕਾਰਜ ਵਰਗੀ ਪਵਿੱਤਰ ਰਸਮ ਦੀ ਘੋਰ ਬੇਅਦਬੀ ਨਹੀਂ?
5) ਕਈ ਵੇਰਾਂ ਜਿਥੇ ਗੈਰ ਸਿੱਖ ਪੂਰੀ ਸ਼ਰਧਾ ਨਾਲ ਸਿੱਖੀ ਨੂੰ ਸਮਝ ਕੇ ਅਨੰਦ ਕਾਰਜ ਲੈਣਾ ਚਾਹੁੰਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਸਿੱਖ ਬਨਾਉਣ ਲਈ ਰਾਜ਼ੀ ਹੁੰਦਾ ਹੈ ਉਸ ਨੂੰ ਅਸੀਂ ਅਨੰਦ ਕਾਰਜ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਪਰ ਆਪਣਿਆਂ ਲਈ ਖੁਲ੍ਹ ਹੈ ਕਿਓਂਕਿ ਉਹ ਸਿੱਖ ਘਰਾਣਿਆਂ ਵਿਚ ਜੰਮੇ ਹਨ। ਕੀ ਇਹ ਜਾਇਜ਼ ਹੈ?
  ਇਸ ਤਰਾਂ ਦੀ ਹੋ ਰਹੀ ਚਰਚਾ ਤੋਂ ਇਲਾਵਾ ਅਮਲੀ ਤੌਰ ਤੇ ਕੁਝ ਇੱਕ ਐਸੀਆਂ ਮਿਸਾਲਾਂ ਵੀ ਮਿਲਦੀਆਂ ਹਨ ਜਿਥੇ ਗੈਰ ਸਿੱਖ ਨਾ ਕੇਵਲ ਸਿੱਖੀ ਅਤੇ ਗੁਰਬਾਣੀ ਨੂੰ ਸਮਝ ਕੇ ਆਪਣੇ ਸਾਥੀ ਨਾਲ ਅਨੰਦ ਕਾਰਜ ਕਰਨਾ ਚਾਹੁੰਦਾ ਹੈ ਪਰ ਉਸ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਜਦ ਕਿ ਇਹ ਮਿਸਾਲਾਂ ਆਮ ਹਨ ਕਿ ਸਾਡੇ ਬਹੁਤ ਸਾਰੇ ਬੱਚੇ ਵਿਆਹ ਤੋਂ ਪਹਿਲਾਂ ਸ਼ਰਾਬ / ਸਿਗਰਟ ਦਾ ਸੇਵਨ ਕਰਕੇ ਅਗਲੇ ਦਿਨ ਵਕਤੀ ਜਿਹਾ ਢੋਂਗ ਕਰਦੇ ਹੋਏ ਗੁਰਦੁਆਰੇ ਵਿਆਹ ਕਰਵਾਉਣ ਆ ਜਾਂਦੇ ਹਨ ਅਤੇ ਅਸੀਂ ਉਹਨਾ ਦਾ ਬਿਨਾ ਕਿਸੇ ਝਿਜਕ ਤੋਂ ਅਨੰਦ ਕਾਰਜ ਕਰ ਦਿੰਦੇ ਹਾਂ।ਸਾਡੇ ਬੱਚਿਆਂ ਦੇ ਤਲਾਕਾਂ ਦੀ ਗਿਣਤੀ ਮੁਖ ਧਾਰਾ ਨਾਲੋਂ ਕਿਸੇ ਵੀ ਤਰਾਂ ਘੱਟ ਨਹੀਂ ਅਤੇ ਜ਼ਿਆਦਾਤਰ ਮਾਪੇ ਇਸ ਗੱਲੋਂ ਪੀੜਤ ਵੀ ਹਨ। ਬੱਚਿਆਂ ਦੇ ਇਸ ਰੁਝਾਨ ਕਾਰਨ ਨਾ ਕੇਵਲ ਬਹੁਤ ਸਾਰੇ ਮਾਪਿਆਂ ਦੀ ਉਮਰ ਭਰ ਦੀ ਕੀਤੀ ਕਮਾਈ ਭੰਗ ਦੇ ਭਾੜੇ ਗਈ ਹੈ ਸਗੋਂ ਬੱਚਿਆਂ ਦੇ ਫਿਕਰ ਅਤੇ ਤਣਾਓ ਕਾਰਨ ਉਹਨਾ ਨੇ ਆਪਣੇ ਸ਼ਰੀਰਾਂ ਨੂੰ ਰੋਗ ਵੀ ਲਾ ਲਏ ਹਨ।
  ਇਹ ਸਾਰੀਆਂ ਹੀ ਗੱਲਾਂ ਆਪੋ ਆਪਣੇ ਥਾਂ ਤੇ ਸਹੀ ਹਨ ਅਤੇ ਦੁਖਦਾਇਕ ਹਨ ਪਰ ਸਾਊਥਾਲ ਦੀ ਮੀਟਿੰਗ ਵਿਚ ਜਿਸ ਗੱਲ ਤੇ ਮੈਂ ਜ਼ੋਰ ਦਿੱਤਾ ਸੀ ਉਹ ਇਹ ਸੀ ਕਿ ਜਿਹੜੇ ਭਾਈਚਾਰੇ ਸਦੀਆਂ ਤੋਂ ਸਿੱਖੀ ਨਾਲ ਜੁੜੇ ਰਹੇ ਹਨ ਪਰ ਉਹਨਾ ਦੇ ਨਾਮ ਸਿੰਘ ਅਤੇ ਕੌਰ ਨਹੀਂ ਹਨ ਉਹਨਾ ‘ਤੇ ਅਨੰਦ ਕਾਰਜ ਸਬੰਧੀ ਰੁਕਾਵਟਾਂ ਨਾ ਲਾਈਆਂ ਜਾਣ। ਮੀਟਿੰਗ ਤੋਂ ਮਗਰੋਂ ਜਦੋਂ ਕੁਝ ਗਰਮ ਖਿਆਲੀ ਸਿੱਖਾਂ ਨੂੰ ਮੈਂ ਹੋਏ ਫੈਸਲੇ ਤੇ ਬਹੁਤਾ ਸੰਤੁਸ਼ਟ ਨਾਂ ਦੇਖਿਆ ਤਾਂ ਮੈਂ ਬਾਬਾ ਮੋਤੀ ਰਾਮ ਮਹਿਰਾ ਦੀ ਮਿਸਾਲ ਕਈਆਂ ਨੂੰ ਦਿਤੀ। ਬਾਬਾ ਮੋਤੀ ਰਾਮ ਮਹਿਰਾ ਨੇ ਸੂਬੇ ਸਰਹੰਦ ਦੀ ਕੈਦ ਵਿਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਤੇ ਦੁੱਧ ਪਿਲਾਇਆ ਸੀ ਜਿਸ ਦੇ ਸਿੱਟੇ ਵਜੋਂ ਉਸ ਨੂੰ ਸਮੇਤ ਪਰਿਵਾਰ ਕੋਹਲੂ ਵਿਚ ਪੀੜ ਦਿੱਤਾ ਗਿਆ ਸੀ। ਅੱਜ ਕੀ ਅਸੀਂ ਉਹਨਾ ਦੀਆਂ ਅਗਲੀਆਂ ਪੀੜ੍ਹੀਆਂ ਨੂੰ  ਗੁਰਦਆਰਿਆਂ ਦੀਆਂ ਜਨਮ, ਅਨੰਦ ਅਤੇ ਅਕਾਲ ਚਲਾਣੇ ਵਰਗੀਆਂ ਸੇਵਾਵਾਂ ਲੈਣ ਤੋਂ ਵੰਚਿਤ ਕਰਾਂਗੇ ਕਿ ਉਹਨਾ ਦੇ ਨਾਮ ਨਾਲ ਸਿੰਘ ਜਾਂ ਕੌਰ ਨਹੀਂ। ਸ਼ੁਕਰ ਹੈ ਕਿ ਸਿੱਖ ਕੌਂਸਲ ਨੇ ਇਸ ਮੁੱਦੇ ਤੇ ਪਹਿਰਾ ਦਿੱਤਾ ਹੈ ਅਤੇ ਸਿੱਖ ਧਰਮ ਵਿਚ ਪੈ ਰਹੇ ਖਿਲਾਰੇ ਨੂੰ ਰੋਕਣ ਵਿਚ ਇਤਹਾਸਕ ਰੋਲ ਅਦਾ ਕੀਤਾ ਹੈ।    
   ਸਿੱਖ ਕੌਸਲ ਯੂ ਕੇ ਦੇ ਫੈਸਲੇ ਦੀ ਇਸ ਪੱਖ ਤੋਂ ਵੀ ਸਿਫ਼ਤ ਕਰਨੀ ਬਣਦੀ ਹੈ ਕਿ ਉਹਨਾ ਨੇ ਅਨੰਦ ਕਾਰਜ ਤੋਂ ਪਹਿਲਾਂ ਜੋੜਿਆਂ ਨੂੰ ਇਸ ਰਸਮ ਦੀ ਵਿਸ਼ੇਸ਼ਤਾ ਅਤੇ ਵਿਧੀ ਦੱਸਣ ਦੇ ਨਾਲ ਨਾਲ ਗ੍ਰਹਿਸਤ ਜੀਵਨ  ਬਾਰੇ ਅਤੇ ਸਿੱਖੀ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵਿੱਦਿਅਕ ਪ੍ਰੋਗ੍ਰਾਮ ਨਿਰਧਾਰਤ ਕਰਨ ਦਾ ਫੈਸਲਾ ਵੀ ਲਿਆ ਹੈ। ਇਸ ਦੇ ਪਾਬੰਦ ਹੋਣ ਲਈ ਹਰ ਗੁਰਦੁਆਰੇ ਨੂੰ ਬੇਨਤੀ ਕੀਤੀ ਜਾਵੇਗੀ। ਇਹ ਮਹਾਨ ਫੈਸਲਾ ਹੋਣ ਮਗਰੋਂ ਵੀ ਨਿਰਸੰਦੇਹ ਕੁਝ ਐਸੇ ਵਿਅਕਤੀਆਂ ਦੇ ਸਰਗਰਮ ਰਹਿਣ ਦਾ ਸ਼ੰਕਾ ਹੈ ਜੋ ਕਿ ਜਾਂ ਤਾਂ ਬੱਚਿਆਂ ਨੂੰ ਵਿਆਹ ਸਬੰਧੀ ਪੂਰੀ ਖੁਲ੍ਹ ਦੇਣ ਦੇ ਹੱਕ ਵਿਚ ਹੋਣਗੇ ਅਤੇ ਜਾਂ ਸਿੱਖੀ ਸਬੰਧੀ ਆਪਣੀ ਹੀ ਐਨਕ ਨੂੰ ਪ੍ਰਮਾਣਕ ਗਰਦਾਨਣਗੇ। ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਐਸੇ ਅਨਸਰਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਣ ਅਤੇ ਸਿੱਖ ਕੌਂਸਲ ਯੂ ਕੇ ਦੇ ਸਰਬ ਸਾਂਝੇ ਫੈਸਲੇ ਨੂੰ ਸਰਬੋ ਸਰਬਾ ਲਾਗੂ ਕਰਨ ਲਈ ਸਹਿਯੋਗ ਦਿੱਤਾ ਜਾਵੇ। ਸਿੱਖ ਧਰਮ ਨਿਰਸੰਦੇਹ ਮਾਨਸ ਦੀ ਜਾਤ ਨੂੰ ਇੱਕੋ ਪ੍ਰਮਾਤਮਾਂ ਦੀ ਅੰਸ਼ ਮੰਨਦਾ ਹੈ ਪਰ ਗੁਰਬਾਣੀ, ਗੁਰਦੁਆਰੇ, ਗੁਰਮੁਖੀ ਅਤੇ ਆਪਣੀ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਨਾਲ ਸਰਬ ਸਾਂਝੀਵਾਲਤਾ ਦੇ ਉਦੇਸ਼ ਦੀ ਕਿਸੇ ਤਰਾਂ ਵੀ ਉਲੰਘਣਾਂ ਨਹੀਂ ਹੁੰਦੀ ਜਦ ਕਿ ਕਿਸੇ ਵੀ ਸਮਾਜ ਅਥਵਾ ਧਰਮ ਦੀ ਏਕਤਾ ਅਤੇ ਅਨੁਸਾਸ਼ਨ ਦੀ ਸਲਾਮਤੀ ਲਈ ਉਸ ਦੇ ਵਿਸ਼ੇਸ਼ ਮੁੱਲਾਂ ਅਤੇ ਰਹਿਤ ਬਹਿਤ ਵਿਚ ਪਰਪੱਕਤਾ ਤੇ ਪਹਿਰਾ ਜ਼ਰੂਰੀ ਹੁੰਦਾ ਹੈ।
ਕੁਲਵੰਤ ਸਿੰਘ ਢੇਸੀ, ਯੂ ਕੇ
0044 7854 136 413

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.