ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਬਾਦਲਾਂ ਦੀ ਮਨਮਾਨੀ ਅਤੇ ਬਾਕੀਆਂ ਦੀ ਨਾਕਾਮੀ ਲੈ ਡੁਬੇਗੀ ਪੰਥ ਅਤੇ ਪੰਜਾਬ ਨੂੰ (1)
ਬਾਦਲਾਂ ਦੀ ਮਨਮਾਨੀ ਅਤੇ ਬਾਕੀਆਂ ਦੀ ਨਾਕਾਮੀ ਲੈ ਡੁਬੇਗੀ ਪੰਥ ਅਤੇ ਪੰਜਾਬ ਨੂੰ (1)
Page Visitors: 2937

ਬਾਦਲਾਂ ਦੀ ਮਨਮਾਨੀ ਅਤੇ ਬਾਕੀਆਂ ਦੀ ਨਾਕਾਮੀ ਲੈ ਡੁਬੇਗੀ ਪੰਥ ਅਤੇ ਪੰਜਾਬ ਨੂੰ (1)
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਿਰਸੇ ਦੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਮੁਆਫੀ ਦਿੰਦਿਆਂ ਹੀ ਕੌਮ ਵਿਚ ਜਿਸ ਕਿਸਮ ਦਾ ਵਿਰੋਧ ਉੱਠਿਆ ਹੈ ਉਸ ਤੋਂ ਜਾਪਦਾ ਹੈ ਕਿ ਪੰਜਾਬ ਸਿਵਲ ਵਾਰ ਵਰਗੇ ਹਾਲਾਤਾਂ ਵਲ ਵਧ ਰਿਹਾ ਹੈ। ਇਸ ਮੁਆਫੀ ਨਾਮੇ ਦੇ ਨਾਲ ਹੀ ਸੋਸ਼ਲ ਸਾਈਟਾਂ ਤੇ ਜਥੇਦਾਰ ਗੁਰਬਚਨ ਸਿੰਘ ਅਤੇ ਬਾਕੀ ਦੇ ਜਥੇਦਾਰਾਂ ਖਿਲਾਫ ਬੜੀਆਂ ਹੀ ਘਟੀਆਂ ਅਤੇ ਸ਼ਰਮਨਾਕ ਟਿੱਪਣੀਆਂ ਦਾ ਹੜ ਆ ਗਿਆ ਹੈ। ਸਿੱਖ ਇਤਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਆਮ ਸਿੱਖਾਂ ਵਲੋਂ ਹਰ ਕਿਸਮ ਦਾ ਚਿੱਕੜ ਸੁੱਟਿਆ ਜਾ ਰਿਹਾ ਹੈ । ਇਸ ਦਾ ਕਾਰਨ ਜਿਥੇ ਸ: ਬਾਦਲ ਵਲੋਂ ਭਾਜਪਾ ਨੂੰ ਬੇਸ਼ਰਤ ਹਿਮਾਇਤ ਦੇਣਾ ਹੈ ਉਥੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਮੁਖ ਮੰਤਰੀ ਦਾ ਬਿਨਾ ਕਿਸੇ ਸ਼ਰਤ ਹੁਕਮ ਮੰਨਣਾਂ ਵੀ ਹੈ। ਇਹ ਪਹਿਲੀ ਵੇਰ ਹੋਇਆ ਕਿ ਜਿਸ ਸਿੱਖ ਨੇ ਜੀਵਨ ਵਿਚ ਕਦੀ ਕਿਸੇ ਕੁੱਤੇ ਨੂੰ ਵੀ ਬੁਰਾ ਬੋਲ ਨਹੀਂ ਸੀ ਕਿਹਾ ਉਹ ਹੁਣ ਇਸ ਜਥੇਦਾਰ ਅਤੇ ਇਸ ਦੇ ਨਾਲ ਦੇ ਚਾਰ ਹੋਰ ਅਖੌਤੀ ਜਥੇਦਾਰਾਂ ਨੂੰ ਸਿੱਧੀਆਂ ਗਾਲਾਂ ਕੱਢ ਰਿਹਾ ਹੈ। ਇਹ ਸਿੱਖ ਕੌਮ ਲਈ ਬੜਾ ਹੀ ਸ਼ਰਮਨਾਕ ਅਤੇ ਗਿਲਾਨੀ ਭਰਿਆ ਸਮਾਂ ਹੈ।
 ਸੱਚੇ ਸੋਦੇ ਦੇ ਨਾਮ ਹੇਠ ਚਲ ਰਹੇ ਹਰਿਆਣਾ ਵਿਚ ਸਿਰਸੇ ਦੇ ਨਾਮ ਤੇ ਡੇਰਾ ਜਿਸ ਨੂੰ ਸਿੱਖ ਕੌਮ ਝੂਠਾ ਸੌਦਾ ਕਹਿ ਰਹੀ ਹੈ ਦੇ ਸੰਚਾਲਕ ਗੁਰਮੀਤ ਰਾਮ ਰਹੀਮ ਇੰਸਾਂ ਨੇ ਸੰਨ 2007 ਵਿਚ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ ਸੰਚਾਰ ਕਰਨ ਦੀ ਨਕਲ ਕੀਤੀ ਸੀ ਤਾਂ ਉਸ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮਾਜਕ ਬਾਈਕਾਟ ਕਰ ਦਿੱਤਾ ਸੀ ਜਦ ਕਿ ਪੰਜਾਬ ਸਰਕਾਰ ਨੇ ਉਸ ਦੇ ਪੰਜਾਬ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਸੀ। 20 ਮਈ 2007 ਨੂੰ ਬਠਿੰਡਾਂ ਪੁਲਸ ਵਲੋਂ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਵੱਖ ਵੱਖ ਭਾਈਚਾਰਿਆਂ ਵਿਚ ਨਫਰਤ ਪੈਦਾ ਕਰਨ ਅਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀਆਂ ਵੱਖ ਵੱਖ ਧਾਰਾ ਜਿਵੇਂ ਕਿ 295 ਏ, 298 ਅਤੇ 153 ਏ ਦੇ ਅਧੀਨ ਸੌਦਾ ਸਾਧ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਜਦ ਕਿ ਬਠਿੰਡਾ ਨਿਵਾਸੀ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ਤੇ ਧਾਰਾ 295 ਏ ਦੇ ਤਹਿਤ ਕੇਸ ਵੀ ਦਰਜ ਕੀਤਾ ਗਿਆ ਜੋ ਕਿ ਮਗਰੋਂ ਰੱਦ ਹੋ ਗਿਆ। ਇਸ ਡੇਰੇ ਦੇ ਖਿਲਾਫ ਸਿੱਖਾਂ ਦੀਆਂ ਅਨੇਕਾਂ ਝੜਪਾਂ ਹੋਈਆਂ ਜਿਹਨਾ ਵਿਚ ਤਿੰਨ ਸਿੱਖਾਂ ਦੀ ਜਾਨ ਵੀ ਚਲੀ ਗਈ ਸੀ ਅਤੇ ਕਈਆਂ ਤੇ ਕੇਸ ਵੀ ਪਏ ਅਤੇ ਕਈਆਂ ਨੂੰ ਜਿਹਲ ਜਾਣਾ ਪਿਆ।
  ਡੇਰੇ ਨਾਲ ਝੜਪਾਂ ਦੌਰਾਨ ਸ: ਕਮਲਜੀਤ ਸਿੰਘ ਸੁਨਾਮ ਨੂੰ ਡੇਰੇ ਵਿਚੋਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਭਾਈ ਸੁਖਵਿੰਦਰ ਸਿੰਘ ਡੱਬਵਾਲੀ ਨੂੰ ਇਹਨਾ ਡੇਰੇ ਵਾਲਿਆਂ ਨੇ ਕਿਰਪਾਨਾਂ ਮਾਰ ਕੇ ਸ਼ਹੀਦ ਕਰ ਦਿਤਾ ਜਦ ਕਿ ਤੀਸਰੇ ਸ਼ਹੀਦ ਦਾ ਨਾਮ ਭਾਈ ਬਲਕਾਰ ਸਿੰਘ ਹੈ। ਇੱਕ ਆਮ ਸਿੱਖ ਦੇ ਖਿਲਾਫ ਇਸ ਡੇਰੇ ਅਤੇ ਇਸ ਦੇ ਸੰਚਾਲਕ ਗੁਰਮੀਤ ਰਾਮ ਰਹੀਮ ਦੇ ਖਿਲਾਫ ਬੇਹੱਦ ਗੁੱਸੇ ਅਤੇ ਨਫਰਤ ਦੀ ਭਾਵਨਾ ਹੈ ਜਿਸ ਨੂੰ ਕਿ ਸ਼ਾਇਦ ਜਥੇਦਾਰਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਰਾਮ ਰਹੀਮ ਨੂੰ ਕਲੀਨ ਚਿੱਟ ਦੇਣ ਵਾਲੀ ਮੀਟਿੰਗ ਛੇ ਘੰਟੇ ਚੱਲੀ ਦੱਸੀ ਜਾਂਦੀ ਹੈ ਅਤੇ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਇੱਕ ਚਿੱਠੀ ਭਾਈ ਮੋਹਕਮ ਸਿੰਘ ਮੁਖੀ ਯਨਾਈਟਿਡ ਅਕਾਲੀ ਦਲ ਮੁਤਾਬਕ ਭਾਜਪਾ ਆਗੂ ਕਿਰਨ ਬੇਦੀ ਵਲੋਂ ਪੇਸ਼ ਕੀਤੀ ਗਈ ਜਦ ਕਿ ਇੱਕ ਹੋਰ ਸਰੋਤ ਮੁਤਾਬਕ ਇਹ ਚਿੱਠੀ ਦਮਦਮਾ ਸਾਹਿਬ ਦੇ ਜਥੇਦਾਰ ਵਲੋਂ ਪੇਸ਼ ਕੀਤੀ ਗਈ। ਅਸਲ ਵਿਚ ਪਿਛਲੇ ਸੱਤਾਂ ਸਾਲਾਂ ਤੋਂ ਇਸ ਤਰਾਂ ਦੀਆਂ ਚਿੱਠੀਆਂ ਬਾਰੇ ਚਰਚੇ ਕਈ ਵਾਰ ਸੁਣਨ ਨੂੰ ਆਏ ਹਨ ਪਰ ਇਸ ਵਾਰ ਚਿੱਠੀ ਦਾ ਚਰਚਾ ਫੈਸਲੇ ਤੋਂ ਬਾਅਦ ਸੁਣਨ ਨੂੰ ਆਇਆ।
 ਆਪਣੇ ਫੈਸਲੇ ਵਿਚ ਜਥੇਦਾਰ ਨੇ ਕਿਹਾ ਕਿ ਉਹ ਰਾਮ ਰਹੀਮ ਦੀ ਮੁਆਫੀਨਾਮੇ ਸਬੰਧੀ ਚਿੱਠੀ ਨੂੰ ਠੀਕ ਮੰਨਦੇ ਹਨ ਅਤੇ ਉਸਦੇ ਮੁਆਫੀਨਾਮੇ ਨੂੰ ਮੰਨ ਲਿਆ ਗਿਆ ਹੈ ਅਤੇ ਇਹ ਵੀ ਕਹਿ ਦਿੱਤਾ ਕਿ ਅੱਗੋਂ ਤੋਂ ਅਜੇਹਾ ਨਾ ਹੋਵੇ। ਉਧਰ ਜੋ ਚਿੱਠੀ ਰਾਮ ਰਹੀਮ ਵਲੋਂ ਜਥੇਦਾਰ ਨੂੰ ਲਿਖੀ ਮੰਨੀ ਜਾਂਦੀ ਹੈ ਉਹ ਡੇਰੇ ਦੀ ਲੈਟਰ ਹੈਡ ਤੇ ਨਾ ਹੋਣ ਦੀ ਬਜਾਏ ਬਿਨਾ ਤਾਰੀਖ ਇੱਕ ਸਧਾਰਨ ਕਾਗਜ਼ ਤੇ ਲਿਖੀ ਚਿੱਠੀ ਹੈ। ਜਿਸ ਦੀ ਨਕਲ ਅਸੀਂ ਸੰਗਤਾਂ ਲਈ ਹੂਬਹੂ ਛਾਪ ਰਹੇ ਹਾਂ ਤਾਂ ਕਿ ਉਹ ਆਪ ਅੰਦਾਜ਼ਾ ਲਾ ਸਕਣ ਕਿ ਇਹ ਮੁਆਫੀ ਨਾਮਾ ਕਿਸ ਕਿਸਮ ਦਾ ਹੈ।  
ਇਸ ਚਿੱਠੀ ਵਿਚ ਸਿਰਫ ਇਹ ਲਿਖਿਆ ਹੈ ਕਿ ਉਹ (ਗੁਰਮੀਤ) ਗੁਰੂ ਸਾਹਿਬ ਦੀ ਨਕਲ ਦੀ ਤਾਂ ਕਲਪਨਾ ਵੀ ਨਹੀਂ ਕਰ ਸਕਦਾ ਤੇ ਸਾਰੇ ਪੈਗੰਬਰ ਉਸ ਲਈ ਭਗਵਾਨ ਸਮਾਨ ਹਨ। ਸੋ ਜਥੇਦਾਰ ਦੀ ਇਸ ਗੱਲ ਦਾ ਕੋਈ ਤੁਕ ਨਹੀਂ ਬਣਦਾ ਕਿ ਸੌਦੇ ਵਾਲਾ ਅੱਗੋਂ ਤੋਂ ਅਜੇਹਾ ਨਹੀ ਕਰੇਗਾ ਕਿਓਕਿ ਉਹ ਤਾਂ ਮੰਨਦਾ ਹੀ ਨਹੀਂ ਹੈ ਕਿ ਉਸ ਨੇ ਕੋਈ ਗਲਤੀ ਕੀਤੀ ਹੈ।
27 ਸਤੰਬਰ ਦਾ ਇਕੱਠ
ਪੰਥਕ ਜਥੇਬੰਦੀਆਂ ਨੇ ਹੁਣ 27 ਸਤੰਬਰ ਨੂੰ ਇੱਕ ਇੱਕਠ ਸੱਦਿਆ ਹੈ ਜਿਸ ਵਿਚ ਮੌਜੂਦਾ ਹਾਲਾਤਾਂ ਅਤੇ ਬਾਪੂ ਸੂਰਤ ਸਿੰਘ ਸਬੰਧੀ ਕੋਈ ਫੈਸਲੇ ਲਏ ਜਾਣੇ ਹਨ। ਇਸ ਤੋਂ ਪਹਿਲਾਂ ਦਮਦਮਾ ਸਾਹਿਬ ਵਿਖੇ ਬਾਬਾ ਧੁੰਮਾਂ ਦੀ ਅਗਵਾਈ ਵਿਚ ਪੰਜ ਲੱਖ ਸਿੱਖਾਂ ਦਾ ਇਕੱਠ ਹੋਇਆ ਸੀ ਜਿਸ ਦਾ ਅੰਤ ਸਾਬਕਾ ਜਥੇਦਾਰ ਰਣਜੀਤ ਸਿੰਘ ਮੁਤਾਬਕ ਇਹ ਹੋਇਆ ਕਿ ਸਿੱਖ ਝੋਨੇ ਮਿਧਦੇ ਰਹੇ ਅਤੇ ਬਾਬਾ ਧੁੰਮਾਂ ਬਾਦਲ ਦੇ ਚਰਨੀ ਜਾ ਬੈਠੇ ਸਨ। ਇਸ ਵਾਰ ਇਹ ਇਕੱਠ ਯੂਨਾਈਟਿਡ ਅਕਾਲੀ ਦਲ ਅਤੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਸੱਦਿਆ ਗਿਆ ਦੱਸਿਆ ਜਾਂਦਾ ਹੈ।
ਸ਼ਰਮਨਾਕ ਟਿੱਪਣੀਆਂ
ਜਥੇਦਾਰ ਸ੍ਰੀ ਅਕਾਲ ਜੋ ਕਿ ਸਿੱਖ ਕੌਮ ਲਈ ਬਹੁਤ ਹੀ ਸਤਕਾਰ ਯੋਗ ਹਸਤੀ ਹੋਣੀ ਚਾਹੀਦੀ ਹੈ। ਅੱਜ ਜਿਸ ਤਰਾਂ ਹਜ਼ਾਰਾਂ ਸਿੱਖਾਂ ਵਲੋਂ ਮੌਜੂਦਾ ਜਥੇਦਾਰ ਦੇ ਖਿਲਾਫ ਘਟੀਆ ਤੋਂ ਘਟੀਆ ਲਫਜ਼ ਵਰਤੇ ਜਾ ਰਹੇ ਹਨ ਉਹ ਆਪਣੇ ਆਪ ਵਿਚ ਸ਼ਰਮਨਾਕ ਗੱਲ ਹੈ। ਕਈ ਤਸਵੀਰਾਂ ਵਿਚ ਇਹਨਾ ਜਥੇਦਾਰਾਂ ਨੂੰ ਬਾਦਲ ਦੀਆਂ ਰੰਨਾਂ ਅਤੇ ਕਈਆਂ ਵਿਚ ਗਧੇ ਤਕ ਵਿਖਾਇਆ ਗਿਆ ਹੈ। ਅਸੀਂ ਇਥੇ ਸਿਰਫ ਕੁਝ ਖਾਸ ਮਿਸਾਲਾਂ ਹੀ ਦੇ ਸਕਾਂਗੇ-
* ਭਾਈ ਬਲਦੇਵ ਸਿੰਘ ਵਡਾਲਾ ਅਤੇ ਜਥੇਦਾਰ ਰਣਜੀਤ ਸਿੰਘ ਮੁਤਾਬਕ ਜਥੇਦਾਰ ਗੁਰਬਚਨ ਸਿੰਘ ਨੂੰ ਉਸ ਜਥੇਦਾਰ ਸਰ ਅਰੂੜ ਸਿੰਘ ਨਾਲ ਤੁਲਨਾ ਦਿਤੀ ਜਾ ਰਹੀ ਹੈ ਜਿਸ ਨੇ ਕਿ ਜਲਿਆਂ ਵਾਲੇ ਬਾਗ ਵਿਚ ਗੋਲੀ ਚਲਾ ਕੇ ਹਜ਼ਾਰਾਂ ਪੰਜਾਬੀਆਂ ਨੂੰ ਕਤਲ ਕਰਨ ਵਾਲੇ ਜਨਰਲ ਡਾਇਰ ਨੂੰ ਸਰੋਪਾ ਦਿਤਾ ਸੀ।
* ਜਥੇਦਾਰ ਰਣਜੀਤ ਸਿੰਘ ਨੇ ਆਪਣੀ ਇੱਕ ਇੱਟਰਵਿਊ ਦੌਰਾਨ ਕਿਹਾ ਹੈ ਕਿ ਇਹ ਸਿੱਖ ਇਤਹਾਸ ਦਾ ਕਾਲਾ ਦਿਨ ਹੈ। ਇਹ ਬੰਦਾ (ਜਥੇਦਾਰ ਗੁਰਬਚਨ ਸਿੰਘ) ਬਾਹਰ ਜਾਂਦਾ ਹੈ ਤਾ ਲੋਕੀ ਇਸ ਨੂੰ ਛਿੱਤਰ ਮਾਰਨ ਜਾਂਦੇ ਹਨ ਪਰ ਇਸ ਨੂੰ ਕੋਈ ਫਰਕ ਨਹੀਂ .....ਉਹਨਾ ਇਹ ਵੀ ਕਿਹਾ ਕਿ ਮੈਂ ਇੱਕ ਨਰਸਰੀ ਵਿਚ ਬੂਟਾ ਲੈਣ ਗਿਆ ਤਾਂ ਮਾਲਕ ਨੇ ਮੈਨੂੰ ਕਿਹਾ ਕਿ ਸਰ ਅਰੂੜ ਸਿੰਘ ਦੇ ਪੈਰੋਕਾਰਾਂ ਦਾ ਕੀ ਬਣੇਗਾ? ਜਦ ਮੈਂ ਉਸ ਨੂੰ ਪੁੱਛਿਆ ਕਿ ਤੂੰ ਇਹਨਾ ਗ੍ਰੰਥੀਆਂ ਨੂੰ ਇਸ ਤਰਾਂ ਮੁਖਾਤਬ ਕਿਓਂ ਹੋ ਰਿਹੈਂ ਤਾਂ ਉਸ ਦਾ ਜਵਾਬ ਸੀ ਕਿ ਜਦੋਂ ਮੈਂ ਇਹਨਾ ਨੂੰ ਜਥੇਦਾਰ ਕਹਿੰਦਾ ਹਾਂ ਤਾ ਮੇਰੀ ਜ਼ੁਬਾਨ ਕੰਬਣ ਲੱਗ ਪੈਂਦੀ ਹੈ। ਇਹਨਾ ਦੇ ਕਰਮ ਅਤੇ ਕਰਤੂਤ ਦੇਖਦਿਆਂ ਮੈਨੂੰ ਇਹਨਾ ਨੂੰ ਜਥੇਦਾਰ ਕਹਿੰਦਿਆਂ ਸ਼ਰਮ ਆਉਂਦੀ ਹੈ।
* ਫੇਸ ਬੁੱਕ ਤੇ ਅਣਗਿਣਤ ਟਿੱਪਣੀਆਂ ਵਿਚੋਂ ਅਸੀਂ ਇੱਕ ਹੀ ਟਿੱਪਣੀ ਦਿਆਂਗੇ ਜਿਸ ਨੇ ਕਿਹਾ ਕਿ ਸਾਡੇ ਜਥੇਦਾਰਾਂ ਦੀ ਅਹਿਮੀਅਤ ਕੁੱਕੜਾਂ ਦੀ ਨਿਆਂਈਂ ਹੈ ਜਿਹਨਾਂ ਨੂੰ ਮਾਲਕ ਸਿਰਫ ਇਸ ਮਨਸ਼ਾ ਨਾਲ ਪਾਲਦਾ ਹੈ ਕਿ ਆਏ ਗਏ ਤੇ ਉਹਨਾ ਦੀ ਧੌਣ ਮਰੋੜੀ ਜਾ ਸਕੇ। ਇਹ ਕੁੱਕੜ ਦਿਨ ਰਾਤ ਆਪਣੇ ਮਾਲਕ ਦੇ ਨਾਮ ਤੇ ਕੁੜ ਕੁੜ ਕਰਦੇ ਹਨ, ਬਾਂਗਾਂ ਵੀ ਉਸ ਦੇ ਨਾਮ ਦੀਆਂ ਦਿੰਦੇ ਹਨ ਪਰ ਜਿਓਂ ਹੀ ਪ੍ਰਾਹੁਣਿਆਂ ਦੀ ਬਿੜਕ ਆਉਂਦੀ ਹੈ ਯਾਨੀ ਕਿ ਜਿਓਂ ਹੀ ਆਰ ਐਸ ਐਸ ਵਾਲੇ ਜਾਂ ਭਾਜਪਾ ਵਾਲੇ ਇਸ਼ਾਰਾ ਕਰਦੇ ਹਨ ਤਾਂ ਇਹਨਾ ਕੁੱਕੜਾਂ ਦੀ ਸੰਘੀ ਨੱਪ ਦਿਤੀ ਜਾਂਦੀ ਹੈ। ਇਹ ਬੜੀ ਹੇਠੀ ਵਾਲੀ ਟਿੱਪਣੀ ਹੈ ਜੋ ਕਿ ਕਿਸੇ ਨੇ ਜਥੇਦਾਰ ਸ੍ਰੀ ਅਕਾਲ ਤਖਤ ਤੇ ਕੀਤੀ ਹੈ ਪਰ ਇਸ ਵਿਚ ਇੱਕ ਬਹੁਤ ਕੌੜੀ ਸੱਚਾਈ ਹੈ। ਜਥੇਦਾਰ ਪੂਰਨ ਸਿੰਘ, ਜਥੇਦਾਰ ਵੇਦਾਂਤੀ ਵਗੈਰਾ ਦੀ ਕੁਰਬਾਨੀ ਹੋ ਚੁੱਕੀ ਹੈ ਅਤੇ ਹੁਣ ਜਥੇਦਾਰ ਗੁਰਬਚਨ ਸਿੰਘ ਦਾ ਤਾਂ ਗਰਾਫ ਹੀ ਏਨਾ ਨੀਵਾਂ ਚਲੇ ਗਿਆ ਹੈ ਕਿ ਬਾਦਲ ਨੂੰ ਇਸ ਨੂੰ ਰੱਖਕੇ ਖੁਦ ਸ਼ਰਮ ਆਉਂਣੀ ਚਾਹੀਦੀ ਹੈ ਹਾਲਾਂ ਕਿ ਇਸ ਦੀ ਕੱਖੋਂ ਹੌਲੀ ਹਾਲਤ ਲਈ ਬਾਦਲ ਹੀ ਜ਼ਿੰਮੇਵਾਰ ਹੈ। ਜਥੇਦਾਰ ਗੁਰਬਚਨ ਸਿੰਘ ਦੀ ਛੇਤੀ ਹੀ ਛੁੱਟੀ ਦੇ ਅਸਾਰ ਹਨ ਜਿਹਨਾ ਦੀ ਥਾਂ ਇੱਕ ਹੋਰ ਜ਼ਰਖ੍ਰੀਦ ਲੈ ਲਵੇਗਾ।

ਕੁਲਵੰਤ ਸਿੰਘ ਢੇਸੀ
0044 7854 136 413

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.