ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਬਾਦਲਾਂ ਦੀ ਮਨਮਾਨੀ ਅਤੇ ਬਾਕੀਆਂ ਦੀ ਨਾਕਾਮੀ ਲੈ ਡੁਬੇਗੀ ਪੰਥ ਅਤੇ ਪੰਜਾਬ ਨੂੰ (2)
ਬਾਦਲਾਂ ਦੀ ਮਨਮਾਨੀ ਅਤੇ ਬਾਕੀਆਂ ਦੀ ਨਾਕਾਮੀ ਲੈ ਡੁਬੇਗੀ ਪੰਥ ਅਤੇ ਪੰਜਾਬ ਨੂੰ (2)
Page Visitors: 2697

ਬਾਦਲਾਂ ਦੀ ਮਨਮਾਨੀ ਅਤੇ ਬਾਕੀਆਂ ਦੀ ਨਾਕਾਮੀ ਲੈ ਡੁਬੇਗੀ ਪੰਥ ਅਤੇ ਪੰਜਾਬ ਨੂੰ (2) 

                                                   ਮਾਜਰਾ ਕੀ ਹੈ ?

ਪਹਿਲਾਂ ਤਾ ਹਰ ਸਿੱਖ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਪੰਜਾਬ ਦਾ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕਿਸ ਕਿਸਮ ਦਾ ਵਿਅਕਤੀ ਹੈ ਕਿਓਂਕਿ ਇਹ ਗਿਲਾਨੀ ਭਰੀ ਖੇਡ ਉਸ ਦੇ ਦੁਆਲੇ ਹੀ ਘੁੰਮ ਰਹੀ ਹੈ। ਸ: ਬਾਦਲ ਉਹ ਸ਼ਖਸ ਹੈ ਜੋ ਕਿ ਆਪਣੀ ਲੋੜ ਮੁਤਾਬਕ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਪਾੜ ਅਤੇ ਸਾੜ ਸਕਦਾ ਹੈ ਅਤੇ ਸ੍ਰੀ ਅਨੰਦ ਪੁਰ ਸਾਹਿਬ ਜਾਂ ਧਰਮ ਯੁੱਧ ਦੇ ਨਾਅਰੇ ਲਾ ਕੇ ਆਪਣੀ ਕੁਰਸੀ ਦੀ ਸਲਾਮਤੀ ਲਈ ਸਾਰੀ ਸਿੱਖ ਕੌਮ ਦੀ ਨਸਲਕੁਸ਼ੀ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਹਾਲਾਤਾਂ ਦੇ ਬਦਲਦਿਆਂ ਹੀ ਸਿੱਖ ਕੌਮ ਨੂੰ ਪਿੱਠ ਦੇ ਕੇ ਭਾਜਪਾ ਜਾਂ ਆਰ ਐਸ ਐਸ ਦੇ ਅੱਗੇ ਲੰਮਾ ਵੀ ਪੈ ਸਕਦਾ ਹੈ। ਮਸਲਾ ਉਸ ਵੇਲੇ ਹੋਰ ਵੀ ਨਾਜ਼ੁਕ ਹੋ ਜਾਂਦਾ ਹੈ ਜਦੋਂ ਇਹ ਪਿਓ ਪੁੱਤਰ ਦੋ ਦੋ ਟਕੇ ਦੇ ਸਾਧਾਂ ਅੱਗੇ ਜਾ ਡੰਡਾਉਤਾਂ ਕਰਦੇ ਹਨ ਅਤੇ ਇਹ ਹੀ ਸਾਧ ਫਿਰ ਸਿਰ ਚੜ੍ਹ ਜਾਂਦੇ ਹਨ। ਮੌਜੂਦਾ ਸਮੇਂ ਬਾਦਲ ਨੇ ਸੌਦਾ ਸਾਧ ਦੇ ਦਿੱਲੀ ਦੇ ਫੋਕੇ ਦਾਅਵਿਆਂ ਨੂੰ ਨਹੀਂ ਦੇਖਿਆ ਸਗੋਂ ਭਾਜਪਾ ਦੀਆਂ ਹਰਿਆਣਾ ਚੋਣਾਂ ਦੇ ਪ੍ਰਤੀਕਰਮ ਵਜੋਂ ਇਹ ਮਾਫੀਨਾਮਾ ਭਾਜਪਾ ਦੇ ਹੁਕਮਾ ਤੇ ਦਿੱਤਾ ਹੈ। ਇਹ ਵੀ ਹੋ ਸਕਦਾ ਹੈ ਕਿ ਭਾਜਪਾ ਨੇ ਬਾਦਲ ਨੂੰ ਲਾਰਾ ਲਾਇਆ ਹੋਵੇ ਕਿ ਇਸ ਦੇ ਬਦਲੇ ਉਹ ਪੰਜਾਬ ਪੈਕਜ ਦੇ ਦੇਣਗੇ।    
 ਲੋਕੀ ਸ: ਬਾਦਲ ਨੂੰ ਭਾਵੇਂ ਘਾਗ ਅਤੇ ਹੰਢਿਆ ਹੋਇਆ ਸਿਆਸਤਦਾਨ ਕਹਿੰਦੇ ਹਨ ਪਰ ਜਿਹੜਾ ਸਿਆਸਤਦਾਨ ਬਿਨਾਂ ਸ਼ਰਤ ਕਿਸੇ ਨੂੰ ਹਿਮਾਇਤ ਦਿੰਦਾ ਹੈ ਉਸ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿਸ ਮਾਨਸਕਤਾ ਵਾਲਾ ਵਿਅਕਤੀ ਹੋਏਗਾ। ਸ: ਪ੍ਰਕਾਸ਼ ਸਿੰਘ ਬਾਦਲ ਨੂੰ ਭਾਂਵੇਂ ਪਦਮ ਭੂਸ਼ਨ ਮਿਲ ਚੁੱਕਾ ਹੈ ਅਤੇ ਫਖਰੇ ਕੌਮ ਜਾਂ ਪੰਥ ਰਤਨ ਦੇ ਖਿਤਾਬ ਉਸ ਨੇ ਆਪ ਹੀ ਲੈ ਲਏ ਹਨ ਪਰ ਇੱਕ ਗੱਲ ਪੱਕੀ ਹੈ ਕਿ ਸਿੱਖ ਇਤਹਾਸ ਵਿਚ ਉਸ ਦਾ ਨਾਮ ਦਰਬਾਰਾ ਸਿੰਘ, ਜ਼ੈਲ ਸਿੰਘ ਅਤੇ ਬਿਅੰਤ ਸਿੰਘ ਨਾਲੋਂ ਕਿਸੇ ਵੀ ਵਖਰੀ ਤਰਜ਼ ਵਿਚ ਨਹੀਂ ਆਉਣ ਲੱਗਾ। ਸੁਖਬੀਰ ਸਿੰਘ ਬਾਦਲ ਦੀ ਸੁਰਤ ਤਾਂ ਇਸ ਹੱਦ ਤਕ ਜਵਾਬ ਦੇ ਚੁੱਕੀ ਹੈ ਕਿ ਉਸ ਦੇ ਦਰਬਾਰ ਸਾਹਿਬ ਆਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗ੍ਰੰਥੀ ਨੂੰ ਉੱਠਣਾਂ ਪੈਂਦਾ ਹੈ।    
 ਦੋਵੇਂ ਬਾਦਲ ਆਪਣੇ ਹੱਥਾਂ ਵਿਚ ਨਗਾਂ ਵਾਲੀਆਂ ਮੁੰਦਰੀਆਂ ਪਹਿਨਦੇ ਹਨ ਤਾਂ ਕਿ ਉਹਨਾ ਦੇ ਨਛੱਤਰ ਸਹੀ ਰਹਿਣ ਪਰ ਇਹਨਾ ਦੀ ਖੁਸ਼ਕਿਸਮਤੀ ਸਿਰਫ ਇਹ ਹੈ ਕਿ ਪੰਜਾਬ ਵਿਚ ਅਜੇ ਇਹਨਾ ਦਾ ਰਾਜਸੀ ਬਦਲ ਨਹੀਂ ਬਣਿਆ ਕਿਓਂਕਿ ਬਾਕੀ ਸਿੱਖ ਜਥੇਬੰਦੀਆਂ ਦਾ ਹਾਲ ਡੱਡੂਆਂ ਦੀ ਪੰਸੇਰੀ ਵਾਲਾ ਹੈ। ਇੱਕ ਗੱਲ ਪੱਕੀ ਹੈ ਕਿ ਬਾਦਲਾਂ ਦੀ ਜਾਨ ਨੂੰ ਦਿਨ ਰਾਤ ਰੋਣ ਵਾਲੀਆਂ ਜਥੇਬੰਦੀਆਂ ਵਿਚ ਫਿਲਹਾਲ ਏਕੇ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਅੰਦਰੂਨੀ ਲੜਾਈ ਬਾਦਲਾਂ ਦੇ ਹੌਸਲੇ ਵਧਾ ਰਹੀ ਹੈ ਹਾਲਾਂ ਕਿ ਲੋਕੀ ਦਿਨੋ ਦਿਨ ਇਹਨਾ ਖਿਲਾਫ ਹੋ ਰਹੇ ਹਨ। ਪੰਚ ਪ੍ਰਧਾਨੀ ਅਤੇ ਦਲ ਖਾਲਸਾ ਵਰਗੀਆਂ ਜਥੇਬੰਦੀਆਂ ਦਾ ਜਮਹੂਰੀ ਲੜਾਈ ਤੋਂ ਪਿਛਾਂਹ ਹੱਟ ਜਾਣਾ ਵੀ ਬਾਦਲ ਦੇ ਹੱਕ ਵਿਚ ਭੁਗਤਦਾ ਹੈ ਕਿਓਂਕਿ ਇਸ ਤਰਾਂ ਦੇ ਹਾਲਾਤਾਂ ਵਿਚ ਪੰਥਕ ਵੋਟਾਂ ਦੀ ਕੁੱਕੜ ਖੇਹ ਹੋ ਜਾਂਦੀ ਹੈ।
   ਬਿਨਾਂ ਰਾਜਸੀ ਬਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਅਤੇ ਸ਼੍ਰੋਮਣੀ ਕਮੇਟੀ ਦੇ ਸੰਕਟ ਨੂੰ ਨਹੀਂ ਨਜਿੱਠਿਆ ਜਾ ਸਕਦਾ। ਟਕੇ ਟਕੇ ਤੇ ਵਿਕਾਊ ਜਥੇਦਾਰਾਂ ਦੀ ਮਾਨਸਿਕਤਾ ਨੇ ਬਾਦਲਾਂ ਦੇ ਹੋਸਲੇ ਏਨੇ ਵਧਾ ਦਿੱਤੇ ਹਨ ਕਿ ਉਹ ਇਹਨਾ ਦੇ ਰੁਤਬੇ ਨੂੰ ਚਪੜਾਸੀ ਤੁਲ ਨਹੀਂ ਸਮਝਦੇ । ਜਥੇਦਾਰਾਂ ਦੇ ਤਬਾਦਲੇ ਅਤੇ ਕੀਤੀ ਜਾ ਰਹੀ ਬੇਇਜ਼ਤੀ ਜਾਂ ਦੁਰਦਸ਼ਾ ਨੂੰ ਕਿਸੇ ਵੀ ਦੁਨਿਆਵੀ ਅਦਾਲਤ ਵਿਚ ਚੈਲੰਜ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਰਾਜਸੀਕਰਨ ਕਾਰਨ ਧਰਮ ਵਿਚ ਆਈ ਗਿਰਾਵਟ ਨੇ ਡੇਰਾਵਾਦ ਨੂੰ ਵੀ ਬੇਹੱਦ ਉਤਸ਼ਾਹਤ ਕੀਤਾ ਹੈ । ਇਹਨਾ ਡੇਰਿਆਂ ਨੂੰ ਸੈਂਟਰ ਅਤੇ ਸਿੱਖ ਵਿਰੋਧੀ ਸਿਆਸਤ ਦਾ ਵੀ ਥਾਪੜਾ ਹੈ। ਹੁਣ ਇਹ ਡੇਰੇ ਏਨੇ ਤਕੜੇ ਹੋ ਗਏ ਹਨ ਕਿ ਖਾਲਸਾ ਪੰਥ ਲਈ ਨਿਤ ਦੀ ਸਿਰਦਰਦੀ ਵੀ ਬਣੇ ਹੋਏ ਹਨ।  
                                                                                     ਆਖਰੀ ਕੌੜਾ ਸੱਚ
ਸਿੱਖ ਧਰਮ ਇਸ ਦੁਨੀਆਂ ਦਾ ਇੱਕੋ ਇੱਕ ਅਜੇਹਾ ਧਰਮ ਹੈ ਜਿਸ ਵਿਚ ਰਾਜ ਦਾ ਸਹੀ ਅਤੇ ਸੱਚਾ ਸੰਕਲਪ ਉਸ ਦੀ ਦੋ ਵੇਲੇ ਦੀ ਅਰਦਾਸ ਦਾ ਹਿੱਸਾ ਹੈ । ਆਪਣੀ ਅਰਦਾਸ ਵਿਚ ਸਿੱਖ ਇਹ ਦੋਹਰਾ ਪੜ੍ਹਦੇ ਹਨ - ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ’। ਅੱਜ ਕੌਮ ਦੇ ਇੱਕ ਹਿੱਸੇ ਨੇ ਇਸ ਨੂੰ ਨਾਅਰੇ ਦਾ ਰੂਪ ਦੇ ਦਿੱਤਾ ਹੈ ਜੋ ਕਿ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਂ ਨਾਲ ਲਾਇਆ ਜਾਂਦਾ ਹੈ। ਇਹ ਨਾਅਰਾ ਆਪਣੇ ਸਹੀ ਅਰਥਾਂ ਨੂੰ ਗੰਵਾ ਚੁੱਕਾ ਹੈ। ਹੁਣ ਇਸ ਨੂੰ ਇੱਕ ਨਿਰਪੱਖ ਅਤੇ ਸਰਬ ਸਾਂਝੇ ਰਾਜਸੀ ਰਾਜ ਦੀ ਛਵੀ ਲਈ ਨਹੀਂ ਸਗੋਂ ਸਿਰਫ ਵਿਰੋਧੀਆਂ ਦੇ ਵਿਰੋਧ ਲਈ ਹੀ ਲਾਇਆ ਜਾਂਦਾ ਹੈ। ਜਦੋਂ ਤਕ ਇਹ ਨਾਅਰਾ ਇਸੇ ਰੂਪ ਵਿਚ ਲੱਗਦਾ ਰਹੇਗਾ ਉਦੋਂ ਤਕ ਕੌਮ ਵਿਚ ਪਾਟੋਧਾੜ ਰਹੇਗੀ ਅਤੇ ਇਸ ਨਾਲ ਜਿਥੇ ਬਾਦਲਾਂ ਦੀਆਂ ਪੌਂ ਬਾਰਾਂ ਰਹਿਣਗੀਆਂ ਉਥੇ ਜਥੇਦਾਰਾਂ ਨੂੰ ਵਗਾਰਾਂ ਰਹਿਣਗੀਆਂ। ਪੰਜਾਬ ਵਿਚ ਤੀਸਰਾ ਰਾਜਸੀ ਅਖੌਤੀ ਪੰਥਕ ਧੜਾ ਦਮਦਮੀ ਟਕਸਾਲ ਦੇ ਨਾਮ ਹੇਠ ਆਪਣੇ ਪਰ ਤੋਲ ਰਿਹਾ ਹੈ ਜਿਸ ਦੇ ਨਾਲ ਬਾਬਾ ਹਰਨਾਮ ਸਿੰਘ ਧੁੰਮੇ ਦਾ ਨਾਮ ਜੁੜਿਆ ਹੋਇਆ ਹੈ ਜਿਸ ਦੀ ਕਿ ਸ: ਬਾਦਲ ਤੋਂ ਵਗੈਰ ਕੋਈ ਹੋਂਦ ਅਸੰਭਵ ਹੈ। ਉਲਾਰ ਅਤੇ ਪਾਟੋਧਾੜ ਰਾਜਸੀ ਬਿਰਤੀ ਦੇ ਉਲਟ ਪ੍ਰਭਾਵ ਪੰਥ ਦੀਆਂ ਧਾਰਮਕ ਸਫਾਂ ਤੇ ਪੈਣੇ ਸੁਭਾਵਕ ਹੀ ਹਨ। ਮੁਗਲਾਂ ਅਤੇ ਅੰਗ੍ਰੇਜ਼ਾਂ ਦੇ ਖਿਲਾਫ ਲੜਨ ਵੇਲੇ ਪੰਥ ਵਿਚ ਇਸ ਤਰਾਂ ਦੀ ਦੁਬਿਧਾ ਨਹੀਂ ਸੀ।
  ਹੁਣ ਤਕ ਪੰਜਾਬ ਵਿਚ ਕੋਈ ਵੀ ਐਸੀ ਜਥੇਬੰਦੀ ਉੱਭਰ ਕੇ ਸਾਹਮਣੇ ਨਹੀਂ ਆਈ ਜੋ ਕਿ ਨਿਰੋਲ ਖਾਲਸਾਈ ਕੀਮਤਾਂ ਨੂੰ ਅਪਣਾਉਂਦੀ ਹੋਈ ਸਾਰੇ ਸਮਾਜ ਨੂੰ ਕਲਾਵੇ ਵਿਚ ਲੈਣ ਦੀ ਭਾਵਨਾ ਰੱਖਦੀ ਹੋਵੇ। ਆਪਣੀਆਂ ਸਾਰੀਆਂ ਬੁਰਾਈਆਂ ਅਤੇ ਕਮਜ਼ੋਰੀਆਂ ਦੇ ਬਾਵਜੂਦ ਵੀ ਸ: ਪ੍ਰਕਾਸ਼ ਸਿੰਘ ਬਾਦਲ ਜੇਕਰ ਸਾਰੇ ਨਹੀਂ ਤਾਂ ਬਹੁ ਗਿਣਤੀ ਪੰਜਾਬੀ ਭਾਈਚਾਰਿਆਂ ਨੂੰ ਨਾਲ ਲੈ ਕੇ ਟੁਰਨ ਦੀ ਸੋਝੀ ਰੱਖਦਾ ਹੈ ਭਾਵੇਂ ਕਿ ਅਜੇਹਾ ਕਰਦਿਆਂ ਉਹ ਪੰਥ ਦੇ ਬਹੁਤ ਹੀ ਸਤਕਾਰਯੋਗ ਰੁਤਬਿਆਂ ਦੀ ਕੁਰਬਾਨੀ ਕਰਨ ਦਾ ਇਤਹਾਸਕ ਧਰੋਹ ਵੀ ਕਰਦਾ ਹੈ। ਸ: ਪ੍ਰਕਾਸ਼ ਸਿੰਘ ਬਾਦਲ ਹੁਣ ਜੀਵਨ ਦੇ ਆਖਰੀ ਡੰਡੇ ਤੇ ਹੈ ਅਤੇ ਉਹਨਾ ਦੇ ਵਾਰਸ ਸ: ਸੁਖਬੀਰ ਸਿੰਘ ਬਾਦਲ ਬਾਰੇ ਤਾਂ ਹੋਰ ਵੀ ਚਿੰਤਾ ਹੈ ਕਿ ਕੀ ਉਹ ਪੰਥ ਨੂੰ ਮੌਜੂਦਾ ਸੰਕਟ ਵਿਚੋਂ ਕੱਢਣ ਲਈ ਯਤਨ ਕਰੇਗਾ ਜਾਂ ਪੰਥ ਅਤੇ ਪੰਜਾਬ ਨੂੰ ਹੋਰ ਗੰਭੀਰ ਸੰਕਟ ਵਿਚ ਧੱਕਣ ਦਾ ਹੋਰ ਵੀ ਗੰਭੀਰ ਜ਼ੁਰਮ ਕਰੇਗਾ ? ਇਹ ਸਮਾਂ ਹੀ ਦੱਸੇਗਾ।

ਕੁਲਵੰਤ ਸਿੰਘ ਢੇਸੀ
0044 7854 136 413

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.