ਗੁਰਦੁਆਰਾ ਸਾਹਿਬ ਦੀ ਅਰੰਭਤਾ ਮੌਕੇ ਭੂਮੀ ਪੂਜਨ ਕਰਨਾ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ
-: ਗਿਆਨੀ ਜਗਤਾਰ ਸਿੰਘ ਜਾਚਕ 13.05.2021
#KhalsaNews #BhoomiPujan #Coconut
ਨਿਊਯਾਰਕ, 13 ਮਈ (ਮਨਜੀਤ ਸਿੰਘ) ਸੰਸਾਰ ਵਿੱਚ ਸਿੱਖ ਜਗਤ ਵੱਲੋਂ ਪਹਿਲ ’ਤੇ ਅਧਾਰਿਤ ਤੇ ਸਭ ਤੋਂ ਵਧੇਰੇ ਪੜ੍ਹੀ ਜਾਣ ਵਾਲੀ 11 ਮਈ ਦੀ ਰੋਜ਼ਾਨਾ ਸਪੋਕਸਮੈਨ ਚੰਡੀਗੜ ਸਮੇਤ ਬਾਕੀ ਦੇ ਪ੍ਰਿੰਟ ਤੇ ਇਲੈਕਟ੍ਰੌਨਿਕ ਮੀਡੀਏ ਰਾਹੀਂ ਖ਼ਬਰ ਛਾਇਆ ਹੋਈ ਹੈ ਕਿ ‘ਗੁਰੂ ਤੇਗਬਹਾਦੁਰ ਬ੍ਰਗੇਡ’ ਵੱਲੋਂ ਪ੍ਰਧਾਨ ਬੀਬੀ ਅਨੁਰਾਧਾ ਭਾਰਗਵ ਐਡਵੋਕੇਟ ਦੀ ਅਗਵਾਈ ਹੇਠ ਹਰਿਆਣੇ ਵਿਖੇ ਜ਼ਿਲਾ ਕੁਰਕਛੇਤ੍ਰ ਦੇ ਪਿੰਡ ਸੁਜਰਾ ਵਿੱਚ ‘ਗੁਰਦੁਆਰਾ ਯਾਦਗਰ ਸ਼ਹੀਦ ਗੰਜ ਪਾਤਸ਼ਾਹੀ 9ਵੀਂ’ ਅਤੇ ਗੁਰਮਤਿ ਵਿਦਿਆਲੇ ਦੀ ਅਰੰਭਤਾ ਲਈ ਅਰਦਾਸ ਹੋਈ ਹੈ । ਸ਼ਲਾਘਾ-ਯੋਗ ਹੈ, ਪਰ ‘ਗੁਰੂ ਤੇਗਬਹਾਦੁਰ ਬ੍ਰਗੇਡ.ਓ ਆਰ ਜੀ’ ਨਾਂ ਦੀ ਵੈਬਸਾਈਟ ਅਤੇ ਯੂ ਟਿਊਬ ਰਾਹੀਂ ਉਪਰੋਕਤ ਮੌਕੇ ਦਾ ਪਰਦੇ ਪਿਛਲਾ ਸੱਚ ਵੀ ਪ੍ਰਗਟ ਹੋਇਆ ਹੈ ਕਿ ਉਥੇ ਅਰਦਾਸ ਉਪਰੰਤ ਪੰਜ ਨਾਰੀਅਲ ਭੰਨ ਕੇ ਭੂਮੀ-ਪੂਜਨ ਵੀ ਹੋਇਆ ਤੇ ਲਡੂ ਵੀ ਵੰਡੇ ਗਏ । ਇਹ ਇੱਕ ਬਿਪਰਵਾਦੀ ਕਰਮਕਾਂਡ ਹੈ ਅਤੇ ਅਜਿਹੀ ਕਾਰਵਾਈ ਨੇ ਬ੍ਰਗੇਡ ਦੇ ਮਨੋਰਥ ਨੂੰ ਸ਼ੰਕਾਤਰ ਕਰ ਦਿੱਤਾ ਹੈ । ਇਹ ਵਿਚਾਰ ਹਨ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਮਾਣਿਤ ਕੌਮਾਂਤਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨਿਊਯਾਰਕ ਦੇ, ਜੋ ਉਨ੍ਹਾਂ ਲਿਖਤੀ ਰੂਪ ਵਿੱਚ ਸਪੋਕਸਮੈਨ ਨਾਲ ਸਾਂਝੇ ਕੀਤੇ।
ਉਨ੍ਹਾਂ ਆਖਿਆ ਕਿ ਸਿੱਖ ਕੌਮ ਉਦੋਂ ਸ਼ਰਮਸ਼ਾਰ ਹੁੰਦੀ ਹੈ ਜਦੋਂ ਸੰਸਾਰ ਦੇ ਲੋਕ ਬ੍ਰਗੇਡ ਦੀ ਸਨਾਤਨ-ਮਤੀ ਪ੍ਰਧਾਨ ਬੀਬੀ ਨਾਲ ਕੌਮਾਂਤਰੀ ਸਿੱਖ ਕਥਾ-ਵਾਚਕ ਅਖਵਾਉਣ ਵਾਲੇ ਗਿ. ਤੇਜਪਾਲ ਸਿੰਘ ਅਤੇ ਗੁਰਦੁਆਰਾ ਖੜਗ ਖੰਡਾ ਦੇ ਮੁਖ ਸੇਵਦਾਰ ਭਾਈ ਸੱਜਣ ਸਿੰਘ ਆਦਿਕ ਦੁਮਾਲਾਧਾਰੀ ਨਿਹੰਗ ਦਿਸਦੇ ਗੁਰਸਿੱਖਾਂ ਨੂੰ ਨਾਰੀਅਲ ਭੰਨਣ ਵਾਲਿਆਂ ਵਿੱਚ ਸ਼ਾਮਲ ਵੇਖਦੇ ਹਨ। ਅਜਿਹਾ ਹੋਣ 'ਤੇ ਸਿੱਖ ਜਗਤ ਸਾਹਮਣੇ ਸੁਆਲ ਖੜਾ ਹੋ ਗਿਆ ਹੈ ਕੀ ਉਸ ਗੁਰਦੁਆਰੇ ਤੇ ਗੁਰਮਤਿ ਵਿਦਿਆਲੇ ’ਚੋਂ ਸਿਖਿਆਰਥੀਆਂ ਨੂੰ ਉਪਰੋਕਤ ਕਿਸਮ ਦੀ ਬਿਪਰਵਾਦੀ ਸਿਖਿਆ ਦਿੱਤੀ ਜਾਏਗੀ ? ਗਿ. ਜੀ ਨੂੰ ਬ੍ਰਗੇਡ ਵੱਲੋਂ ਗੁਰਮਤ ਵਿਦਿਆਲੇ ਦਾ ਇੰਚਾਰਜ ਵੀ ਥਾਪਿਆ ਗਿਆ ਹੈ।
ਇਸ ਲਈ ਆਸ ਕੀਤੀ ਜਾਂਦੀ ਹੈ ਕਿ ਉਹ ਸਿੱਖ ਜਗਤ ਦੀ ਸੰਸਾ-ਨਿਵ੍ਰਿਤੀ ਲਈ ਸਪਸ਼ਟੀਕਰਨ ਦੇਣ ਦੀ ਖੇਚਲ ਜ਼ਰੂਰ ਕਰਨਗੇ । ਤਖ਼ਤ ਸਾਹਿਬਾਨਾਂ ਦੇ ਮੁਖ ਸੇਵਾਦਾਰ ਵੀ ਉਪਰੋਕਤ ਪੱਖੋਂ ਸਿੱਖ ਜਗਤ ਨੂੰ ਕੋਈ ਸੰਦੇਸ਼ ਅਵੱਸ਼ ਦੇਣਗੇ । ਕਾਰਣ ਹੈ ਕਿ ਇੱਕ ਤਾਂ ਅਕਾਲਪੁਰਖ ਦੇ ਉਪਾਸ਼ਕ ਗੁਰਸਿੱਖ ਭੂਮੀ-ਪੂਜਨ ਨਹੀਂ ਕਰਦੇ ਅਤੇ ਨਾ ਹੀ ਅਜਿਹੇ ਮੌਕੇ ਬਲੀ ਵਜੋਂ ਨਾਰੀਅਲ ਭੰਨ ਕੇ ਪੌਰਾਣਿਕ-ਮਤੀਆਂ ਵਾਂਗ ਦੇਵੀ ਦੇਵਤਿਆਂ ਦੀ ਪ੍ਰਸੰਨਤਾ ਲੈਣ ਦਾ ਯਤਨ ਕਰਦੇ ਹਨ, ਕਿਉਂਕਿ ਗੁਰਬਾਣੀ ਅਜਿਹੇ ਲੋਕਾਂ ਨੂੰ ਗਵਾਰਾਂ ਦੀ ਗਿਣਤੀ ਵਿੱਚ ਸ਼ੁਮਾਰ ਕਰਦੀ ਹੈ। ਜਿਸ ਵਿੱਚ ਪ੍ਰਧਾਨ ਬੀਬੀ ਅਨੁਰਾਧਾ ਨਾਰੀਅਲ ਭੰਨ ਰਹੀ ਹੈ ਅਤੇ ਬਾਕੀਆਂ ਚੌਂਹ ਗੁਰਸਿੱਖਾਂ ਦੇ ਭੱਜੇ-ਟੁੱਟੇ ਨਾਰੀਅਲ ਜ਼ਮੀਨ ਉੱਤੇ ਪਏ ਦਿੱਸਦੇ ਹਨ ।
|