ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਬਲੁ ਹੋਆ ਬੰਧਨ ਛੁਟੇ …(ਇੱਕ ਦਾਰਸ਼ਨਿਕ ਦ੍ਰਿਸ਼ਟੀਕੋਣ) (Part 1)
ਬਲੁ ਹੋਆ ਬੰਧਨ ਛੁਟੇ …(ਇੱਕ ਦਾਰਸ਼ਨਿਕ ਦ੍ਰਿਸ਼ਟੀਕੋਣ) (Part 1)
Page Visitors: 2382

ਬਲੁ ਹੋਆ ਬੰਧਨ ਛੁਟੇ …(ਇੱਕ ਦਾਰਸ਼ਨਿਕ ਦ੍ਰਿਸ਼ਟੀਕੋਣ) (Part 1)
ਗਿਆਨੀ ਜਗਤਾਰ ਸਿੰਘ ਜਾਚਕ
 ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਸਿੱਖ ਧਰਮ ਦਾ ਮਹਾਮਾਨ੍ਯ ਪੁਸਤਕ’ ਅਤੇ ‘ਸਾਰੇ ਧਰਮਗ੍ਰੰਥਾਂ ਦਾ ਸ੍ਵਾਮੀ’ ਦੱਸਿਆ ਹੈ । ਕਾਰਣ ਹੈ ਕਿ ਪੂਰਬੀ ਧਰਮ ਸ਼ਾਸਤਰਾਂ ਵਾਂਗ ਇਹ ਕੇਵਲ ਇੱਕ ਦਾਰਸ਼ਨਿਕ ਗ੍ਰੰਥ ਹੀ ਨਹੀਂ, ਸਗੋਂ ਇਸ ਵਿੱਚ ਬਾਣੀਕਾਰਾਂ ਦੇ ਕਰਣੀ ਪ੍ਰਧਾਨ ਜੀਵਨ ਦੀ ਸੁਗੰਧੀ ਵੀ ਸਮਿੱਲਤ ਹੈ । ਦਰਸ਼ਨ (ਫ਼ਲਸਫ਼ਾ) ਵੀ ਉਹ, ਜਿਹੜਾ ਕਿਸੇ ਇੱਕ ਵਿਸ਼ੇਸ਼ ਕੌਮ ਜਾਂ ਮਜ਼ਹਬੀ ਫ਼ਿਰਕੇ ਦੀ ਥਾਂ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਰਬੱਤ ਦੇ ਭਲੇ ਦੀ ਲੋਚਾ ਕਰਦਾ ਹੈ । ਧਰਤੀ ਨੂੰ ਧਰਮਸ਼ਾਲ ਮੰਨ ਕੇ ਇੱਕ ਅਜਿਹੇ ਬ੍ਰਹਿਮੰਡੀ ਸਮਾਜ ਦੀ ਸਿਰਜਨਾ ਕਰਦਾ ਹੈ, ਜਿਸ ਵਿੱਚ ਹਰੇਕ ਮਨੁੱਖ ਨੂੰ ਬਿਨਾ ਕਿਸੇ ਵਿਤਕਰੇ ਦੇ ਧਰਮ ਕਮਾਉਣ ਦਾ ਹੱਕ ਪ੍ਰਾਪਤ ਹੈ । ਭਾਵ, ਮਾਨਵੀ ਸਮਾਜ ਦੇ ਸੁਧਾਰਕ ਉਪਦੇਸ਼ ਲਈ ਹਰੇਕ ਵਿਅਕਤੀ ਨੂੰ ਇੱਕ ਸਮਾਜਿਕ ਇਕਾਈ ਮੰਨਿਆ ਗਿਆ ਹੈ । ਅਜੋਕੇ ਮੁਹਾਵਰੇ ਵਿੱਚ ਇਉਂ ਵੀ ਕਹਿ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੀ ਪ੍ਰਧਾਨ ਸੁਧਾਰਕ ਸੁਰ ਮਾਨਵ-ਸੇਧਤ ਹੋਣ ਕਰਕੇ ਮਾਨਵ-ਵਾਦੀ ਤੇ ਮਨੁੱਖਤਾ-ਵਾਦੀ ਹੈ ।
  ਇਹੀ ਕਾਰਣ ਹੈ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਉਚਾਰਣ ਕੀਤੇ ਹੇਠ ਲਿਖੇ ਦੋਹਾ-ਨੁਮਾ ਸਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿਖੇ ਗੁਰਬਾਣੀ ਦੀ ਵਿਆਕਰਣਿਕ, ਸਲੋਕ ਸੰਗ੍ਰਹਿ ਦੀ ਪ੍ਰਕਰਣਿਕ ਤੇ ਗੁਰਮਤਿ ਦੀ ਸਿਧਾਂਤਕ ਦ੍ਰਿਸ਼ਟੀ ਤੋਂ ਤਰਤੀਬਵਾਰ ਇਉਂ ਅਰਥਾਇਆ ਗਿਆ ਹੈ :
ਦੋਹਰਾ॥
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ
॥53॥
ਅਰਥ:- ਹੇ ਭਾਈ ! (ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ । ਹੇ ਨਾਨਕ ! ਆਖ-ਹੇ ਹਰੀ ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ । ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ । (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ।53।
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ
॥54॥
  ਹੇ ਭਾਈ ! (ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ । ਸੋ, ਹੇ ਨਾਨਕ ! (ਆਖ-ਹੇ ਪ੍ਰਭੂ !) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ ।54।
ਕਿਉਂਕਿ ਇਸ ਤੋਂ ਪਹਿਲਾਂ ਸਲੋਕ ਨੰਬਰ 31 ਵਿੱਚ ਸਮਝਾਇਆ ਗਿਆ ਸੀ ਕਿ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ, ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ ਉਸ ਦੇ ਗਲ ਵਿਚ ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ । ਭਾਵ, ਉਹ ਵਿਕਾਰਾਂ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ ।
ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ 
 ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ
॥31॥”
ਇਸੇ ਤਰ੍ਹਾਂ ਸਲੋਕ ਨੰ. 37 ਵਿੱਚ ਮੈਤ੍ਰੀ-ਭਾਵ ਅਧੀਨ ਸਮਝਾਇਆ ਸੀ ਕਿ ਜਿਵੇਂ ਕੰਧ ਉਤੇ ਕਿਸੇ ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਤੇ ਉਸ ਨਾਲ ਚੰਬੜਿਆ ਰਹਿੰਦਾ ਹੈ, ਤਿਵੇਂ ਜਿਹੜਾ ਮਨ ਮਾਇਆ ਦੇ ਮੋਹ) ਵਿਚ ਫਸ ਜਾਂਦਾ ਹੈ, ਉਹ ਇਸ ਮੋਹ ਵਿਚੋਂ ਆਪਣੇ ਆਪ ਨਹੀਂ ਨਿਕਲ ਸਕਦਾ ।
ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥ 
 ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ
॥37॥”
ਸੋ ਇਸੇ ਪ੍ਰਕਰਣ ਨੂੰ ਧਿਆਨ ਵਿੱਚ ਰੱਖ ਕੇ ਵਿਚਾਰ-ਗੋਚਰੇ ਸਲੋਕ ਨੰ. 53 ਵਿੱਚ ਮਾਇਆ ਮੋਹ ਅਧੀਨ ਪੈਦਾ ਹੋਣ ਵਾਲੀ ਮਾਨਵੀ ਜੀਵਨ ਦੀ ਬੰਧਨ ਰੂਪ ਤੇ ਬਲਹੀਣ ਮਾਨਸਿਕ ਸਮੱਸਿਆ ਨੂੰ ਉਭਾਰਿਆ ਗਿਆ ਹੈ । ਗੁਰੂ ਬਿਰਦ ਦੀ ਪਾਲਣਾ ਕਰਦਿਆਂ ਫਿਰ ਆਪ ਹੀ ਸਲੋਕ ਨੰ. 54 ਵਿੱਚ ਉਸ ਦਾ ਸਮਾਧਾਨ ਦਸਣ ਦਾ ਉਪਕਾਰ ਵੀ ਕੀਤਾ ਹੈ । ਕਾਰਣ ਹੈ ਕਿ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਦਾ ਆਸਰਾ ਲੈਂਦੇ ਹਨ, ਸਤਿਗੁਰੂ ਉਨ੍ਹਾਂ ਦਾ ਰਖਵਾਲਾ ਬਣਦਾ ਹੈ, ਜਿਸ ਦੀ ਬਦੌਲਤ ਉਨ੍ਹਾਂ ਲਈ ਕਿਸੇ ਵੀ ਕਿਸਮ ਦਾ ਸੰਸਾਰਕ ਮੋਹ ਬੰਧਨ ਨਹੀਂ ਬਣਦਾ । ਗੁਰਵਾਕ ਹੈ : 
 ਨਾਨਕ ਰਾਮ ਨਾਮ ਸਰਣਾਈ ॥ 
 ਸਤਿਗੁਰਿ ਰਾਖੇ ਬੰਧੁ ਨ ਪਾਈ
॥ {ਗੁ.ਗ੍ਰੰ.-ਪੰ.416}
ਪ੍ਰੰਤੂ ਅਫ਼ਸੋਸ ਹੈ ਕਿ ਪੌਰਾਣਿਕ ਸਾਹਿਤ ਦੇ ਪ੍ਰਭਾਵ ਹੇਠ ਉਪਰੋਕਤ ਕਿਸਮ ਦੇ ਵਿਸ਼ਵ-ਵਿਆਪੀ ਦ੍ਰਿਸ਼ਟੀਕੋਨ ਅਤੇ ਅਕਾਦਮਿਕ ਖੇਤਰ ਦੀ ਸਾਹਿਤਕ ਤੇ ਇਤਿਹਾਸਕ ਸੂਝ ਦੀ ਘਾਟ ਕਾਰਣ ਸਾਡੇ ਸੰਪ੍ਰਦਾਈ ਬਜ਼ੁਰਗਾਂ ਨੇ ਸਲੋਕ ਮਹਲਾ 9 (ਨਾਵਾਂ) ਦੇ ਸਿਰਲੇਖ ਵਾਲੇ
ਬਲੁ ਛੁਟਕਿਓ ਬੰਧਨ ਪਰੇ…॥53॥” ਨੰਬਰ ਸਲੋਕ ਪ੍ਰਤੀ ਕਲਪਣਾ ਕਰ ਲਈ ਕਿ ਇਹ ਦੋਹਰਾ ਨਾਵੇਂ ਗੁਰੂ ਪਾਤਸ਼ਾਹ ਨੇ ਦਿੱਲੀ ਦੀ ਕੈਦ ’ਚੋਂ ਸ੍ਰੀ ਅਨੰਦਪੁਰ ਟਿਕੇ ਸਾਹਿਬਜ਼ਾਦਾ ਸ੍ਰੀ ਗੋਬਿੰਦ ਰਾਇ ਦੀ ਪਰਖ ਹਿੱਤ ਚਿੱਠੀ ਵਜੋਂ ਲਿਖਿਆ ਅਤੇ ਉਸ ਦੇ ਉੱਤਰ ਵਿੱਚ ਸਾਹਿਬਜ਼ਾਦੇ ਨੇ ‘ਮਹਲਾ 10’ ਦੇ ਸਿਰਲੇਖ ਹੇਠ “ਬਲੁ ਹੋਆ ਬੰਧਨ ਪਰੇ…॥54॥” ਸਲੋਕ ਲਿਖ ਕੇ ਦਿੱਲੀ ਭੇਜਿਆ ਸੀ । ਭਾਵੇਂ ਕਿ ਉਪਰੋਕਤ ਦੋਵੇਂ ਸਲੋਕਾਂ ਨੂੰ ਸ਼ਬਦਾਵਲੀ ਪੱਖੋਂ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਦਿੱਲੀ ਕੈਦ, ਸਾਹਿਬਜ਼ਾਦੇ ਦੀ ਪਰਖ ਅਤੇ ਕਸ਼ਮੀਰੀ ਪੰਡਤਾਂ ਨਾਲ ਜੋੜ ਕੇ ਵਿਚਾਰਨਾ ਅਸੰਭਵ ਹੈ । ਇਸ ਦਾ ਪਹਿਲਾ ਕਾਰਣ ਹੈ ਕਿ ਇਤਿਹਾਸਕ ਸੱਚਾਈ ਪਰਦੇ ਹੇਠ ਹੋਣ ਕਰਕੇ ਸੰਪਰਦਾਈ ਟੀਕੇਕਾਰਾਂ ਤੇ ਪ੍ਰਚਾਰਕਾਂ ਲਈ ਓਹੀ ਵੱਡਾ ਸੱਚ ਸੀ, ਜਿਹੜਾ ਕੇਵਲ ਇਤਿਹਾਸ ਦੇ ‘ਸੂਰਜ ਪ੍ਰਕਾਸ਼’ ਵਰਗੇ ਸਿੱਖ ਸੋਮਿਆਂ ਤੋਂ ਪ੍ਰਾਪਤ ਹੋ ਰਿਹਾ ਸੀ । ਪ੍ਰਚਾਰ ਇਤਨਾ ਜ਼ੋਰਦਾਰ ਸੀ ਕਿ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਮਹਾਨ ਸਾਹਿਤਕਾਰ ਤੇ ਗੁਰਮਤਿ ਸਿਧਾਂਤਾਂ ਦੇ ਨਿਰਣੈਕਾਰ ਚਿੰਤਕ ਵੀ ਲੋਕ ਲਹਿਰ ਅਧੀਨ ਇਤਿਹਾਸ ਦੇ ਕਈ ਅਗਿਆਤ ਪੱਖਾਂ ਤੋਂ ਪ੍ਰਭਾਵਤ ਹੋ ਰਹੇ ਸਨ । ਦੂਜੇ, “ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ ॥” {ਗੁ.ਗ੍ਰੰ.-ਪੰ.647}
  ਗੁਰਵਾਕ ਦੇ ਚਾਨਣ ਵਿੱਚ ਸੰਪ੍ਰਦਾਈ ਵਿਦਵਾਨਾਂ ਵੱਲੋਂ ਯਤਨ ਕੀਤਾ ਜਾਂਦਾ ਸੀ ਕਿ ਹਰੇਕ ਸ਼ਬਦ ਨੂੰ ਗੁਰਇਤਿਹਾਸ ਜਾਂ ਮਿਥਿਹਾਸ ਦੀ ਕਿਸੇ ਘਟਨਾ ਨਾਲ ਜੋੜ ਕੇ ਵਿਚਾਰਿਆ ਜਾਵੇ । ਵਿਦਿਅਕ ਪ੍ਰਗਟਾਵੇ ਦਾ ਇਹ ਇੱਕ ਰਿਵਾਜ ਸੀ, ਭਾਵੇਂ ਕਿ ਸਮਾਜਕ ਸੁਧਾਰ ਲਈ ਮਾਨਵ-ਸੇਧਤ ਉਪਦੇਸ਼-ਜਨਕ ਸ਼ਬਦਾਂ ਨੂੰ ‘ਪਰਥਾਇ ਸਾਖੀ’ ਦੇ ਘੇਰੇ ਤੋਂ ਬਾਹਰ ਮੰਨਣਾ ਅਸੰਭਵ ਹੈ । ਕਥਾਵਾਚਕ ਵਿਦਵਾਨ ਅਜਿਹੀ ਰਚਨਾ ਨੂੰ ਸ਼ਬਦ ਦੀ ਉਥਾਨਕਾ ਕਹਿੰਦੇ ਸਨ ।
ਜਿਵੇਂ ਫ਼ਰੀਦਕੋਟੀ ਸਟੀਕ ’ਤੇ ਅਧਾਰਿਤ ਸੰਤ ਗਿਆਨੀ ਕ੍ਰਿਪਾਲ ਸਿੰਘ ਡੇਰਾ ਬਾਜ਼ਾਰ ਸੱਤੋਵਾਲਾ ਕ੍ਰਿਤ ‘ਸੰਪ੍ਰਦਾਈ ਟੀਕਾ – ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ (ਐਡੀਸ਼ਨ 1991) ਦੀ ਲਿਖਤ ਹੈ :
ਪੰਜਾਹ (ਰਾਮੁ ਗਇਓ ਰਾਵਨੁ ਗਇਓ…),
ਇਕਵੰਜਾ (ਚਿੰਤਾ ਤਾ ਕੀ ਕੀਜੀਐ…) 
ਤੇ ਬਵੰਜਾ (ਜੋ ਉਪਜਿਓ ਸੋ ਬਿਨਸਿ ਹੈ…)
ਇਹਨਾਂ ਤਿੰਨਾਂ ਸਲੋਕਾਂ ਦੁਆਰਾ ਮਾਤਾ ਸਾਹਿਬ ਮਾਤਾ ਨਾਨਕੀ ਜੀ ਤੇ ਮਹਿਲ ਮਾਤਾ ਗੂਜਰੀ ਜੀ ਤਾਈਂ ਚਿੰਤਾ ਨਵਿਰਤੀ ਲਈ ਸ਼ੁਭ ਸਿਖਿਆ ਦੇ ਕੇ ਅਗਲਾ ਇਕ ਸਲੋਕ ਆਪਣੇ ਸਪੁਤ੍ਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪ੍ਰੀਖਿਆ ਲੈਣ ਵਾਸਤੇ ਲਿਖ ਕੇ ਭੇਜਿਆ । ਯਥਾ –
  ਦੋਨਹੁ ਪ੍ਰਤਿ ਸ਼ਲੋਕ ਲਿਖਿ ਤੀਨ । ਕਰਹੁ ਨ ਦੁਖ ਸੀਖ੍ਯਾ ਅਸ ਦੀਨ ।
ਪੁਨ ਅਪਨੇ ਸੁਤ ਕੋ ਪਤਿਆਵਨ । ਹਿਤ ਪਰਖਨ ਕੇ ਕਿਮ ਧਰ ਭਾਵਨ
। 24 ।
ਲਖਹਿਂ ਸ਼ਕਤਿ ਮਹਿ ਹਮ ਕੋ ਕੈਸੇ । ਲਖ੍ਯੋ ਜਾਇ ਅਸ ਆਸ਼ੈ ਜੈਸੇ ।
ਤਿਸ ਬਿਧਿ ਦੋਹਾ ਲਿਖ੍ਯੋ ਬਨਾਇ । ਸ੍ਰੀ ਗੁਰੂ ਤੇਗ ਬਹਾਦਰ ਰਾਇ
। 25 ।

{ਗੁਰ ਪ੍ਰਤਾਪ ਸੂਰਜ, ਰਾਸਿ 12, ਅੰਸੂ 62}
ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ
ਹੁਣ ਤਾਂ ਸਰੀਰਕ ਬਲ ਛੁਟ ਗਿਆ ਹੈ ਤੇ ਪੈਰਾਂ ਵਿਖੇ ਬੰਧਨ=ਬੇੜੀਆਂ ਅਤੇ ਲੋਹੇ ਦੇ ਕੋਟ ਵਿਖੇ ਪਰੇ=ਪਏ ਹੋਏ ਹਾਂ । ਅਥਵਾ- ਸਰੀਰਕ ਬਲ ਛੁਟ ਗਿਆ ਹੈ ਤੇ ਪੈਰਾਂ ਵਿਖੇ ਬੰਧਨ ਪਏ ਹੋਏ ਹਨ । ਹੁਣ ਛੁਟਣ ਦਾ ਸਾਡੇ ਪਾਸੋਂ ਕੁਝ ਯਤਨ ਨਹੀਂ ਹੋ ਰਿਹਾ ।
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥53॥
  ਗੁਰੂ ਸਾਹਿਬ ਜੀ ਕਹਿੰਦੇ ਹਨ- ਕਿ ਹੁਣ ਹਰਿ=ਹਰ ਤਰ੍ਹਾਂ ਇਕ ਆਪ ਜੀ ਦੀ ਓਟ ਹੈ । ਆਪ ਗਜ=ਹਾਥੀ ਦੀ ਨਿਆਈ ਸਹਾਇਤਾ ਕਰਨ ਵਾਲੇ ਹੋਵੋ ।
ਅਥਵਾ– ਬਲੁ ਛੁਟਕਿਓ ਬੰਧਨ ਪਰੇ
ਹਿੰਦੁਸਤਾਨ ਦੀ ਰੱਖਿਆ ਕਰਨ ਦਾ ਬਲ ਛੁਟ ਗਿਆ ਹੈ, ਇਸ ਕਰਕੇ ਸਾਰਿਆਂ ਨੂੰ ਬੰਧਨ ਪੈ ਗਏ ਹਨ ਕਿਉਂਕਿ ਔਰੰਗਜ਼ੇਬ ਨੇ ਠਾਕੁਰ ਦੁਆਰੇ ਦੇਵੀ ਦੁਆਰੇ ਸਭ ਢਾਹੁਣੇ ਸ਼ੁਰੂ ਕਰ ਦਿੱਤੇ ਹਨ । ਇਨ੍ਹਾਂ ਮੰਦਰਾਂ ਦੀ ਰੱਖਿਆ ਕਰਨ ਦਾ- ਕਛੂ ਨ ਹੋਤ ਉਪਾਇ ॥ ਇਹਨਾਂ ਹਿੰਦੂ ਰਾਜਿਆਂ ਪਾਸੋਂ ਕੋਈ ਉਪਾਅ ਨਹੀਂ ਹੋ ਰਿਹਾ ਕਿਉਂਕਿ ਸਾਰੇ ਹਿੰਦੂ ਰਾਜਿਆਂ ਨੂੰ ਔਰੰਗਜ਼ੇਬ ਨੇ ਆਪਣੇ ਅਧੀਨ ਕਰ ਲਿਆ ਹੈ ।
    ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥53॥
ਗੁਰੂ ਸਾਹਿਬ ਜੀ ਕਹਿੰਦੇ ਹਨ- ਹੇ ਹਰੀ ਰੂਪ ਗੋਬਿੰਦ ਸਿੰਘ ਜੀ ! ਅਬ ਆਪ ਸਾਰਿਆਂ ਹਿੰਦੂਆਂ ਦਾ ਓਟ=ਆਸਰਾ ਰੂਪ ਹੋ ਕੇ ਗਜ=ਹਾਥੀ ਦੀ ਨਿਆਈ ਸਹਾਇਤਾ ਕਰਨ ਵਾਲੇ ਹੋਵੋ ।53। ਭਾਵ, ਜਿਵੇਂ ਤੰਦੂਏ ਨੇ ਹਾਥੀ ਨੂੰ ਆਪਣੀਆਂ ਤਾਰਾਂ ਨਾਲ ਲਪੇਟ ਕੇ ਹੇਠਾਂ ਪਾਣੀ ਵਿੱਚ ਲਿਜਾਂਦਿਆਂ ਹਾਥੀ ਦੇ ਪੁਕਾਰਾਂ ਕਰਨ ਤੇ ਭਗਵਾਨ ਨੇ ਸੁਦਰਸ਼ਨ ਚੱਕਰ ਚਲਾ ਕੇ ਉਸ ਦੀਆਂ ਤੰਦਾਂ ਕੱਟ ਕੇ ਹਾਥੀ ਨੂੰ ਬਚਾਇਆ ਸੀ । ਇਵੇਂ ਹੀ ਇਹ ਔਰੰਗਜ਼ੇਬ ਰੂਪ ਤੰਦੂਆ ਹਿੰਦੁਸਤਾਨ ਰੂਪ ਹਾਥੀ ਨੂੰ ਆਪਣੀ ਸ਼ਰਾ ਰੂਪ ਤੰਦਾਂ ਨਾਲ ਲਪੇਟ ਕੇ ਆਪਣੇ ਦੀਨ ਮਨਾਉਣ ਰੂਪ ਜਲ ਵਿੱਚ ਲਿਜਾ ਰਿਹਾ ਹੈ ।

(chlda)
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.