ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
16 ਜੁਲਾਈ : ਸਿਦਕੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼
16 ਜੁਲਾਈ : ਸਿਦਕੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼
Page Visitors: 6093

16 ਜੁਲਾਈ : ਸਿਦਕੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼
ਇਤਿਹਾਸਕਾਰ ਵਿਦਵਾਨ ਗੁਰਸਿੱਖ ਸੱਜਣਾਂ ਨੇ ਹੁਣ ਤੱਕ ਦੇ ਸਿੱਖ ਇਤਿਹਾਸ ਨੂੰ 10 ਭਾਗਾਂ ਵਿੱਚ ਵੰਡਿਆ ਹੈ । ਸਿੱਖੀ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੱਕ (ਈਸਵੀ ਸੰਨ 1469-1606) ਦੇ ਕਾਲ ਨੂੰ ‘ਗੁਰਬਾਣੀ ਯੁਗ’ । ਛੇਵੇਂ ਪਾਤਸ਼ਾਹ ਤੋਂ ਦਸਮ ਗੁਰੂ ਤੱਕ (1606-1708) ‘ਕੁਰਬਾਨੀ ਯੁਗ’ । ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖ ਸ਼ਹੀਦੀਆਂ ਤੋਂ ਛੋਟੇ ਘਲੂਘਾਰੇ ਤੱਕ (1708-1748) ‘ਪਰੀਖਿਆ ਯੁਗ’ । ਸਿੱਖ ਮਿਸਲਾਂ ਦੀ ਬਣਤਰ ਅਤੇ ਅਬਦਾਲੀ ਵੱਲੋਂ ਵਰਤਾਏ ਵੱਡੇ ਘਲੂਘਾਰੇ ਤੋਂ ਲਾਹੌਰ ਦੇ ਕਬਜ਼ੇ ਤੱਕ (1748 ਤੋਂ 1765) ‘ਚੜ੍ਹਦੀ ਕਲਾ ਯੁਗ’ । 1765 ਤੋਂ 1799 ਤੱਕ ਸਰਦਾਰੀ ਯੁਗ । 1799-1849 ਤੱਕ ਦੇ ਮਹਾਰਾਜਾ ਰਣਜੀਤ ਸਿੰਘ ਦੇ ਅਤੇ 1764 ਤੋਂ 1948 ਤੱਕ ਫੂਲਕਿਆਂ ਦੇ ਰਾਜ ਘਰਾਣੇ ਤੇ ਹੋਰ ਸਿੱਖ ਰਿਆਸਤਾਂ ਦੇ ਕਾਲ ਨੂੰ ‘ਰਾਜ-ਭਾਗ ਯੁਗ’ । 1849-1910 ਤੱਕ ਦੇ ਨਿਰੰਕਾਰੀ, ਨਾਮਧਾਰੀ ਤੇ ਸਿੰਘ ਸਭਾ ਲਹਿਰ ਦੇ ਕਾਲ ਨੂੰ ‘ਪੁਨਰ-ਜਾਗ੍ਰਤੀ ਯੁਗ । 1910 ਤੋਂ 1925 ਤੱਕ ਗਦਰ ਪਾਰਟੀ ਤੇ ਅਕਾਲੀ ਲਹਿਰ ਦੇ ਕਾਲ ਨੂੰ ‘ਇਨਕਲਾਬੀ ਯੁਗ’ । 1925 ਤੋਂ 1984 ਤੱਕ ‘ਸ੍ਵਰਾਜ ਯੁਗ’ ਅਤੇ 1984 ਤੋਂ ਹੁਣ ਤਕ ਨੂੰ ‘ਪੁਨਰ-ਅਜ਼ਾਦੀ ਸੰਘਰਸ਼ ਯੁਗ’ ।
ਸ਼ਹੀਦ ਭਾਈ ਤਾਰੂ ਸਿੰਘ ਜੀ ‘ਪਰੀਖਿਆ ਯੁਗ’ (1708-1748) ਦੇ ਉਹ ਸੂਰਬੀਰ ਤੇ ਸਿਦਕੀ ਸਿੱਖ ਹੋਏ ਹਨ, ਜਿਨ੍ਹਾਂ ਨੂੰ ਕਿਰਤ ਕਰਨ, ਵੰਡ ਕੇ ਛਕਣ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਉੱਤਮ ਨਮੂੰਨੇ ਵਜੋਂ ਪਹਿਚਾਣਿਆਂ ਜਾਂਦਾ ਹੈ । ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਪਿੱਛੋਂ ਲਹੌਰ ਦੇ ਸੂਬੇਦਾਰ ਜ਼ਕਰੀਆਂ ਖਾਂ ਵੇਲੇ ਦਾ ਇਹ ਉਹ ਯੁਗ ਸੀ, ਜਦੋਂ ਅਜ਼ਾਦੀ ਦੇ ਪ੍ਰਵਾਨੇ ਸਿੱਖ ਸੂਰਮੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਂਦੇ ਹੋਏ ਜੰਗਲਾਂ ਵਿੱਚ ਭਟਕ ਰਹੇ ਸਨ । ਕਿਸੇ ਵੱਲੋਂ ਇਨ੍ਹਾਂ ਦੀ ਸਹਾਇਤਾ ਕਰਨੀ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਸੀ । ਮੱਸੇ ਰੰਘੜ ਨੂੰ ਸੋਧਣ ਵਾਲੇ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਅਤੇ ਜਥੇਦਾਰ ਸ਼ਾਮ ਸਿੰਘ ਕ੍ਰੋੜੀ ਮਿਸਲ ਦੇ ਦੋਹਤਰੇ ਭਾਈ ਰਤਨ ਸਿੰਘ ਭੰਗੂ ਆਪਣੀ ਕ੍ਰਿਤ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ :
ਜੋ ਸਿੰਘਨ ਕੌ ਕੋਊ ਲੁਕਾਵੈ । ਸੋ ਵਹਿ ਅਪਣੀ ਜਾਨ ਗੁਵਾਵੈ ।
ਆਏ ਸਿੰਘ, ਬਤਾਵੈ ਨਾਂਹੀ । ਵੈ ਭੀ ਆਪਣੀ ਜਿੰਦ ਗੁਵਾਹੀ ।
ਜੋ ਸਿੰਘਨ ਕੋ ਦੇਵੈ ਨਾਜ । ਮੁਸਲਮਾਨ ਕਰੈਂ, ਤਿਸ ਕਾਜ
। (ਪੰਨਾ 269, ਐਡੀਸ਼ਨ 1993)
ਪਰ, ਐਸੇ ਭਿਆਨਕ ਵੇਲੇ ਵੀ ਬਹੁਤ ਸਾਰੇ ਐਸੇ ਵੀ ਕਿਰਤੀ ਸਿੱਖ ਪ੍ਰਵਾਰ ਸਨ, ਜਿਹੜੇ ਬੇਘਰ ਹੋਏ ਸਘੰਰਸ਼ੀ ਸਿੰਘ ਜੋਧਿਆਂ ਨੂੰ ਲੁਕ-ਛਿਪ ਕੇ ਰਸਦ ਪਾਣੀ ਤੇ ਕਪੜੇ ਵਗੈਰਾ ਪਹੁੰਚਾਂਦੇ, ਭਾਵੇਂ ਕਿ ਆਪ ਉਨ੍ਹਾਂ ਨੂੰ ਨੰਗੇ ਤੇ ਭੁੱਖੇ ਵੀ ਕਿਉਂ ਨਾ ਰਹਿਣਾ ਪੈਂਦਾ । ਐਸਾ ਸੀ ਗੁਰਸਿੱਖਾਂ ਅੰਦਰ ਪੰਥਕ ਪਿਆਰ ਤੇ ਜਜ਼ਬਾ ॥ ਭਾਈ ਸਾਹਿਬ ਲਿਖਿਆ ਹੈ :
ਐਸੇ ਐਸੇ ਸਿੰਘ ਜਗ ਮਾਂਹੀ । ਸਿੰਘ ਛਕਾਇ ਪੀਐਂ ਨਿਜ ਖਾਹੀਂ ।
ਆਪ ਸਹੈਂ ਵੈ ਨੰਗ ਅਰ ਭੁੱਖ । ਦੇਖ ਸਕੈਂ ਨਹਿਂ ਸਿੰਘਨ ਦੁੱਖ ।
ਆਪ ਗੁਜ਼ਾਰੈਂ ਅਗਨੀ ਨਾਲ । ਸਿੰਘਨ ਘਲੈਂ ਪੁਸ਼ਕ ਸਿਵਾਲ ।
ਬਾਣ ਬੱਟ ਕਈ ਕਰੈਂ ਮਜ਼ੂਰੀ । ਭੇਜੈਂ ਸਿੰਘਨ ਪਾਸ ਜ਼ਰੂਰੀ
। (ਪੰਨਾ 269)
ਐਸੇ ਪੰਥ-ਦਰਦੀ ਤੇ ਪੰਥ ਸੇਵਕ ਗੁਰਸਿੱਖ ਪ੍ਰਵਾਰਾਂ ਵਿੱਚੋਂ ਇੱਕ ਸਨ ਭਾਈ ਸਾਹਿਬ ਭਾਈ ਤਾਰੂ ਸਿੰਘ ਤੇ ਉਨ੍ਹਾਂ ਦੀ ਮਾਤਾ ਤੇ ਭੈਣ, ਜੋ ਅਜੋਕੇ ਪੰਜਾਬ ਮੁਤਾਬਿਕ ਜ਼ਿਲਾ ਤਰਨਤਾਰਨ ਅਤੇ ਤਹਿਸੀਲ ਪੱਟੀ ਦੇ ਭਿੱਖੀਵਿੰਡ ਕਸਬੇ ਨੇੜਲੇ ਪਿੰਡ ਪੂਹਲਾ ਦੇ ਵਸਨੀਕ ਸਨ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲੇ ਚੌਧਰੀ ਮੱਸੇ ਰੰਗੜ ਦੇ ਕਤਲ ਹੋਣ ਪਿਛੋਂ ਜ਼ਕਰੀਆਂ ਖਾਂ ਸੜ ਬਲ਼ਿਆ ਤੇ ਕ੍ਰੋਧਿਤ ਨੇ ਇਲਾਕੇ ਦੇ ਚੌਧਰੀਆਂ ਨੂੰ ਤਾੜਣਾ ਕੀਤੀ ਕਿ ਜਿਹੜਾ ਵੀ ਸਿੱਖ ਪ੍ਰਵਾਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਬਾਗੀ ਲੋਕਾਂ ਦੀ ਸਹਾਇਤਾ ਕਰਦਾ ਹੈ, ਉਸ ਦੀ ਸੂਚਨਾ ਦਿਓ ਤੇ ਇਨਾਮ ਪਾਵੋ । ਐਸੇ ਗਦਾਰ ਚੌਧਰੀਆਂ ਵਿਚੋਂ ਇੱਕ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਮੰਜੀਦਾਰ ਪ੍ਰਚਾਰਕ ਸਿੱਖ ਭਾਈ ਹੰਦਾਲ ਦੇ ਉਪਨਾਮ ’ਤੇ ਚਲਾਈ ‘ਨਿਰੰਜਨੀ ਸੰਪਰਦਾ’ ਦਾ ਮਹੰਤ ਹਰਿਭਗਤ । ਇਸੇ ਲਈ ਇਹ ਨੀਚ ‘ਹਰਿਭਗਤ ਨਿਰੰਜਨੀ’ ਨਾਂ ਨਾਲ ਜਾਣ ਜਾਣਿਆਂ ਜਾਂਦਾ ਸੀ, ਜਿਸ ਨੇ ਸਿੰਘਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਦੀ ਅਯੋਗ ਸਹਾਇਤਾ ਕੀਤੀ ਤੇ ਸਿੰਘਾਂ ਦਾ ਘਾਣ ਕਰਵਾਇਆ । ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਸ ਪ੍ਰਕਾਰ ਦੇ 95% ਸੰਪਰਦਾਈ ਡੇਰੇ ਹੁਣ ਵੀ ਸੱਤਾਧਾਰੀ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ-ਠੋਕੇ ਬਣੇ ਹੋਏ ਹਨ, ਤਾਂ ਕਿ ਉਨ੍ਹਾਂ ਦੇ ਅਪਰਾਧੀ ਠੱਗ ਵਾੜੇ ਪੁਲੀਸ ਦੀ ਮਾਰ ਤੋਂ ਸੁਰਿਖਅਤ ਰਹਿ ਸਕਣ । ਸਰਕਾਰੀ ਸਿਫਾਰਸ਼ਾਂ ਕਰਾਉਣ ਦੇ ਚੱਕਰ ਵਿੱਚ ਆਲੇ-ਦੁਆਲੇ ਦੇ ਲੋਕ ਚੇਲਿਆਂ ਦੇ ਰੂਪ ਵਿੱਚ ਉਨ੍ਹਾਂ ਦੀ ਦੁਕਾਨਦਾਰੀ ਚਲਾਈ ਰੱਖਣ ।
ਇਸ ਨੀਚ ਟਾਊਟ ਨੇ ਜ਼ਕਰੀਆ ਖਾਂ ਕੋਲ ਭਾਈ ਤਾਰੂ ਸਿੰਘ ‘ਪੂਹਲੇ’ ਬਾਰੇ ਚੁੱਗਲੀ ਕਰਦਿਆਂ ਜੋ ਹੇਠ ਲਿਖੀ ਰਿਪੋਰਟ ਲਿਖਵਾਈ, ਉਸ ਤੋਂ ਭਾਈ ਤਾਰੂ ਸਿੰਘ ਜੀ ਦੇ ਪਰਵਾਰ ਅੰਦਰਲੇ ਸਿੱਖੀ ਸਿਦਕ, ਗੁਰੂ ਪ੍ਰਤੀਤ, ਸ਼ਬਦ-ਕੀਰਤਨ ਦੇ ਪਿਆਰ ਤੇ ਪੰਥਕ ਦਰਦ ਦੀ ਜੋ ਝਲਕ ਡੁੱਲ-ਡੁੱਲ ਪੈਂਦੀ ਹੈ ; ਉਹ ਸਮੁੱਚੇ ਸਿੱਖ ਜਗਤ ਲਈ ਇੱਕ ਰੌਸ਼ਨ ਮੁਨਾਰਾ ਹੈ । ਇਹ ਪੜ੍ਹ ਕੇ ਲੋੜ ਹੈ ਉਨ੍ਹਾਂ ਪ੍ਰਵਾਰਾਂ ਨੂੰ ਵੀ ਸਵੈ-ਪੜਚੋਲ ਦੀ, ਜਿਹੜੇ ਗੁਰਸਿੱਖ ਅਖਵਾਉਂਦੇ ਹੋਏ ਵੀ ਜੋਤਸ਼ੀਆਂ, ਪੀਰਾਂ ਦੀ ਕਬਰਾਂ ਅਤੇ ਮੜੀਆਂ ਮਸਾਣਾਂ ਤੇ ਦੇਵੀ-ਦੇਵਤਿਆਂ ਦੇ ਪੂਜਾਰੀ ਬਣੇ ਬੈਠੇ ਹਨ । ਰੀਪੋਰਟ ਕੁਝ ਇਉਂ ਸੀ :
ਹੈ ਉਸ ਕੇ ਇੱਕ ਭੈਣ ਅਰ ਮਾਈ ॥ ਪੀਸ ਕੂਟ ਵੇ ਕਰੈਂ ਕਮਾਈ ॥
ਆਪ ਖਾਇ ਵਹਿ ਰੁੱਖੀ ਮਿੱਸੀ ॥ ਮੋਟਾ ਪਹਿਰ ਆਪ ਰਹਿ ਲਿੱਸੀ ॥
ਜੋਊ ਬਚੇ ਸੋ ਸਿੰਘਨ ਦੇਵੈ ॥ ਉਇ ਬਿਨ ਸਿੰਘਨ ਔਰ ਨ ਸੇਵੈ

ਬਾਂਗ ਸਲਾਤ ਸੁਨ ਮੂੰਦੇ ਕਾਨ । ਰੋਟ ਸ਼ੀਰਨੀ ਪੀਰ ਨਾ ਖਾਨ ।
ਸ਼ਬਦ ਚੌਂਕੀ ਗੁਰ ਅਪਨੇ ਕੀ ਕਰੇ । ਸੋ ਮਰਨੇ ਤੇ ਨੈਕ ਨ ਡਰੇ ।
ਗੰਗਾ ਜਮਨਾ ਨਿਕਟ ਨ ਜਾਵੈ । ਗੁਰ ਆਪਨੇ ਕੀ ਛਪੜੀ ਨ੍ਹਾਵੈ ।
ਜਗਨ ਨਾਥ ਕੋ ਟੁੰਡਾ ਆਖੈ । ਰਾਮ ਕਿਸ਼ਨ ਕੋ ਜਾਪ ਨਾ ਭਾਖੈ
। (ਪ੍ਰਚੀਨ ਪੰਥ ਪ੍ਰਕਾਸ਼, ਪੰਨਾ 270)
ਇਸ 25 ਸਾਲਾ ਪੰਥ-ਸੇਵਕ ਤੇ ਪੰਥ-ਦਰਦੀ ਨੌਜਵਾਨ ਦੇ ਉੱਚੇ ਆਚਰਣ ਕਾਰਣ ਇਲਾਕੇ ਦਾ ਕੇਵਲ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਸਾਰੇ ਹਿੰਦੂ ਤੇ ਮੁਸਲਮਾਨ ਵੀ ਸਤਿਕਾਰ ਕਰਦੇ ਸਨ । ਇਹ ਹੈ ਸਿੱਖੀ ਆਚਰਣ ਦਾ ਸਿਖਰ । ਸਪਸ਼ਟ ਹੈ ਕਿ ਪੰਥਕ ਰਹਿਣੀ ਰਹਿੰਦੇ ਹੋਏ ਵੀ ਅਸੀਂ ਸਮਾਜਿਕ ਖੇਤਰ ਦੇ ਅਨਮੱਤੀ ਲੋਕਾਂ ਦੀ ਹਮਦਰਦੀ ਤੇ ਪਿਆਰ ਦੇ ਪਾਤਰ ਬਣੇ ਰਹਿ ਸਕਦੇ ਹਾਂ । ਮਾਨਸਿਕ ’ਤੌਰ ਤੇ ਕਮਜ਼ੋਰ  ਰਾਜਨੀਤਕ ਆਗੂਆਂ ਵਾਂਗ ਜ਼ਰੂਰੀ ਨਹੀਂ ਕਿ ਵੋਟਾਂ ਦੀ ਖ਼ਾਤਰ ਆਪਣਾ ਈਮਾਨ ਵੇਚਣਾ ਪਵੇ । ਭਾਈ ਸਾਹਿਬ ਦੇ ਪਰਉਪਕਾਰੀ ਤੇ ਸਮਦ੍ਰਿਸ਼ਟ ਵਰਤਾਰੇ ਦਾ ਹੀ ਸਿੱਟਾ ਸੀ ਕਿ ਜਦੋਂ ਅਹਿਦੀਏ ਅਤੇ ਉਨ੍ਹਾਂ ਦੇ ਸਾਥੀ ਸਿਪਾਹੀ ਇਨ੍ਹਾਂ ਨੂੰ ਪਿੰਡੋਂ ਗ੍ਰਿਫ਼ਤਾਰ ਕਰਕੇ ਲਾਹੌਰ ਨੂੰ ਲੈ ਕੇ ਜਾ ਰਹੇ ਸਨ ਤਾਂ ਇਲਾਕੇ ਦੇ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਤਰਸਣ ਲੱਗੇ । ਇਸ ਲਈ ਉਨ੍ਹਾਂ ਨੇ ਇੱਕ ਮੋਟੀ ਰਕਮ ਇਕੱਠੀ ਕਰਕੇ ਅਹਿਦੀਆਂ ਨੂੰ ਦਿੱਤੀ ਅਤੇ ਬਦਲੇ ਵਿੱਚ ਭਾਈ ਸਾਹਿਬ ਜੀ ਦੀ ਮਾਤਾ ਤੇ ਭੈਣ ਨੂੰ ਛੁਡਵਾਇਆ । ਲੋਕ ਕਹਿ ਰਹੇ ਸਨ :
ਸਿੱਖ ਛਡਾਵਨ ਹੈ ਬਡ ਧਰਮ । ਗਊ ਬ੍ਰਹਮਨ ਤੇ ਸੌ ਗੁਨੋਂ ਕਰਮ
ਭੜਾਣੇ ਪਿੰਡ ਦੇ ਸਿੱਖਾਂ ਨੇ ਆਪਣੇ ਪ੍ਰਵਾਰਾਂ ਦੇ ਕਤਲ ਤੇ ਉਜਾੜੇ ਦੀ ਪ੍ਰਵਾਹ ਨਾ ਕਰਦਿਆਂ ਅਹਿਦੀਆਂ ਨੂੰ ਮਾਰ ਕੇ ਭਾਈ ਸਾਹਿਬ ਨੂੰ ਛਡਾਉਣ ਦੀ ਗੁਪਤ ਸਕੀਮ ਬਣਾਈ । ਪਰ, ਤਾਰੂ ਸਿੰਘ ਜੀ ਨੇ ਉਨ੍ਹਾਂ ਨੂੰ ਸਨੇਹਾ ਭੇਜਿਆ ਕਿ ਐਸਾ ਨਹੀਂ ਕਰਨਾ :
ਦੋਹਰਾ -ਸਿੱਖਨ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ । ਸੋ ਸਿੱਖ ਹਮ ਉਸ ਗੁਰੂ ਕੇ, ਕਿਮ ਰਾਖੇਂ ਸੀਸ ਬਚਾਏ ।
ਮਰਨ ਸਭਨ ਕੇ ਸੀਸ ਪਰ, ਸੁਫਲ ਮਰਨ ਹੈ ਤਾਹਿਂ । ਧਰਮ ਨਿਭੈ, ਸਿੱਖੀ ਨਿਭੈ, ਸਿਰ ਜ਼ੁਲਮ ਬਿਰੁਧ ਲਗ ਜਾਹਿਂ ।
ਆਖਰ 26 ਜੂਨ 1745 ਦੇ ਦਿਹਾੜੇ 25 ਸਾਲ ਦੇ ਇਸ ਨੌਜਵਾਨ ਸਿੰਘ ਨੂੰ ਲਹੌਰ ਵਿਖੇ ਜ਼ਕਰੀਏ ਦੀ ਕਚਿਹਰੀ ਪੇਸ਼ ਕੀਤਾ ਗਿਆ । ਹਰਿਭਗਤ ਨਿਰੰਜਨੀਏਂ ਦੀ ਦਿੱਤੀ ਸੂਹ ਮੁਤਾਬਿਕ ਭਾਈ ਸਾਹਿਬ ’ਤੇ ਕਾਜ਼ੀ ਨੇ ਦੋ ਦੋਸ਼ ਲਾਏ । ਇੱਕ ਸੀ ਬਾਗੀ ਸਿੰਘਾਂ ਦੀ ਸਹਾਇਤਾ ਕਰਨ ਦਾ ਅਤੇ ਦੂਜਾ ਸੀ ਪੱਟੀ ਦੇ ਫੌਜਦਾਰ ਨੂੰ ਮਾਰਨ ਦਾ, ਜਿਸ ਨੇ ਧੱਕੇ ਨਾਲ ਉਥੋਂ ਦੇ ਮਾਛੀ ਰਹੀਮ ਬਖ਼ਸ਼ ਦੀ ਲੜਕੀ ਧੱਕੇ ਨਾਲ ਆਪਣੇ ਘਰ ਪਾ ਲਈ ਸੀ ।
ਭਾਈ ਸਾਹਿਬ ਨੇ ਗੱਜ ਕੇ ਫ਼ਤਹਿ ਬੁਲਾਈ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦਿਆਂ ਇਹ ਸਭ ਖੁਸ਼ੀ ਖੁਸ਼ੀ ਪ੍ਰਵਾਨ ਕੀਤਾ ਤੇ ਆਖਿਆ ਇਹ ਮੇਰਾ ਧਰਮ ਹੈ । ਨਵਾਬ ਅੰਦਰੋਂ ਜਲ਼-ਬਲ਼ ਕੇ ਕੋਲ਼ਾ ਹੋ ਗਿਆ । ਪਰ, ਬਾਹਰੋਂ ਹਿਤਕਾਰੀ ਹੋਣ ਦਾ ਡਰਾਮਾ ਕਰਦਿਆਂ ਉਨ੍ਹੇ ਭਾਈ ਸਾਹਿਬ ਨੂੰ ਆਖਿਆ ਕਿ ਕੇਸ ਕਤਲ ਕਰਵਾ ਕੇ ਅਤੇ ਇਸਸਲਾਮ ਕਬੂਲ ਕਰਕੇ ਅਜੇ ਵੀ ਤੂੰ ਆਪਣੀ ਜਾਨ ਬਚਾ ਸਕਦਾ ਹੈਂ । ਸਾਰੇ ਸੰਸਾਰਕ ਸੁੱਖ ਭੋਗ ਸਕਦਾ ਹੈ । ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਹਨ : ਫਿਰ ਨਵਾਬ ਐਸੀ ਕਹੀ, ਜਿੰਦ ਚਹੈਂ ਤਾਂ ਆਵਹੁ ਦੀਨ । ਔਰ ਜੁ ਚਾਹੈਂ ਮਾਂਗ ਸੋ, ਧਨ ਅਰ ਮੁਲਖ ਜ਼ਮੀਨ
ਭਾਈ ਸਾਹਿਬ ਦਾ ਉਤਰ ਸੀ :
ਤੂੰ ਜੇ ਹਮ ਪੈ ਹੈਂ ਮਿਹਰਬਾਨ । ਆਖ । ਕੇਸੀਂ ਸਾਸੀਂ  ਹਮੇਂ- ਨਾ ਹੋਹੁ ਮੁਸਲਮਾਨ ।
ਤੂੰ ਦੱਸ ਹਮੈਂ ਕਛੁ ਐਸੇ ਰਾਹੁਹੋਇ ਨਿਭਾਹੁ

ਇਹ ਸੁਣ ਕੇ ਨਵਾਬ ਹੋਰ ਕ੍ਰੋਧਿਤ ਹੋਇਆ ਤੇ ਬੋਲਿਆ ਫਿਰ ਤਾਂ ਤੇਰਾ ਖੋਪਰ ਉਤਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ । ਨਵਾਬ ਦੇ ਇਸ਼ਾਰੇ ’ਤੇ ਕਾਜ਼ੀ ਨੇ ਕੇਸਾਂ ਸਮੇਤ ਖੋਪਰੀ ਉਤਾਰਨ ਦੀ ਸਖ਼ਤ ਸਜ਼ਾ ਸੁਣਾਈ । ਭਾਈ ਸਾਹਿਬ ਨੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਕਾਸ਼ ਗੁੰਜਾ ਦਿੱਤਾ । ਫਿਰ ਦੇਰ ਨਾ ਲੱਗੀ । ਕਸਾਈ ਮੋਚੀ ਨੇ ਤਿੱਖੀ ਰੰਬੀ ਨਾਲ ਮੱਥੇ ਤੋਂ ਗਿੱਚੀ ਤੱਕ ਦੀ ਕੇਸਾਂ ਸਮੇਤ ਖੋਪਰੀ ਉਤਾਰ ਦਿੱਤੀ । ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਦੋਹਰਾ : ਪੈਨੀ ਥੀ ਰੰਬੀ ਕਰੀ, ਧਰ ਮਥ੍ਯੋਂ ਦਈ ਦਬਾਇ । ਮੱਥੇ ਤੇ ਕੰਨਾਂ ਤਈਂ, ਗਿਚੀਓਂ ਦਈ ਪੁਟਾਇ
ਚੌ:- ਸਿੰਘ ਜੀ ਮੁਖ ਤੇ ਸੀ ਨਾ ਕਰੀ । ਧੰਨ ਧੰਨ ਗੁਰੂ ਮੁਖ ਕਹਣੀ ਸਰੀ
  ਲੋਕ ਸਿਆਣੇ ਐਸੇ ਕਹੈਂ । ਪਾਤਸ਼ਾਹੀ ਅਬ ਇਨਕੀ ਨਾ ਰਹੈਂ
ਅਲੀ-ਉਦ-ਦੀਨ ਦੇ ਇਬਰਤ ਨਾਮੇ (ਸਫਾ 211) ਅਤੇ ਖੁਸ਼ਵਕਤ ਰਾਇ ਦੀ ਤਵਾਰੀਖ਼ (ਸਫਾ 72 ਦੇ ਹਵਾਲੇ ਨਾਲ ਡਾ. ਦਿਲਗੀਰ ਨੇ ਸਿੱਖ ਤਵਾਰੀਖ਼ ਦੇ ਦੂਜੇ ਹਿੱਸੇ ਵਿੱਚ ਲਿਖਿਆ ਹੈ ਕਿ 25 ਜੂਨ 1745 ਦੇ ਦਿਨ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਤੇ ਉਹ ਪਹਿਲੀ ਜੁਲਾਈ ਨੂੰ ਸ਼ਹੀਦ ਹੋਇਆ । ਮੱਸੇ ਰੰਘੜ ਨੂੰ ਸੋਧਣ ਵਾਲੇ ਗ੍ਰਿਫਤਾਰ ਭਾਈ ਮਹਿਤਾਬ ਸਿੰਘ ਨੂੰ ਵੀ ਇਸ ਦਿਹਾੜੇ ਹੀ ਸ਼ਹੀਦ ਕੀਤਾ ਗਿਆ । ਖ਼ਾਫ਼ੀ ਖਾਂ ਲਿਖਦਾ ਹੈ ਕਿ ਭਾਈ ਸਾਹਿਬ ਜੀ ਦੀ ਖੱਲ ਲਾਹ ਕੇ ਖਾਈ ਵਿੱਚ ਸੁੱਟ ਦਿੱਤਾ ਤਾਂ ਕਿ ਗਿੱਦੜ ਕੁਤੇ ਖਾ ਜਾਣ । ਪਰ, ਸਿੰਘ ਉਸ ਦਸ਼ਾ ਵਿੱਚ ਬਾਣੀ ਪੜ੍ਹਦਾ ਰਿਹਾ । ਜ਼ਕਰੀਆਂ ਖਾਂ ਦੇ ਇਹ ਆਖ਼ਰੀ ਸਿੱਖ ਕਤਲ ਸਨ । ਕਿਉਂਕਿ, ਰੱਬ ਦੀ ਕਰਨੀ ਐਸੀ ਵਾਪਰੀ ਕਿ ਖੋਪਰੀ ਲਾਹੁਣ ਦਾ ਹੁਕਮ ਦੇਣ ਵਾਲਾ ਜ਼ਾਲਮ ਜ਼ਕਰੀਆ ਖਾਂ ਵੀ ਪਸ਼ਾਬ ਦਾ ਬੰਨ੍ਹ ਪੈਣ ਕਰਕੇ ਉਸੇ ਦਿਹਾੜੇ ਹੀ ਪਾਣੀਓਂ ਕੱਢੀ ਮੱਛੀ ਵਾਂਗ ਤੜਪ ਤੜਪ ਕੇ ਮਰਿਆ ।
ਪ੍ਰੰਪਰਾਗਤ ਇਤਿਹਾਸ ਵਿੱਚ ਐਸੀ ਵੀ ਚਰਚਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਪਿਛੋਂ ਰੱਬੀ ਰਜ਼ਾ ਵਿੱਚ ਜਦੋਂ ਜ਼ਕਰੀਆਂ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ “ ਮੈਂ ਸਿੰਘਾਂ ਨੂੰ ਬਿਅੰਤ ਤਸੀਹੇ ਦਿੱਤੇ ਹਨ, ਇਹ ਸਭ ਉਸੇ ਦਾ ਫਲ ਹੈ ।”  ਭਾਈ ਸ਼ੁਬੇਗ ਸਿੰਘ ਕੋਤਵਾਲ ਨੂੰ ਖ਼ਾਲਸੇ ਦੀ ਭੇਟ ਲਈ ਪੰਜ ਹਜ਼ਾਰ ਰੁਪਈਆ ਦੇ ਕੇ ਕਾਹਨੂਵਾਣ ਦੇ ਛੰਭ ਵਲ ਭੇਜਿਆ ਗਿਆ । ਸਿੰਘਾਂ ਆਖਿਆ “ਭਾਈ ਸਾਹਿਬ ਦੀ ਚਰਨ-ਦਾਸੀ (ਜੁੱਤੀ) ਤੁਰਕ ਦੇ ਸਿਰ ਨੂੰ ਲਾਈ ਜਾਵੇ ਤਾਂ ਉਹਦਾ ਪਿਸ਼ਾਬ ਖੁੱਲ ਸਕਦਾ ਹੈ ।” ਇਉਂ 1 ਜੁਲਾਈ 1745 ਨੂੰ ਸਿੰਘਾਂ ਦਾ ਦੋਖੀ ਜੁੱਤੀਆਂ ਖਾਂਦਾ ਮਰ ਗਿਆ ਤੇ ਉਸੇ ਦਿਨ ਭਾਈ ਸਾਹਿਬ ਨੇ ਵੀ ਆਪਣਾ ਜ਼ਖ਼ਮੀ ਚੋਲਾ ਤਿਆਗ ਦਿੱਤਾ ।
ਅਤਿਅੰਤ ਲੋੜ ਹੈ ਐਸੀਆਂ ਸ਼ਹੀਦੀ ਸਾਖੀਆਂ, ਗੁਰਸਿੱਖ ਪ੍ਰਵਾਰਾਂ ਦੇ ਉਨ੍ਹਾਂ ਨੌਜਵਾਨਾਂ ਨੂੰ ਪਿਆਰ ਸਹਿਤ ਸਨਾਉਣ ਤੇ ਸਮਝਾਉਣ ਦੀ, ਜਿਹੜੇ ਸਿਰ ਮੂੰਹ ਮੁਨਾ ਕੇ ਸਿੱਖੀ ਤੋਂ ਭਗੌੜੇ ਹੋ ਰਹੇ ਹਨ । ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸਿੰਘਾਂ ਦੀਆਂ ਅਜਿਹੀਆਂ ਸ਼ਹਾਦਤੀ ਤੇ ਸਿਦਕੀ ਸਾਖੀਆਂ ਦੀ ਰੌਸ਼ਨੀ ਵਿੱਚ ਉਨ੍ਹਾਂ ਸਿਆਣਿਆਂ ਨੂੰ ਵੀ ਸੋਚਣ ਦੀ ਲੋੜ ਹੈ, ਜਿਹੜੇ ਬੁੱਧੀ ਮੰਡਲਾਂ ਦੀ ਕੈਦ ਵਿੱਚ ਵਿਚਰਦੇ ਹੋਏ ਕਹਿ ਰਹੇ ਹਨ ਕਿ ਕੇਸਾਂ ਤੇ ਦਸਤਾਰ ਵਾਲੀ ਸਿੱਖੀ ਦਾ ਭਵਿੱਖ ਉੱਜਲਾ ਨਹੀਂ ਅਤੇ ਪ੍ਰਚਾਰਕਾਂ ਦਾ ਇਹ ਕਹਿਣਾ ਗ਼ਲਤ ਹੈ ਕਿ ਕੇਸ ਗੁਰੂ ਦੀ ਮੋਹਰ ਹਨ ।  ਭੁੱਲ-ਚੁੱਕ ਮੁਆਫ਼ ।
ਗੁਰੂ ਦਰਬਾਰ ਦਾ ਕੂਕਰ :
ਜਗਤਾਰ ਸਿੰਘ ਜਾਚਕ, ਨਿਊਯਾਰਕ ,
(ਫੋਨ: 1-631.592.4335)

         

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.