ਕੈਟੇਗਰੀ

ਤੁਹਾਡੀ ਰਾਇ



ਉਜਾਗਰ ਸਿੰਘ ( ਲੋਕ ਸੰਪਰਕ ਵਿਭਾਗ (ਸਾਬਕਾ) )
ਵਰਤਮਾਨ ਕਲਿਆਣਕਾਰੀ ਰਾਜ ਦੇ ਸੰਕਲਪ ਦਾ ਜਨਮਦਾਤਾ ਸ੍ਰੀ ਗੁਰੂ ਨਾਨਕ
ਵਰਤਮਾਨ ਕਲਿਆਣਕਾਰੀ ਰਾਜ ਦੇ ਸੰਕਲਪ ਦਾ ਜਨਮਦਾਤਾ ਸ੍ਰੀ ਗੁਰੂ ਨਾਨਕ
Page Visitors: 2426

ਵਰਤਮਾਨ ਕਲਿਆਣਕਾਰੀ ਰਾਜ ਦੇ ਸੰਕਲਪ ਦਾ ਜਨਮਦਾਤਾ ਸ੍ਰੀ ਗੁਰੂ ਨਾਨਕ
ਸਿੱਖ ਸੰਗਤ ਸ੍ਰੀ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੀ ਹੈ। ਜਦੋਂ ਵੀ ਸਿੱਖ ਸੰਗਤ ਦੇ ਦਿਮਾਗ ਵਿਚ ਸ੍ਰੀ ਗੁਰੂ ਨਾਨਕ ਜੀ ਦਾ ਖਿਆਲ ਆਉਂਦਾ ਹੈ ਤਾਂ ਉਹ ਸ਼ਾਂਤ ਚਿਤ ਹੋ ਜਾਂਦਾ ਹੈ। ਸਰਬਤ ਦਾ ਭਲਾ ਅਰਥਾਤ ਲੋਕਾਈ ਦੀ ਬਰਾਬਰਤਾ ਦਾ ਸੰਕਲਪ ਚਿਤਵਦਾ ਹੈ। ਸ੍ਰੀ ਗੁਰੂ ਨਾਨਕ ਜੀ ਸਿੱਖ ਧਰਮ ਦੇ ਬਾਨੀ ਹਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਹੈ, ਜਿਸਨੇ ਸ਼ਾਂਤੀ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਸਰਬਤ ਦਾ ਭਲਾ ਲੋਕਾਈ ਦੇ ਕਿਸੇ ਇਕ ਵਰਗ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਹੈ। ਕੁਝ ਲੋਕ ਇਸਨੂੰ ਪੰਥ ਨਾਲ ਜੋੜਕੇ ਵੇਖਦੇ ਹਨ। ਸਰਬਤ ਦਾ ਭਲਾ ਹੀ ਇਕ ਕਿਸਮ ਨਾਲ ਕਲਿਆਣਕਾਰੀ ਰਾਜ ਹੁੰਦਾ ਹੈ। ਕਲਿਆਣਕਾਰੀ ਰਾਜ ਉਸਨੂੰ ਕਹਿੰਦੇ ਹਨ ਜਿਸ ਵਿਚ ਪਰਜਾ ਨੂੰ ਖਾਣ-ਪੀਣ, ਰਹਿਣ-ਸਹਿਣ, ਲਿਖਣ, ਬੋਲਣ, ਸਮਾਜਿਕ-ਆਰਥਿਕ ਬਰਾਬਰੀ, ਇਨਸਾਫ ਦੇ ਬਰਾਬਰ ਮੌਕੇ ਮਿਲਦੇ ਹੋਣ ਅਤੇ ਜਾਤ-ਪਾਤ ਦਾ ਭੇਦ ਭਾਵ ਨਾ ਹੋਵੇ। ਭਾਵ ਸਾਰੀ ਲੋਕਾਈ ਨੂੰ ਬਰਾਬਰ ਸਹੂਲਤਾਂ ਮਿਲ ਰਹੀਆਂ ਹੋਣ।.
ਭਾਰਤ ਵਿਚ ਵੀ ਪਰਜਾ 14 ਵੀਂ ਸਦੀ ਤੱਕ ਇਨ੍ਹਾਂ ਸਾਰੀਆਂ ਨਿਆਮਤਾਂ ਤੋਂ ਵਾਂਝੀ ਸੀ। ਭਾਰਤ ਨੂੰ ਭਾਵੇਂ ਅਜੇ ਵਿਕਸਤ ਜਾਂ ਵਿਕਾਸਸ਼ੀਲ ਦੇਸਾਂ ਵਿਚ ਗਿਣਿਆਂ ਜਾਂਦਾ ਹੈ ਪ੍ਰੰਤੂ ਭਾਰਤ ਅਜਿਹਾ ਦੇਸ਼ ਹੈ, ਜਿਸਨੇ ਸੰਸਾਰ ਨੂੰ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਗਵਾਈ ਦਿੱਤੀ ਹੈ। ਦੁਨੀਆਂ ਦੇ ਪਰਜਾਤੰਤਰਿਕ ਪ੍ਰਣਾਲੀ ਵਾਲੇ ਦੇਸਾਂ ਵਿਚ ਆਪੋ ਆਪਣੇ ਦੇਸ ਨੂੰ ਬਿਹਤਰੀਨ ਕਲਿਆਣਕਾਰੀ ਰਾਜ ਦਰਸਾਉਣ ਦੀ ਦੌੜ ਲੱਗੀ ਹੋਈ ਹੈ। ਸੰਸਾਰ ਵਿਚ ਇਹ ਸਰਵਪ੍ਰਮਾਣਿਤ ਹੈ ਕਿ ਉਸ ਦੇਸ ਦੀ ਰਾਜਨੀਤਕ ਪ੍ਰਸ਼ਾਸਨਿਕ ਪ੍ਰਣਾਲੀ ਚੰਗੀ ਹੈ, ਜਿਹੜੀ ਉਥੋਂ ਦੇ ਵਸਨੀਕਾਂ ਨੂੰ ਮਨੁੱਖੀ ਅਧਿਕਾਰਾਂ, ਨਿਆਏ, ਬਰਾਬਰਤਾ, ਸਮਾਜਿਕ, ਆਰਥਿਕ, ਰਾਜਨੀਤਕ, ਲਿਖਣ, ਬੋਲਣ ਅਤੇ ਸਭਿਆਚਾਰਕ ਆਜ਼ਾਦੀ ਦਿੰਦੀ ਹੈ। ਆਮ ਤੌਰ ਤੇ ਸਰਸਰੀ ਨਜ਼ਰ ਮਾਰਿਆਂ ਇਹ ਸੁਣਿਆਂ ਜਾਂਦਾ ਹੈ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਹਾਲੈਂਡ, ਸਵਿਟਜ਼ਰਲੈਂਡ, ਜਰਮਨ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ ਆਪਣੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਚੱਜਾ ਜੀਵਨ ਜਿਓਣ ਲਈ ਬਿਹਤਰੀਨ ਸਹੂਲਤਾਂ ਦਿੰਦੇ ਹਨ। ਅਮਰੀਕਾ ਵਾਲੇ ਅਬਰਾਹਿਮ ਲਿੰਕਨ ਨੂੰ ਇਹ ਸਿਹਰਾ ਦਿੰਦੇ ਹਨ ਕਿਉਂਕਿ ਜਦੋਂ 1861 ਵਿਚ ਅਮਰੀਕਾ ਦਾ ਰਾਸ਼ਟਰਪਤੀ ਅਬਰਾਹਿਮ ਲਿੰਕਨ ਬਣਿਆਂ ਤਾਂ ਉਸਨੇ ਲੋਕਾਂ ਦੀ ਸਰਕਾਰ, ਲੋਕਾਂ ਲਈ ਸਰਕਾਰ ਅਤੇ ਲੋਕਾਂ ਵੱਲੋਂ ਬਣਾਈ ਸਰਕਾਰ ਦੀ ਪ੍ਰਣਾਲੀ ਨੂੰ ਮਾਣਤਾ ਦਿੱਤੀ।.
ਉਸਨੇ ਹੀ ਗ਼ੁਲਾਮ ਰੱਖਣ ਦੀ ਪ੍ਰਥਾ ਨੂੰ ਖ਼ਤਮ ਕੀਤਾ। ਇਸ ਤੋਂ ਪਹਿਲਾਂ ਬਹੁਤੇ ਦੇਸ਼ਾਂ ਵਿਚ ਗ਼ਰੀਬ ਲੋਕਾਂ ਨੂੰ ਗ਼ੁਲਾਮ ਬਣਾਕੇ ਰੱਖਿਆ ਜਾਂਦਾ ਸੀ। ਗ਼ਰੀਬਾਂ ਦੀ ਜ਼ਿੰਦਗੀ ਬਦ ਨਾਲੋਂ ਬਦਤਰ ਬਣੀ ਹੋਈ ਸੀ। ਰਾਜੇ ਮਹਾਰਾਜੇ ਮਨਮਾਨੀਆਂ ਕਰਦੇ ਸਨ। ਮਨੁੱਖ ਹੀ ਮਨੁੱਖਤਾ ਨਾਲ ਅਨਿਆਏ ਕਰ ਰਹੇ ਸਨ। ਅਮਰੀਕਨ ਕਹਿ ਰਹੇ ਹਨ ਕਿ ਅਬਰਾਹਿਮ ਲਿੰਕਨ ਨੇ ਕਲਿਆਣਕਾਰੀ ਰਾਜ ਦਾ ਸੁਪਨਾ ਲਿਆ ਸੀ। ਇਸ ਤੋਂ ਬਾਅਦ ਜਰਮਨ ਨੇ 1870 ਅਤੇ ਸਵਿਟਜ਼ਰਲੈਂਡ ਨੇ 1877 ਵਿਚ ਕਲਿਆਣਕਾਰੀ ਰਾਜ ਦੀ ਗੱਲ ਕੀਤੀ। ਉਸ ਤੋਂ ਬਾਅਦ ਤਾਂ ਹਰ ਦੇਸ਼ ਹੀ ਆਪਣੇ ਆਪ ਨੂੰ ਆਮ ਲੋਕਾਂ ਦੀਆਂ ਭਲਾਈ ਦੀਆਂ ਸਕੀਮਾ ਸ਼ੁਰੂ ਕਰਨ ਵਿਚ ਮੋਹਰੀ ਦੱਸਣ ਲੱਗ ਪਿਆ। ਸੰਸਾਰ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਜੀ ਨੇ ਪੰਦਰਵੀਂ ਸਦੀ ਦੇ ਅਖ਼ੀਰ ਵਿਚ ਹੀ ਕਲਿਆਣਕਾਰੀ ਰਾਜ ਦਾ ਸੰਕਲਪ ਦਿੱਤਾ ਸੀ, ਜਦੋਂ ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਾਬਰ ਬਾਣੀ ਲਿਖਕੇ ਉਦੋਂ ਦੇ ਰਾਜ ਪ੍ਰਬੰਧ ਨੂੰ ਕਲਿਆਣਕਾਰੀ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਸੀ। ਸ੍ਰੀ ਗੁਰੂ ਨਾਨਕ ਜੀ ਦਾ ਜਨਮ 1469 ਵਿਚ ਹੋਇਆ। ਸੁਰਤ ਸੰਭਾਲਣ ਤੋਂ ਥੋੜ੍ਹਾ ਸਮਾ ਬਾਅਦ ਹੀ ਉਨ੍ਹਾਂ ਆਪਣੀਆਂ ਕਲਿਆਣਕਾਰੀ ਰਾਜ ਸਥਾਪਤ ਕਰਨ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ ਉਸ ਸਮੇਂ ਉਨ੍ਹਾਂ ਨੂੰ ਬੱਚਾ ਸਮਝਕੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਪਾਈ ਗਈ। ਫਿਰ ਗੁਰੂ ਸਾਹਿਬ ਨੇ ਜਦੋਂ ਭੁੱਖੇ ਸਾਧੂਆਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ ਸੱਚਾ ਸੌਦਾ ਕਰਕੇ ਸਾਰਿਆ ਨੂੰ ਬਰਾਬਰ ਦੇ ਹੱਕਾਂ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਸ ਦੇ ਮਾਤਾ-ਪਿਤਾ ਉਨ੍ਹਾਂ ਨੂੰ ਸਮਝ ਨਾ ਸਕੇ। ਸਮਾ ਬੀਤਦਾ ਗਿਆ ਪ੍ਰੰਤੂ ਬਾਲ ਨਾਨਕ ਦਾ ਮਨ ਉਚਾਟ ਰਹਿਣ ਲੱਗ ਪਿਆ। ਉਹ ਸਾਰੇ ਸਮਾਜ ਵਿਚ ਇਕਸੁਰਤਾ ਚਾਹੁੰਦੇ ਸਨ ਪ੍ਰੰਤੂ ਰਾਜੇ ਮਹਾਰਾਜੇ ਆਪਣੀਆਂ ਮਨਮਾਨੀਆਂ ਕਰਦੇ ਸਨ ਤਾਂ ਬਾਲਪਨ ਹੋਰ ਉਦਾਸ ਹੋਣ ਲੱਗ ਪਿਆ। ਜਦੋਂ ਉਨ੍ਹਾਂ ਵਕਤ ਦੇ ਹਾਕਮਾ ਦੀ ਨੌਕਰੀ ਕਰਦਿਆਂ ਤੇਰਾ ਤੇਰਾ ਕਹਿਕੇ ਰਾਸ਼ਣ ਦੇ ਦਿੱਤਾ ਤਾਂ ਫਿਰ ਵੀ ਮਾਲਕਾਂ ਨੂੰ ਸਮਝ ਨਾ ਆਈ ਕਿ ਬਾਲ ਨਾਨਕ ਕੀ ਚਾਹੁੰਦਾ ਹੈ। ਸ੍ਰੀ ਗੁਰੂ ਨਾਨਕ ਜੀ ਸਮੁਚੀ ਲੋਕਾਈ ਨੂੰ ਸਰਬਤ ਦੇ ਭਲੇ ਦਾ ਸੰਦੇਸ਼ ਦੇਣਾ ਚਾਹੁੰਦੇ ਸਨ ਜੋ ਕਲਿਆਣਕਾਰੀ ਰਾਜ ਦਾ ਧੁਰਾ ਗਿਣਿਆਂ ਜਾ ਸਕਦਾ ਹੈ। ਗੁਰੂ ਸਾਹਿਬ ਨੇ ਅਜਿਹੀ ਸਥਿਤੀ ਵਿਚ ਗੁਰਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਜਿਸ ਵਿਚ ਲੋਕਾਈ ਨਾਲ ਹੋ ਰਹੇ ਅਨਿਆਏ ਦਾ ਦਰਦ ਦਾ ਪ੍ਰਗਟਾਵਾ ਹੁੰਦਾ ਸੀ। ਜਦੋਂ ਬਾਬਰ ਨੇ ਲੋਕਾਂ ਨਾਲ ਜ਼ਿਆਦਤੀਆਂ ਸ਼ੁਰੂ ਕਰ ਦਿੱਤੀਆਂ ਧੱਕੇ ਨਾਲ ਲੋਕਾਂ ਤੋਂ ਰਕਮਾ ਵਸੂਲਣ ਲੱਗਾ ਤਾਂ ਸ੍ਰੀ ਗੁਰੂ ਨਾਨਕ ਨੇ ਬਾਬਰ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਂਦਿਆਂ ਕਿਹਾ-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆ॥
ਪਾਪ ਕੀ ਜੰਝੁ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ॥
ਸਰਮੁ ਧਰਮੁ ਛੁਪਿ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ

ਸ੍ਰੀ ਗੁਰੂ ਨਾਨਕ ਨੇ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਹੈ, ਉਨ੍ਹਾਂ ਬਾਬਰ ਵੱਲੋਂ ਪੂਰੇ ਹਿੰਦੁਸਤਾਨ ਨੂੰ ਡਰਾਉਣ ਬਾਰੇ ਲਿਖਿਆ ਹੈ। ਜੇਕਰ ਕਿਸੇ ਇਕ ਵਰਗ ਦੀ ਗੱਲ ਹੁੰਦੀ ਤਾਂ ਹਿੰਦੁਸਤਾਨ ਸ਼ਬਦ ਨਾ ਲਿਖਦੇ। ਉਹ ਕੌਮੀਅਤ ਦੀ ਗੱਲ ਕਰਦੇ ਹਨ। ਉਸ ਸਮੇਂ ਲੋਕ ਅਨਪੜ੍ਹ ਸਨ, ਗਿਆਨ ਦੀ ਘਾਟ ਸੀ। ਰਾਜੇ ਮਹਾਰਾਜਿਆਂ ਨੂੰ ਹੀ ਅੰਨਦਾਤੇ ਸਮਝਿਆ ਜਾਂਦਾ ਸੀ। ਊਚ ਨੀਚ, ਜ਼ਾਤ ਪਾਤ ਦਾ ਜ਼ੋਰ ਸੀ। ਗ਼ਰੀਬਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਸੀ ਸਗੋਂ ਅਮੀਰ ਲੋਕ ਉਨ੍ਹਾਂ ਤੋਂ ਬਗਾਰ ਕਰਵਾਉਂਦੇ ਸਨ। ਸਮੇਂ ਦੇ ਹੁਕਮਰਾਨ ਹੀ ਧਰਮ ਦੇ ਠੇਕੇਦਾਰ ਬਣੇ ਹੋਏ ਸਨ। ਸਗੋਂ ਧਰਮ ਹੀ ਜ਼ਾਤ ਪਾਤ ਦੇ ਭੇਦ ਭਾਵ ਪੈਦਾ ਕਰ ਰਿਹਾ ਸੀ। ਲੋਕਾਂ ਨੂੰ ਪਿਛਲੇ ਜਨਮਾ ਦੀ ਸਜਾ ਕਰਕੇ ਹੀ ਪੰਡਤ ਪਛੜੀਆਂ ਜ਼ਾਤਾਂ ਵਿਚ ਪੈਦਾ ਹੋਣ ਨੂੰ ਕਹਿ ਰਹੇ ਸੀ। ਨੀਵੀਂਆਂ ਜ਼ਾਤਾਂ ਵਾਲਿਆਂ ਨੂੰ ਉਚੀਆਂ ਜ਼ਾਤਾਂ ਵਾਲਿਆਂ ਦੀ ਸੇਵਾ ਕਰਨ ਨੂੰ ਕਿਹਾ ਜਾਂਦਾ ਸੀ ਤਾਂ ਜੋ ਉਨ੍ਹਾਂ ਦਾ ਅਗਲਾ ਜਨਮ ਸਫਲ ਹੋ ਸਕੇ। ਜਾਣੀਕੇ ਲੋਕਾਂ ਨੂੰ ਵਹਿਮਾ ਭਰਮਾ ਵਿਚ ਉਲਝਾਕੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲਈ ਕਿਹਾ ਜਾਂਦਾ ਸੀ। ਹਮਲਾਵਰਾਂ ਦੇ ਹਮਲਿਆਂ ਕਰਕੇ ਲੋਕਾਂ ਦੇ ਮਨੋਬਲ ਡਿਗੇ ਹੋਏ ਸਨ। ਲੋਕ ਰਾਜੇ ਮਹਾਰਾਜਿਆਂ ਨੂੰ ਹੀ ਰੱਬ ਸਮਝਦੇ ਸਨ। ਇਸ ਸਮਾਜਿਕ ਬੁਰਾਈ ਦਾ ਖ਼ਾਤਮਾ ਕਰਨ ਦੇ ਇਰਾਦੇ ਨਾਲ ਹੀ ਗੁਰੂ ਨਾਨਕ ਜੀ ਨੇ ਕਰਮਕਾਂਡ ਦੇ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਰੱਬ ਇੱਕ ਹੈ ਦਾ ਸੰਦੇਸ਼ ਦਿੱਤਾ। ਵੱਖ-ਵੱਖ ਧਰਮਾ ਅਤੇ ਮਜ਼ਹਬਾਂ ਵਿਚ ਵੰਡੀ ਹੋਈ ਲੋਕਾਈ ਨੂੰ ਇਕ ਲੜੀ ਵਿਚ ਪ੍ਰੋਣ ਦੀ ਕੋਸ਼ਿਸ਼ ਕੀਤੀ।  ਲੰਗਰ ਦੀ ਪ੍ਰਥਾ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ। ਜ਼ਾਤ ਪਾਤ ਦੇ ਖਾਤਮੇ ਲਈ ਨੀਵੀਂ ਜ਼ਾਤ ਦੇ ਮਰਦਾਨੇ ਨੂੰ ਹਰ ਸਮੇਂ ਆਪਣੇ ਨਾਲ ਰੱਖਦੇ ਸਨ ਤਾਂ ਜੋ ਲੋਕਾਂ ਨੂੰ ਅਮਲੀ ਤੌਰ ਤੇ ਦੱਸਿਆ ਜਾਵੇ ਕਿ ਸਾਰੇ ਇਨਸਾਨ ਬਰਾਬਰ ਹਨ। ਇਥੋਂ ਤੱਕ ਕਿ ਸੰਸਾਰ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਜੀ ਨੇ ਇਸਤਰੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸਤਰੀ ਜ਼ਾਤੀ ਨੂੰ ਪੈਰ ਦੀ ਜੁਤੀ ਸਮਝਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਜੀ ਨੇ ਇਸਤਰੀ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿਵਾਉਣ ਲਈ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਲਿਖਿਆ-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ॥
ਭੰਡਿ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ
॥.
  ਦੁੱਖ ਇਸ ਗੱਲ ਦਾ ਹੈ ਕਿ ਇਸਤਰੀਆਂ ਨੂੰ ਭਾਵੇਂ ਕੀਰਤਨ ਕਰਨ ਦੀ ਖੁਲ੍ਹ ਹੈ ਪ੍ਰੰਤੂ ਦਬਰਾਰ ਸਾਹਿਬ ਵਿਚ ਅਜੇ ਵੀ ਉਨ੍ਹਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸਿੱਖ ਜਗਤ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁੱਧ ਜਿਹੜੇ ਕਾਰਜ ਕਰ ਰਹੇ ਹਨ ਉਨ੍ਹਾਂ ਤੋਂ ਛੁਟਕਾਰਾ ਪਾਇਆ ਜਾਵੇ।  ਜ਼ਾਤ ਪਾਤ ਦੇ ਅਧਾਰਤ ਗੁਰੂ ਘਰ ਬਣਾਉਣ ਦੀ ਪਰੰਪਰਾ ਨੂੰ ਵੀ ਖ਼ਤਮ ਕਰਨਾ ਚਾਹੀਦਾ ਹੈ। ਸੰਸਾਰ ਦੇ ਕਈ ਦੇਸ਼ਾਂ ਵਿਚ ਅਜੇ ਤੱਕ ਵੀ ਇਸਤਰੀਆਂ ਨੂੰ ਪੂਰੀ ਆਜ਼ਾਦੀ ਨਹੀਂ ਉਨ੍ਹਾਂ ਉਪਰ ਅਰਬ ਦੇਸ਼ਾਂ ਵਿਚ ਬਹੁਤ ਸਾਰੀਆਂ ਪਾਬੰਦੀਆਂ ਹਨ। ਬੁਰਕਾ ਪਾਉਣ ਦੀ ਪ੍ਰਥਾ ਇਸਤਰੀ ਦੀ ਗ਼ੁਲਾਮੀ ਦਾ ਪ੍ਰਤੀਕ ਹੈ। ਜਦੋਂ ਗ਼ਰੀਬ ਲੋਕਾਂ ਦੇ ਹੱਕਾਂ ਤੇ ਹਮਲੇ ਹੋ ਰਹੇ ਸਨ ਤਾਂ ਗੁਰੂ ਸਾਹਿਬ ਨੇ ਗ਼ਰੀਬਾਂ ਦੇ ਹੱਕ ਮਾਰਨ ਵਾਲਿਆਂ ਨੂੰ ਸਮਝਾਉਣ ਲਈ ਵੰਗਾਰਦਿਆਂ ਉਨ੍ਹਾਂ ਨੇ ਇਹ ਸ਼ਬਦ ਉਚਾਰਿਆ-.
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ॥..
ਉਸ ਸਮੇਂ ਦੇ ਰਾਜਿਆਂ ਦੀਆਂ ਜ਼ੋਰ ਜ਼ਬਰਦਸਤੀਆਂ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਦੇ ਵਿਰੁਧ ਵੀ ਉਨ੍ਹਾਂ ਗੁਰਬਾਣੀ ਵਿਚ ਲਿਖਿਆ ਸੀ। ਸ੍ਰੀ ਗੁਰੂ ਨਾਨਕ ਜੀ ਸੰਸਾਰ ਦੇ ਪਹਿਲੇ ਮਹਾਂ ਪੁਰਸ਼ ਹਨ, ਜਿਨ੍ਹਾਂ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦੇ ਕੇ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਸੰਬਾਦ ਦੀ ਪ੍ਰਥਾ ਉਨ੍ਹਾਂ ਸਿੱਧਾਂ ਨਾਲ ਗੋਸ਼ਟੀ ਕਰਕੇ ਸ਼ੁਰੂ ਕੀਤੀ। ਜਿਸਦਾ ਅਰਥ ਹੈ ਕਿ ਪਰਜਾਤੰਤਰ ਵਿਚ ਹਰ ਮਸਲੇ ਦਾ ਹਲ ਗੱਲਬਾਤ ਨਾਲ ਕੀਤਾ ਜਾ ਸਕਦਾ ਹੈ। ਮੱਕੇ ਜਾ ਕੇ ਉਨ੍ਹਾਂ ਮੌਲਵੀਆਂ ਨੂੰ ਦਲੀਲ ਨਾਲ ਸਮਝਾਇਆ ਕਿ ਪਰਮਾਤਮਾ ਹਰ ਥਾਂ ਹੈ। ਉਨ੍ਹਾਂ ਦੀ ਗੁਰਬਾਣੀ ਅਤੇ ਜੀਵਨ ਦੀਆਂ ਘਟਨਾਵਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਸਭ ਤੋਂ ਪਹਿਲਾਂ ਦੁਨੀਆਂ ਵਿਚ ਕਲਿਆਣਕਾਰੀ ਰਾਜ ਦਾ ਸਪਨਾ ਲਿਆ ਸੀ, ਜਿਹੜਾ ਬਾਅਦ ਵਿਚ ਜਾ ਕੇ ਸੰਪੂਰਨ ਹੋਇਆ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਗੁਰੂ ਨਾਨਕ ਜੀ ਨੂੰ ਤਾਂ ਮੰਨਦੇ ਹਨ। ਮੱਥੇ ਰਗੜਦੇ ਹਨ ਪ੍ਰੰਤੂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਇਸ ਲਈ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਮੁਚੇ ਗੁਰੂ ਨਾਨਕ ਜੀ ਦੇ ਅਨੁਆਈਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣਗੇ ਕਰਮ ਕਾਂਡਾਂ ਵਿਚੋਂ ਬਾਹਰ ਆਉਣਗੇ। ਉਨ੍ਹਾਂ ਉਸ ਸਮੇਂ ਆਪਣੀ ਬਾਣੀ ਵਿਚ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ। ਹਵਾ, ਧਰਤੀ ਤੇ ਪਾਣੀ ਦੀ ਮਹੱਤਤਾ ਦਰਸਾਉਣ ਲਈ ਗੁਰੂ , ਮਾਤਾ ਅਤੇ ਪਿਤਾ ਦਾ ਦਰਜਾ ਦਿੱਤਾ।
  
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.