ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਜਿੱਤ ਤੋਂ ਬਾਅਦ ਵੀ ਟਰੰਪ ਵਿਵਾਦਾਂ ‘ਚ
ਜਿੱਤ ਤੋਂ ਬਾਅਦ ਵੀ ਟਰੰਪ ਵਿਵਾਦਾਂ ‘ਚ
Page Visitors: 2818

ਜਿੱਤ ਤੋਂ ਬਾਅਦ ਵੀ ਟਰੰਪ ਵਿਵਾਦਾਂ ‘ਚ

Posted On 14 Dec 2016
untitled-1


ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਅਮਰੀਕਾ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਜਿੱਤਣ ਤੋਂ ਬਾਅਦ ਵੀ ਵਿਵਾਦਾਂ ‘ਚ ਘਿਰੇ ਹੋਏ ਹਨ। ਚੋਣਾਂ ਦੌਰਾਨ ਵੀ ਅਮਰੀਕੀ ਮੀਡੀਆ ਵੱਲੋਂ ਉਨ੍ਹਾਂ ਉਪਰ ਅਨੇਕ ਤਰ੍ਹਾਂ ਨਾਲ ਉਂਗਲਾਂ ਉਠਾਈਆਂ ਜਾਂਦੀਆਂ ਰਹੀਆਂ ਹਨ। ਡੋਨਾਲਡ ਟਰੰਪ ਦਾ ਪਿਛੋਕੜ ਰਾਜਨੀਤੀ ਵਾਲਾ ਨਹੀਂ, ਸਗੋਂ ਉਹ ਰਾਜਨੀਤਿਕ ਖੇਤਰ ਵਿਚ ਨਵੇਂ ਆਏ ਵਿਅਕਤੀ ਹਨ। ਉਨ੍ਹਾਂ ਅਮਰੀਕੀ ਸਮਾਜ ਦੇ ਦਰਪੇਸ਼ ਸੰਕਟ ਨੂੰ ਹੱਲ ਕਰਨ ਲਈ ਕੁਝ ਅਜਿਹੀਆਂ ਰਵਾਇਤੀ ਗੱਲਾਂ ਕੀਤੀਆਂ ਹਨ, ਜਿਨ੍ਹਾਂ ਕਾਰਨ ਵੱਡੀ ਗਿਣਤੀ ਗੋਰੀ ਵਸੋਂ ਸੰਤੁਲਨ ਤੇ ਸੰਜਮ ਵਾਲੀ ਰਾਜਨੀਤੀ ਛੱਡ ਕੇ ਟਰੰਪ ਦੀ ਇਕਪਾਸੜ ਨਸਲਵਾਦੀ ਨੀਤੀ ਵੱਲ ਉਲਾਰ ਹੋ ਗਏ। ਟਰੰਪ ਨੇ ਜਦ ਅਮਰੀਕੀਆਂ ਲਈ ਰੁਜ਼ਗਾਰ ਸੁਰੱਖਿਆ ਦੀ ਗੱਲ ਕੀਤੀ ਸੀ ਅਤੇ ਪ੍ਰਵਾਸੀਆਂ ਨੂੰ ਓਬਾਮਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਸਹੂਲਤਾਂ ਅਤੇ ਖੁੱਲ੍ਹਾਂ ਦੇ ਖਿਲਾਫ ਜਦ ਉਹ ਖੁੱਲ੍ਹ ਕੇ ਬੋਲ ਰਿਹਾ ਸੀ, ਤਾਂ ਬਹੁਤੇ ਲੋਕਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਸੀ ਆਈ ਕਿ ਅਮਰੀਕੀ ਸਮਾਜ ਅੰਦਰ ਅੰਗੜਾਈਆਂ ਲੈ ਰਹੀ ਅਸੰਤੁਸ਼ਟਤਾ ਦੀ ਭਾਵਨਾ ਨੂੰ ਉਹ ਕਿਸ ਕਦਰ ਪੱਠੇ ਪਾ ਰਿਹਾ ਹੈ। ਇਹੀ ਕਾਰਨ ਹੈ ਕਿ ਡੋਨਾਲਡ ਟਰੰਪ ਦੀ ਜਿੱਤ ਨੇ ਅਜਿਹੇ ਬਹੁਤੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਅਸਲ ਵਿਚ ਹੈਰਾਨ ਕਰਨ ਵਾਲੀ ਇਸ ਵਿਚ ਕੋਈ ਗੱਲ ਨਹੀਂ। ਡੋਨਾਲਡ ਟਰੰਪ ਨੇ ਅਮਰੀਕੀਆਂ ਦੀ ਉਸ ਦੁਖਦੀ ਰਗ ਨੂੰ ਫੜਿਆ, ਜਿਸ ਨਾਲ ਅਮਰੀਕੀ ਸਮਾਜ ਦਾ ਵੱਡਾ ਹਿੱਸਾ ਤੜਪ ਉੱਠਿਆ। ਟਰੰਪ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਵਿਦੇਸ਼ੀਆਂ ਪ੍ਰਤੀ ਬੇਹੱਦ ਉਲਾਰ ਹੈ ਅਤੇ ਅਮਰੀਕੀ ਲੋਕ ਖੁਦ ਤਾਂ ਬੇਰੁਜ਼ਗਾਰ ਹੋ ਰਹੇ ਹਨ, ਪਰ ਪ੍ਰਵਾਸ ਕਰਕੇ ਇਥੇ ਆਏ ਲੋਕਾਂ ਨੂੰ ਰੁਜ਼ਗਾਰ ਦੀਆਂ ਖੁੱਲ੍ਹਾਂ ਮਿਲ ਰਹੀਆਂ ਹਨ। ਉਨ੍ਹਾਂ ਡੰਕੇ ਦੀ ਚੋਟ ‘ਤੇ ਆਖਿਆ ਸੀ ਕਿ ਉਹ ਅਜਿਹੀ ਨੀਤੀ ਨੂੰ ਨਹੀਂ ਚੱਲਣ ਦੇਣਗੇ ਅਤੇ ਅਮਰੀਕੀ ਲੋਕਾਂ ਲਈ ਰੁਜ਼ਗਾਰ ਸੁਰੱਖਿਆ ਦੀ ਗਾਰੰਟੀ ਦੇਣਗੇ। ਇਸ ਵਾਸਤੇ ਉਨ੍ਹਾਂ ਪ੍ਰਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਬਹੁਤ ਸਾਰੀਆਂ ਖੁੱਲ੍ਹਾਂ ਅਤੇ ਸਹੂਲਤਾਂ ਬੰਦ ਕਰਨ ਅਤੇ ਇੱਥੋਂ ਤੱਕ ਕਿ ਬਹੁਤ ਸਾਰੇ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢ ਸੁੱਟਣ ਦੀਆਂ ਗੱਲਾਂ ਬੜੇ ਧੜੱਲੇ ਨਾਲ ਆਖੀਆਂ ਸਨ। ਉਨ੍ਹਾਂ ਦੀ ਸਮੁੱਚੀ ਚੋਣ ਪ੍ਰਚਾਰ ਸਮੱਗਰੀ ਵਿਚ ਨਸਲਵਾਦ ਦਾ ਹਾਵ-ਭਾਵ ਵੀ ਸਪੱਸ਼ਟ ਦਿਖਾਈ ਦਿੰਦਾ ਸੀ। ਸੰਸਾਰ ਪੱਧਰ ‘ਤੇ ਮੁਸਲਿਮ ਭਾਈਚਾਰੇ ਵਿਰੁੱਧ ਨਫਰਤ ਨੂੰ ਉਸ ਨੇ ਕਦੇ ਵੀ ਨਹੀਂ ਲੁਟਾਇਆ, ਸਗੋਂ ਹਿੱਕ ਠੋਕ ਕੇ ਕਿਹਾ ਕਿ ਉਹ ਅਮਰੀਕਾ ਖਿਲਾਫ ਅਜਿਹੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਅਤੇ ਸਰਗਰਮੀਆਂ ਨੂੰ ਪੂਰੀ ਸਖ਼ਤੀ ਨਾਲ ਕੁਚਲਣ ਦੀ ਨੀਤੀ ਬਣਾਉਣਗੇ। ਟਰੰਪ ਦੀਆਂ ਅਜਿਹੀਆਂ ਗੱਲਾਂ ਦਾ ਸੰਕਟ-ਮੂੰਹ ਆਏ ਲੋਕਾਂ ਉਪਰ ਕਾਫੀ ਪ੍ਰਭਾਵ ਪਿਆ ਨਜ਼ਰ ਆ ਰਿਹਾ ਹੈ।
ਡੋਨਾਲਡ ਟਰੰਪ ਵੱਲੋਂ ਹਾਲੇ ਰਾਸ਼ਟਰਪਤੀ ਦਾ ਅਹੁਦਾ ਅਗਲੇ ਮਹੀਨੇ ਸੰਭਾਲਿਆ ਜਾਣਾ ਹੈ। ਪਰ ਉਨ੍ਹਾਂ ਦੇ ਰਸਮੀ ਤੌਰ ‘ਤੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਕਈ ਕਿਸਮ ਦੇ ਵਿਵਾਦਾਂ ਨੇ ਜਨਮ ਲੈ ਲਿਆ ਹੈ। ਪਹਿਲਾਂ ਮਸਲਾ ਤਾਂ ਇਹ ਹੈ ਕਿ ਅਮਰੀਕਾ ਵਿਚ ਵਸਦੇ ਅਤੇ ਕੰਮ ਕਰ ਰਹੇ ਵੱਡੇ ਗਿਣਤੀ ਪ੍ਰਵਾਸੀਆਂ ਅੰਦਰ ਸਹਿਮ ਅਤੇ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ, ਜੋ ਅਮਰੀਕੀ ਸਮਾਜ ਲਈ ਬੇਹੱਦ ਨੁਕਸਾਨਦੇਹ ਹੈ। ਅਮਰੀਕਾ ਦੁਨੀਆਂ ਦਾ ਬਹੁਤ ਸ਼ਕਤੀਸ਼ਾਲੀ ਦੇਸ਼ ਹੈ। ਇੱਥੇ ਦੁਨੀਆਂ ਭਰ ਤੋਂ ਆ ਕੇ ਲੋਕ ਕੰਮ ਕਰ ਰਹੇ ਹਨ ਅਤੇ ਵਸ ਰਹੇ ਹਨ। ਇਨ੍ਹਾਂ ਪ੍ਰਵਾਸੀਆਂ ਵਿਚ ਭਾਰਤ ਦੀ ਗਿਣਤੀ ਕਾਫੀ ਵੱਡੀ ਹੈ। ਐੱਚ1-ਬੀ ਵੀਜ਼ਾ ਸਕੀਮ ਤਹਿਤ ਵੱਡੀ ਗਿਣਤੀ ‘ਚ ਇੰਜੀਨੀਅਰ, ਡਾਕਟਰ ਅਤੇ ਹੋਰ ਪ੍ਰਫੈਸ਼ਨਲ ਭਾਰਤੀ ਇਸ ਸਮੇਂ ਅਮਰੀਕਾ ‘ਚ ਕੰਮ ਕਰ ਰਹੇ ਹਨ। ਟਰੰਪ ਵੱਲੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਉਹ ਇਸ ਵੀਜ਼ਾ ਸਕੀਮ ਨੂੰ ਬੰਦ ਕਰਨ ਦੇ ਰਾਹ ਪੈ ਰਹੇ ਹਨ। ਇਸ ਸਮੇਂ ਅਮਰੀਕਾ ਅੰਦਰ 7 ਲੱਖ ਦੇ ਕਰੀਬ ਅਜਿਹੇ ਪ੍ਰਵਾਸੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਓਬਾਮਾ ਦੀ 2012 ਦੀ ਪ੍ਰੋਟੈਕਸ਼ਨ ਨੀਤੀ ਤਹਿਤ ਕੰਮ ਕਰਨ ਦੀ ਖੁੱਲ੍ਹ ਮਿਲੀ ਹੋਈ ਹੈ। ਟਰੰਪ ਵੱਲੋਂ ਦਿੱਤੇ ਜਾ ਰਹੇ ਸੰਕੇਤਾਂ ਨਾਲ ਅਜਿਹੇ ਲੋਕਾਂ ਉਪਰ ਉਜਾੜੇ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਬਹੁਤ ਸਾਰੇ ਸੈਨੇਟਰ ਅਤੇ ਹੋਰ ਲੋਕ ਟਰੰਪ ਦੇ ਅਜਿਹੇ ਕਦਮ ਨੂੰ ਰੋਕਣ ਲਈ ਵੀ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਵੱਲੋਂ ਅਜਿਹਾ ਕਾਨੂੰਨ ਬਣਾਏ ਜਾਣ ਦੀ ਪੈਰਵਾਈ ਕੀਤੀ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਲੋਕਾਂ ਨੂੰ 3 ਸਾਲ ਹੋਰ ਕੰਮ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਡੋਨਾਲਡ ਟਰੰਪ ਵੱਲੋਂ ਅਮਰੀਕੀ ਲੋਕਾਂ ਨੂੰ ਰੁਜ਼ਗਾਰ ਸੁਰੱਖਿਆ ਦੀ ਗਾਰੰਟੀ ਦੀ ਨੀਤੀ ਤਹਿਤ ਆਊਟਸੋਰਸਿੰਗ ਉਪਰ ਵੀ ਵੱਡਾ ਧਾਵਾ ਬੋਲਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਹ ਆਪਣੇ ਚੋਣ ਪ੍ਰਚਾਰ ਦੌਰਾਨ ਬੜਾ ਠੋਕ-ਵਜਾ ਕੇ ਇਹ ਆਖਦੇ ਰਹੇ ਹਨ ਕਿ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਬਾਹਰਲੇ ਮੁਲਕਾਂ ਨੂੰ ਤਾਂ ਰੁਜ਼ਗਾਰ ਦੇ ਰਹੀਆਂ ਹਨ, ਪਰ ਅਮਰੀਕੀਆਂ ਦੇ ਮੂੰਹੋਂ ਰੋਟੀ ਖੋਹੀ ਜਾ ਰਹੀ ਹੈ। ਉਹ ਕਹਿੰਦੇ ਸਨ ਕਿ ਕਿਸੇ ਵੀ ਅਜਿਹੀ ਕੰਪਨੀ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜੋ ਹੋਰਨਾਂ ਮੁਲਕਾਂ ਦੇ ਮਜ਼ਦੂਰਾਂ ਨੂੰ ਸਸਤੀ ਮਜ਼ਦੂਰੀ ਦੇ ਕੇ ਅਮਰੀਕੀਆਂ ਦੇ ਹੱਥੋਂ ਰੁਜ਼ਗਾਰ ਖੋਹਣ ਦਾ ਯਤਨ ਕਰੇਗੀ। ਆਊਟਸੋਰਸਿੰਗ ਨੀਤੀ ਵਿਚ ਜੇਕਰ ਵੱਡੀ ਤਬਦੀਲੀ ਕੀਤੀ ਜਾਂਦੀ ਹੈ, ਤਾਂ ਇਸ ਨਾਲ ਬਾਹਰਲੇ ਮੁਲਕਾਂ ਵਿਚ ਅਮਰੀਕੀ ਕੰਪਨੀਆਂ ਲਈ ਚੱਲ ਰਹੇ ਕਾਲ ਸੈਂਟਰ ਤਾਂ ਬੰਦ ਹੋਣਗੇ ਹੀ, ਪਰ ਇਸ ਨਾਲ ਅਮਰੀਕਾ ਵਿਚ ਪ੍ਰਵਾਸੀਆਂ ਦੇ ਰੁਜ਼ਗਾਰ ਉਪਰ ਵੀ ਪ੍ਰਭਾਵ ਪੈਣ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ।
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਇਕ ਹੋਰ ਨਵਾਂ ਵਿਵਾਦ ਉੱਠ ਖੜ੍ਹਾ ਹੋਇਆ ਹੈ। ਬਹੁਤ ਸਾਰੇ ਅਮਰੀਕੀ ਹਲਕਿਆਂ ਵਿਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਰੂਸ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਹੈਕ ਨਾ ਕਰ ਲਈ ਗਈ ਹੋਵੇ। ਇਹ ਬਹੁਤ ਵੱਡਾ ਮਸਲਾ ਹੈ। ਓਬਾਮਾ ਪ੍ਰਸ਼ਾਸਨ ਅਤੇ ਹੋਰ ਵੱਖ-ਵੱਖ ਏਜੰਸੀਆਂ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੀ ਪ੍ਰਕਿਰਿਆ ਹੈਕ ਕਰਨ ਦਾ ਅਜਿਹਾ ਦੋਸ਼ ਪਹਿਲੀ ਵਾਰ ਲੱਗ ਰਿਹਾ ਹੈ। ਇਸ ਦੋਸ਼ ਦਾ ਆਧਾਰ ਇਸ ਗੱਲ ਨੂੰ ਮੰਨਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਦੀ ਜਿੱਤ ਬਾਰੇ ਕਿਸੇ ਨੂੰ ਵੀ ਯਕੀਨ ਨਹੀਂ ਸੀ। ਪੂਰੇ ਅਮਰੀਕੀ ਮੀਡੀਆ ਨੇ ਤਾਂ ਉਸ ਦੇ ਪ੍ਰਾਇਮਰੀ ਚੋਣਾਂ ਜਿੱਤ ਦੀ ਆਸ ਵੀ ਨਹੀਂ ਸੀ ਲਗਾਈ। ਪਰ ਡੋਨਾਲਡ ਟਰੰਪ ਦੇ ਪ੍ਰਾਇਮਰੀ ਚੋਣਾਂ ਜਿੱਤਣ ਅਤੇ ਫਿਰ ਰਾਸ਼ਟਰਪਤੀ ਦੀ ਚੋਣ ਜਿੱਤ ਲੈਣ ਨਾਲ ਅਜਿਹੇ ਖਦਸ਼ਿਆਂ ਨੂੰ ਹੋਰ ਬਲ ਮਿਲਿਆ ਹੈ। ਇਹ ਆਮ ਪ੍ਰਭਾਵ ਹੈ ਕਿ ਰਾਜਨੀਤੀ ਵਿਚ ਇਕ ਨਵਾਂ ਬੰਦਾ ਡੈਮੋਕ੍ਰੇਟ ਦੀ ਪ੍ਰਭਾਵਸ਼ਾਲੀ ਹਿਲੇਰੀ ਕਲਿੰਟਨ ਨੂੰ ਕਿਵੇਂ ਪਲਟਾ ਮਾਰ ਗਿਆ। ਜੇਕਰ ਇਸ ਮਾਮਲੇ ਵਿਚ ਕੁਝ ਸੱਚਾਈ ਨਜ਼ਰ ਆਉਂਦੀ ਹੈ, ਤਾਂ ਇਹ ਬੜਾ ਵੱਡਾ ਮਸਲਾ ਬਣੇਗਾ।
ਰਾਸ਼ਟਰਪਤੀ ਦੀ ਚੋਣ ਵਿਚ ਨਸਲਪ੍ਰਸਤੀ ਪਹਿਲੀ ਵਾਰ ਇਕ ਮੁੱਦੇ ਵਜੋਂ ਪ੍ਰਵੇਸ਼ ਕਰ ਗਈ ਹੈ। ਡੋਨਾਲਡ ਟਰੰਪ ਨੇ ਗੋਰੀ ਵਸੋਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜਿਵੇਂ ਕਿ ਦੁਨੀਆਂ ਦੇ ਹਰ ਹਿੱਸੇ ਵਿਚ ਸਥਾਨਕ ਲੋਕਾਂ ਵੱਲੋਂ ਬਾਹਰਲੇ ਲੋਕਾਂ ਪ੍ਰਤੀ ਹਮੇਸ਼ਾਂ ਤਿਰਸਕਾਰ ਦੀ ਭਾਵਨਾ ਪਾਈ ਜਾਂਦੀ ਹੈ, ਉਸੇ ਤਰ੍ਹਾਂ ਅਮਰੀਕਾ ਵਿਚ ਵੀ ਇਸ ਤਰ੍ਹਾਂ ਦੇ ਪ੍ਰਭਾਵ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਇੱਥੋਂ ਦੀ ਗੋਰੀ ਵਸੋਂ ਵਿਚ ਕੁਝ ਨਾ ਕੁਝ ਅਜਿਹਾ ਚੱਲ ਹੀ ਰਿਹਾ ਹੈ ਕਿ ਬਾਹਰਲੇ ਮੁਲਕਾਂ ਤੋਂ ਆਏ ਲੋਕ ਅੱਗੇ ਲੰਘ ਰਹੇ ਹਨ। ਪਰ ਅਮਰੀਕੀ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕ ਇਸ ਭਾਵਨਾ ਨੂੰ ਨਫਰਤ ਦੀ ਹੱਦ ਤੱਕ ਫੈਲਾਉਣ ਦੇ ਕਦੇ ਵੀ ਹਮਾਇਤੀ ਨਹੀਂ ਸਨ ਰਹੇ। ਨਾ ਹੀ ਰਾਸ਼ਟਰਪਤੀ ਚੋਣਾਂ ਵਿਚ ਕਦੇ ਵੀ ਅਜਿਹੀ ਗੱਲ ਅਹਿਮ ਮੁੱਦਾ ਹੀ ਬਣਦੀ ਰਹੀ ਹੈ। ਇਸ ਵਾਰ ਟਰੰਪ ਨੇ ਗੋਰੀ ਵਸੋਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਨਾਲ ਅਮਰੀਕੀ ਸਮਾਜ ਵਿਚ ਨਸਲਪ੍ਰਸਤੀ ਨੂੰ ਬੜਾਵਾ ਮਿਲਣ ਦੀ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਅਮਰੀਕੀ ਸਮਾਜ ਬੇਹੱਦ ਸੰਤੁਲਿਤ ਭਾਵਨਾਵਾਂ ਵਾਲਾ ਹੈ ਅਤੇ ਇੱਥੇ ਫਿਰਕਿਆਂ ਵਿਚਕਾਰ ਕਿਸੇ ਤਰ੍ਹਾਂ ਦੀ ਨਫਰਤੀ ਜੰਗ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਦੇਖੀ ਜਾ ਰਹੀ। ਪਰ ਫਿਰ ਵੀ ਜੋ ਬੀਜ ਬੀਜਿਆ ਜਾਂਦਾ ਹੈ, ਉਸ ਦੇ ਵਧਣ-ਫੁਲਣ ਦੀਆਂ ਸੰਭਾਵਨਾਵਾਂ ਨੂੰ ਕਦੇ ਵੀ ਰੱਦ ਨਹੀਂ ਕੀਤਾ ਜਾ ਸਕਦਾ। ਡੋਨਾਲਡ ਟਰੰਪ ਨੇ ਅਮਰੀਕੀ ਸਮਾਜ ਵਿਚ ਨਸਲਪ੍ਰਸਤੀ ਦੇ ਬੀਜ ਤਾਂ ਬੀਜ ਹੀ ਦਿੱਤੇ ਹਨ ਅਤੇ ਹੁਣ ਅਮਰੀਕੀ ਗੋਰਿਆਂ ਨੂੰ ਰੁਜ਼ਗਾਰ, ਸੁਰੱਖਿਆ ਦੇਣ ਦੇ ਨਾਂ ਉਪਰ ਜਿਹੋ-ਜਿਹੀਆਂ ਨੀਤੀਆਂ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ, ਉਸ ਨਾਲ ਨਸਲਪ੍ਰਸਤੀ ਦੀ ਭਾਵਨਾ ਨੂੰ ਹੋਰ ਬਲ ਮਿਲ ਸਕਦਾ ਹੈ। ਇਹ ਗੱਲ ਸਾਰੇ ਹੀ ਅਮਰੀਕੀਆਂ ਲਈ ਬੜੀ ਸ਼ਿੱਦਤ ਨਾਲ ਵਿਚਾਰਨ ਵਾਲੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.