ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪਛਾਣ ਸਥਾਪਿਤ ਕਰਨ ਲਈ ਸਿੱਖਾਂ ਨੂੰ ਇਕਮੁੱਠ ਹੋਣ ਦੀ ਲੋੜ
ਪਛਾਣ ਸਥਾਪਿਤ ਕਰਨ ਲਈ ਸਿੱਖਾਂ ਨੂੰ ਇਕਮੁੱਠ ਹੋਣ ਦੀ ਲੋੜ
Page Visitors: 2633

ਪਛਾਣ ਸਥਾਪਿਤ ਕਰਨ ਲਈ ਸਿੱਖਾਂ ਨੂੰ ਇਕਮੁੱਠ ਹੋਣ ਦੀ ਲੋੜ

Posted On 24 May 2017
1


ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਡੈਮੋਕਰੇਟ ਪਾਰਟੀ ਕੈਲੀਫੋਰਨੀਆ ਦੀ ਇਕ ਅਹਿਮ ਕਨਵੈਨਸ਼ਨ ਸੈਕਰਾਮੈਂਟੋ ਵਿਖੇ ਸਮਾਪਤ ਹੋਈ ਹੈ। ਇਸ ਕਨਵੈਨਸ਼ਨ ਦੀ ਸਭ ਤੋਂ ਅਹਿਮ ਗੱਲ ਇਹ ਸੀ ਕਿ ਇਸ ਕਨਵੈਨਸ਼ਨ ਵਿਚ ਪਹਿਲੀ ਵਾਰ ਸਾਬਤ ਸੂਰਤ ਦਸਤਾਰਧਾਰੀ 7-8 ਸਿੱਖ ਡੈਲੀਗੇਟ ਸ਼ਾਮਲ ਸਨ। ਸਮੁੱਚੀ ਗਿਣਤੀ ਪੱਖੋਂ ਭਾਵੇਂ ਸਿੱਖਾਂ ਡੈਲੀਗੇਟਾਂ ਦੀ ਗਿਣਤੀ ਬੜੀ ਥੋੜੀ ਸੀ, ਪਰ ਨਿਵੇਕਲੀ ਸਿੱਖ ਪਛਾਣ ਕਾਰਨ ਹਰ ਡੈਲੀਗੇਟ ਦਸਤਾਰਧਾਰੀ ਅਤੇ ਕੇਸਾਧਾਰੀ ਸਿੱਖ ਡੈਲੀਗੇਟਾਂ ਨੂੰ ਦੇਖ ਕੇ ਆਕਰਸ਼ਿਤ ਅਤੇ ਉਤਸ਼ਾਹਿਤ ਹੁੰਦਾ ਸੀ। ਇਹ ਕਨਵੈਨਸ਼ਨ ਹਰ 2 ਸਾਲ ਬਾਅਦ ਕੀਤੀ ਜਾਂਦੀ ਹੈ ਅਤੇ ਇਸ ਕਨਵੈਨਸ਼ਨ ਵਿਚ ਪਾਰਟੀ ਦੀਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਂਦੇ ਹਨ। ਕੈਲੀਫੋਰਨੀਆ ਦੀ ਡੈਮੋਕ੍ਰੇਟਿਕ ਪਾਰਟੀ ਦੀ ਕਨਵੈਨਸ਼ਨ ਵਿਚ ਸਾਬਤ ਸੂਰਤ ਦਸਤਾਰਧਾਰੀ ਸਿੱਖਾਂ ਦਾ ਸ਼ਾਮਲ ਹੋਣਾ ਆਪਣੇ ਆਪ ਵਿਚ ਸਿੱਖ ਪਛਾਣ ਦਾ ਮਸਲਾ ਹੱਲ ਕਰਨ ਦਾ ਵੱਡਾ ਹੰਭਲਾ ਹੈ। ਸਿੱਖਾਂ ਦੇ ਅਮਰੀਕਨ ਪਾਰਟੀ ਡੈਲੀਗੇਟ ਸਮਾਗਮ ਵਿਚ ਸ਼ਾਮਲ ਹੋਣ ਨਾਲ ਸਿੱਖਾਂ ਦੀ ਪਛਾਣ ਬਾਰੇ ਸਮੁੱਚੇ ਅਮਰੀਕੀ ਲੋਕਾਂ ਵਿਚ ਜਾਗ੍ਰਿਤੀ ਪੈਦਾ ਹੁੰਦੀ ਹੈ, ਪਰ ਇਸ ਦੇ ਨਾਲ ਹੀ ਪਿਛਲੇ ਹਫਤੇ ਕੁਝ ਹੋਰ ਘਟਨਾਵਾਂ ਵਾਪਰੀਆਂ ਹਨ।
      ਜਰਮਨ ਦੀ ਰਾਜਧਾਨੀ ਫਰੈਂਕਫਰਟ ਦੇ ਸਭ ਤੋਂ ਵੱਡੇ ਗੁਰਦੁਆਰੇ ਵਿਚ ਸਿੱਖਾਂ ਦੇ ਦੋ ਧੜਿਆਂ ਵਿਚਕਾਰ ਜੰਮ ਕੇ ਲੜਾਈ ਹੋਈ। ਬਹੁਤ ਸਾਰੇ ਸਿੱਖਾਂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੱਗਾਂ ਲੱਥੀਆਂ ਅਤੇ ਵਰਦੀ ਅਤੇ ਜੁੱਤੀਆਂ ਸਮੇਤ ਪੁਲਿਸ ਗੁਰਦੁਆਰੇ ਵਿਚ ਜਾ ਦਾਖਲ ਹੋਈ। ਇਸ ਘਟਨਾ ਨੇ ਸਿੱਖਾਂ ਦੇ ਅਕਸ ਨੂੰ ਬੇਹੱਦ ਢਾਅ ਲਾਈ ਹੈ। ਇਸ ਵੇਲੇ ਜਦ ਇਸਲਾਮਿਕ ਅੱਤਵਾਦੀਆਂ ਖਿਲਾਫ ਪੂਰੀ ਦੁਨੀਆਂ ਅੰਦਰ ਗੁੱਸਾ ਅਤੇ ਰੋਸ ਹੈ, ਤਾਂ ਇਸੇ ਵੇਲੇ ਸਾਡੇ ਗੁਰਦੁਆਰਿਆਂ ਵਿਚ ਲੜਾਈ-ਝਗੜੇ ਸਾਡੀ ਆਪਣੀ ਕੌਮ ਬਾਰੇ ਭੁਲੇਖੇ ਖੜ੍ਹੇ ਹੋਣ ‘ਚ ਵਾਧਾ ਹੀ ਕਰਦੇ ਹਨ। ਧਾਰਮਿਕ ਅਸਥਾਨਾਂ ਵਿਚ ਅਜਿਹੇ ਝਗੜੇ ਸਿੱਖਾਂ ਦੇ ਵੀ ਕ੍ਰਿਮੀਨਲ ਹੋਣ ਦਾ ਅਕਸ ਹੀ ਉਭਾਰਦੇ ਹਨ। ਜੇਕਰ ਸਾਡੇ ਆਪਣੇ ਅੰਦਰੋਂ ਹੀ ਅਜਿਹੀਆਂ ਗੱਲਾਂ ਉਡਣਗੀਆਂ, ਤਾਂ ਫਿਰ ਬਾਹਰ ਜਾ ਕੇ ਅਸੀਂ ਆਪਣੇ ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ ਦੀ ਗੱਲ ਕਿਵੇਂ ਕਰ ਸਕਦੇ ਹਾਂ। ਜਰਮਨ ਵਿਚ ਵਾਪਰੀ ਘਟਨਾ ਤੋਂ ਕੁੱਝ ਦਿਨ ਬਾਅਦ ਹੀ ਇਟਲੀ ਵਿਚ ਸਿੱਖਾਂ ਦੇ ਕੰਮ ਵਾਲੀ ਜਗ੍ਹਾ ‘ਤੇ ਕਿਰਪਾਨ ਪਾ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਟਲੀ ਸਰਕਾਰ ਦੇ ਇਸ ਫੈਸਲੇ ਵਿਰੁੱਧ ਕਿਸੇ ਪਾਸਿਓਂ ਬਹੁਤੀ ਆਵਾਜ਼ ਨਹੀਂ ਉੱਠ ਸਕੀ। ਇਸ ਦਾ ਵੱਡਾ ਕਾਰਨ ਵੀ ਇਹੀ ਹੈ ਕਿ ਸਿੱਖਾਂ ਦੇ ਅੰਦਰੂਨੀ ਲੜਾਈ-ਝਗੜੇ ਉਨ੍ਹਾਂ ਦੇ ਅਕਸ ਨੂੰ ਧੁੰਦਲਾ ਕਰ ਰਹੇ ਹਨ।
ਇਸ ਤੋਂ ਬਾਅਦ ਕੈਨੇਡਾ ਵਿਚ ਇਕ ਹੋਰ ਅਜਿਹੀ ਘਟਨਾ ਵਾਪਰੀ ਹੈ, ਜਿੱਥੇ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਲਿਖ ਕੇ ਲਗਾ ਦਿੱਤਾ ਕਿ ਗੁਰਦੁਆਰਾ ਸਾਹਿਬ ਵਿਚ ਲੰਗਰ ਛਕਣ ਲਈ ਆਉਣ ਵਾਲੇ ਵਿਅਕਤੀ ਜਲਦੀ ਹੀ ਵਾਪਸ ਪਰਤ ਜਾਣ।
     ਇਹ ਹੁਕਮ ਖਾਸ ਕਰਕੇ ਉਨ੍ਹਾਂ ਵਿਦਿਆਰਥੀਆਂ ਲਈ ਲਗਾਇਆ ਗਿਆ ਹੈ, ਜਿਹੜੇ ਕੁੱਝ ਸਮਾਂ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਏ ਹੋਏ ਹਨ। ਅਜਿਹੇ ਵਿਦਿਆਰਥੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਲੰਗਰ ਛਕਣ ਲਈ ਗੁਰਦੁਆਰੇ ਆਉਂਦੇ ਹਨ ਅਤੇ ਕਈ ਪ੍ਰਬੰਧਕਾਂ ਨੂੰ ਇਤਰਾਜ਼ ਹੈ ਕਿ ਅਜਿਹੇ ਮੁੰਡੇ-ਕੁੜੀਆਂ ਤਹਿਜ਼ੀਬ ਨਾਲ ਕੱਪੜੇ ਨਹੀਂ ਪਹਿਨਦੇ ਜਾਂ ਹੋਰ ਗਲਤ ਕੰਮ ਕਰਨ ਵਿਚ ਸ਼ਾਮਲ ਹੁੰਦੇ ਹਨ। ਗੁਰਦੁਆਰਾ ਪ੍ਰਬੰਧਕਾਂ ਦੇ ਅਜਿਹੇ ਫੈਸਲੇ ਤੇ ਵਿਵਹਾਰ ਨੂੰ ਵੀ ਚੰਗਾ ਨਹੀਂ ਸਮਝਿਆ ਜਾ ਰਿਹਾ। ਸਾਡੇ ਗੁਰੂ ਘਰਾਂ ਬਾਰੇ ਤਾਂ ਕਿਹਾ ਹੀ ਇਹ ਜਾਂਦਾ ਹੈ ਕਿ ‘ਗਰੀਬ ਦਾ ਮੂੰਹ, ਗੁਰੂ ਦੀ ਗੋਲਕ’। ਇਸ ਦਾ ਅਰਥ ਹੈ ਕਿ ਗੁਰਦੁਆਰੇ ਹਰ ਤਰ੍ਹਾਂ ਦੇ ਲੋੜਵੰਦ ਵਿਅਕਤੀਆਂ ਲਈ ਠਹਿਰ ਦਾ ਸਾਧਨ ਬਣਦੇ ਹਨ। ਇਨ੍ਹਾਂ ਥਾਵਾਂ ਉਪਰ ਹਰ ਆਏ-ਗਏ ਨੂੰ ਲੰਗਰ ਪ੍ਰਸ਼ਾਦੇ ਅਤੇ ਹੋਰ ਹਰ ਤਰ੍ਹ੍ਹਾਂ ਦੀ ਸਹੂਲਤ ਮੁਹੱਈਆ ਹੁੰਦੀ ਹੈ। ਸਿੱਖ ਸੰਗਤ ਲੰਗਰ ਅਤੇ ਹੋਰ ਸਹੂਲਤਾਂ ਲਈ ਦਿਲ ਖੋਲ੍ਹ ਕੇ ਦਸਵੰਧ ਦਿੰਦੀ ਹੈ। ਭਾਰਤ ਤੋਂ ਆਉਣ ਵਾਲੇ ਸਿੱਖ ਬੱਚੇ-ਬੱਚੀਆਂ ਜੇਕਰ ਕਿਸੇ ਔਖ-ਸੌਖ ਸਮੇਂ ਗੁਰੂ ਘਰਾਂ ਵਿਚ ਆਸਰਾ ਲੈਂਦੇ ਹਨ ਜਾਂ ਔਖ-ਸੌਖ ਵਿਚ ਹਮਾਇਤ ਦੀ ਮੰਗ ਕਰਦੇ ਹਨ, ਤਾਂ ਸਾਡੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਮਦਦਗਾਰ ਬਣੀਏ।
     ਕੈਨੇਡਾ ਵਿਚ ਇਸ ਵੇਲੇ ਹੋਰ ਖੇਤਰਾਂ ਦੇ ਨਾਲ-ਨਾਲ ਸਿਆਸੀ ਖੇਤਰ ਵਿਚ ਵੀ ਸਿੱਖਾਂ ਦੀ ਚੜ੍ਹਤ ਹੈ। ਕੈਨੇਡਾ ਦੀ ਸਿਆਸਤ ਵਿਚ ਸਿੱਖਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਥੇ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਸਮੇਤ ਕੈਨੇਡਾ ਪਾਰਲੀਮੈਂਟ ਵਿਚ ਸ਼ਾਮਲ 6 ਸਿੱਖ ਸਿੱਖੀ ਸਰੂਪ ਵਾਲੇ ਹਨ। ਕੈਨੇਡਾ ਵਿਚ ਸਿੱਖਾਂ ਦੀ ਪਛਾਣ ਬਾਰੇ ਨਾ ਤਾਂ ਕੋਈ ਭੁਲੇਖਾ ਹੈ ਅਤੇ ਨਾ ਹੀ ਗਲਤਫਹਿਮੀਆਂ, ਸਗੋਂ ਉਥੇ ਸਿਆਸੀ ਖੇਤਰ ਵਿਚ ਵੱਡੀਆਂ ਸਫਲਤਾਵਾਂ ਹਾਸਲ ਕਰਨ ਨਾਲ ਸਿੱਖਾਂ ਨੂੰ ਹਰ ਖੇਤਰ ਵਿਚ ਵੱਡਾ ਮਾਣ-ਤਾਣ ਮਿਲ ਰਿਹਾ ਹੈ। ਵਿਸਾਖੀ ਅਤੇ ਹੋਰ ਸਿੱਖ ਤਿੱਥ-ਤਿਉਹਾਰਾਂ ਮੌਕੇ ਕੈਨੇਡਾ ਦੀ ਪਾਰਲੀਮੈਂਟ ਅਤੇ ਸੂਬਾਈ ਅਸੈਂਬਲੀਆਂ ਵਿਚ ਵੱਡੇ-ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਪਿਛਲੀ ਵਿਸਾਖੀ ਸਮੇਂ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਸਾਰੇ ਕੈਨੇਡੀਅਨ ਮੰਤਰੀਆਂ ਦਾ ਪਾਰਲੀਮੈਂਟ ਵਿਖੇ ਕਰਵਾਏ ਸਮਾਗਮ ਵਿਚ ਸ਼ਾਮਲ ਹੋਣਾ ਦੁਨੀਆਂ ਦੇ ਸਿੱਖਾਂ ਲਈ ਆਪਣੇ-ਆਪ ਵਿਚ ਹੀ ਇਕ ਵੱਡੀ ਸਫਲਤਾ ਹੈ।
     ਸਿੱਖ ਇਸ ਸਮੇਂ ਕਿਸੇ ਇਕ ਦੇਸ਼ ਵਿਚ ਨਹੀਂ ਵਸਦੇ, ਸਗੋਂ ਸਿੱਖ ਕੌਮ ਪੂਰੀ ਦੁਨੀਆਂ ਵਿਚ ਜਾ ਵਸੀ ਹੈ। ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਪੂਰੀ ਦੁਨੀਆਂ ਦੇ ਦੇਸ਼ਾਂ ਵਿਚ ਆਪਣਾ ਨਾਂ ਸਥਾਪਤ ਕਰ ਰਹੇ ਹਾਂ। ਸਿੱਖਾਂ ਨੇ ਜੇਕਰ ਹਰ ਖੇਤਰ ਵਿਚ ਆਪਣੀ ਪਛਾਣ ਦਾ ਡੰਕਾ ਵਜਾਉਣਾ ਹੈ ਅਤੇ ਆਪਣੇ ਸੱਭਿਆਚਾਰਕ, ਧਾਰਮਿਕ ਫਲਸਫੇ ਉਪਰ ਮਾਣ ਕਰਨਾ ਹੈ, ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਨੂੰ ਇਕ ਸਿੱਖ ਵਜੋਂ ਇਕਮੁੱਠਤਾ ਦਾ ਪ੍ਰਗਟਾਵਾ ਕਰਨਾ ਪਵੇਗਾ। ਜੇਕਰ ਅਸੀਂ ਗੁਰੂ ਘਰਾਂ ਵਿਚ ਲੜਾਈ-ਝਗੜੇ ਕਰਾਂਗੇ, ਤਾਂ ਕਦੇ ਵੀ ਸਾਡੇ ਬਾਰੇ ਹੋਰਨਾਂ ਨਸਲਾਂ ਅਤੇ ਕੌਮਾਂ ਦਾ ਨਜ਼ਰੀਆ ਚੰਗਾ ਨਹੀਂ ਬਣੇਗਾ, ਸਗੋਂ ਉਲਟਾ ਸਾਡੇ ਬਾਰੇ ਅਜਿਹਾ ਪ੍ਰਭਾਵ ਬਣੇਗਾ ਕਿ ਅਸੀਂ ਬਿਨਾਂ ਕਿਸੇ ਵਜ੍ਹਾ ਤੋਂ ਆਪਸ ਵਿਚ ਲੜਨ-ਝਗੜਨ ਵਾਲੇ ਹਾਂ। ਸਾਡੇ ਸਮਾਜ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਾਹਰਲੇ ਮੁਲਕਾਂ ਵਿਚ ਆ ਕੇ ਅਸੀਂ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਸ਼ੁਰੂ ਤੋਂ ਹੀ ਸਾਡੇ ਲੋਕਾਂ ਨੇ ਇਕਮੁੱਠ ਹੋ ਕੇ ਚੱਲਣ ਦਾ ਰਾਹ ਫੜਿਆ ਹੈ। ਕੁੱਝ ਸਾਲਾਂ ਵਿਚ ਹੀ ਜਦ ਸਾਡੇ ਲੋਕਾਂ ਨੇ ਵਿਦੇਸ਼ਾਂ ਵਿਚ ਆਪਣੇ ਪੈਰ ਲਗਾ ਲਏ, ਤਾਂ ਸਭ ਤੋਂ ਪਹਿਲਾ ਕੰਮ ਉਨ੍ਹਾਂ ਨੇ ਗੁਰੂ ਘਰ ਸਥਾਪਤ ਕਰਨ ਦਾ ਕੀਤਾ।
ਇਹ ਗੁਰੂ ਘਰ ਸਮੁੱਚੇ ਸਿੱਖਾਂ ਅਤੇ ਪੰਜਾਬੀਆਂ ਲਈ ਆਪਣੀ ਜ਼ਿੰਦਗੀ ਦੇ ਸਰਗਰਮ ਕੇਂਦਰ ਵਜੋਂ ਉਭਰੇ। ਗੁਰੂ ਘਰਾਂ ਵਿਚ ਸਾਡੇ ਲੋਕ ਨਾ ਸਿਰਫ ਧਾਰਮਿਕ ਸਿੱਖਿਆ ਲਈ ਹੀ ਆਉਂਦੇ ਹਨ, ਸਗੋਂ ਸਾਡੇ ਗੁਰੂ ਘਰ ਸਾਡੇ ਆਪਸੀ ਮੇਲ-ਜੋਲ, ਸਮਾਜਿਕ ਸਰਗਰਮੀ ਅਤੇ ਖਾਸਕਰ ਇਕ ਭਾਈਚਾਰਕ ਸਾਂਝ ਦਾ ਕੇਂਦਰ ਵੀ ਹਨ। ਸੋ ਸਾਡੇ ਗੁਰੂ ਘਰਾਂ ਦੀ ਇਸ ਸਪਿਰਟ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ। ਸਾਡੇ ਗੁਰੂ ਘਰਾਂ ਵਿਚ ਜਿੱਥੇ ਧਾਰਮਿਕ ਤੌਰ ‘ਤੇ ਇਕਜੁੱਟ ਹੋਈਏ, ਸਿੱਖ ਧਰਮ ਦੇ ਉਪਦੇਸ਼ ‘ਤੇ ਚੱਲਣ ਲਈ ਨਸੀਹਤ ਹਾਸਲ ਕਰੀਏ, ਉਥੇ ਨਾਲ-ਨਾਲ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਇਕਮੁੱਠ ਹੋ ਕੇ ਚੱਲਣ ਦਾ ਪਾਠ ਵੀ ਪੜ੍ਹੀਏ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਵੱਡੀ ਦਾਤ ਬਖਸ਼ੀ ਹੈ। ਖਾਲਸਾ ਲੱਖਾਂ ਵਿਚ ਖੜ੍ਹਾ ਵੀ ਨਿਰਾਲਾ ਦਿਖਾਈ ਦਿੰਦਾ ਹੈ। ਅਜਿਹੀ ਦਾਤ ਕਿਸੇ ਵੀ ਹੋਰ ਧਰਮ ਜਾਂ ਫਿਰਕੇ ਦੇ ਹੱਥ ਨਹੀਂ ਆਈ।   
      ਇਹੀ ਕਾਰਨ ਹੈ ਕਿ ਸਿੱਖ ਜਦ ਕਿਧਰੇ ਵੀ ਕੋਈ ਸਰਗਰਮੀ ਕਰਦੇ ਹਨ ਜਾਂ ਜਾਂਦੇ ਹਨ, ਤਾਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਸਰਗਰਮੀ, ਚੰਗੀ ਜਾਂ ਮਾੜੀ ਦਾ ਬੜਾ ਗੰਭੀਰ ਨੋਟਿਸ ਲਿਆ ਜਾਂਦਾ ਹੈ। ਇਸ ਕਰਕੇ ਅੱਜ ਸਾਡੇ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ, ਸਮਾਜਿਕ ਤੇ ਰਾਜਸੀ ਸੰਗਠਨ ਦੇ ਆਗੂਆਂ ਅਤੇ ਸਿੱਖ ਬੁੱਧੀਜੀਵੀਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਅਜਿਹੀ ਸਰਗਰਮੀ ਦਿਖਾਈਏ, ਜਿਸ ਨਾਲ ਸਾਡੇ ਦਰਮਿਆਨ ਇਕਮੁੱਠਤਾ ਦਾ ਪ੍ਰਗਟਾਵਾ ਵੀ ਹੋਵੇ ਅਤੇ ਸਾਡੀ ਪਹਿਚਾਣ ਉਪਰ ਲੋਕ ਮਾਣ ਵੀ ਕਰ ਸਕਣ। ਅਗਲੇ ਮਹੀਨੇ ਅਮਰੀਕੀ ਦਿਵਸ ਆ ਰਿਹਾ ਹੈ। ਇਸ ਮੌਕੇ ਵੀ ਸਾਡੇ ਲੋਕਾਂ ਨੂੰ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਇਸ ਸਮਾਗਮ ਵਿਚ ਹੁੰਮਹੁਮਾ ਕੇ ਸ਼ਾਮਲ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅਮਰੀਕੀ ਲੋਕਾਂ ਨਾਲ ਸਾਡੀ ਸਾਂਝ ਦਾ ਘੇਰਾ ਵਧੇਗਾ ਅਤੇ ਉਨ੍ਹਾਂ ਦੇ ਮਨਾਂ ਵਿਚ ਸਾਡੇ ਬਾਰੇ ਸਤਿਕਾਰ ਦੀ ਭਾਵਨਾ ਵੀ ਪੈਦਾ ਹੋਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.