ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕਾ ਤੇ ਕੈਨੇਡਾ ਦੇ ਆਜ਼ਾਦੀ ਜਸ਼ਨਾਂ ‘ਚ ਪੰਜਾਬੀਆਂ ਦੀ ਸ਼ਮੂਲੀਅਤ
ਅਮਰੀਕਾ ਤੇ ਕੈਨੇਡਾ ਦੇ ਆਜ਼ਾਦੀ ਜਸ਼ਨਾਂ ‘ਚ ਪੰਜਾਬੀਆਂ ਦੀ ਸ਼ਮੂਲੀਅਤ
Page Visitors: 2498

ਅਮਰੀਕਾ ਤੇ ਕੈਨੇਡਾ ਦੇ ਆਜ਼ਾਦੀ ਜਸ਼ਨਾਂ ‘ਚ ਪੰਜਾਬੀਆਂ ਦੀ ਸ਼ਮੂਲੀਅਤ

ਅਮਰੀਕਾ ਤੇ ਕੈਨੇਡਾ ਦੇ ਆਜ਼ਾਦੀ ਜਸ਼ਨਾਂ ‘ਚ ਪੰਜਾਬੀਆਂ ਦੀ ਸ਼ਮੂਲੀਅਤ
July 05
10:30 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੈਨੇਡਾ ਦੇ ਲੋਕਾਂ ਵੱਲੋਂ 1 ਜੁਲਾਈ ਨੂੰ 150ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹੈ ਅਤੇ ਅਮਰੀਕਾ ਨੇ 4 ਜੁਲਾਈ ਨੂੰ ਆਜ਼ਾਦੀ ਜਸ਼ਨ ਮਨਾਏ ਹਨ। ਕੈਨੇਡਾ ਦੇ ਸਥਾਪਨਾ ਦਿਵਸ ਅਤੇ ਅਮਰੀਕਾ ਦੇ ਆਜ਼ਾਦੀ ਦਿਵਸ ਜਸ਼ਨਾਂ ਵਿਚ ਪੰਜਾਬੀਆਂ, ਖਾਸਕਰਕੇ ਸਿੱਖਾਂ ਨੇ ਜਿਸ ਉਤਸ਼ਾਹ ਅਤੇ ਅਪਣੱਤ ਨਾਲ ਹਿੱਸਾ ਲਿਆ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੇ ਲੋਕ ਹੁਣ ਉਨ੍ਹਾਂ ਮੁਲਕਾਂ ਵਿਚ ਆਪਣਾ ਅਹਿਮ ਸਥਾਨ ਬਣਾ ਚੁੱਕੇ ਹਨ। ਸਿੱਖਾਂ ਨੇ ਆਪਣੀ ਵੱਖਰੀ-ਵੱਖਰੀ ਪਹਿਚਾਨ ਰੱਖਦਿਆਂ ਹੋਇਆਂ ਕੈਨੇਡਾ ਅਤੇ ਅਮਰੀਕੀ ਸਮਾਜ ਦੇ ਅਹਿਮ ਅੰਗ ਵਜੋਂ ਆਪਣਾ ਸਥਾਨ ਸਥਾਪਿਤ ਕਰ ਲਿਆ ਹੈ। ਕਿਸੇ ਵੀ ਦੇਸ਼ ਵਿਚ ਜਦੋਂ ਕੌਮੀ ਦਿਵਸ ਮਨਾਏ ਜਾਂਦੇ ਹਨ, ਤਾਂ ਉਥੋਂ ਦੇ ਲੋਕ ਕਿਸ ਹੁਲਾਸ ਅਤੇ ਉਤਸ਼ਾਹ ਨਾਲ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੁੰਦੇ ਹਨ, ਉਸੇ ਗੱਲ ਤੋਂ ਹੀ ਉਸ ਦੇਸ਼ ਦੀ ਪ੍ਰਪੱਕਤਾ ਅਤੇ ਲੋਕਾਂ ਦੀ ਆਪਸੀ ਸਾਂਝ ਦਾ ਪਤਾ ਲੱਗਦਾ ਹੈ। ਕੈਨੇਡਾ ਵਿਚ ਪਹਿਲੀ ਜੁਲਾਈ ਨੂੰ ਮਨਾਏ ਗਏ ਸਥਾਪਨਾ ਦਿਵਸ ਮੌਕੇ ਪੂਰਾ ਹਫਤਾ ਭਰ ਵੱਡੇ-ਵੱਡੇ ਸਮਾਗਮ ਚੱਲਦੇ ਰਹੇ। ਸਿੱਖਾਂ ਵੱਲੋਂ ਸਮੂਹਿਕ ਤੌਰ ‘ਤੇ ਹੋਰਨਾਂ ਨਸਲਾਂ ਅਤੇ ਕੌਮਾਂ ਨਾਲ ਮਿਲ ਕੇ ਸਮਾਗਮ ਕੀਤੇ ਗਏ। ਸਰਕਾਰੀ ਅਤੇ ਗੈਰ ਸਰਕਾਰੀ ਸਮਾਗਮਾਂ ਵਿਚ ਉਨ੍ਹਾਂ ਦੀ ਸਰਗਰਮੀ ਬਹੁਤ ਹੀ ਅਹਿਮ ਰਹੀ। ਪਰ ਇਸ ਤੋਂ ਵੀ ਵਧੇਰੇ ਉਤਸ਼ਾਹ ਦੇਣ ਵਾਲੀ ਗੱਲ ਇਹ ਸੀ ਕਿ ਸਿੱਖ ਨੌਜਵਾਨਾਂ ਦੇ ਝੁੰਡ ਆਪਣੀਆਂ ਕਾਰਾਂ ਉਪਰ ਗੁਬਾਰੇ ਅਤੇ ਕੈਨੇਡਾ ਦੀ ਸ਼ਾਨ ਬਾਰੇ ਲਿਖੇ ਮਾਟੋਜ਼ ਦੇ ਝੰਡੇ ਲਗਾ ਕੇ ਸੜਕਾਂ ਉਪਰ ਖੁਸ਼ੀਆਂ ਮਨਾ ਰਹੇ ਸਨ। ਕੈਨੇਡਾ ਦੀ ਰਾਜਧਾਨੀ ਓਟਵਾ ਵਿਚ ਹੋਏ ਜਸ਼ਨਾਂ ਵਿਚ ਸਿੱਖਾਂ ਦੀ ਸ਼ਾਨ ਦਾ ਰੰਗ ਨਿਰਾਲਾ ਹੀ ਸੀ। ਪੂਰੇ ਕੈਨੇਡਾ ਵਿਚ ਸਥਾਪਿਤ ਗੁਰਦੁਆਰਿਆਂ ਅੰਦਰ ਵੀ ਕੈਨੇਡਾ ਦਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਇਸੇ ਤਰ੍ਹਾਂ ਅਮਰੀਕਾ ਦੇ ਆਜ਼ਾਦੀ ਦਿਵਸ ਮੌਕੇ ਵੀ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਵੀ ਆਜ਼ਾਦੀ ਦਿਵਸ ਦੇ ਜਸ਼ਨਾਂ ਵਿਚ ਬੇਹੱਦ ਉਤਸ਼ਾਹ ਨਾਲ ਭਾਗ ਲਿਆ ਗਿਆ। ਵੱਖ-ਵੱਖ ਥਾਈਂ ਕਰਵਾਏ ਗਏ ਜਸ਼ਨਾਂ ਵਿਚ ਥਾਂ-ਥਾਂ ਸਿੱਖ ਨੁਮਾਇੰਦਿਆਂ ਨੇ ਆਪਣੇ ਫਲੋਟ ਸ਼ਾਮਲ ਕਰਨ ਲਈ ਥਾਵਾਂ ਰਿਜ਼ਰਵ ਕਰਵਾਈਆਂ। ਹਰ ਥਾਂ ਜਸ਼ਨਾਂ ਵਿਚ ਪੰਜਾਬੀਆਂ ਅਤੇ ਸਿੱਖਾਂ ਦੀ ਸ਼ਮੂਲੀਅਤ ਬੜੀ ਰੜਕਵੀਂ ਅਤੇ ਭਾਅਪੂਰਤ ਸੀ। ਉੱਤਰੀ ਅਮਰੀਕਾ ਦੇ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਸਥਾਪਨਾ ਦਿਵਸ ਅਤੇ ਆਜ਼ਾਦੀ ਦਿਵਸ ਦੇ ਕੌਮੀ ਜਸ਼ਨਾਂ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਸ਼ਮੂਲੀਅਤ ਅਤੇ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਲੋਕੀਂ ਇਥੋਂ ਦੀਆਂ ਪ੍ਰੰਪਰਾਵਾਂ ਅਤੇ ਕੌਮੀ ਉਤਸ਼ਾਹ ਨਾਲ ਮਿਲ ਕੇ ਚੱਲਣ ਲੱਗੇ ਹਨ। ਇਨ੍ਹਾਂ ਜਸ਼ਨਾਂ ਦੌਰਾਨ
ਪਾਈਆਂ ਗਈਆਂ ਪੋਸਟਾਂ ਅਤੇ ਹੋਰ ਲਿਖਤਾਂ ਵਿਚ ਇਸ ਗੱਲ ਦਾ ਵੀ ਝਲਕਾਰਾ ਵੀ ਸਾਫ ਮਿਲਿਆ ਹੈ ਕਿ ਇਨ੍ਹਾਂ ਮੁਲਕਾਂ ਨੇ ਸਾਡੀ ਕਿਰਤ ਦਾ ਪੂਰਾ ਮੁੱਲ ਪਾਇਆ ਹੈ। ਇਥੇ ਆ ਕੇ ਸਾਨੂੰ ਆਜ਼ਾਦੀ ਅਤੇ ਸਨਮਾਨ ਨਾਲ ਰਹਿਣ ਦਾ ਹੱਕ ਮਿਲਿਆ ਹੈ। ਇਹੀ ਗੱਲਾਂ ਹਨ, ਜਿਹੜੀਆਂ ਸਾਡੇ ਸਮਾਜ ਵਿਚ ਆਪਣੇਪਨ ਦੀ ਭਾਵਨਾ ਪੈਦਾ ਕਰ ਰਹੀਆਂ ਹਨ। ਜਿਵੇਂ ਕਈਆਂ ਨੇ ਲਿਖਿਆ ਕਿ ਇਨ੍ਹਾਂ ਮੁਲਕਾਂ ਵਿਚ ਮਿਲੇ ਸਨਮਾਨ ਕਾਰਨ ਮਨ ਅੰਦਰ ਖੁਦ ਰੌਂਅ ਆਪਣੇਪਨ ਦਾ ਵਿਚਾਰ ਪੈਦਾ ਹੋ ਰਿਹਾ ਹੈ ਅਤੇ ਅੰਦਰੋਂ ਹੀ ਮਨ ਕਹਿੰਦਾ ਹੈ ਕਿ ਇਹ ਤਾਂ ਸਾਡਾ ਆਪਣਾ ਹੀ ਦੇਸ਼ ਹੈ। ਮਨੁੱਖੀ ਮਨ ਅੰਦਰ ਪੈਦਾ ਹੋਈ ਅਜਿਹੀ ਭਾਵਨਾ ਹੀ ਸਮਾਜ ਅੰਦਰ ਅਜਿਹੀ ਪ੍ਰਵਿਰਤੀ ਨੂੰ ਜਨਮ ਦਿੰਦੀ ਹੈ, ਜੋ ਸਭਨਾਂ ਦੇ ਰਲ-ਮਿਲ ਕੇ ਰਹਿਣ ਅਤੇ ਸਹਿਯੋਗੀ ਹੋਣ ਦਾ ਰਸਤਾ ਖੋਲ੍ਹਦੀ ਹੈ। ਅਸੀਂ ਇਹ ਗੱਲ ਫਖਰ ਨਾਲ ਆਖ ਸਕਦੇ ਹਾਂ ਕਿ ਕੈਨੇਡਾ ਅਤੇ ਅਮਰੀਕਾ ਵਿਚ ਸਿੱਖ ਭਾਈਚਾਰੇ ਨੇ ਇਸ ਵੇਲੇ ਇਕ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ ਕਿ ਇਥੇ ਸਾਨੂੰ ਪੂਰੇ ਸਨਮਾਨ ਅਤੇ ਹੱਕ-ਹਕੂਕ ਨਾਲ ਜਿਊਣ ਦਾ ਹੱਕ ਮਿਲ ਰਿਹਾ ਹੈ।
ਕੈਨੇਡਾ ਵਿਚ ਆਪਣਾਪਨ ਪੈਦਾ ਹੋਣ ਦਾ ਇਕ ਵੱਖਰਾ ਹੀ ਪ੍ਰਭਾਵ ਹੈ। ਉਥੇ ਜਦ ਕੈਨੇਡਾ ਦੇ ਸਥਾਪਨਾ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਸਨ, ਤਾਂ ਉਨ੍ਹਾਂ ਦੀ ਮੂਹਰਲੀ ਕਤਾਰ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਵਜੋਂ ਸਾਡਾ ਆਪਣਾ ਹਰਜੀਤ ਸਿੰਘ ਸੱਜਣ ਖੜ੍ਹਾ ਸੀ। ਉਸ ਦੇ ਨਾਲ ਪੰਜ ਹੋਰ ਫੈਡਰਲ ਮੰਤਰੀ ਵੀ ਸਨ। ਇਨ੍ਹਾਂ ਤੋਂ ਬਿਨਾਂ ਫੈਡਰਲ ਸਰਕਾਰ ਵਿਚ ਅਨੇਕਾਂ ਐੱਮ.ਪੀ. ਅਤੇ ਸੂਬਾਈ ਅਸੈਂਬਲੀਆਂ ‘ਚ ਦਰਜਨਾਂ ਵਿਧਾਇਕ ਸ਼ਾਮਲ ਹਨ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ‘ਚ ਦੁਨੀਆਂ ਦੀ ਪਹਿਲੀ ਪਗੜੀਧਾਰੀ ਸਿੱਖ ਔਰਤ ਪਲਬਿੰਦਰ ਕੌਰ ਸ਼ੇਰਗਿੱਲ ਦਾ ਆਪਣਾ ਹੀ ਵੱਖਰਾ ਮੁਕਾਮ ਹੈ। ਕੈਨੇਡਾ ਦੇ ਹਰੇਕ ਖੇਤਰ ਅਤੇ ਅਦਾਰੇ ਵਿਚ ਸਿੱਖਾਂ ਦੀ ਸਿੱਧੀ ਸ਼ਮੂਲੀਅਤ ਉਥੋਂ ਦੇ ਰਾਜ ਪ੍ਰਬੰਧ ਤੋਂ ਲੈ ਕੇ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਵਿਸ਼ੇਸ਼ ਰੁਤਬੇ ਦੀ ਜਾਮਨ ਹੈ। ਕੈਨੇਡਾ ਵਿਚ ਸਾਡੇ ਭਾਈਚਾਰੇ ਨੇ ਇਕ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ, ਜੋ ਸ਼ਾਇਦ ਕਿਸੇ ਹੋਰ ਭਾਈਚਾਰੇ ਦੇ ਹਿੱਸੇ ਵਿਚ ਅਜੇ ਤੱਕ ਨਹੀਂ ਆਇਆ। ਪਿਛਲੀ ਇਕ ਸਦੀ ਦੌਰਾਨ ਪੰਜਾਬ ਤੋਂ ਉੱਠ ਕੇ ਆਏ ਲੋਕਾਂ ਵੱਲੋਂ ਕੈਨੇਡਾ ਦੇ ਸਾਰੇ ਅਦਾਰਿਆਂ ਸਮੇਤ ਫੈਡਰਲ ਸਰਕਾਰ ਅਤੇ ਸੁਪਰੀਮ ਕੋਰਟ ਦੇ ਸਿਖਰਲੇ ਅਹੁਦਿਆਂ ਤੱਕ ਪੁੱਜ ਜਾਣਾ ਆਪਣੇ ਆਪ ਵਿਚ ਬਹੁਤ ਵੱਡੀ ਅਤੇ ਸ਼ਾਨਾਂਮੱਤੀ ਪ੍ਰਾਪਤੀ ਹੈ। ਅਮਰੀਕਾ ਵਿਚ ਸਿੱਖਾਂ ਦਾ ਪ੍ਰਵਾਸ ਲਗਭਗ ਉਸੇ ਹੀ ਸਮੇਂ ਤੋਂ ਸ਼ੁਰੂ ਹੋਇਆ ਹੈ। ਇਥੇ ਵੀ ਸਾਡੇ ਭਾਈਚਾਰੇ ਨੇ ਬੜਾ ਵੱਡਾ ਮੁਕਾਮ ਹਾਸਲ ਕੀਤਾ ਹੈ। ਅੱਜ ਅਜਿਹਾ ਕੋਈ ਖੇਤਰ ਨਹੀਂ, ਜਿਸ ਵਿਚ ਸਾਡੇ ਲੋਕਾਂ ਦੀ ਸਿੱਧੀ ਸ਼ਮੂਲੀਅਤ ਨਾ ਹੋਵੇ। ਖਾਸਕਰ ਕੈਲੀਫੋਰਨੀਆ, ਨਿਊਯਾਰਕ ਅਤੇ ਕੁੱਝ ਹੋਰ ਖੇਤਰਾਂ ਵਿਚ ਸਿੱਖਾਂ ਦੀ ਛਾਪ ਬੜੀ ਉਘੜਵੀਂ ਨਜ਼ਰ ਆਉਂਦੀ ਹੈ। ਕੈਲੀਫੋਰਨੀਆ ਵਿਚ ਤਾਂ ਇਥੋਂ ਦੀ ਅਸੈਂਬਲੀ ਸਿੱਖ ਸਨਮਾਨ ਅਤੇ ਜਾਗਰੂਕਤਾ ਦਿਵਸ ਵੀ ਮਨਾਉਣ ਲੱਗ ਪਈ ਹੈ। ਇਹ ਸਾਡੇ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਿੱਖ ਪਹਿਚਾਨ ਨੂੰ ਸਥਾਪਿਤ ਕਰਨ ਅਤੇ ਲੋਕਾਂ ਵਿਚ ਇਸ ਬਾਰੇ ਵਧੇਰੇ ਜਾਗ੍ਰਿਤੀ ਪੈਦਾ ਕਰਨ ਲਈ ਇਥੋਂ ਦੀਆਂ ਸਰਕਾਰਾਂ ਵੀ ਹਿੱਸਾ ਪਾਉਣ ਲੱਗੀਆਂ ਹਨ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਬਾਰੇ ਵੀ ਕੈਲੀਫੋਰਨੀਆ ਦੀ ਅਸੈਂਬਲੀ ਨੇ ਕਈ ਅਹਿਮ ਫੈਸਲੇ ਕੀਤੇ ਹਨ ਅਤੇ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਬਾਰੇ ਕਈ ਸਿਲੇਬਸ ਸਕੂਲੀ ਸਿੱਖਿਆ ਵਿਚ ਸ਼ਾਮਲ ਕੀਤੇ ਗਏ ਹਨ। ਅੱਜ ਅਮਰੀਕਾ ਦੇ ਬਹੁਤ ਸਾਰੇ ਅਦਾਰਿਆਂ ਵਿਚ ਸਿੱਖ ਨੁਮਾਇੰਦੇ ਅਹਿਮ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਖਾਸ ਤੌਰ ‘ਤੇ ਸਵੈ-ਸ਼ਾਸਨ ਦੇ ਅਦਾਰਿਆਂ ਵਿਚ ਮੇਅਰ ਅਤੇ ਹੋਰ ਅਹਿਮ ਅਹੁਦਿਆਂ ਉਪਰ ਸਾਡੇ ਭਾਈਚਾਰੇ ਦੇ ਲੋਕ ਚੁਣੇ ਜਾ ਰਹੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਭਾਈਚਾਰੇ ਨੇ ਯੂਰਪ ਤੇ ਇੰਗਲੈਂਡ ਦੇ ਨਾਲ-ਨਾਲ ਉੱਤਰੀ ਅਮਰੀਕਾ ਵਿਚ ਵੀ ਆਪਣੀਆਂ ਜੜ੍ਹਾਂ ਡੂੰਘੀਆਂ ਜਮ੍ਹਾਂ ਲਈਆਂ ਹਨ। ਪਰ ਇਸ ਦੇ ਬਾਵਜੂਦ ਸਾਡੇ ਲੋਕਾਂ ਨੂੰ ਇਸ ਗੱਲ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਰਾਜਸੀ ਮਾਹੌਲ ਵਿਚ ਪਤਾ ਨਹੀਂ ਕਦ ਪਾਸੇ ਪਲਟ ਜਾਂਦੇ ਹਨ। ਅਸੀਂ ਵੱਖ-ਵੱਖ ਮੁਲਕਾਂ ਵਿਚ ਬੜਾ ਸਨਮਾਨ ਹਾਸਲ ਕੀਤਾ ਹੈ ਅਤੇ ਇਨ੍ਹਾਂ ਅਦਾਰਿਆਂ ਵਿਚ ਸ਼ਮੂਲੀਅਤ ਪੱਖੋਂ ਸਾਡੀ ਗਿਣਤੀ ਬੜੀ ਅਹਿਮ ਹੈ। ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਸ ਸਭ ਕੁੱਝ ਦੇ ਬਾਵਜੂਦ ਅਸੀਂ ਫਿਰ ਵੀ ਇਕ ਧਾਰਮਿਕ ਘੱਟ-ਗਿਣਤੀ ਹਾਂ। ਜਦ ਕਦੇ ਕਿਸੇ ਦੇਸ਼ ਵਿਚ ਧਾਰਮਿਕ ਬਹੁ-ਗਿਣਤੀ ਦਾ ਉਬਾਲ ਉਠਦਾ ਹੈ ਜਾਂ ਇਹ ਕਹਿ ਲਈਏ ਕਿ ਕੋਈ ਰਾਜਸੀ ਧਿਰ ਆਪਣੇ ਸੌੜੇ ਸਿਆਸੀ ਮਨੋਰਥ ਪੂਰੇ ਕਰਨ ਲਈ ਬਹੁ-ਗਿਣਤੀ ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾਉਣ ਲਈ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ, ਤਾਂ ਉਸ ਸਮੇਂ ਘੱਟ-ਗਿਣਤੀਆਂ ਨੂੰ ਬੜਾ ਨੁਕਸਾਨ ਝੱਲਣਾ ਪੈਂਦਾ ਹੈ। ਭਾਰਤ ਅੰਦਰ ਅਸੀਂ ਇਹ ਤਜ਼ਰਬਾ ਦੇਖ ਚੁੱਕੇ ਹਾਂ। ਕਿਸੇ ਸਮੇਂ ਉਥੇ ਪੂਰੇ ਦੇਸ਼ ਅੰਦਰ ਸਿੱਖਾਂ ਦਾ ਦਬਦਬਾ ਸੀ। ਪਰ 1980 ਤੋਂ ਬਾਅਦ ਇੰਦਰਾ ਗਾਂਧੀ ਵੱਲੋਂ ਬਦਲੇ ਪੈਂਤੜੇ ਕਾਰਨ ਸਿੱਖਾਂ ਨਾਲ ਜੋ ਹੋਈ, ਉਹ ਸਾਰਾ ਜੱਗ ਜਾਣਦਾ ਹੈ। ਇਸ ਕਰਕੇ ਇਨ੍ਹਾਂ ਮੁਲਕਾਂ ਵਿਚ ਜਦ ਅਸੀਂ ਪੂਰੇ ਸਨਮਾਨ ਨਾਲ ਰਹਿਣ ਦਾ ਹੱਕ ਮਾਣ ਰਹੇ ਹਾਂ ਅਤੇ ਆਪਣੀ ਕਿਰਤ ਦਾ ਪੂਰਾ ਮੁੱਲ ਹਾਸਲ ਕਰਕੇ ਮਨੁੱਖੀ ਸਵੈ-ਮਾਣ ਨਾਲ ਜਿਊਂ ਰਹੇ ਹਾਂ, ਤਾਂ ਸਾਨੂੰ ਵੀ ਇਨ੍ਹਾਂ ਸਮਾਜਾਂ ਪ੍ਰਤੀ ਪੂਰੀ ਜ਼ਿੰਮੇਵਾਰੀ ਨਾਲ ਰਹਿਣ ਦਾ ਵਤੀਰਾ ਧਾਰਨ ਕਰਨਾ ਚਾਹੀਦਾ ਹੈ। ਅਜਿਹੇ ਸਮਾਜਾਂ ਵਿਚ ਕੁੱਝ ਲੋਕਾਂ ਵੱਲੋਂ ਕੀਤੀਆਂ ਮਾੜੀਆਂ ਕਾਰਵਾਈਆਂ ਅਤੇ ਘਟਨਾਵਾਂ ਕਈ ਵਾਰ ਸਮੁੱਚੇ ਭਾਈਚਾਰੇ ਲਈ ਹੀ ਕਲੰਕ ਦਾ ਸਾਧਨ ਬਣ ਜਾਂਦੀਆਂ ਹਨ। ਇਸ ਕਰਕੇ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਕੀਤੀ ਗਈ ਕੋਈ ਵੀ ਕਾਰਵਾਈ ਸਾਡੇ ਸਮੁੱਚੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀ ਹੁੰਦੀ ਹੈ। ਖਾਸਕਰ ਘੱਟ-ਗਿਣਤੀ ਦੇ ਮਾਮਲੇ ਵਿਚ ਇਹ ਹੋਰ ਵਧੇਰੇ ਸੱਚ ਹੈ।
ਸਾਡੇ ਭਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਪੂਰੇ ਮਨੁੱਖੀ ਸਨਮਾਨ ਅਤੇ ਆਜ਼ਾਦੀ ਨਾਲ ਵਿਚਰ ਰਹੇ ਹਾਂ। ਇਸ ਮਾਣ ਵਿਚ ਹੋਰ ਵਾਧਾ ਕਰਨ ਅਤੇ ਆਪਣੇ ਭਾਈਚਾਰੇ ਦੇ ਮਾਣ ਨੂੰ ਵਧਾਉਣ ਲਈ ਸਾਨੂੰ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਅਜਿਹਾ ਕੁੱਝ ਕਰਨ ਲਈ ਜ਼ਰੂਰੀ ਹੈ ਕਿ ਜਿੱਥੇ ਅਸੀਂ ਆਪਣੀ ਭਾਈਚਾਰਕ ਏਕਤਾ ਕਾਇਮ ਕਰਨ ਉਪਰ ਜ਼ੋਰ ਦੇਈਏ, ਉਥੇ ਨਾਲ ਹੀ ਹੋਰਨਾਂ ਧਰਮਾਂ ਅਤੇ ਸਮਾਜਾਂ ਦੇ ਲੋਕਾਂ ਨਾਲ ਵੀ ਆਪਣੀ ਨੇੜਤਾ ਗੂੜ੍ਹੀ ਬਣਾਈਏ। ਉਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਲ ਹੋਈਏ ਅਤੇ ਖਾਸਕਰ ਇਥੋਂ ਦੇ ਲੋਕਾਂ ਦੇ ਕੌਮੀ ਅਤੇ ਸਮਾਜੀ ਜਸ਼ਨਾਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰੀਏ। ਅਤੇ ਇਸੇ ਤਰ੍ਹਾਂ ਸਾਡੇ ਭਾਈਚਾਰੇ ਦੇ ਅਹਿਮ ਸਮਾਗਮਾਂ ਵਿਚ ਵੀ ਹੋਰਨਾਂ ਧਰਮਾਂ ਅਤੇ ਸਮਾਜਾਂ ਦੀ ਸ਼ਮੂਲੀਅਤ ਕਰਨ ਲਈ ਯਤਨਸ਼ੀਲ ਰਹੀਏ। ਸਾਡੇ ਅਜਿਹੇ ਯਤਨ ਆਪਸੀ ਭਾਈਚਾਰਾ ਵੀ ਮਜ਼ਬੂਤ ਕਰਨਗੇ ਅਤੇ ਹੋਰ ਸਮਾਜਾਂ ਨਾਲ ਸਾਡੀ ਨੇੜਤਾ ਨੂੰ ਵੀ ਬਲ ਦੇਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.