ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ
ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ
Page Visitors: 2489

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

February 13
10:30 2019

ਸਿੱਖਾਂ ਪ੍ਰਤੀ ਮਾਣ ਅਤੇ ਸਤਿਕਾਰ ‘ਚ ਹੋਇਆ ਵਾਧਾ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਨਵੰਬਰ 2019 ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਦਿਵਸ ਪੂਰੀ ਦੁਨੀਆਂ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਣਾ ਹੈ। ਬਾਬੇ ਨਾਨਕ ਦੀ ਜਨਮ ਭੋਇੰ ਪਾਕਿਸਤਾਨ ਵਿਚ ਇਹ ਪੂਰਾ ਵਰ੍ਹਾ ਉਨ੍ਹਾਂ ਦੇ ਪ੍ਰਕਾਸ਼ ਦਿਵਸ ਨੂੰ ਮਨਾਏ ਜਾਣ ਨੂੰ ਸਮਰਪਿਤ ਕੀਤਾ ਹੋਇਆ ਹੈ। ਪਿਛਲੇ ਦਿਨੀਂ ਆਪਣੀ ਪਾਕਿਸਤਾਨ ਫੇਰੀ ਦੌਰਾਨ ਜਿੱਥੇ ਮੈਨੂੰ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਉਥੇ ਆਮ ਅਵਾਮ ਤੋਂ ਲੈ ਕੇ ਉੱਚ ਅਧਿਕਾਰੀਆਂ, ਪਾਰਲੀਮੈਂਟ ਮੈਂਬਰਾਂ ਅਤੇ ਹੋਰ ਅਹਿਮ ਸ਼ਖਸੀਅਤਾਂ ਨਾਲ ਵੀ ਮਿਲਣ ਦਾ ਮੌਕਾ ਮਿਲਿਆ।
ਦੇਖਣ ਵਿਚ ਆਇਆ ਕਿ ਇਸ ਵੇਲੇ ਪਾਕਿਸਤਾਨ ਦੀ ਅਵਾਮ ਵਿਚ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਵਸ ਮਨਾਏ ਜਾਣ ਲਈ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। ਸਥਾਨਕ ਲੋਕ ਬਾਹਰੋਂ ਆਏ ਸਿੱਖਾਂ ਦਾ ਬੇਹੱਦ ਸਤਿਕਾਰ ਕਰਦੇ ਹਨ। ਖਾਸ ਤੌਰ ‘ਤੇ ਲੋਕ ਦਸਤਾਰਧਰੀ ਸਿੱਖਾਂ ਦਾ ਬੜੇ ਸਤਿਕਾਰ ਨਾਲ ਸਵਾਗਤ ਕਰਦੇ ਹਨ। ਇਥੋਂ ਤੱਕ ਕਿ ਰਾਹ ਤੁਰੇ ਜਾਂਦੇ ਸਿੱਖਾਂ ਨੂੰ ਲੋਕ ਚਾਹ-ਪਾਣੀ ਅਤੇ ਖਾਣੇ ਦੀਆਂ ਦਾਵਤਾਂ ਦਿੰਦੇ ਹਨ।
ਸਿੱਖਾਂ ਪ੍ਰਤੀ ਮਾਣ ਅਤੇ ਸਤਿਕਾਰ ਵਿਚ ਵਾਧੇ ਦਾ ਇਕ ਵੱਡਾ ਕਾਰਨ ਪਾਕਿਸਤਾਨ ਦੀ ਮੌਜੂਦਾ ਸਰਕਾਰ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਜਿਸ ਦਿਨ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਸੇ ਦਿਨ ਤੋਂ ਪਾਕਿਸਤਾਨ ਵਿਚ ਸਿੱਖਾਂ ਦੇ ਮਾਣ, ਸਤਿਕਾਰ ਅਤੇ ਸਾਡੇ ਧਰਮ ਅਤੇ ਵਿਰਸੇ ਪ੍ਰਤੀ ਖੁੱਲ੍ਹਦਿਲੀ ਅਤੇ ਸਤਿਕਾਰ ਦਿਖਾਉਣ ਦਾ ਲਗਾਤਾਰ ਕੋਈ ਨਾ ਕੋਈ ਫੈਸਲਾ ਕੀਤਾ ਜਾ ਰਿਹਾ ਹੈ। ਇਸਲਾਮਾਬਾਦ ਵਿਖੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਹੀ ਭਾਰਤੀ ਪੰਜਾਬ ਤੋਂ ਗਏ ਕੈਬਨਿਟ ਮੰਤਰੀ ਅਤੇ ਕੌਮਾਂਤਰੀ ਕ੍ਰਿਕਟਰ ਸ. ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਭਰੋਸਾ ਦਿੱਤਾ ਗਿਆ ਸੀ।
   ਪਾਕਿਸਤਾਨ ਵੱਲੋਂ ਦਿੱਤੇ ਗਏ ਇਸ ਭਰੋਸੇ ਬਾਰੇ ਸ਼ੁਰੂ ਵਿਚ ਭਾਵੇਂ ਭਾਰਤ ਅੰਦਰ ਬੜੀ ਸਿਆਸਤ ਖੇਡੀ ਗਈ ਅਤੇ ਇਸ ਭਰੋਸੇ ਨੂੰ ਮਹਿਜ਼ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੂਟਨੀਤਿਕ ਲੜਾਈ ਦੇ ਇਕ ਹਿੱਸੇ ਵਜੋਂ ਚੁੱਕਿਆ ਕਦਮ ਵੀ ਕਰਾਰ ਦਿੱਤਾ ਗਿਆ। ਪਰ ਇਮਰਾਨ ਖਾਨ ਨੇ ਕੁਝ ਹੀ ਦਿਨਾਂ ਬਾਅਦ ਜਦ ਇਸ ਭਰੋਸੇ ਨੂੰ ਹਕੀਕਤ ਵਿਚ ਬਦਲਣ ਦਾ ਐਲਾਨ ਕਰਦਿਆਂ ਲਾਂਘਾ ਉਸਾਰਨ ਦੇ ਨੀਂਹ ਪੱਥਰ ਰੱਖਣ ਦਾ ਵੀ ਐਲਾਨ ਕਰ ਦਿੱਤਾ, ਤਾਂ ਸਾਰੇ ਲੋਕ ਹੈਰਾਨ ਹੀ ਰਹਿ ਗਏ ਅਤੇ ਵਿਰੋਧੀ ਬਿਆਨ ਦੇਣ ਵਾਲਿਆਂ ਦਾ ਮੂੰਹ ਬੰਦ ਹੋ ਗਿਆ। ਫਿਰ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਦੀ ਲਾਂਘਾ ਦੇਣ ਦੀ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਡੇਰਾ ਬਾਬਾ ਨਾਨਕ ਵਿਖੇ ਲਾਂਘਾ ਉਸਾਰਨ ਲਈ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਇਸ ਵੇਲੇ ਪਾਕਿਸਤਾਨ ਵਿਚਲੇ ਜ਼ਿਲ੍ਹਾ ਨਾਰੋਵਾਲ ਦੇ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ। ਕਰਤਾਰਪੁਰ ਸਾਹਿਬ ਵਿਖੇ ਉਨ੍ਹਾਂ ਦੀ ਯਾਦ ਵਿਚ ਵੱਡਾ ਗੁਰਦੁਆਰਾ ਸਾਹਿਬ ਹੈ। ਸਿੱਖ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਬੜੇ ਲੰਬੇ ਸਮੇਂ ਤੋਂ ਲਾਂਘੇ ਦੀ ਮੰਗ ਕਰਦੀ ਆ ਰਹੀ ਸੀ। ਗੁਰੂ ਨਾਨਕ ਜੀ ਨੇ ਕਰਤਾਰਪੁਰ ਵਿਖੇ 18 ਸਾਲ ਦੇ ਕਰੀਬ ਰਹਿੰਦਿਆਂ ‘ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ’ ਦਾ ਫਲਸਫਾ ਪੇਸ਼ ਕੀਤਾ ਸੀ। ਇਮਰਾਨ ਖਾਨ ਦੇ ਲਾਂਘਾ ਖੋਲ੍ਹਣ ਦੇ ਫੈਸਲੇ ਉਪਰ ਦ੍ਰਿੜ੍ਹਤਾ ਨਾਲ ਅੱਗੇ ਵਧਣ ਨੇ ਦੋਹਾਂ ਦੇਸ਼ਾਂ ਵਿਚਕਾਰ ਦੁਸ਼ਮਣੀਆਂ ਦੀਆਂ ਰੇਖਾਵਾਂ ਨੂੰ ਵੀ ਕਮਜ਼ੋਰ ਕਰ ਦਿੱਤਾ ਅਤੇ ਦੋਵੇਂ ਦੇਸ਼ ਲਾਂਘੇ ਸੰਬੰਧੀ ਸਾਰੀਆਂ ਰਸਮਾਂ ਪੂਰੀਆਂ ਕਰਨ ਲਈ ਇਕ ਦੂਜੇ ਨਾਲ ਮੀਟਿੰਗਾਂ ਵੀ ਕਰਨ ਲੱਗੇ ਹਨ।
ਪਾਕਿਸਤਾਨ ਸਰਕਾਰ ਨੇ ਇਕ ਹੋਰ ਵੱਡਾ ਕਦਮ ਚੁੱਕਦਿਆਂ ਜ਼ਿਲ੍ਹਾ ਕਸੂਰ ਦੀ ਤਹਿਸੀਲ ਪੱਤੋਕੀ ‘ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੱਲੋਕੀ ਰਿਜ਼ਾਰਟ ਐਂਡ ਵਾਈਲਡ ਲਾਈਫ ਪਾਰਕ ਦਾ ਨਾਂ ਗੁਰੂ ਨਾਨਕ ਜੀ ਦੇ ਨਾਂ ‘ਤੇ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਗੁਰੂ ਨਾਨਕ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਜਲਦੀ ਹੀ ਖੋਲ੍ਹੀ ਜਾਵੇਗੀ। ਯੂਨੀਵਰਸਿਟੀ ਖੋਲ੍ਹਣ ਬਾਰੇ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ‘ਚ ਮਤਾ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਹੁਣ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਹੋਣ ਦੀ ਆਸ ਵੱਧ ਗਈ ਹੈ।
ਇਸੇ ਤਰ੍ਹਾਂ ਗੁਰੂ ਨਾਨਕ ਜੀ ਦੇ ਬਚਪਨ ਨਾਲ ਸਮੋਈਆਂ ਯਾਦਾਂ ਸਾਂਭੀਂ ਬੈਠੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਬਾਲ ਲੀਲਾ ਨੂੰ ਵੀ ਨਵਿਆਏ ਜਾਣ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ। ਗੁਰੂ ਨਾਨਕ ਜੀ ਇਸੇ ਸਥਾਨ ਉਪਰ ਆਪਣੇ ਬਚਪਨ ਦੇ ਸਾਥੀਆਂ ਨਾਲ ਖੇਡਦੇ ਰਹੇ। ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਪਿਛਲੇ ਸਾਲਾਂ ਦੌਰਾਨ ਬੜੀ ਖਸਤਾ ਹਾਲਤ ਸੀ। ਪਰ ਹੁਣ ਇਸ ਦੀ ਇਮਾਰਤ ਦੀ ਮੁਕੰਮਲ ਹੋਈ ਹੈ ਅਤੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਬਣਾ ਦਿੱਤਾ ਹੈ।
ਇਸੇ ਤਰ੍ਹਾਂ ਮੈਂ ਦੇਖਿਆ ਕਿ ਗੁਰਦੁਆਰਾ ਸਾਹਿਬ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਸਾਫ-ਸਫਾਈ ਅਤੇ ਸਾਂਭ-ਸੰਭਾਲ ਦਾ ਕੰਮ ਵੀ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਇਸ ਫੇਰੀ ਦੌਰਾਨ ਮੈਨੂੰ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਮੁਲਾਕਾਤ ਦੌਰਾਨ ਕੁਝ ਗੁਰਦੁਆਰਿਆਂ ਦੀ ਮੁਰੰਮਤ ਅਤੇ ਸਾਫ-ਸਫਾਈ ਵੱਲ ਵੀ ਉਨ੍ਹਾਂ ਦਾ ਧਿਆਨ ਦਿਵਾਉਣ ਦਾ ਮੌਕਾ ਮਿਲਿਆ। ਚੌਧਰੀ ਸਰਵਰ ਨੇ ਉਸੇ ਮੌਕੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮੁਸ਼ਤੈਦੀ ਨਾਲ ਕੰਮ ਕਰਨ।
  ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਜਨਮ ਅਸਥਾਨ ਵੀ ਲਹਿੰਦੇ ਪੰਜਾਬ ਵਿਚ ਹੀ ਪੈਂਦਾ ਹੈ। ਉਨ੍ਹਾਂ ਦਾ ਜਨਮ ਅਸਥਾਨ ਪਿੰਡ ਬੰਗਾ, ਤਹਿਸੀਲ ਜੜ੍ਹਾਂਵਾਲਾ, ਫੈਸਲਾਬਾਦ ਜ਼ਿਲ੍ਹੇ ਵਿਚ ਪੈਂਦਾ ਹੈ। ਫੈਸਲਾਬਾਦ ਜ਼ਿਲ੍ਹੇ ਦਾ ਪਹਿਲਾਂ ਨਾਂ ਲਾਇਲਪੁਰ ਲਿਆ ਜਾਂਦਾ ਸੀ। ਸ਼ਹੀਦ ਭਗਤ ਸਿੰਘ ਦਾ ਬਚਪਨ ਅਤੇ ਮੁੱਢਲੀ ਵਿੱਦਿਆ ਇਥੇ ਹੀ ਹੋਈ ਸੀ। 1947 ਦੀ ਵੰਡ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਚੜ੍ਹਦੇ ਪੰਜਾਬ ਦੇ ਕਸਬਾ ਬੰਗਾ ਲਾਗਲੇ ਪਿੰਡ ਖਟਕੜ ਕਲਾਂ ਵਿਖੇ ਆ ਵਸੇ ਸਨ ਅਤੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਅਜਾਇਬ ਘਰ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਹਰ ਸਾਲ ਇਥੇ ਭਾਰੀ ਮੇਲਾ ਲੱਗਦਾ ਹੈ। ਪਾਕਿਸਤਾਨੀ ਪੰਜਾਬ ਵਿਚਲਾ ਸ਼ਹੀਦ ਭਗਤ ਸਿੰਘ ਦਾ ਪਿੰਡ ਬੰਗਾ ਵਾਲਾ ਘਰ ਵਿਰਕ ਪਰਿਵਾਰ ਕੋਲ ਹੈ। ਵਿਰਕ ਪਰਿਵਾਰ ਦੇਸ਼ ਦੀ ਵੰਡ ਸਮੇਂ ਪਟਿਆਲਾ ਨੇੜਲੇ ਪਿਹੇਵਾ ਖੇਤਰ ਦੇ ਇਕ ਪਿੰਡ ‘ਚੋਂ ਉਜੜ ਕੇ ਪਿੰਡ ਬੰਗਾ, ਪਾਕਿਸਤਾਨ ਆ ਵਸਿਆ ਸੀ। ਇਸ ਵੇਲੇ ਵਿਰਕ ਪਰਿਵਾਰ ਦੀ ਤੀਜੀ ਪੀੜ੍ਹੀ ਇਸ ਘਰ ਦੀ ਸੰਭਾਲ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ‘ਸ਼ਹੀਦ ਭਗਤ ਸਿੰਘ ਦੀ ਹਵੇਲੀ’ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਹਵੇਲੀ ਨੂੰ ਜਾਣ ਵਾਲੇ ਜੜ੍ਹਾਂਵਾਲਾ ਤੋਂ ਕਰੀਬ 4 ਕਿਲੋਮੀਟਰ ਰਸਤੇ ਦੀ ਹਾਲਤ ਬੜੀ ਖਸਤਾ ਹੈ। ਮੈਂ ਇਹ ਸੜਕ ਬਣਾਉਣ ਲਈ ਗਵਰਨਰ ਚੌਧਰੀ ਕੋਲ ਮਸਲਾ ਉਠਾਇਆ ਅਤੇ ਤੁਰੰਤ ਉਨ੍ਹਾਂ ਨੇ ਇਹ ਸੜਕ ਬਣਾਉਣ ਦਾ ਫਰਮਾਨ ਜਾਰੀ ਕਰ ਦਿੱਤਾ।
ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਲਈ ਬੜੇ ਵਿਸ਼ਾਲ ਪੱਧਰ ‘ਤੇ ਕਾਰਵਾਈ ਚੱਲ ਰਹੀ ਹੈ। ਅਸੀਂ ਦੇਖਿਆ ਕਿ ਜਿੱਥੇ ਚਹੁੰ ਮਾਰਗੀ ਸੜਕ ਬਣਾਏ ਜਾਣ ਲਈ ਕੰਮ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਉਥੇ ਕੁੱਝ ਪੁੱਲ ਵੀ ਉਸਾਰੇ ਜਾ ਰਹੇ ਹਨ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਵੀ ਦੁਬਾਰਾ ਉਸਾਰਿਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਮੁੱਖ ਇਮਾਰਤ ਅਤੇ ਨਾਲ ਲੱਗਦੇ ਇਤਿਹਾਸਕ ਖੂਹ ਨੂੰ ਬਿਲਕੁਲ ਉਸੇ ਹਾਲਾਤ ਵਿਚ ਰੱਖਿਆ ਹੋਇਆ ਹੈ ਅਤੇ ਇਤਿਹਾਸਕ ਅਸਥਾਨ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਜਦਕਿ ਇਸ ਅਸਥਾਨ ਦਾ ਆਲੇ-ਦੁਆਲੇ ਨੂੰ ਬਹੁਤ ਹੀ ਉਮਦਾ ਤਰੀਕੇ ਨਾਲ ਉਸਾਰਿਆ ਜਾ ਰਿਹਾ ਹੈ।
  ਜਿੱਥੇ ਸੰਗਤ ਦੇ ਠਹਿਰਣ ਲਈ ਸਰਾਵਾਂ ਉਸਾਰੀਆਂ ਜਾ ਰਹੀਆਂ ਹਨ, ਉਥੇ ਹੋਟਲ ਵੀ ਬਣਾਏ ਜਾਣ ਦੀ ਤਜਵੀਜ਼ ਹੈ। 15 ਸਾਲ ਪੁਰਾਣੇ ਅਮਰੂਦਾਂ ਨੂੰ ਇਕ ਵਾਰੀ ਜੜ੍ਹੋਂ ਉਖਾੜ ਦਿੱਤਾ ਗਿਆ ਹੈ ਅਤੇ ਇਸ ਤੋਂ ਵੱਧ ਗਿਣਤੀ ‘ਚ ਕੁਦਰਤੀ ਖੇਤੀ ਅਤੇ ਬਾਗ ਲਗਾਏ ਜਾਣ ਦੀ ਤਜਵੀਜ਼ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਨਵਿਆਏ ਜਾਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
  ਪਾਕਿਸਤਾਨ ਸਰਕਾਰ ਨੇ ਦੁਨੀਆਂ ਭਰ ਦੇ ਦੇਸ਼ਾਂ ਲਈ ਵੀਜ਼ਾ ਪ੍ਰਣਾਲੀ ਆਸਾਨ ਕਰ ਦਿੱਤੀ ਹੈ। ਹੁਣ ਦੋ ਮੁਲਕਾਂ ਨੂੰ ਛੱਡ ਕੇ ਦੁਨੀਆਂ ਦੇ ਕਿਸੇ ਵੀ ਦੇਸ਼ ਤੋਂ ਪਾਕਿਸਤਾਨ ਸਿੱਧਾ ਆਇਆ ਜਾ ਸਕਦਾ ਹੈ ਅਤੇ ਇਸ ਦੇ ਲਈ ਆਨਲਾਈਨ ਵੀਜ਼ਾ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਲੋਕ ਆਨਲਾਈਨ ਵੀਜ਼ਾ ਅਪਲਾਈ ਕਰਕੇ ਇਥੇ ਪਹੁੰਚ ਸਕਦੇ ਹਨ ਅਤੇ ਇਥੇ ਪਹੁੰਚਣ ‘ਤੇ ਉਨ੍ਹਾਂ ਨੂੰ ਆਨ ਅਰਾਇਵਲ ਵੀਜ਼ਾ ਦਿੱਤਾ ਜਾਵੇਗਾ। ਇਸ ਨਵੀਂ ਵੀਜ਼ਾ ਪ੍ਰਣਾਲੀ ਰਾਹੀਂ ਜਿੱਥੇ ਦੁਨੀਆਂ ਭਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਉਥੇ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਵੀ ਹੁਣ ਬਿਨਾਂ ਕਿਸੇ ਰੋਕ-ਟੋਕ ਦੇ ਇਥੇ ਪਹੁੰਚ ਸਕਣਗੇ ਅਤੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣਗੇ।
ਪਾਕਿਸਤਾਨ ਅਤੇ ਭਾਰਤ ਦੇ ਸੰਬੰਧਾਂ ਵਿਚ ਭਾਵੇਂ ਕਿਸੇ ਵੀ ਤਰ੍ਹਾਂ ਦੀ ਖਟਾਸ ਹੋਵੇ ਜਾਂ ਉਨ੍ਹਾਂ ਦੇ ਆਪਸੀ ਸੰਬੰਧ ਤਨਾਅਪੂਰਨ ਹੋਣ, ਪਰ ਪਾਕਿਸਤਾਨ ਅੰਦਰ ਸਿੱਖਾਂ ਬਾਰੇ ਬਹੁਤ ਹੀ ਸਾਜਗਾਰ ਮਾਹੌਲ ਉਸਰ ਰਿਹਾ ਹੈ ਅਤੇ ਸਿੱਖਾਂ ਦੇ ਸਤਿਕਾਰ ਵਿਚ ਬੇਹੱਦ ਵਾਧਾ ਹੋਇਆ ਹੈ। ਪੂਰੀ ਦੁਨੀਆਂ ਵਿਚ ਵਸਦੇ ਸਿੱਖ ਇਸ ਗੱਲ ਉਪਰ ਮਾਣ ਵੀ ਕਰ ਸਕਦੇ ਹਨ ਕਿ ਉਹ ਪਾਕਿਸਤਾਨ ਅੰਦਰਲੇ ਸਿੱਖ ਗੁਰਧਾਮਾਂ ਦੇ ਹੁਣ ਖੁੱਲ੍ਹੇਆਮ ਦਰਸ਼ਨ-ਦੀਦਾਰ ਕਰ ਸਕਦੇ ਹਨ। ਉਨ੍ਹਾਂ ਨੂੰ ਇਥੇ ਕਿਸੇ ਵੀ ਤਰ੍ਹਾਂ ਦੀ ਰੋਕ-ਟੋਕ ਨਹੀਂ ਹੈ, ਸਗੋਂ ਉਲਟਾ ਆਮ ਲੋਕਾਂ ਵੱਲੋਂ ਬੇਹੱਦ ਸਤਿਕਾਰ ਅਤੇ ਪਿਆਰ ਮਿਲ ਰਿਹਾ ਹੈ।
ਪਾਕਿਸਤਾਨ ਵਿਚ ਉਸਰ ਰਿਹਾ ਇਹ ਮਾਹੌਲ ਭਾਰਤ-ਪਾਕਿਸਤਾਨ ਵਿਚਕਾਰ ਆਪਸੀ ਸੰਬੰਧ ਸੁਧਾਰਨ ਲਈ ਵੀ ਬੇਹੱਦ ਗਨੀਮਤ ਮੌਕਾ ਬਣ ਸਕਦਾ ਹੈ ਅਤੇ ਦੋਹਾਂ ਦੇਸ਼ਾਂ ਵਿਚ ਸੰਬੰਧ ਸੁਧਾਰਨ ਵਿਚ ਇਸ ਵੇਲੇ ਗੁਰੂ ਨਾਨਕ ਜੀ ਦੇ ਗੁਰਪੁਰਬ ਨਾਲ ਸੰਬੰਧਤ 550 ਸਾਲਾ ਸਮਾਗਮ ਵੀ ਅਹਿਮ ਰੋਲ ਨਿਭਾਉਣ ਵਾਲੇ ਹਨ। ਗੁਰੂ ਸਾਹਿਬ ਦੀ ਵਿਸ਼ਵ ਅਮਨ ਅਤੇ ਭਾਈਚਾਰੇ ਦੀ ਫਿਲਾਸਫੀ ਦਾ ਗੂੜ੍ਹਾ ਰੰਗ ਇਨ੍ਹਾਂ ਸਮਾਗਮਾਂ ਉਪਰ ਜ਼ਰੂਰ ਅਸਰ ਦਿਖਾਏਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.