ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
23 ਮਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ‘ਚ ਗਠਜੋੜ ਦੀ ਸਰਕਾਰ ਬਣਨ ਦੀ ਸੰਭਾਵਨਾ
23 ਮਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ‘ਚ ਗਠਜੋੜ ਦੀ ਸਰਕਾਰ ਬਣਨ ਦੀ ਸੰਭਾਵਨਾ
Page Visitors: 2496

23 ਮਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ‘ਚ ਗਠਜੋੜ ਦੀ ਸਰਕਾਰ ਬਣਨ ਦੀ ਸੰਭਾਵਨਾ23 ਮਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ‘ਚ ਗਠਜੋੜ ਦੀ ਸਰਕਾਰ ਬਣਨ ਦੀ ਸੰਭਾਵਨਾ

May 01
10:23 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਦੀ ਲੋਕ ਸਭਾ ਚੋਣਾਂ ਦੀਆਂ 543 ਸੀਟਾਂ ਲਈ 7 ਗੇੜਾਂ ਵਿਚ ਹੋ ਰਹੀ ਚੋਣ ਦੇ ਚਾਰ ਗੇੜ ਪੂਰੇ ਹੋ ਚੁੱਕੇ ਹਨ। 400 ਦੇ ਕਰੀਬ ਸੀਟਾਂ ਉਪਰ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਮਸ਼ੀਨਾਂ ਵਿਚ ਬੰਦ ਹੋ ਚੁੱਕੀ ਹੈ। ਪੰਜਾਬ ਦੀਆਂ 13 ਸੀਟਾਂ ਲਈ ਇਹ ਚੋਣ ਆਖਰੀ ਗੇੜ ‘ਚ 19 ਮਈ ਨੂੰ ਹੋਣ ਜਾ ਰਹੀ ਹੈ। ਪੰਜਾਬ ਅੰਦਰ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਪੰਜਾਬ ਦੀ ਚੋਣ ਮੁਹਿੰਮ ਇਸ ਵਾਰ ਕਈ ਪੱਖਾਂ ਤੋਂ ਬੜੀ ਵਿਲੱਖਣ ਅਤੇ ਦਿਲਚਸਪ ਹੈ। ਸਰਹੱਦੀ ਖੇਤਰ ਗੁਰਦਾਸਪੁਰ ਵਿਚ 4 ਵਾਰ ਭਾਜਪਾ ਵੱਲੋਂ ਫਿਲਮੀ ਐਕਟਰ ਵਿਨੋਦ ਖੰਨਾ ਜਿੱਤਦੇ ਰਹੇ ਹਨ। ਹੁਣ ਆਪਣੀ ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਪ੍ਰਸਿੱਧ ਬਾਲੀਵੁੱਡ ਐਕਟਰ ਧਰਮਿੰਦਰ ਦੇ ਪੁੱਤਰ ਅਤੇ ਉੱਘੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੂੰ ਭਾਜਪਾ ਨੇ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਵੱਲੋਂ ਇਥੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੈਦਾਨ ਵਿਚ ਹਨ। ਸ਼੍ਰੀ ਸੁਨੀਲ ਜਾਖੜ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈ ਉਪ ਚੋਣ ਵਿਚ ਇਥੋਂ ਜੇਤੂ ਰਹੇ ਸਨ। ਫਿਰੋਜ਼ਪੁਰ ਅਤੇ ਬਠਿੰਡਾ ਹਲਕੇ ਬਾਦਲ ਪਰਿਵਾਰ ਨੇ ਮੱਲ ਲਏ ਹਨ। ਬਠਿੰਡਾ ਹਲਕੇ ਤੋਂ ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਚੋਣ ਮੈਦਾਨ ਵਿਚ ਹਨ ਅਤੇ ਫਿਰੋਜ਼ਪੁਰ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖੁਦ ਕਿਸਮਤ ਅਜ਼ਮਾ ਰਹੇ ਹਨ। ਅਕਾਲੀ ਦਲ ਨੇ ਜਾਂ ਇਹ ਕਹਿ ਲਵੋ ਕਿ ਬਾਦਲ ਪਰਿਵਾਰ ਨੇ ਕਰੋ ਜਾਂ ਮਰੋ ਦੀ ਨੀਤੀ ਅਪਣਾਉਂਦਿਆਂ ਆਪਣੇ ਦੋਵੇਂ ਵੱਡੇ ਨੇਤਾਵਾਂ ਨੂੰ ਇਨ੍ਹਾਂ ਖੇਤਰਾਂ ਵਿਚ ਦਾਅ ‘ਤੇ ਲਗਾ ਦਿੱਤਾ ਹੈ। ਇਸੇ ਤਰ੍ਹਾਂ ਹਲਕਾ ਪਟਿਆਲਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਮੈਦਾਨ ਵਿਚ ਹਨ। ਇਸ ਹਲਕੇ ਵਿਚ ਖੁਦ ਮੁੱਖ ਮੰਤਰੀ ਦਾ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ। ਸਰਹੱਦੀ ਖੇਤਰ ਦੇ ਇਕ ਹੋਰ ਹਲਕੇ ਖਡੂਰ ਸਾਹਿਬ ਵਿਚ ਵੀ ਮੁਕਾਬਲਾ ਬੜਾ ਦਿਲਚਸਪ ਚੱਲ ਰਿਹਾ ਹੈ। ਪੰਥਕ ਜਜ਼ਬੇ ਵਾਲੇ ਇਸ ਹਲਕੇ ਵਿਚ ਪੰਜਾਬ ਏਕਤਾ ਪਾਰਟੀ ਵੱਲੋਂ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਜਾਨ ਕੁਰਬਾਨ ਕਰਨ ਵਾਲੇ ਸ. ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਇਥੋਂ ਚੋਣ ਮੈਦਾਨ ਵਿਚ ਹਨ। ਸ. ਖਾਲੜਾ ਨੇ ਖਾੜਕੂਵਾਦ ਦੇ ਜ਼ਮਾਨੇ ਵਿਚ ਪੁਲਿਸ ਵੱਲੋਂ 25 ਹਜ਼ਾਰ ਦੇ ਕਰੀਬ ਅਣਪਛਾਤੇ ਕਹਿ ਕੇ ਸਾੜੀਆਂ ਲਾਸ਼ਾਂ ਦਾ ਕੇਸ ਦਸਤਾਵੇਜ਼ੀ ਰੂਪ ਵਿਚ ਸਾਹਮਣੇ ਲਿਆਂਦਾ ਸੀ। ਉਨ੍ਹਾਂ ਵੱਲੋਂ ਇਕੱਤਰ ਕੀਤੇ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਕਈ ਕੇਸਾਂ ਵਿਚ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੇ ਜਾਣ ਵਿਚ ਵੀ ਮਦਦ ਮਿਲੀ। ਸ. ਖਾਲੜਾ ਨੂੰ ਨਿਹੱਥੇ ਮਾਰੇ ਗਏ ਅਜਿਹੇ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਪੰਜਾਬ ਪੁਲਿਸ ਨੇ ਇਹ ਸਜ਼ਾ ਦਿੱਤੀ ਕਿ ਉਨ੍ਹਾਂ ਨੂੰ ਘਰੋਂ ਚੁੱਕ ਕੇ ਸਦਾ ਲਈ ਲਾਪਤਾ ਕਰ ਦਿੱਤਾ ਗਿਆ। ਬੀਬੀ ਪਰਮਜੀਤ ਕੌਰ ਖਾਲੜਾ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਰਹੀ ਹੈ। ਖਡੂਰ ਸਾਹਿਬ ਹਲਕੇ ਵਿਚ ਵੱਖ-ਵੱਖ ਪੰਥਕ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਇਨਸਾਫ ਪਸੰਦ ਲੋਕਾਂ ਵੱਲੋਂ ਵੱਡੀ ਪੱਧਰ ਉੱਤੇ ਉਨ੍ਹਾਂ ਦੀ ਹਮਾਇਤ ਕੀਤੀ ਜਾ ਰਹੀ ਹੈ।
ਸਮੁੱਚੇ ਤੌਰ ‘ਤੇ ਦੇਖਿਆ ਜਾਵੇ, ਤਾਂ ਇਨ੍ਹਾਂ ਚੋਣਾਂ ਵਿਚ ਲੋਕ ਮੁੱਦੇ ਕਿੱਧਰੇ ਵੀ ਚਰਚਾ ਵਿਚ ਆ ਰਹੇ ਨਜ਼ਰ ਨਹੀਂ ਆਉਂਦੇ। ਭਾਰਤ ਦੀ ਤਾਂ ਗੱਲ ਹੀ ਛੱਡੋ, ਪੰਜਾਬ ਅੰਦਰ ਵੀ ਪਿਛਲੇ ਸਾਲਾਂ ਦੌਰਾਨ ਬੇਰੁਜ਼ਗਾਰੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਰਜ਼ੇ ਅਤੇ ਥੁੜ੍ਹ ਦੇ ਸਤਾਏ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਖੇਤ ਮਜ਼ਦੂਰ ਅੱਧ ਭੁੱਖਮਰੀ ਦਾ ਸ਼ਿਕਾਰ ਹਨ। ਸੂਬੇ ਅੰਦਰ ਇਨਸਾਫ ਨਾਂ ਦਾ ਘੱਟ ਹੀ ਰਿਵਾਜ਼ ਹੈ। ਆਮ ਲੋਕ ਆਪਣੇ ਇਸ ਦਰਦ ਨੂੰ ਪਬਲਿਕ ਮੀਟਿੰਗਾਂ ਅਤੇ ਟੀ.ਵੀ. ਐਂਕਰਾਂ ਅੱਗੇ ਸੁਣਾਉਂਦੇ ਨਜ਼ਰ ਆਉਂਦੇ ਹਨ। ਪਰ ਰਾਜਸੀ ਪਾਰਟੀਆਂ ਦੇ ਆਗੂਆਂ ਦੇ ਭਾਸ਼ਨਾਂ ਅਤੇ ਪ੍ਰੋਗਰਾਮਾਂ ਵਿਚ ਲੋਕ ਮੁੱਦਿਆਂ ਦੀ ਗੱਲ ਕਿਤੇ ਘੱਟ ਹੀ ਸੁਣੀ ਜਾਂਦੀ ਹੈ।
ਅਸਲ ਵਿਚ ਦੇਖਿਆ ਜਾਵੇ, ਤਾਂ ਪਰਿਵਾਰਕ ਅਤੇ ਸ਼ਖਸੀਅਤ ਮੁੱਦੇ ਹੀ ਵਧੇਰੇ ਉਭਾਰੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ਬਾਦਲ ਪਰਿਵਾਰ ਨੂੰ ਜਿਤਾ ਕੇ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਦਕਿ ਬਾਲੀਵੁੱਡ ਐਕਟਰਾਂ ਸਹਾਰੇ ਭਾਜਪਾ ਆਪਣਾ ਦਬਦਬਾ ਬਣਾਈ ਰੱਖਣਾ ਚਾਹੁੰਦੀ ਹੈ। ਪਟਿਆਲਾ ਸੀਟ ਜਿੱਤ ਕੇ ਮੁੱਖ ਮੰਤਰੀ ਆਪਣੇ ਦਮ-ਖਮ ਦਾ ਰੌਅਬ ਜਮਾਉਣਾ ਚਾਹੁੰਦੇ ਹਨ। ਪਰ ਆਮ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਹਾਸ਼ੀਏ ਉਪਰ ਧੱਕਿਆ ਜਾ ਚੁੱਕਾ ਹੈ।
ਦੇਸ਼ ਪੱਧਰ ਉੱਤੇ ਨਜ਼ਰ ਮਾਰੀਏ, ਤਾਂ ਪ੍ਰਧਾਨ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਮੁੱਚੀ ਟੀਮ ਇਸ ਵੇਲੇ ਆਪਣੀ ਸਰਕਾਰ ਦੀ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਤੋਂ ਵੀ ਮੂੰਹ ਮੋੜੀਂ ਬੈਠੇ ਹਨ। ਉਹ ਇਸ ਸਮੇਂ ਬੜੇ ਜ਼ੋਰ-ਸ਼ੋਰ ਨਾਲ ਫਿਰਕੂ ਕਤਾਰਬੰਦੀ ਖੜ੍ਹੀ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਦੇ ਸਾਰੇ ਬਿਆਨਾਂ ਅਤੇ ਤਕਰੀਰਾਂ ਵਿਚ ਸਿਰਫ ਦੇਸ਼ ਦੀ ਸੁਰੱਖਿਆ ਅਤੇ ਹਿੰਦੂਤਵ ਦੀ ਗੱਲ ਹੀ ਉਭਾਰੀ ਜਾ ਰਹੀ ਹੈ। ਇਥੋਂ ਤੱਕ ਕਿ ਭਾਜਪਾ ਆਗੂ ਇਸ ਸ਼ਰੀਕੇਬਾਜ਼ੀ ਵਿਚ ਵਿਰੋਧੀ ਪਾਰਟੀਆਂ ਨੂੰ ਆਪਣੇ ਸਿਆਸੀ ਵਿਰੋਧੀ ਗਰਦਾਨਣ ਦੀ ਥਾਂ ਵਿਰੋਧੀ ਦੇਸ਼ਾਂ ਦੇ ਹਮਾਇਤੀਆਂ ਵਜੋਂ ਪੇਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਥੋਂ ਤੱਕ ਕਿ ਮਾਲੇਗਾਓਂ ਵਿਚ 6-7 ਸਾਲ ਪਹਿਲਾਂ ਇਕ ਬੰਬ ਧਮਾਕੇ ਵਿਚ 6 ਘੱਟ ਗਿਣਤੀ ਫਿਰਕੇ ਦੇ ਲੋਕਾਂ ਦੇ ਮਾਰੇ ਜਾਣ ਅਤੇ ਸੈਂਕੜਿਆਂ ਦੇ ਜ਼ਖਮੀ ਹੋਣ ਦੀ ਵਾਰਦਾਤ ਵਿਚ ਪਿਛਲੇ 6 ਸਾਲਾਂ ਤੋਂ ਜੇਲ੍ਹ ਵਿਚ ਬੰਦ ਨਫਰਤੀ ਭਾਸ਼ਨ ਕਰਨ ਵਾਲੀ ਸਾਧਵੀ ਪਰਗਿਆ ਸਿੰਘ ਠਾਕੁਰ ਨੂੰ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ। ਪੂਰੇ ਦੇਸ਼ ਅੰਦਰੋਂ ਅਜਿਹੀ ਸ਼ਖਸੀਅਤ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਹੋਣ ਦੇ ਬਾਵਜੂਦ ਭਾਜਪਾ ਦੀ ਅੜੀ ਇਸੇ ਗੱਲ ਦਾ ਸੰਕੇਤ ਕਰਦੀ ਹੈ ਕਿ ਉਹ ਦੇਸ਼ ਅੰਦਰ ਫਿਰਕੂ ਕਤਾਰਬੰਦੀ ਕਾਇਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ। ਦੂਜੇ ਪਾਸੇ ਭਾਵੇਂ ਇਕੱਲੇ ਤੌਰ ‘ਤੇ ਦੇਸ਼ ਪੱਧਰ ‘ਤੇ ਕਾਂਗਰਸ ਪਾਰਟੀ ਹੀ ਹੈ। ਪਰ ਕਾਂਗਰਸ ਦਾ ਵਜੂਦ ਇਸ ਵੇਲੇ ਵੱਖ-ਵੱਖ ਖੇਤਰੀ ਪਾਰਟੀਆਂ ਨਾਲ ਜੁੜ ਕੇ ਹੀ ਉੱਭਰ ਰਿਹਾ ਹੈ। ਦੇਸ਼ ਪੱਧਰ ‘ਤੇ ਦੇਖਿਆ ਜਾਵੇ, ਤਾਂ ਇਨ੍ਹਾਂ ਚੋਣਾਂ ਵਿਚ ਭਾਜਪਾ ਖਿਲਾਫ ਟੱਕਰ ਦੇਣ ਵਿਚ ਖੇਤਰੀ ਪਾਰਟੀਆਂ ਹੀ ਸਭ ਤੋਂ ਅੱਗੇ ਚੱਲ ਰਹੀਆਂ ਨਜ਼ਰ ਆ ਰਹੀਆਂ ਹਨ। ਬੰਗਾਲ ਵਿਚ ਤ੍ਰਿਣਮੂਲ ਕਾਂਗਰਸ, ਆਂਧਰਾ ਵਿਚ ਤੇਲਗੂਦੇਸ਼ਮ, ਬਿਹਾਰ ਵਿਚ ਲਾਲੂ ਦੀ ਪਾਰਟੀ ਆਰ.ਜੇ.ਡੀ., ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਬੜੇ ਉੱਭਰਵੇਂ ਰੂਪ ਵਿਚ ਭਾਜਪਾ ਨਾਲ ਟੱਕਰ ਲੈ ਰਹੀਆਂ ਹਨ। ਹੁਣ ਤੱਕ ਦਾ ਜੋ ਚੋਣ ਦ੍ਰਿਸ਼ ਉਭਰ ਰਿਹਾ ਹੈ, ਉਸ ਤੋਂ ਇਕ ਤਾਂ ਸਪੱਸ਼ਟ ਸੰਕੇਤ ਮਿਲ ਰਿਹਾ ਹੈ ਕਿ ਦੇਸ਼ ਪੱਧਰ ‘ਤੇ ਕਿਸੇ ਵੀ ਇਕ ਪਾਰਟੀ ਨੂੰ ਬਹੁਮਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਕਰਕੇ 23 ਮਈ ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜਿਆਂ ਤੋਂ ਬਾਅਦ ਅਗਲੀ ਸਰਕਾਰ ਗਠਜੋੜ ਦੀ ਸਰਕਾਰ ਬਣਨ ਬਾਰੇ ਤਾਂ ਨਿਸ਼ਚਿਤ ਹੀ ਹੈ। ਪਰ ਕਾਂਗਰਸ ਅਤੇ ਭਾਜਪਾ ਵਿਚੋਂ ਸਭ ਤੋਂ ਵੱਡੀ ਪਾਰਟੀ ਬਣ ਕੇ ਕਿਹੜੀ ਉਭਰਦੀ ਹੈ, ਰਾਸ਼ਟਰਪਤੀ ਵੱਲੋਂ ਸਭ ਤੋਂ ਪਹਿਲਾਂ ਉਸੇ ਨੂੰ ਸੱਦਾ ਦਿੱਤੇ ਜਾਣ ਦੀ ਸੰਭਾਵਨਾ ਹੋਵੇਗੀ। ਇਸ ਤੋਂ ਬਾਅਦ ਫਿਰ ਵੱਖ-ਵੱਖ ਪਾਰਟੀਆਂ ਨਾਲ ਰਾਜਸੀ ਜੋੜ-ਤੋੜ ਅਤੇ ਕਈ ਤਰ੍ਹਾਂ ਦੀ ਤਿਕੜਮਬਾਜ਼ੀ ਦਾ ਦੌਰ ਸ਼ੁਰੂ ਹੋਵੇਗਾ। ਇਹ ਮੌਕਾ ਭਾਰਤ ਲਈ ਬੜਾ ਸੰਵੇਦਨਸ਼ੀਲ ਬਣੇਗਾ। ਭਾਰਤ ਦੀਆਂ ਰਾਜਸੀ ਪਾਰਟੀਆਂ ਵਿਚ ਮੌਕਾਪ੍ਰਸਤੀ ਜਾਂ ਆਇਆ ਰਾਮ-ਗਿਆ ਰਾਮ ਦੀ ਪ੍ਰਵਿਰਤੀ ਨੂੰ ਦੇਖਦਿਆਂ ਅੱਜ ਵਾਲੇ ਰੁਝਾਨ ਕਾਇਮ ਰਹਿਣ ਉੱਤੇ ਵੀ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ। ਕਈ ਛੋਟੇ ਗਰੁੱਪ ਅਤੇ ਰਾਜਸੀ ਸੰਗਠਨ ਆਪਣੇ ਪੈਂਤੜੇ ਬਦਲ ਸਕਦੇ ਹਨ। ਅਜਿਹੀ ਹਾਲਤ ਵਿਚ ਭਾਰਤ ਦਾ ਰਾਜਸੀ ਦ੍ਰਿਸ਼ ਬੜਾ ਦਿਲਚਸਪ ਅਤੇ ਹੈਰਾਨਕੁੰਨ ਵੀ ਬਣ ਸਕਦਾ ਹੈ। ਪਰ ਇਸ ਸਾਰੇ ਕੁਝ ਬਾਰੇ ਸਪੱਸ਼ਟ ਤਸਵੀਰ ਆਖਰ 23 ਮਈ ਨੂੰ ਐਲਾਨੇ ਜਾਣ ਵਾਲੇ ਨਤੀਜੇ ਬਾਅਦ ਹੀ ਸਾਹਮਣੇ ਆਵੇਗੀ।
ਇਸ ਵਾਰ ਵਿਲੱਖਣ ਗੱਲ ਇਹ ਹੋ ਰਹੀ ਹੈ ਕਿ ਪ੍ਰਵਾਸੀ ਪੰਜਾਬੀਆਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਨਾ ਤਾਂ ਕੋਈ ਉਤਸ਼ਾਹ ਹੈ ਅਤੇ ਨਾ ਹੀ ਵਿਦੇਸ਼ਾਂ ਵਿਚੋਂ ਉੱਘੇ ਪ੍ਰਵਾਸੀ ਪੰਜਾਬੀ ਇਸ ਵਾਰ ਚੋਣਾਂ ਵਿਚ ਸਰਗਰਮ ਭਾਗ ਲੈਣ ਲਈ ਹੀ ਪੁੱਜੇ ਹਨ। ਹੁਣ ਤੱਕ ਜੋ ਤਸਵੀਰ ਸਾਹਮਣੇ ਆ ਰਹੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਵਿਦੇਸ਼ਾਂ ਵਿਚੋਂ ਇਸ ਵਾਰ ਵਹੀਰਾਂ ਘੱਤ ਕੇ ਜਾਣਾ ਤਾਂ ਦੂਰ, ਇਕੱਲੇ-ਕਹਿਰੇ ਪ੍ਰਵਾਸੀ ਪੰਜਾਬੀ ਵੀ ਨਹੀਂ ਪਹੁੰਚੇ। ਇਥੇ ਵੀ ਅਸੀਂ ਵੇਖਦੇ ਹਾਂ ਕਿ ਲੋਕ ਸਰਸਰੀ ਤੌਰ ‘ਤੇ ਚੋਣਾਂ ਬਾਰੇ ਗੱਲਬਾਤ ਅਤੇ ਤਬਸਰੇ ਤਾਂ ਕਰਦੇ ਦੇਖੇ ਜਾਂਦੇ ਹਨ, ਪਰ ਚੋਣਾਂ ਵਿਚ ਡੂੰਘੀ ਦਿਲਚਸਪੀ ਅਤੇ ਫਿਰ ਆਪਣੇ ਰਿਸ਼ਤੇਦਾਰਾਂ ਅਤੇ ਹਮਾਇਤੀਆਂ ਨੂੰ ਕਿਸੇ ਪਾਰਟੀ ਜਾਂ ਉਮੀਦਵਾਰ ਦੀ ਹਮਾਇਤ ਦਾ ਰੁਝਾਨ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਕੁੱਝ ਹਿੱਸਿਆਂ ਵਿਚ ਸਿਰਫ ਬੀਬੀ ਖਾਲੜਾ ਦੀ ਹਮਾਇਤ ਕੀਤੇ ਜਾਣ ਦੀਆਂ ਗੱਲਾਂ ਤਾਂ ਜ਼ਰੂਰ ਸੁਣਾਈ ਦਿੰਦੀਆਂ ਹਨ।
ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭਾਰਤੀ ਚੋਣਾਂ ਵਿਚ ਜਿਸ ਤਰ੍ਹਾਂ ਪੈਸੇ, ਜ਼ੋਰ ਅਜ਼ਮਾਈ ਅਤੇ ਝੂਠ-ਫਰੇਬ ਨੇ ਪੈਰ ਜਮ੍ਹਾ ਲਏ ਹਨ, ਉਸ ਨੂੰ ਦੇਖਦਿਆਂ ਪ੍ਰਵਾਸੀ ਪੰਜਾਬੀਆਂ ਨੇ ਵੀ ਹੁਣ ਉਥੇ ਕਿਸੇ ਰਾਜਸੀ ਤਬਦੀਲੀ ਦੀ ਆਸ ਨੂੰ ਛੱਡ ਕੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਅਸਲ ਵਿਚ ਵੱਡੀ ਗੱਲ ਇਹੀ ਹੈ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿਚ ਮੁੱਦਿਆਂ ਦੀ ਥਾਂ, ਰਾਜਸੀ ਪਾਰਟੀਆਂ ਦੀ ਜ਼ੋਰ ਅਜ਼ਮਾਈ ਅਤੇ ਇਲਜ਼ਾਮ ਤਰਾਸ਼ੀ ਭਾਰੂ ਹੋ ਕੇ ਰਹਿ ਗਈ ਹੈ, ਜੋ ਕਿ ਕਿਸੇ ਵੀ ਲੋਕਤੰਤਰੀ ਪ੍ਰਬੰਧ ਲਈ ਬੇਹੱਦ ਖਤਰਨਾਕ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.