ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ
ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ
Page Visitors: 2465

ਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤਪੰਜਾਬ ‘ਚ ਨਹੀਂ ਬੰਦੇ ਦੀ ਕੋਈ ਕੀਮਤ

June 12
10:22 2019

ਬੋਰ ‘ਚ ਡਿੱਗਿਆ 2 ਸਾਲਾ ਬੱਚਾ ਨਹੀਂ ਕੱਢ ਸਕਿਆ ਪ੍ਰਸ਼ਾਸਨ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਦੇ ਜ਼ਿਲ੍ਹਾ ਸੰਗਰੂਰ ‘ਚ ਸ਼ਹੀਦ ਊਧਮ ਸਿੰਘ ਦੇ ਨਾਂ ਨਾਲ ਮਸ਼ਹੂਰ ਕਸਬਾ ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਵਿਚ ਇਕ ਖੁੱਲ੍ਹੇ ਪਏ ਟਿਊਬਵੈੱਲ ਬੋਰ ‘ਚ ਜਾ ਡਿੱਗੇ ਅਣਭੋਲ 2 ਸਾਲਾ ਮਾਸੂਮ ਬੱਚੇ ਨੂੰ ਪ੍ਰਸ਼ਾਸਨ 6 ਦਿਨਾਂ ‘ਚ ਬਾਹਰ ਨਹੀਂ ਕੱਢ ਸਕਿਆ ਅਤੇ ਆਖਰ 150 ਫੁੱਟ ਡੂੰਘੇ ਬੋਰ ਵਿਚ ਡਿੱਗੇ ਬੱਚੇ ਨੂੰ ਜਦ ਛੇਵੇਂ ਦਿਨ ਕੱਢਿਆ ਗਿਆ, ਤਾਂ ਉਦੋਂ ਤੱਕ ਉਹ ਇਸ ਜਹਾਨ ਨੂੰ ਅਲਵਿਦਾ ਆਖ ਚੁੱਕਾ ਸੀ। 6 ਜੂਨ ਦੀ ਸ਼ਾਮ 4 ਕੁ ਵਜੇ ਦੇ ਕਰੀਬ ਇਹ 2 ਸਾਲਾ ਬੱਚਾ ਖੇਡਦਾ-ਖੇਡਦਾ 150 ਫੁੱਟ ਡੂੰਘੇ ਇਕ ਖੁੱਲ੍ਹੇ ਬੋਰ ਵਿਚ ਜਾ ਡਿੱਗਿਆ। ਦੱਸਦੇ ਹਨ ਕਿ ਇਹ ਬੋਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਡਮ ਹੋ ਚੁੱਕਾ ਸੀ। ਪਰ ਕਿਸੇ ਨੇ ਵੀ ਸੁਰੱਖਿਆ ਪੱਖੋਂ ਇਸ ਬੋਰ ਨੂੰ ਢੁੱਕਵੇਂ ਤਰੀਕੇ ਨਾਲ ਢਕਣ ਜਾਂ ਬੰਦ ਕਰਨ ਦਾ ਯਤਨ ਨਹੀਂ ਕੀਤਾ ਤੇ ਇਸੇ ਦਾ ਨਤੀਜਾ ਹੈ ਕਿ ਲੱਖ ਯਤਨਾਂ ਦੇ ਬਾਵਜੂਦ 2 ਸਾਲਾ ਬੱਚਾ ਫਤਿਹਵੀਰ ਸਿੰਘ ਆਪਣੀ ਜਾਨ ਤੋਂ ਹੱਥ ਧੋ ਬੈਠਾ। ਬੱਚੇ ਦੇ ਬੋਰ ਵਿਚ ਡਿੱਗਣ ਤੋਂ ਤੁਰੰਤ ਬਾਅਦ ਹੀ ਪਰਿਵਾਰ ਵੱਲੋਂ ਰੌਲਾ ਪਾ ਦਿੱਤਾ ਗਿਆ ਸੀ। ਪਿੰਡ ਵਾਲਿਆਂ ਤੁਰੰਤ ਇਕੱਠੇ ਹੋ ਕੇ ਬੱਚੇ ਨੂੰ ਬਚਾਉਣ ਦੇ ਯਤਨ ਆਰੰਭ ਦਿੱਤੇ ਸਨ। ਉਸੇ ਦਿਨ ਕੁੱਝ ਘੰਟਿਆਂ ਬਾਅਦ ਹੀ ਪੁਲਿਸ ਅਤੇ ਪ੍ਰਸ਼ਾਸਨ ਵੀ ਬੱਚੇ ਨੂੰ ਡੂੰਘੇ ਬੋਰ ਵਿਚੋਂ ਸੁਰੱਖਿਅਤ ਕੱਢਣ ਲਈ ਸਰਗਰਮੀ ਨਾਲ ਆ ਚੁੱਕਾ ਸੀ। ਚੰਡੀਗੜ੍ਹ ਤੋਂ ਐੱਨ.ਡੀ.ਆਰ.ਐੱਫ. (National Disaster Response Force) ਦੇ ਦਸਤੇ ਵੀ ਬਚਾਅ ਕਾਰਜਾਂ ਲਈ ਆ ਚੁੱਕੇ ਸਨ। ਬਹੁਤ ਸਾਰੇ ਪਿੰਡਾਂ ਵਿਚ ਬੋਰ ਕਰਨ ਵਾਲੇ ਰਵਾਇਤੀ ਲੋਕ ਵੀ ਇਸ ਫੋਰਸ ਦੀ ਹਮਾਇਤ ਵਿਚ ਆ ਜੁਟੇ। ਸਾਰੇ ਤਰੀਕਿਆਂ ਨਾਲ ਨਾਪਣ ਤੋਂ ਪਤਾ ਲੱਗ ਰਿਹਾ ਸੀ ਕਿ ਜਿਸ ਟੋਏ ਵਿਚ ਬੱਚਾ ਡਿੱਗਿਆ ਹੈ, ਉਹ 150 ਫੁੱਟ ਦੇ ਕਰੀਬ ਹੈ। ਘਟਨਾ ਤੋਂ ਅਗਲੇ ਦਿਨ ਜੇ.ਸੀ.ਬੀ. ਮਸ਼ੀਨਾਂ ਨਾਲ ਟੋਇਆ ਪੁੱਟਿਆ ਗਿਆ ਅਤੇ ਫਿਰ ਬੱਚੇ ਨੂੰ ਕੱਢਣ ਲਈ ਪਹਿਲੇ ਬੋਰ ਦੇ ਬਰਾਬਰ ਇਕ ਹੋਰ ਬੋਰ ਕੀਤਾ ਜਾਣ ਲੱਗਿਆ। ਪਰ ਮੌਕੇ ‘ਤੇ ਮੌਜੂਦ ਲੋਕਾਂ ਦਾ ਪਹਿਲੇ ਦਿਨ ਤੋਂ ਹੀ ਆਖਣਾ ਸੀ ਕਿ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮ ਅਤੇ ਫੋਰਸ ਦੀ ਕਾਰਵਾਈ ਬਹੁਤ ਸੁਸਤ ਰਫਤਾਰ ਚੱਲਣ ਵਾਲੀ ਹੈ। ਇਸ ਕਰਕੇ ਅਜਿਹੀ ਹਾਲਤ ਵਿਚ ਬੱਚੇ ਨੂੰ ਬਾਹਰ ਕੱਢ ਸਕਣਾ ਮੁਸ਼ਕਿਲ ਹੋਵੇਗਾ। ਹਾਲਾਂਕਿ ਤੀਜੇ ਦਿਨ ਪ੍ਰਸ਼ਾਸਨ ਨੇ ਬੜੇ ਦਾਅਵੇ ਕੀਤੇ ਕਿ ਕੁੱਝ ਹੀ ਸਮੇਂ ਵਿਚ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਬੱਚੇ ਨੂੰ ਸੁਰੱਖਿਅਤ ਕੱਢਣ ਲਈ ਬੋਰ ਵਿਚ ਆਕਸੀਜਨ ਗੈਸ ਵੀ ਸਪਲਾਈ ਕੀਤੀ ਜਾਂਦੀ ਰਹੀ ਅਤੇ ਬੱਚੇ ਦੇ ਅੰਗਾਂ ਦੀ ਹਿਲਜੁੱਲ ਦਾ ਵੀ ਪਤਾ ਲਾਇਆ ਜਾਂਦਾ ਰਿਹਾ। ਤੀਜੇ ਦਿਨ ਐੱਨ.ਡੀ.ਆਰ.ਐੱਫ. ਵੱਲੋਂ ਬਦਲਵਾਂ ਪੁੱਟਿਆ ਗਿਆ ਬੋਰਵੈੱਲ ਜਾਂ ਤਾਂ ਤਕਨੀਕੀ ਕਾਰਨਾਂ ਕਰਕੇ ਜਾਂ ਫਿਰ ਹਨੇਰੇ ਵਿਚ ਹੀ ਅੱਕੀਂ ਪਲਾਹੀਂ ਹੱਥ ਮਾਰਦੇ ਹੋਣ ਕਾਰਨ ਅਸਫਲ ਹੋ ਕੇ ਰਹਿ ਗਿਆ। ਇਸ ਮੌਕੇ ਫਿਰ ਇਲਾਕੇ ਦੇ ਲੋਕਾਂ ਅਤੇ ਦੇਸੀ ਤਰੀਕੇ ਨਾਲ ਬੋਰਵੈੱਲ ਪੁੱਟਣ ਵਾਲੇ ਕਾਰੀਗਰਾਂ ਨੇ ਪ੍ਰਸ਼ਾਸਨ ਦੀ ਲਿਆਕਤ ਅਤੇ ਗੰਭੀਰਤਾ ਉਪਰ ਵੱਡੇ ਸ਼ੱਕ ਜ਼ਾਹਿਰ ਕੀਤੇ। ਲੋਕਾਂ ਦੇ ਰੌਲੇ-ਰੱਪੇ ਨੂੰ ਕਿਸੇ ਨੇ ਵੀ ਨਹੀਂ ਸੁਣਿਆ। ਇਥੋਂ ਤੱਕ ਕਿ ਸਰਕਾਰੀ ਪੱਧਰ ਉੱਤੇ ਚੰਡੀਗੜ੍ਹ ਤੋਂ ਕੋਈ ਸਖ਼ਤ ਪੈਰਵਾਈ ਕੀਤੀ ਗਈ ਨਜ਼ਰ ਨਹੀਂ ਆਈ। ਭਾਵੇਂ ਬੋਰਵੈੱਲ ਦਾ ਟੋਆ 150 ਫੁੱਟ ਡੂੰਘਾ ਸੀ, ਪਰ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਲੋਕਾਂ ਵੱਲੋਂ 25 ਤੋਂ 30 ਫੁੱਟ ਡੂੰਘਾ ਟੋਆ ਤਾਂ ਉਪਰ ਹੀ ਪੁੱਟ ਲਿਆ ਗਿਆ ਸੀ। ਇਸ ਦਾ ਅਰਥ ਹੈ ਕਿ ਬਾਕੀ ਬੋਰਵੈੱਲ ਦੀ ਡੂੰਘਾਈ ਸਵਾ ਕੁ ਸੌ ਫੁੱਟ ਡੂੰਘੀ ਹੀ ਸੀ। ਪਰ ਪ੍ਰਸ਼ਾਸਨ ਅਤੇ ਇਸ ਦੇ ਵਿਭਾਗ 6 ਦਿਨ ਤੱਕ ਇੰਨਾ ਡੂੰਘਾ ਟੋਆ ਪੁੱਟ ਕੇ ਮਾਸੂਮ ਜਿੰਦ ਨੂੰ ਬਚਾਉਣ ਵਿਚ ਕਾਮਯਾਬ ਨਹੀਂ ਹੋਏ। ਪੰਜਵੇਂ ਦਿਨ ਤੱਕ ਜਦ ਪ੍ਰਸ਼ਾਸਨ ਪੂਰੀ ਤਰ੍ਹਾਂ ਅਵੇਸਲਾ ਹੋਇਆ ਸਿਰਫ ਡੰਗ ਟਪਾਈ ਕਰਦਾ ਹੀ ਨਜ਼ਰ ਆ ਰਿਹਾ ਸੀ, ਤਾਂ ਸਰਕਾਰ ਅਤੇ ਪ੍ਰਸ਼ਾਸਨ ਦੇ ਅਜਿਹੇ ਵਤੀਰੇ ਨੂੰ ਦੇਖਦਿਆਂ ਹਲਕੇ ਦੇ ਲੋਕ ਭੜਕ ਉੱਠੇ ਅਤੇ ਉਨ੍ਹਾਂ ਨੇੜਲੀ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਪੰਜਾਬ ਅੰਦਰ ਪ੍ਰਸ਼ਾਸਨ ਦੀ ਇਹ ਨਲਾਇਕੀ ਕੋਈ ਇਕੱਲਾ-‘ਕਹਿਰਾ ਮੌਕਾ ਨਹੀਂ। ਪੰਜਾਬ ਅੰਦਰ ਇਸ ਵੇਲੇ 13 ਲੱਖ ਦੇ ਕਰੀਬ ਖੇਤਾਂ ‘ਚ ਸਿੰਚਾਈ ਲਈ ਟਿਊਬਵੈੱਲ ਲੱਗੇ ਹੋਏ ਹਨ। ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਤਲ ਲਗਾਤਾਰ ਡੂੰਘਾ ਹੋ ਰਿਹਾ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਹਰ ਤੀਜੇ-ਚੌਥੇ ਸਾਲ ਨਵੇਂ ਬੋਰ ਕਰਵਾਉਣੇ ਪੈ ਰਹੇ ਹਨ। ਅਜਿਹਾ ਕਰਨ ਸਮੇਂ ਕਿਸਾਨ ਕਈ ਵਾਰ ਪਹਿਲੇ ਬੋਰ ਨੂੰ ਡੂੰਘਾ ਕਰਨ ਦੀ ਥਾਂ ਨਵਾਂ ਬੋਰ ਕਰਵਾ ਲੈਂਦੇ ਹਨ ਅਤੇ ਕਈ ਕਿਸਾਨ ਨਵਾਂ ਬੋਰ ਕਰਵਾਉਣ ਸਮੇਂ ਪਹਿਲੇ ਬੋਰ ਨੂੰ ਢੁੱਕਵੇਂ ਢੰਗ ਨਾਲ ਬੰਦ ਨਹੀਂ ਕਰਦੇ। ਪੰਜਾਬ ਦੇ ਖੇਤਾਂ ਵਿਚ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਨਕਾਰਾ ਹੋਏ ਬੋਰ ਖੁੱਲ੍ਹੇ ਪਏ ਮਿਲਦੇ ਹਨ। ਸਰਕਾਰ ਜਾਂ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਬੰਦ ਕਰਨ ਲਈ ਕਦੇ ਵੀ ਧਿਆਨ ਨਹੀਂ ਦਿੱਤਾ। ਹੁਣ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਖੁੱਲ੍ਹੇ ਪਏ ਬੋਰਵੈੱਲਾਂ ਦੀ ਗਿਣਤੀ ਕਰਨ ਅਤੇ ਬੰਦ ਕਰਨ ਲਈ ਹਦਾਇਤ ਜਾਰੀ ਕੀਤੀ ਹੈ। ਪਿੰਡਾਂ ਵਿਚ ਹੀ ਨਹੀਂ, ਪੰਜਾਬ ਦੇ ਸ਼ਹਿਰਾਂ ਵਿਚ ਅਨੇਕ ਥਾਵਾਂ ਉਪਰ ਸੀਵਰੇਜ ਦੇ ਮੇਨ ਹੋਲ ਖੁੱਲ੍ਹੇ ਪਏ ਮਿਲਦੇ ਹਨ। ਇਨ੍ਹਾਂ ਮੇਨਹੋਲਾਂ ਵਿਚ ਡਿੱਗ ਕੇ ਦਰਜਨਾਂ ਲੋਕਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਛੱਪਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਅਜਿਹੇ ਮੇਨਹੋਲ ਵਾਹਨਾਂ, ਖਾਸਕਰ ਦੁਪਹਿਆ ਸਕੂਟਰਾਂ, ਮੋਟਰ ਸਾਈਕਲਾਂ ਦੇ ਐਕਸੀਡੈਂਟ ਹੋਣ ਦਾ ਵੱਡਾ ਕਾਰਨ ਬਣਦੇ ਹਨ। ਇਨ੍ਹਾਂ ਥਾਂਵਾਂ ‘ਤੇ ਹੁੰਦੇ ਹਾਦਸਿਆਂ ਵਿਚ ਜ਼ਖਮੀ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਕਦੇ-ਕਦਾਈਂ ਕਿਸੇ ਖਾਸ ਮਾਮਲੇ ਵਿਚ ਇਕ-ਅੱਧ ਵਾਰ ਖ਼ਬਰਾਂ ਛੱਪ ਜਾਂਦੀਆਂ ਹਨ, ਨਹੀਂ ਤਾਂ ਇਹ ਮਾਮਲੇ ਉਂਝ ਹੀ ਠੱਪ ਹੋ ਕੇ ਰਹਿ ਜਾਂਦੇ ਹਨ।
ਸੁਨਾਮ ਦੇ ਪਿੰਡ ਭਗਵਾਨਪੁਰਾ ਵਿਚ ਵਾਪਰੇ ਇਸ ਬੇਹੱਦ ਦਰਦਨਾਕ ਕਾਂਡ ਨੇ ਭਾਰਤ ਦੀ ਤਕਨੀਕੀ ਸਮਰੱਥਾ ਉਪਰ ਵੀ ਵੱਡੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਇਕ ਪਾਸੇ ਭਾਰਤ ਦੂਜੇ ਦੇਸ਼ਾਂ ਅੰਦਰ ਜਾ ਕੇ ਸਰਜੀਕਲ ਸਟਰਾਈਕ ਕਰਨ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਪੁਲਾੜ ਵਿਚ ਪੁੱਜ ਕੇ ਵੱਡੇ ਮਾਅਰਕੇ ਮਾਰਨ ਦੇ ਦਾਅਵੇ ਕਰ ਰਿਹਾ ਹੈ। ਪਰ ਦੂਜੇ ਪਾਸੇ 150 ਫੁੱਟ ਡੂੰਘੇ ਟੋਏ ਵਿਚ ਡਿਗੇ ਬੱਚੇ ਨੂੰ ਕੱਢਣ ਲਈ 6 ਦਿਨ ਟੱਕਰਾਂ ਮਾਰਦਾ ਰਿਹਾ ਹੈ। ਪਰ ਬੱਚਾ ਫਿਰ ਵੀ ਨਹੀਂ ਬਚਾ ਸਕੇ।
ਜੇ ਅਸੀਂ ਇਧਰਲੇ ਮੁਲਕਾਂ ਵਿਚ ਦੇਖੀਏ, ਤਾਂ ਇਥੇ ਮਨੁੱਖੀ ਜਾਨ ਦੀ ਇੰਨੀ ਕਦਰ ਹੈ ਕਿ ਪਹਿਲੀ ਗੱਲ ਤਾਂ ਅਜਿਹੀ ਘਟਨਾ ਇੱਥੇ ਵਾਪਰਦੀ ਨਹੀਂ, ਕਿਉਂਕਿ ਇਨ੍ਹਾਂ ਮੁਲਕਾਂ ਵਿਚ ਪ੍ਰਸ਼ਾਸਨ ਅਤੇ ਇਸ ਦੇ ਵੱਖ-ਵੱਖ ਵਿੰਗ ਇੰਨੇ ਚੁਸਤ-ਦਰੁੱਸਤ ਹਨ ਕਿ ਛੋਟੀ ਤੋਂ ਛੋਟੀ ਉਣਤਾਈ ਜਾਂ ਬੇਧਿਆਨੀ ਨੂੰ ਪਹਿਲੋਂ ਹੀ ਬੜੀ ਚੌਕਸੀ ਨਾਲ ਭਾਂਪ ਜਾਂਦੇ ਹਨ ਅਤੇ ਉਸ ਵਿਰੁੱਧ ਤੁਰੰਤ ਅਗਾਊਂ ਕਾਰਵਾਈ ਵੀ ਕਰ ਲੈਂਦੇ ਹਨ। ਪਰ ਜੇਕਰ ਕਿਸੇ ਕਾਰਨ ਅਜਿਹੀ ਘਟਨਾ ਵਾਪਰ ਵੀ ਜਾਵੇ, ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਥੇ ਕੁੱਝ ਹੀ ਘੰਟਿਆਂ ਬਾਅਦ ਅਜਿਹੀ ਸਮੱਸਿਆ ਦਾ ਹੱਲ ਕੱਢ ਲਿਆ ਜਾਂਦਾ ਹੈ ਅਤੇ ਪ੍ਰਸ਼ਾਸਨ ਇੰਨੇ ਜ਼ੋਰਦਾਰ ਢੰਗ ਨਾਲ ਕੰਮ ਕਰਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਂਦੀ।
ਪਰ ਭਾਰਤ ਅੰਦਰ ਅਸੀਂ ਦੇਖਦੇ ਹਾਂ ਕਿ ਇੱਥੇ ਮਨੁੱਖੀ ਜੀਵਨ ਦੀ ਕਦਰ ਹੀ ਘੱਟ ਹੈ। ਇੱਥੇ ਸਭ ਤੋਂ ਪਹਿਲਾਂ ਪੀੜਤ ਬੰਦੇ ਦੀ ਔਕਾਤ ਵੇਖੀ ਜਾਂਦੀ ਹੈ। ਫਿਰ ਉਸ ਹਿਸਾਬ ਨਾਲ ਸਾਧਨ ਜੁਟਾਏ ਜਾਂਦੇ ਹਨ। ਜਦੋਂ ਭਗਵਾਨਪੁਰਾ ਪਿੰਡ ਦੇ ਬੱਚੇ ਫਤਿਹਵੀਰ ਸਿੰਘ ਦੀ ਜਾਨ ਬਚਾਉਣ ਲਈ ਪ੍ਰਸ਼ਾਸਨ ਦੇ ਸੁਸਤ ਯਤਨਾਂ ਦੀ ਗੱਲ ਸੋਸ਼ਲ ਮੀਡੀਏ ਵਿਚ ਆਈ, ਤਾਂ ਕਈ ਲੋਕਾਂ ਨੇ ਪੋਸਟਾਂ ਪਾ ਕੇ ਵਿਅੰਗਮਈ ਲਹਿਜ਼ੇ ਵਿਚ ਕਿਹਾ, ”ਦੋ-ਤਿੰਨ ਮੰਤਰੀਆਂ ਨੂੰ ਇਸ ਟੋਏ ਵਿਚ ਲਿਆ ਕੇ ਸੁੱਟ ਦਿਓ, ਫਿਰ ਦੇਖਿਓ, ਕਿੱਦਾਂ ਕੁੱਝ ਹੀ ਘੰਟਿਆਂ ਵਿਚ ਬੱਚੇ ਸਮੇਤ ਸਾਰਿਆਂ ਨੂੰ ਬਾਹਰ ਕੱਢ ਲਿਆ ਜਾਵੇਗਾ’। ਇਸ ਵਿਅੰਗਮਈ ਪੋਸਟ ਦਾ ਸੰਕੇਤ ਇਹੀ ਹੈ ਕਿ ਹਿੰਦੋਸਤਾਨ ‘ਚ ਬੰਦੇ ਦੀ ਨਹੀਂ, ਉਸ ਦੀ ਔਕਾਤ ਦੀ ਕਦਰ ਕੀਤੀ ਜਾਂਦੀ ਹੈ। ਅੱਜ ਦੁਨੀਆਂ ਚੰਨ੍ਹ ਅਤੇ ਤਾਰਿਆਂ ‘ਤੇ ਜਾ ਚੜ੍ਹੀ ਹੈ। ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਕੋਹਾਂ ਦੂਰ ਬੈਠਿਆਂ ਕੀੜੀ ਚੱਲਦੀ ਵੀ ਦੇਖੀ ਜਾ ਸਕਦੀ ਹੈ। ਪਰ ਭਾਰਤ ਕੋਲ ਅਜਿਹੀਆਂ ਤਕਨੀਕਾਂ ਹੋਣ ਦੇ ਬਾਵਜੂਦ ਵੀ ਇਸ ਦੇ ਆਮ ਲੋਕਾਂ ਦੇ ਹੱਕ ਵਿਚ ਸੁਚੱਜੀ ਵਰਤੋਂ ਦਾ ਕੋਈ ਪ੍ਰਬੰਧ ਨਹੀਂ ਹੈ। ਇੱਥੇ ਗਰੀਬੀ, ਅਮੀਰੀ ਦਾ ਇੰਨਾ ਪਾੜਾ ਹੈ ਕਿ ਜਿਸ ਨੂੰ ਨਾਪਣਾ ਤਾਂ ਕੀ, ਸਮਝਣਾ ਵੀ ਔਖਾ ਹੈ। ਇਸ ਕਰਕੇ ਆਮ ਵਿਅਕਤੀ ਦੀ ਕੋਈ ਕਦਰ ਨਹੀਂ ਅਤੇ ਖਾਸ ਵਿਅਕਤੀਆਂ ਲਈ ਘਿਉ ਦੇ ਘੜੇ ਰੋੜ੍ਹ ਦਿੱਤੇ ਜਾਂਦੇ ਹਨ।
ਸੋ ਭਾਰਤ ਅਤੇ ਪੰਜਾਬ ਨੇ ਜੇ ਦੁਨੀਆਂ ਦੇ ਨਾਲ ਪੈਰ ਨਾਲ ਪੈਰ ਮਿਲਾ ਕੇ ਚੱਲਣਾ ਹੈ, ਤਾਂ ਇਸ ਨੂੰ ਆਪਣੀ ਸਮਰੱਥਾ ਹੀ ਨਹੀਂ, ਸਗੋਂ ਆਪਣੀ ਪਹੁੰਚ ਵਿਚ ਵੀ ਸਪੱਸ਼ਟ ਤਬਦੀਲੀ ਲਿਆਉਣੀ ਪਵੇਗੀ। ਜਿਸ ਦਾ ਮਤਲਬ ਹੈ ਕਿ ਆਮ ਬੰਦੇ ਦੀ ਜ਼ਿੰਦਗੀ ਦੀ ਕਦਰ ਵੀ ਕਰਨੀ ਪਵੇਗੀ, ਫਿਰ ਹੀ ਅਸੀਂ ਹੋਰਨਾਂ ਨਾਲ ਮਿਲ ਕੇ ਚੱਲ ਸਕਾਂਗੇ। ਇਸ ਦੁਖਦਾਈ ਕਾਂਡ ਦਾ ਇਹੀ ਸਭ ਤੋਂ ਵੱਡਾ ਸਬਕ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.